ਦਰਬਾਰ ਸਾਹਿਬ ਸਮੂਹ ਵਿਚ ਹਿੰਸਕ ਟਕਰਾਅ; ਸਿੱਖ ਧੜਿਆਂ ਵਿਚ ਖਾਨਾਜੰਗੀ ਵਰਗੇ ਹਾਲਾਤ ਕੌਣ ਬਣਾ ਰਿਹਾ ਹੈ?

ਦਰਬਾਰ ਸਾਹਿਬ ਸਮੂਹ ਵਿਚ ਹਿੰਸਕ ਟਕਰਾਅ; ਸਿੱਖ ਧੜਿਆਂ ਵਿਚ ਖਾਨਾਜੰਗੀ ਵਰਗੇ ਹਾਲਾਤ ਕੌਣ ਬਣਾ ਰਿਹਾ ਹੈ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੁੱਝ ਸਮੇਂ ਦੇ ਵਕਫੇ 'ਤੇ ਹੀ ਦਰਬਾਰ ਸਾਹਿਬ ਸਮੂਹ ਵਿਚ ਸਿੱਖ ਧੜਿਆਂ ਦਰਮਿਆਨ ਦੂਜੀ ਵਾਰ ਹਿੰਸਕ ਟਕਰਾਅ ਹੋਇਆ ਹੈ। ਇਸ ਮਾਹੌਲ ਨੇ ਸਮੁੱਚੀ ਦੁਨੀਆਂ ਵਿਚ ਵਸਦੀਆਂ ਸੁਹਿਰਦ ਸਿੱਖ ਸੰਗਤਾਂ ਨੂੰ ਫਿਕਰਮੰਦ ਕਰ ਦਿੱਤਾ ਹੈ। ਸੁਹਿਰਦ ਸਿੱਖ ਇਸ ਮਾਹੌਲ ਪਿੱਛੇ ਕਿਸੇ ਬਾਹਰੀ ਤਾਕਤ ਦੀ ਨੀਤੀਗਤ ਪਹੁੰਚ ਨੂੰ ਜ਼ਿੰਮੇਵਾਰ ਵੀ ਸਮਝ ਰਹੀਆਂ ਹਨ ਪਰ ਇਹ ਪਹੁੰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਧੜੇ ਦੀਆਂ ਨਲਾਇਕੀਆਂ ਅਤੇ ਢੀਠਤਾਈ ਦੇ ਸਿੱਟੇ ਵਜੋਂ ਕਾਮਯਾਬ ਹੋ ਰਹੀ ਹੈ। 

ਸ਼ਨੀਵਾਰ ਵਾਲੇ ਦਿਨ ਕੀ-ਕੀ ਵਾਪਰਿਆ?

ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਤੋਂ ਜਵਾਬ ਤਲਬੀ ਲਈ ਦਰਬਾਰ ਸਾਹਿਬ ਸਮੂਹ ਵਿਚ ਧਰਨਾ ਲਾ ਕੇ ਬੈਠੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ ਨੇ ਸ਼ਨੀਵਾਰ ਸਵੇਰੇ ਸਮੂਹ ਵਿਚ ਸਥਾਪਤ ਸ਼੍ਰੋਮਣੀ ਕਮੇਟੀ ਦੇ ਦਫਤਰ 'ਤੇ ਜਿੰਦਾ ਲਾ ਕੇ ਉਸਨੂੰ ਬੰਦ ਕਰ ਦਿੱਤਾ ਤੇ ਉਸ ਅੱਗੇ ਖੁਦ ਦਰੀ ਬਿਛਾ ਕੇ ਬੈਠ ਗਏ। 

ਰੋਟੀ ਦੇ ਸਮੇਂ ਜਦੋਂ ਸ਼੍ਰੋਮਣੀ ਕਮੇਟੀ ਕਰਮਚਾਰੀ ਦਫ਼ਤਰ ਤੋਂ ਬਾਹਰ ਜਾ ਰਹੇ ਸਨ ਤਾਂ ਉਸ ਵੇਲੇ ਹੋਈ ਤਕਰਾਰ ਤੋਂ ਬਾਅਦ ਇਹ ਮਾਮਲਾ ਹਿੰਸਕ ਰੂਪ ਲੈ ਗਿਆ, ਜਿਸ ਵਿਚ ਕਿਰਪਾਨਾਂ ਤੇ ਡਾਂਗਾਂ ਵੀ ਚਲੀਆਂ ਅਤੇ ਕਈ ਵਿਅਕਤੀਆਂ ਦੀਆਂ ਦਸਤਾਰਾਂ ਦੀ ਬੇਅਦਬੀ ਵੀ ਹੋਈ। 

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਧਰਨੇ 'ਤੇ ਬੈਠੇ ਸਿੱਖਾਂ ਵਿਚੋਂ 20 ਦੇ ਕਰੀਬ ਸਿੰਘਾਂ ਅਤੇ ਸਿੰਘਣੀਆਂ ਨੂੰ ਉੱਥੋਂ ਚੁੱਕ ਕੇ ਦਫਤਰ ਦੇ ਕਮਰਿਆਂ ਵਿਚ ਲਿਜਾਇਆ ਗਿਆ। ਧਰਨਾਕਾਰੀ ਸਿੱਖਾਂ ਨੇ ਦੱਸਿਆ ਕਿ ਅੰਦਰ ਉਹਨਾਂ ਨਾਲ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਬੇਹੱਦ ਜ਼ਾਲਮਾਨਾ ਢੰਗ ਨਾਲ ਮਾਰਕੁੱਟ ਕੀਤੀ ਗਈ। ਇਸ ਸਾਰੇ ਮਾਹੌਲ ਦਰਮਿਆਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਧਰਨੇ ਵਾਲੀ ਥਾਂ ਤੋਂ ਵੀ ਸਿੱਖਾਂ ਨੂੰ ਖਿੰਡਾ ਦਿੱਤਾ ਅਤੇ ਧਰਨੇ ਵਾਲੀ ਥਾਂ ਖਾਲੀ ਕਰਵਾ ਲਈ।

ਸ਼੍ਰੋਮਣੀ ਕਮੇਟੀ ਦਾ ਕੀ ਕਹਿਣਾ ਹੈ?
ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਖਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਤੇ ਹੋਰਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਦੋਸ਼ ਲਾਇਆ ਕਿ ਸਿੱਖ ਧਰਨਾਕਾਰੀਆਂ ਵਿਚੋਂ ਕੁਝ ਨੇ ਸ਼੍ਰੋਮਣੀ ਕਮੇਟੀ ਦੇ ਗੇਟ ਨੂੰ ਤਾਲਾ ਲਾ ਕੇ ਕੰਮਕਾਜ ਵਿਚ ਵਿਘਨ ਪਾਉਣ ਦਾ ਯਤਨ ਕੀਤਾ ਸੀ। ਉਨ੍ਹਾਂ ਕਿਹਾ ਕਿ ਦੁਪਹਿਰ ਵੇਲੇ ਜਦੋਂ ਮੁਲਾਜ਼ਮ ਭੋਜਨ ਲਈ ਬਾਹਰ ਨਿਕਲੇ ਤਾਂ ਕੁਝ ਧਰਨਾਕਾਰੀਆਂ ਨੇ ਤਕਰਾਰ ਮਗਰੋਂ ਸ਼੍ਰੋਮਣੀ ਕਮੇਟੀ ਕਰਮਚਾਰੀਆਂ ’ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਹੋਰ ਕਰਮਚਾਰੀ ਅਤੇ ਟਾਸਕ ਫੋਰਸ ਪੁੱਜ ਗਈ, ਜਿਨ੍ਹਾਂ ਹਮਲਾ ਕਰਨ ਵਾਲਿਆਂ ਕੋਲੋਂ ਕਿਰਪਾਨਾਂ ਆਦਿ ਖੋਹ ਲਈਆਂ। ਉਨ੍ਹਾਂ ਦੱਸਿਆ ਕਿ ਹਮਲੇ ਵਿਚ ਸ਼੍ਰੋਮਣੀ ਕਮੇਟੀ ਦਾ ਸਕੱਤਰ ਬਿਜੈ ਸਿੰਘ ਅਤੇ ਇਕ ਕਰਮਚਾਰੀ ਸਰਬਜੀਤ ਸਿੰਘ ਜ਼ਖ਼ਮੀ ਹੋਏ ਹਨ। ਕੁਝ ਹੋਰ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਇਸ਼ਨਾਨ ਦੀ ਸੇਵਾ ਸਮੇਂ ਵੀ ਧਰਨਾ ਦੇ ਰਹੇ ਸਿੰਘਾਂ ਨੇ ਉਥੇ ਦਾਖ਼ਲ ਹੋ ਕੇ ਮਰਿਆਦਾ ਵਿਚ ਦਖ਼ਲਅੰਦਾਜ਼ੀ ਕਰਦਿਆਂ ਬੇਅਦਬੀ ਕੀਤੀ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ’ਤੇ ਇਕ ਪੱਤਰ ਦੇ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ ਸੱਦਣ ਅਤੇ ਮਰਿਆਦਾ ਅਨੁਸਾਰ ਕਾਰਵਾਈ ਕਰਨ।

ਧਰਨਾ ਦੇ ਰਹੇ ਸਿੰਘਾਂ ਦਾ ਕੀ ਕਹਿਣਾ ਹੈ?
ਧਰਨਾਕਾਰੀਆਂ ਵਿਚ ਸ਼ਾਮਲ ਸਿੱਖਾਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਹੋਰਨਾਂ ਵਲੋਂ ਡਾਂਗਾਂ ਤੇ ਕਿਰਪਾਨਾਂ ਨਾਲ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸੁਖਜੀਤ ਸਿੰਘ ਖੋਸਾ, ਬਲਬੀਰ ਸਿੰਘ ਮੁੱਛਲ, ਦਿਲਬਾਗ ਸਿੰਘ, ਪਰਮਜੀਤ ਸਿੰਘ ਅਕਾਲੀ, ਮਨਜੀਤ ਸਿੰਘ ਝਬਾਲ, ਲਖਬੀਰ ਸਿੰਘ ਆਦਿ ਸਮੇਤ ਹੋਰ ਕਈ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਮਾਰਕੁੱਟ ਕਰਦੇ ਹੋਏ ਦਫ਼ਤਰ ਕੰਪਲੈਕਸ ਅੰਦਰ ਲੈ ਗਏ। ਬੰਦੀ ਬਣਾ ਕੇ ਰੱਖੇ ਗਏ ਕੁਝ ਸਿੰਘਾਂ ਨੂੰ ਦੇਰ ਸ਼ਾਮ ਪੁਲੀਸ ਆਪਣੇ ਨਾਲ ਲੈ ਗਈ। ਇਸ ਦੌਰਾਨ ਧਰਨਾ ਦੇ ਰਹੇ ਸਿੱਖਾਂ ਵਲੋਂ ਸ਼੍ਰੋਮਣੀ ਕਮੇਟੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਆਖਿਆ ਕਿ ਹਿੰਸਕ ਘਟਨਾ ਵਿਚ ਦੋਵਾਂ ਧਿਰਾਂ ਦੇ ਵਿਅਕਤੀ ਜ਼ਖ਼ਮੀ ਹੋਏ ਹਨ ਅਤੇ ਪੁਲੀਸ ਲੋੜੀਂਦੀ ਕਾਰਵਾਈ ਕਰ ਰਹੀ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਲਾਅ ਐਂਡ ਆਰਡਰ) ਜਗਮੋਹਨ ਸਿੰਘ ਤੇ ਹੋਰ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਸ਼੍ਰੋਮਣੀ ਕਮੇਟੀ ਵਲੋਂ ਹਮਲਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਸ਼ਿਕਾਇਤ ਕੀਤੀ ਗਈ ਹੈ।

ਮੀਡੀਆ ਨਾਲ ਵੀ ਮਾਰਕੁੱਟ
ਘਟਨਾ ਦੀ ਕਵਰੇਜ ਕਰ ਰਹੇ ਕੁਝ ਮੀਡੀਆ ਕਰਮੀਆਂ ਦੀ ਵੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਮਾਰਕੁੱਟ ਕੀਤੀ ਗਈ ਹੈ। ਮੀਡੀਆ ਨੇ ਸਾਂਝੇ ਰੂਪ ਵਿਚ ਸ਼੍ਰੋਮਣੀ ਕਮੇਟੀ ਦਫਤਰ ਦੇ ਦਰਵਾਜੇ 'ਤੇ ਧਰਨਾ ਵੀ ਦਿੱਤਾ ਅਤੇ ਇਸ ਸਬੰਧ ਵਿਚ ਮੀਡੀਆ ਯੂਨੀਅਨ ਵਲੋਂ ਪੁਲੀਸ ਕੋਲ ਸ਼੍ਰੋਮਣੀ ਕਮੇਟੀ ਖਿਲਾਫ਼ ਸ਼ਿਕਾਇਤ ਕੀਤੀ ਗਈ ਹੈ।

ਸਿੱਖ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਨਿੰਦਾ
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ, ਅਕਾਲ ਫੈਡਰੇਸ਼ਨ ਦੇ ਨਰਾਇਣ ਸਿੰਘ ਆਦਿ ਨੇ ਹਿੰਸਕ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਾਉਣ ਤੋਂ ਕੰਨੀ ਕਤਰਾਉਣ ਕਾਰਨ ਇਹ ਸਥਿਤੀ ਬਣੀ ਹੈ। ਉਨ੍ਹਾਂ ਮੀਡੀਆ ਕਰਮੀਆਂ ਨਾਲ ਕੀਤੀ ਮਾਰਕੁੱਟ ਅਤੇ ਬਦਸਲੂਕੀ ਦੀ ਵੀ ਨਿੰਦਾ ਕੀਤੀ ਹੈ। ਦੱਸਣਯੋਗ ਹੈ ਕਿ ਇਹ ਧਰਨਾਕਾਰੀ ਪਿਛਲੇ ਲਗਪਗ 40 ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਧਰਨਾ ਦੇ ਕੇ ਬੈਠੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋਸ਼ੀਆਂ ਖਿਲਾਫ਼ ਪੁਲੀਸ ਕਾਰਵਾਈ ਕੀਤੀ ਜਾਵੇ ਅਤੇ ਲਾਪਤਾ ਸਰੂਪਾਂ ਬਾਰੇ ਦੱਸਿਆ ਜਾਵੇ। ਧਰਨਾ ਦੇ ਰਹੇ ਸਿੱਖਾਂ ਨੇ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਕੰਪਲੈਕਸ ਦੇ ਗੇਟ ਨੂੰ ਤਾਲਾ ਲਾ ਦਿੱਤਾ ਸੀ, ਜੋ ਦੋ-ਤਿੰਨ ਬਾਅਦ ਖੋਲ੍ਹਿਆ ਗਿਆ ਸੀ।

ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦੀ ਕਾਰ ਭੰਨੀ
ਦਿਨ ਵਿਚ ਸ਼ੁਰੂ ਹੋਇਆ ਇਹ ਹਿੰਸਕ ਟਕਰਾਅ ਸ਼ਾਮ ਤਕ ਚਲਦਾ ਰਿਹਾ ਅਤੇ ਦੇਰ ਸ਼ਾਮ ਜਦੋਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਆਪਣੇ ਘਰ ਤੋਂ ਦਰਬਾਰ ਸਾਹਿਬ ਵੱਲ ਜਾ ਰਹੇ ਸਨ ਤਾਂ ਉਹਨਾਂ ਦੀ ਗੱਡੀ 'ਤੇ ਕੁੱਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਅਤੇ ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ ਗਏ। ਜਾਣਕਾਰੀ ਮੁਤਾਬਕ ਇਸ ਘਟਨਾ ਵਿਚ ਗੱਡੀ ਦੇ ਡਰਾਈਵਰ ਨੂੰ ਕੁੱਝ ਸੱਟਾਂ ਲੱਗੀਆਂ ਹਨ।