ਅਮਰੀਕਾ ਦੇ ਇਕ ਹਾਈ ਸਕੂਲ ਨੂੰ ਇਕ ਹਿਜੜੇ ਨੂੰ ਲੜਕੀਆਂ ਦੀ ਵਾਲੀਬਾਲ ਟੀਮ ਵਿੱਚ ਖਿਡਾਉਣ 'ਤੇ ਜੁਰਮਾਨਾ ਤੇ ਲਾਈ ਪਾਬੰਦੀ

ਅਮਰੀਕਾ ਦੇ ਇਕ ਹਾਈ ਸਕੂਲ ਨੂੰ ਇਕ ਹਿਜੜੇ ਨੂੰ ਲੜਕੀਆਂ ਦੀ ਵਾਲੀਬਾਲ ਟੀਮ ਵਿੱਚ ਖਿਡਾਉਣ 'ਤੇ ਜੁਰਮਾਨਾ ਤੇ ਲਾਈ ਪਾਬੰਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਫਲੋਰਿਡਾ ਰਾਜ ਦੇ ਇਕ ਹਾਈ ਸਕੂਲ ਨੂੰ  ਲੜਕੀਆਂ ਦੀ ਵਾਲੀਬਾਲ ਟੀਮ ਵਿਚ ਇਕ ਹਿਜੜੇ ਨੂੰ ਖੇਡਣ ਦੀ ਆਗਿਆ ਦੇਣ ਕਾਰਨ  16500 ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ ਤੇ ਸਕੂਲ ਉਪਰ ਇਕ ਸਾਲ ਲਈ ਪਾਬੰਦੀ ਲਾ ਦੇਣ ਦੀ  ਖਬਰ ਹੈ। ਰਾਜ ਦੇ ਅਥਲੈਟਿਕਸ ਅਧਿਕਾਰੀਆਂ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਸਕੂਲ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਇਕ ਸਾਲ ਲਈ ਨਿਗਰਾਨੀ ਸਮੇ ਵਿਚ ਰਖਿਆ ਗਿਆ ਹੈ। ਮੋਨਾਰਕ ਹਾਈ ਸਕੂਲ ਦੇ ਅੰਤ੍ਰਿਮ ਪ੍ਰਿੰਸੀਪਲ ਨੂੰ ਫਲੋਰਿਡਾ ਹਾਈ ਸਕੂਲ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਭੇਜੇ 3 ਸਫਿਆਂ ਦੇ ਪੱਤਰ ਵਿਚ ਰਾਜ ਦੇ 'ਫੇਅਰਨੈਸ  ਇਨ ਵੋਮੈਨ'ਜ ਸਪੋਰਟਸ ਐਕਟ' ਅਤੇ ਐਸੋਸੀਏਸ਼ਨ ਦੇ ਉਪ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ ਜੋ ਹਿਜੜਿਆਂ ਨੂੰ ਪਬਲਿਕ ਸਕੂਲਾਂ ਦੀਆਂ ਲੜਕੀਆਂ ਦੀਆਂ ਟੀਮਾਂ ਵਿਚ ਖੇਡਣ ਦੀ ਇਜਾਜਤ ਨਹੀਂ ਦਿੰਦੇ। ਪੱਤਰ ਵਿਚ ਕਿਹਾ ਗਿਆ ਹੈ ਕਿ ਸਕੂਲ ਦੀ ਟੀਮ ਵਿਚ ਸ਼ਾਮਿਲ ਹਿਜੜਾ ਔਰਤ ਨੇ 2022-23 ਤੇ 2023-24 ਦੇ ਵਾਲੀਬਾਲ ਸੀਜ਼ਨ ਦੌਰਾਨ 33 ਮੈਚ ਖੇਡੇ ਹਨ। ਪੱਤਰ ਅਨੁਸਾਰ ਸਕੂਲ ਦੇ ਕਿਸੇ ਵੀ ਮੈਂਬਰ ਨੂੰ ਨਵੰਬਰ 2024 ਤੱਕ ਕਿਸੇ ਖੇਡ ਵਿਚ ਪ੍ਰਤੀਨਿੱਧਤਾ ਕਰਨ ਤੋਂ ਰੋਕ ਦਿੱਤਾ ਗਿਆ ਹੈ।

ਫਲੋਰਿਡਾ ਦੇ ਸਿੱਖਿਆ ਕਮਿਸ਼ਨਰ ਮੈਨੀ ਡਿਆਜ਼ ਜੁਨੀਅਰ ਨੇ ਸੋਸ਼ਲ ਮੀਡੀਆ ਉਪਰ ਪਾਈ ਇਕ ਪੋਸਟ ਵਿਚ ਫਲੋਰਿਡਾ ਹਾਈ ਸਕੂਲ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਕੀਤੀ ਕਾਰਵਾਈ ਦੀ ਪ੍ਰਸੰਸਾ ਕੀਤੀ ਹੈ ਤੇ ਕਿਹਾ ਹੈ ਕਿ ਇਸ ਨਾਲ ਗੈਰ ਕਾਨੂੰਨੀ ਵਿਵਹਾਰ ਕਰਨ ਵਾਲਿਆਂ ਨੂੰ ਸਬਕ ਮਿਲੇਗਾ। ਇਥੇ ਜਿਕਰਯੋਗ ਹੈ ਕਿ ਪਿਛਲੇ ਮਹੀਨੇ ਬਰੋਵਰਡ ਕਾਊਂਟੀ ਸਕੂਲ ਡਿਸਟ੍ਰਿਕਟ ਨੇ ਆਰਜੀ ਤੌਰ 'ਤੇ ਮੋਨਾਰਕ ਹਾਈ ਸਕੂਲ ਦੇ ਪ੍ਰਿੰਸੀਪਲ ਤੇ ਕੁਝ ਹੋਰ ਮੈਂਬਰਾਂ ਨੂੰ ਮਾਮਲੇ ਦੀ ਜਾਂਚ ਤੱਕ ਅਹੁੱਦਿਆਂ ਤੋਂ ਹਟਾ ਦਿੱਤਾ ਗਿਆ ਸੀ।