ਕਿਸਾਨਾਂ ਨੇ ਅਡਾਨੀ ਦੀ ਰੇਲ ਦੇ ਚੱਕੇ ਜਾਮ ਕੀਤੇ

ਕਿਸਾਨਾਂ ਨੇ ਅਡਾਨੀ ਦੀ ਰੇਲ ਦੇ ਚੱਕੇ ਜਾਮ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚ ਕੋਲੇ ਅਤੇ ਖਾਦ ਦੀ ਘਾਟ ਨੂੰ ਦੇਖਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਕੁੱਝ ਦਿਨਾਂ ਲਈ ਇਹਨਾਂ ਵਸਤਾਂ ਵਾਲੀਆਂ ਮਾਲ ਗੱਡੀਆਂ ਵਾਸਤੇ ਪਟੜੀਆਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ, ਪਰ ਮੌਕੇ ਦੀ ਤਾਕ ਵਿਚ ਬੈਠੇ ਅਡਾਨੀ ਭੰਡਾਰ ਨੇ ਪਟੜੀਆਂ ਖੁੱਲਦਿਆਂ ਪੰਜਾਬ ਵਿਚਲੇ ਆਪਣੇ ਗੋਦਾਮਾਂ ਤੋਂ ਅਨਾਜ ਲਿਜਾਣ ਲਈ ਆਪਣੀਆਂ ਮਾਲ ਗੱਡੀਆਂ ਵੀ ਤੋਰ ਦਿੱਤੀਆਂ। 

ਮੋਗਾ ਨੇੜੇ ਅਡਾਨੀ ਭੰਡਾਰ ਚੋਂ ਅਨਾਜ ਭਰਨ ਆਈ ਮਾਲ ਗੱਡੀ ਕਿਸਾਨਾਂ ਨੇ ਜਾਣਕਾਰੀ ਮਿਲਣ 'ਤੇ ਪਲਾਂਟ ਦੇ ਅੰਦਰ ਹੀ ਡੱਕ ਦਿੱਤੀ। ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਾਂਝੇ ਫ਼ੈਸਲੇ ਮੁਤਾਬਕ ਮਾਲ ਭਾੜਾ ਗੱਡੀਆਂ ਸਿਰਫ਼ ਕੋਲਾ ਆਦਿ ਢੋਆ-ਢੁਆਈ ਕਰ ਸਕਦੀਆਂ ਹਨ ਪਰ ਕਾਰਪੋਰੇਟ ਘਰਾਣਿਆਂ ਅੰਦਰੋਂ ਮਾਲ ਗੱਡੀਆਂ ਲੋਡ ਨਹੀਂ ਕਰਨ ਦਿੱਤੀਆਂ ਜਾਣਗੀਆਂ। ਇਸ ਮੌਕੇ ਰੋਹ ’ਚ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। 

ਇੱਥੇ ਅਡਾਨੀ ਅਨਾਜ ਭੰਡਾਰ ਅੱਗੇ ਧਰਨੇ ਦੇ 23ਵੇਂ ਦਿਨ ਜਦ ਮਾਲ ਗੱਡੀ ਅਡਾਨੀ ਪਲਾਂਟ ਅੰਦਰ ਦਾਖਲ ਹੋਈ ਤਾਂ ਕਿਸਾਨ ਹਰਕਤ ਵਿੱਚ ਆ ਗਏ ਅਤੇ ਸੂਚਨਾ ਮਿਲਦੇ ਹੀ ਜ਼ਿਲ੍ਹੇ ’ਚ ਹੋਰ ਥਾਵਾਂ ਉੱਤੇ ਧਰਨਿਆਂ ਉੱਤੇ ਬੈਠੇ ਕਿਸਾਨ ਆਗੂ ਵੀ ਮੌਕੇ ਉੱਤੇ ਪਹੁੰਚ ਗਏ। ਇਸ ਮੌਕੇ ਕਿਸਾਨਾਂ ਨੇ ਪਲਾਂਟ ਦਾ ਗੇਟ ਬੰਦ ਕਰਕੇ ਮਾਲ ਗੱਡੀ ਅੰਦਰ ਡੱਕ ਲਈ। ਸਿਵਲ ਤੇ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਅਡਾਨੀ ਪਲਾਂਟ ਪ੍ਰਬੰਧਕਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇੱਥੋਂ ਅਨਾਜ ਲੋਡ ਨਹੀਂ ਕੀਤਾ ਜਾਵੇਗਾ। ਇਸ ਮਗਰੋਂ ਕਿਸਾਨਾਂ ਨੇ ਸਿਰਫ਼ ਰੇਲ ਇੰਜਣ ਜਾਣ ਦਿੱਤਾ ਅਤੇ ਡੱਬੇ ਅੰਦਰ ਪਲਾਟ ਅੰਦਰ ਡੱਕ ਕੇ ਗੇਟ ਬੰਦ ਕਰ ਦਿੱਤਾ।

ਵੀਰਵਾਰ ਰਾਤ ਇੱਥੋਂ ਦੇ ਰੇਲਵੇ ਸਟੇਸ਼ਨ ਉਤੇ ਇਕ ਰੇਲਵੇ ਮੁਲਾਜ਼ਮ ਨੇ ਕਿਸਾਨਾਂ ਦਾ ਬਿਜਲੀ-ਪਾਣੀ ਬੰਦ ਕਰ ਦਿੱਤਾ। ਉਸ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਤੇ ਪੁਲੀਸ ਨੂੰ ਦਖ਼ਲ ਦੇਣਾ ਪਿਆ। ਵੇਰਵਿਆਂ ਮੁਤਾਬਕ ਰੇਲਵੇ ਸਟੇਸ਼ਨ ’ਤੇ ਸਰਕਾਰੀ ਮੁਲਾਜ਼ਮ ਆਪਣੀ ਬੱਤੀ ਜਗਾ ਕੇ ਬੈਠਾ ਸੀ ਪਰ ਰੇਲਵੇ ਸਟੇਸ਼ਨ ’ਤੇ ਧਰਨੇ ਉੱਤੇ ਬੈਠੇ ਕਿਸਾਨਾਂ ਦਾ ਬਿਜਲੀ ਤੇ ਪਾਣੀ ਉਸ ਨੇ ਬੰਦ ਕਰ ਦਿੱਤਾ। ਰਾਤ ਨੂੰ ਹੀ ਕਿਸਾਨਾਂ ਨੇ ਇਸ ਮੁਲਾਜ਼ਮ ਦੇ ਡਿਊਟੀ ਰੂਮ ਅੱਗੇ ਜਾ ਕੇ ਨਾਅਰੇਬਾਜ਼ੀ ਕੀਤੀ ਅਤੇ ਜੀਆਰਪੀ ਪੁਲੀਸ ਦੇ ਦਖ਼ਲ ਮਗਰੋਂ ਹੀ ਕਿਸਾਨ ਸ਼ਾਂਤ ਹੋਏ।