ਸੋਸ਼ਲ ਮੀਡੀਆ 'ਤੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਅਦਾਲਤ ਨੇ ਭਾਰਤ ਵਿਰੁੱਧ ਜੰਗ ਛੇੜਨ ਦਾ ਦੋਸ਼ੀ ਐਲਾਨਿਆ

ਸੋਸ਼ਲ ਮੀਡੀਆ 'ਤੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਅਦਾਲਤ ਨੇ ਭਾਰਤ ਵਿਰੁੱਧ ਜੰਗ ਛੇੜਨ ਦਾ ਦੋਸ਼ੀ ਐਲਾਨਿਆ
ਪੁਲਿਸ ਹਿਰਾਸਤ ਦੌਰਾਨ ਲਈ ਗਈ ਸਿੱਖ ਨੌਜਵਾਨਾਂ ਦੀ ਤਸਵੀਰ

ਨਵਾਂਸ਼ਹਿਰ: ਪਿਛਲੇ ਸਾਲਾਂ ਦੌਰਾਨ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨਾਂ ਦੀਆਂ ਵੱਡੇ ਪੱਧਰ 'ਤੇ ਕੀਤੀਆਂ ਗਈਆਂ ਗ੍ਰਿਫਤਾਰੀਆਂ ਵਿਚੋਂ ਇਕ ਮਾਮਲੇ 'ਚ ਅੱਜ ਭਾਰਤੀ ਅਦਾਲਤ ਨੇ ਅਜੀਬ ਫੈਂਸਲਾ ਸੁਣਾਉਂਦਿਆਂ ਤਿੰਨ ਸਿੱਖ ਨੌਜਵਾਨਾਂ ਨੂੰ ਭਾਰਤ ਖਿਲਾਫ ਜੰਗ ਛੇੜਨ ਦਾ ਦੋਸ਼ੀ ਐਲਾਨ ਦਿੱਤਾ ਹੈ।ਨਾਭਾ ਜੇਲ੍ਹ ਵਿੱਚ ਨਜ਼ਰਬੰਦ ਅਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਦੇਸ਼ ਧ੍ਰੋਹ ਦੀ ਧਾਰਾ 121,121-ਏ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਜਾ ਸੁਣਾਉਣ ਦੀ ਤਰੀਕ 5 ਫਰਵਰੀ ਨਿਰਧਾਰਤ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ 2016 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਖਿਲਾਫ ਪੰਜਾਬ ਪੁਲਿਸ ਨੇ ਨਵਾਂਸ਼ਹਿਰ ਜ਼ਿਲ੍ਹੇ ਦੇ ਥਾਣਾ ਰਾਹੋਂ ਵਿਖੇ ਯੂਏਪੀਏ ਦੀ ਧਾਰਾ 10, 13 ਅਤੇ ਭਾਰਤੀ ਪੈਨਲ ਕੋਡ ਦੀ ਧਾਰਾ 121, 121-ਏ ਅਧੀਨ ਮਾਮਲਾ ਦਰਜ ਕੀਤਾ ਸੀ। 

ਨਵਾਂਸ਼ਹਿਰ ਅਦਾਲਤ ਵਿਚ 31 ਜਨਵਰੀ ਨੂੰ ਐਡੀਸ਼ਨਲ ਸੈਸ਼ਨ ਜੱਜ ਰਣਧੀਰ ਵਰਮਾ ਨੇ ਯੂਏਪੀਏ ਦੀਆਂ ਧਾਰਾਵਾਂ ਹਟਾ ਕੇ ਇਹਨਾਂ ਨੌਜਵਾਨਾਂ ਨੂੰ ਆਈਪੀਸੀ ਦੀ ਧਾਰਾ 121, 121-ਏ ਅਧੀਨ ਦੇਸ਼ ਖਿਲਾਫ ਜੰਗ ਛੇੜਨ ਦਾ ਦੋਸ਼ੀ ਐਲਾਨ ਦਿੱਤਾ ਹੈ। ਇਹਨਾਂ ਧਾਰਾਵਾਂ ਅਧੀਨ ਦੋਸ਼ੀ ਨੂੰ ਮੌਤ ਦੀ ਸਜ਼ਾ ਜਾਂ ਉਮਰਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਤੇ ਨਾਲ ਜ਼ੁਰਮਾਨਾ ਵੀ ਲਾਇਆ ਜਾ ਸਕਦਾ ਹੈ। 

ਸਿੱਖ ਨੌਜਵਾਨਾਂ ਵਲੋਂ ਮਾਮਲੇ ਦੀ ਪੈਰਵਾਈ ਕਰਨ ਵਾਲੇ ਵਕੀਲ ਕੁਲਵਿੰਦਰ ਕੌਰ ਨੇ ਦੱਸਿਆ ਕਿ 31 ਜਨਵਰੀ ਵਾਲੇ ਦਿਨ ਜੱਜ ਨੇ ਪਹਿਲਾਂ ਬਚਾਅ ਪੱਖ ਦੇ ਵਕੀਲਾਂ ਨੂੰ ਕਿਹਾ ਕਿ ਉਹ ਅੱਜ ਫੈਂਸਲਾ ਨਹੀਂ ਸੁਣਾਉਣਗੇ ਤੇ ਬਚਾਅ ਪੱਖ ਨੂੰ ਐਕਸਟੈਂਸ਼ਨ ਦੀ ਅਰਜ਼ੀ ਦੇਣ ਲਈ ਕਿਹਾ। ਪਰ ਸ਼ਾਮ 4.30 ਵਜੇ ਜੱਜ ਨੇ ਬਿਨ੍ਹਾਂ ਬਚਾਅ ਪੱਖ ਦੇ ਵਕੀਲਾਂ ਨੂੰ ਦੱਸਿਆਂ ਨਾਭਾ ਜੇਲ੍ਹ ਵਿਚ ਨਜ਼ਰਬੰਦ ਨੌਜਵਾਨਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਦੋਸ਼ੀ ਐਲਾਨ ਦਿੱਤਾ। ਵਕੀਲ ਕੁਲਵਿੰਦਰ ਕੌਰ ਨੇ ਕਿਹਾ ਕਿ 5 ਫਰਵਰੀ ਨੂੰ ਉਹ ਅਦਾਲਤ ਵਿਚ ਇਸ ਫੈਂਸਲੇ ਖਿਲਾਫ ਬਹਿਸ ਕਰਨਗੇ। 

ਗੌਰਤਲਬ ਹੈ ਕਿ ਸਾਰੀ ਜਾਂਚ ਵਿਚ ਇਹਨਾਂ ਨੌਜਵਾਨਾਂ ਕੋਲੋਂ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੇ ਅਸਲੇ, ਵਿਸਫੋਟਕ ਸਮਗਰੀ ਜਾ ਹਥਿਆਰਾਂ ਦੀ ਬਰਾਮਦਗੀ ਨਹੀਂ ਹੋਈ। ਮਹਿਜ਼ ਸੋਸ਼ਲ ਮੀਡੀਆ 'ਤੇ ਸਿੱਖ ਹੱਕਾਂ ਦੀ ਗੱਲ ਕਰਨ ਨੂੰ ਅਧਾਰ ਬਣਾ ਕੇ ਇਹਨਾਂ ਨੌਜਵਾਨਾਂ ਨੂੰ ਉਪਰੋਕਤ ਸੰਗੀਨ ਧਾਰਾਵਾਂ ਵਿਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।

ਭਾਰਤੀ ਅਦਾਲਤ ਦੇ ਇਸ ਫੈਂਸਲੇ ਨੂੰ ਮਨੁੱਖੀ ਹੱਕਾਂ ਦੀ ਧਾਰਨਾ ਦੇ ਖਿਲਾਫ ਮੰਨਿਆ ਜਾ ਰਿਹਾ ਹੈ। ਦੁਨੀਆ ਵਿਚ ਹਰ ਮਨੁੱਖ ਨੂੰ ਆਪਣੀ ਗੱਲ ਕਹਿਣ ਤੇ ਆਪਣੀਆਂ ਭਾਵਨਾਵਾਂ ਦੇ ਸ਼ਾਂਤਮਈ ਪ੍ਰਗਟਾਵੇ ਦਾ ਹੱਕ ਹੈ ਤੇ ਇਹ ਹਰ ਇਨਸਾਨ ਨੂੰ ਮਿਲੇ ਹੋਏ ਮੁੱਢਲੇ ਹੱਕ ਮੰਨੇ ਜਾਂਦੇ ਹਨ।