ਪਾਵਨ ਸਰੂਪ ਲਾਪਤਾ ਹੋਣ ਦੀ ਜਾਂਚ ਅਕਾਲ ਤਖ਼ਤ ਸਾਹਿਬ ਨੇ ਸੇਵਾਮੁਕਤ ਜਸਟਿਸ ਨਵਿਤਾ ਸਿੰਘ ਨੂੰ ਦਿੱਤੀ

ਪਾਵਨ ਸਰੂਪ ਲਾਪਤਾ ਹੋਣ ਦੀ ਜਾਂਚ ਅਕਾਲ ਤਖ਼ਤ ਸਾਹਿਬ ਨੇ ਸੇਵਾਮੁਕਤ ਜਸਟਿਸ ਨਵਿਤਾ ਸਿੰਘ ਨੂੰ ਦਿੱਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿੱਚ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪਾਂ ਦੇ ਲਾਪਤਾ ਹੋਣ ਸਬੰਧੀ ਪੜਤਾਲ ਹਾਈਕੋਰਟ ਦੀ ਸੇਵਾਮੁਕਤ ਜਸਟਿਸ ਨਵਿਤਾ ਸਿੰਘ ਅਤੇ ਤੇਲੰਗਾਨਾ ਹਾਈਕੋਰਟ ਦੇ ਵਕੀਲ ਈਸ਼ਰ ਸਿੰਘ ਨੂੰ ਸੌਂਪਦੇ ਹੋਏ ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਦੇਣ ਲਈ ਕਿਹਾ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਤੇ ਦਿਨੀਂ ਹੋਈ ਅੰਤ੍ਰਿੰਗ ਕਮੇਟੀ ਦੀ ਬੈਠਕ 'ਚ ਮਾਮਲੇ ਦੀ ਪੜਤਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਾਹੀਂ ਕਰਵਾਉਣ ਲਈ ਫੈਸਲਾ ਲਿਆ ਗਿਆ ਸੀ ਤੇ ਜਥੇਦਾਰ ਅਕਾਲ ਤਖ਼ਤ ਨੂੰ ਇਸ ਬਾਰੇ ਪੱਤਰ ਭੇਜ ਕੇ ਜਾਂਚ ਕਰਵਾਉਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਹੁਣ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਵਾਉਣ ਦੇ ਲਈ ਫੈਸਲਾ ਲਿਆ ਹੈ।

ਜਾਂਚ ਨੂੰ ਕੋਈ ਵੀ ਪ੍ਰਭਾਵਿਤ ਨਾ ਕਰ ਸਕੇ ਇਸ ਲਈ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਅਤੇ ਜਿਲਦਬੰਦੀ ਵਿਭਾਗ ਨਾਲ ਸਬੰਧਤ ਅਧਿਕਾਰੀਆਂ, ਕਰਮਚਾਰੀਆਂ ਨੂੰ ਤੁਰੰਤ ਤਬਦੀਲ ਕਰਨ ਦਾ ਵੀ ਫੈਸਲਾ ਕੀਤਾ ਗਿਆ ਸੀ। ਇਸ ਤਹਿਤ ਵਿਭਾਗ ਨਾਲ ਸਬੰਧਤ ਸੀ.ਜੀ.ਐੱਲ., ਸੁਪਰਵਾਈਜ਼ਰ, ਇੰਚਾਰਜ, ਮੀਤ ਸਕੱਤਰ, ਐਡੀਸ਼ਨਲ ਸਕੱਤਰ ਅਤੇ ਸਕੱਤਰ ਬਦਲੇ ਜਾਣ ਦਾ ਫੈਂਸਲਾ ਹੋਇਆ ਸੀ।