ਪੰਜਾਬ ਦੀ ਕਿਸਾਨੀ ਲਈ ਨਵਾਂ ਸੰਕਟ; ਪਾਕਿਸਤਾਨ ਸਰਹੱਦ ਖੁੱਲ੍ਹਣ ਨਾਲ ਹੀ ਹੋ ਸਕਦਾ ਹੈ ਹੱਲ

ਪੰਜਾਬ ਦੀ ਕਿਸਾਨੀ ਲਈ ਨਵਾਂ ਸੰਕਟ; ਪਾਕਿਸਤਾਨ ਸਰਹੱਦ ਖੁੱਲ੍ਹਣ ਨਾਲ ਹੀ ਹੋ ਸਕਦਾ ਹੈ ਹੱਲ

ਨਵੀਂ ਦਿੱਲੀ: ਭਾਰਤੀ ਰਾਜ ਪ੍ਰਬੰਧ ਅਧੀਨ ਮਾੜੀਆਂ ਅਤੇ ਲੋਟੂ ਨੀਤੀਆਂ ਨਾਲ ਜਿੱਥੇ ਪਹਿਲਾਂ ਹੀ ਪੰਜਾਬ ਦੀ ਕਿਸਾਨੀ ਦਾ ਲੱਕ ਟੁੱਟ ਚੁੱਕਿਆ ਹੈ ਤੇ ਖੇਤਾਂ ਵਿਚ ਝੂੰਮਦੀ ਕਿਸਾਨੀ ਹੁਣ ਦਰਖਤਾਂ ਨਾਲ ਲਟਕਦੇ ਰੱਸਿਆਂ 'ਤੇ ਝੂਲਦੀ ਨਜ਼ਰ ਆਉਂਦੀ ਹੈ। ਇਨ੍ਹਾਂ ਮੁਸੀਬਤਾਂ ਦੇ ਮਾਰੇ ਕਿਸਾਨ ਗਲ ਨਵਾਂ ਸਿਆਪਾ ਪੈਣ ਜਾ ਰਿਹਾ ਹੈ। ਹਰੀ ਕ੍ਰਾਂਤੀ ਰਾਹੀਂ ਆਪਣੀ ਜ਼ਮੀਨ ਅਤੇ ਸਰੋਤਾਂ ਦੀ ਲੁੱਟ ਕਰਵਾਕੇ ਭੁੱਖੇ ਭਾਰਤ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਅਨਾਜ ਦੀ ਹੁਣ ਭਾਰਤ ਦੇ ਲੋਕਾਂ ਨੂੰ ਸ਼ਾਇਦ ਬਹੁਤੀ ਜ਼ਰੂਰਤ ਨਹੀਂ ਰਹੀ। ਇਸੇ ਕਾਰਨ ਪੰਜਾਬ ਦਾ ਅਨਾਜ ਗੁਦਾਮਾਂ ਵਿਚ ਪਿਆ ਰੁਲ ਰਿਹਾ ਹੈ ਤੇ ਆਲਮ ਇਹ ਹੈ ਕਿ ਕਣਕ ਦੀ ਫਸਲ ਮੰਡੀਆਂ ਵਿਚ ਦੁਬਾਰਾ ਆਉਣ ਵਾਲੀ ਹੈ ਪਰ ਪਿਛਲੀ ਫਸਲ ਨਾਲ ਭਰੇ ਗੁਦਾਮਾਂ ਵਿਚ ਨਵੀਂ ਫਸਲ ਸਾਂਭਣ ਲਈ ਥਾਂ ਨਹੀਂ।

ਪੰਜਾਬ ਵਿਚ ਐਤਕੀਂ ਅਨਾਜ ਭੰਡਾਰਨ ਦਾ ਸੰਕਟ ਪੈਦਾ ਹੋਣ ਦਾ ਡਰ ਹੈ ਜਿਸਨੇ ਪੰਜਾਬ ਸਰਕਾਰ ਦੇ ਫ਼ਿਕਰ ਵਧਾ ਦਿੱਤੇ ਹਨ। ਪੰਜਾਬ ਦੇ ਕਿਸਾਨਾਂ ਲਈ ਇਹ ਖ਼ਤਰੇ ਦਾ ਘੁੱਗੂ ਵੀ ਹੈ ਕਿ ਦੂਜੇ ਸੂਬਿਆਂ ਵਿਚ ਕਣਕ ਦੀ ਮੰਗ ਪਹਿਲਾਂ ਵਾਂਗ ਨਹੀਂ ਰਹੀ। ਯੂਪੀ ਅਤੇ ਮੱਧ ਪ੍ਰਦੇਸ਼ ਵਿਚ ਹੁਣ ਕਣਕ ਦੀ ਪੈਦਾਵਾਰ ਵਧੀ ਹੈ। ਪੂਰੇ ਭਾਰਤ ਵਿਚੋਂ ਇਸ ਵੇਲੇ ਇਕੱਲਾ ਪੰਜਾਬ ਅਜਿਹਾ ਸੂਬਾ ਹੈ ਜਿਸ ਦੇ ਗੁਦਾਮਾਂ ਵਿਚ ਸਭ ਤੋਂ ਵੱਧ ਅਨਾਜ ਪਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਆਖ ਚੁੱਕੇ ਹਨ ਕਿ ਪੰਜਾਬ ਦੇ ਕਿਸਾਨਾਂ ਨੇ ਤਾਂ ਅਨਾਜ ਦੀ ਪੈਦਾਵਾਰ ਵਿਚ ਕੋਈ ਕਮੀ ਨਹੀਂ ਛੱਡੀ ਪਰ ਕੇਂਦਰ ਕੋਈ ਮੁੱਲ ਨਹੀਂ ਪਾ ਰਿਹਾ। ਕੇਂਦਰੀ ਖ਼ੁਰਾਕ ਨਿਗਮ ਅਨੁਸਾਰ ਉੱਤਰੀ ਸੂਬਿਆਂ ਵਿਚ ਇਸ ਵੇਲੇ 276.92 ਲੱਖ ਮੀਟਰਿਕ ਟਨ ਅਨਾਜ ਗੁਦਾਮਾਂ ਵਿਚ ਪਿਆ ਹੈ ਜਿਸ ਵਿਚੋਂ ਇਕੱਲੇ ਪੰਜਾਬ ਵਿਚ 150.54 ਲੱਖ ਮੀਟਰਿਕ ਟਨ ਅਨਾਜ ਦਾ ਭੰਡਾਰ ਪਿਆ ਹੈ ਜੋ 54 ਫ਼ੀਸਦੀ ਬਣਦਾ ਹੈ। ਪੰਜਾਬ ਦੇ ਗੁਦਾਮਾਂ ਵਿਚ ਇਸ ਵੇਲੇ 62.12 ਲੱਖ ਮੀਟਰਿਕ ਟਨ ਚੌਲ ਅਤੇ 88.42 ਲੱਖ ਮੀਟਰਿਕ ਟਨ ਕਣਕ ਪਈ ਹੈ। ਦੇਸ਼ ਵਿਚੋਂ ਦੂਸਰੇ ਨੰਬਰ ‘ਤੇ ਹਰਿਆਣਾ ਹੈ ਜਿੱਥੋਂ ਦੇ ਗੁਦਾਮਾਂ ਵਿਚ 69.65 ਲੱਖ ਅਤੇ ਤੀਸਰੇ ਨੰਬਰ ‘ਤੇ ਮੱਧ ਪ੍ਰਦੇਸ਼ ਵਿਚ 58.62 ਲੱਖ ਮੀਟਰਿਕ ਟਨ ਅਨਾਜ ਪਿਆ ਹੈ। ਪੰਜਾਬ ਦੇ ਗੁਦਾਮਾਂ ਵਿਚ 88.42 ਲੱਖ ਐਮਟੀ ਕਣਕ ਪਈ ਹੈ ਜਦੋਂਕਿ ਹਰਿਆਣਾ ਵਿਚ 55.21 ਲੱਖ ਐਮਟੀ ਕਣਕ ਪਈ ਹੈ।

ਪੰਜਾਬ ਵਿਚ ਕਣਕ ਦੀ ਪੈਦਾਵਾਰ ਦੇ ਹਰ ਵਰ੍ਹੇ ਨਵੇਂ ਰਿਕਾਰਡ ਬਣ ਰਹੇ ਹਨ। ਕੇਂਦਰੀ ਪੂਲ ਵਾਸਤੇ ਸਾਲ 2018-19 ਵਿਚ 126.92 ਲੱਖ ਮੀਟਰਿਕ ਟਨ ਕਣਕ ਖ਼ਰੀਦੀ ਗਈ ਸੀ ਜਦੋਂਕਿ ਸਾਲ 2017-18 ਵਿਚ 117.06 ਲੱਖ ਮੀਟਰਿਕ ਟਨ ਦੀ ਖ਼ਰੀਦ ਹੋਈ ਸੀ। ਚਾਰ ਵਰ੍ਹੇ ਪਹਿਲਾਂ ਪੰਜਾਬ ਵਿਚੋਂ 103.44 ਲੱਖ ਐਮਟੀ ਕਣਕ ਦੀ ਖ਼ਰੀਦ ਕੇਂਦਰੀ ਪੂਲ ਲਈ ਹੋਈ ਸੀ। 

ਵੇਰਵਿਆਂ ਅਨੁਸਾਰ ਹੁਣ ਦੂਸਰੇ ਸੂਬਿਆਂ ਵਿਚੋਂ ਕਣਕ ਦੀ ਖ਼ਰੀਦ ਲਗਾਤਾਰ ਵਧਣ ਲੱਗੀ ਹੈ ਜਿਸ ਕਰਕੇ ਪੰਜਾਬ ਵਿਚੋਂ ਅਨਾਜ ਦੀ ਮੂਵਮੈਂਟ ‘ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਮਿਸਾਲ ਵਜੋਂ ਮੱਧ ਪ੍ਰਦੇਸ਼ ਵਿਚ ਸਾਲ 2016-17 ਵਿਚ 39.92 ਲੱਖ ਐਮਟੀ ਕਣਕ ਦੀ ਖ਼ਰੀਦ ਹੋਈ ਸੀ ਜੋ ਕਿ ਪਿਛਲੇ ਵਰ੍ਹੇ ਵਧ ਕੇ 73.13 ਲੱਖ ਐਮਟੀ ਹੋ ਗਈ। ਉੱਤਰ ਪ੍ਰਦੇਸ਼ ਵਿਚ ਸਾਲ 2016-17 ਵਿਚ 7.97 ਲੱਖ ਮੀਟਰਿਕ ਟਨ ਕੇਂਦਰੀ ਪੂਲ ਵਾਸਤੇ ਕਣਕ ਦੀ ਖ਼ਰੀਦ ਹੋਈ ਸੀ ਜੋ ਲੰਘੇ ਵਰ੍ਹੇ ਵਧ ਕੇ 52.94 ਲੱਖ ਮੀਟਰਿਕ ਟਨ ਹੋ ਗਈ ਹੈ।

ਲੰਘੇ ਸਾਲ ਕੇਂਦਰੀ ਪੂਲ ਲਈ ਭਾਰਤ ਭਰ ਵਿਚ 357.95 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ ਸੀ। ਪੰਜਾਬ ਵਿਚ ਸਟੇਟ ਏਜੰਸੀਆਂ ਕੋਲ 69.40 ਲੱਖ ਮੀਟਰਿਕ ਟਨ ਕਣਕ ਪਈ ਹੈ। ਝੋਨੇ ਦੇ ਸੀਜ਼ਨ ਵਿਚ ਪੰਜਾਬ ਸਰਕਾਰ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ਰੀਦ ਏਜੰਸੀਆਂ ਨੂੰ ਇਸ ਬਾਰੇ ਅਲਰਟ ਕਰ ਦਿੱਤਾ ਹੈ ਕਿਉਂਕਿ ਚੋਣਾਂ ਵਾਲਾ ਵਰ੍ਹਾ ਹੈ। ਕਿਸਾਨਾਂ ਦੀ ਥੋੜ੍ਹੀ-ਬਹੁਤੀ ਖੱਜਲ-ਖੁਆਰੀ ਵੀ ਹਾਕਮ ਧਿਰ ਨੂੰ ਮਹਿੰਗੀ ਪੈ ਸਕਦੀ ਹੈ। ਪੰਜਾਬ ਵਿਚ ਇਸ ਵੇਲੇ ਰੋਜ਼ਾਨਾ 38 ਰੇਲਵੇ ਰੈਕਾਂ ਦੀ ਮੰਗ ਹੈ ਜਿਸ ਦੇ ਬਦਲੇ ਸਿਰਫ਼ 17 ਤੋਂ 18 ਰੈਕ ਮਿਲ ਰਹੇ ਹਨ।

ਖ਼ੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ ਏ ਪੀ ਸਿਨਹਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿਚੋਂ ਅਨਾਜ ਦੀ ਮੂਵਮੈਂਟ ਤੇਜ਼ ਕਰਨ ਵਾਸਤੇ ਭਾਰਤੀ ਖ਼ੁਰਾਕ ਨਿਗਮ ਨੂੰ ਪੱਤਰ ਲਿਖੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਕੇਂਦਰ ਤੋਂ 50 ਫ਼ੀਸਦੀ ਰੇਲ ਰੈਕ ਘੱਟ ਮਿਲ ਰਹੇ ਹਨ ਜਿਸ ਕਰਕੇ ਅਨਾਜ ਭੰਡਾਰਨ ਦੀ ਸਮੱਸਿਆ ਨਜ਼ਰ ਪੈਣ ਲੱਗੀ ਹੈ।

ਪਾਕਿਸਤਾਨ ਦੀ ਸਰਹੱਦ ਖੁੱਲ੍ਹਣ ਨਾਲ ਹੋ ਸਕਦਾ ਹੈ ਕਿਸਾਨੀ ਸੰਕਟ ਦਾ ਹੱਲ
ਪੰਜਾਬ ਦੇ ਕਿਸਾਨੀ ਸੰਕਟ ਦੀ ਸਮੱਸਿਆ ਦੀ ਜੜ੍ਹ ਫਸਲਾਂ ਦੇ ਘੱਟ ਰੇਟ ਤੇ ਸਹੀ ਮੰਡੀਕਰਨ ਨਾ ਹੋਣ ਨੂੰ ਮੰਨਿਆ ਜਾ ਰਿਹਾ ਹੈ। ਹੁਣ ਜਦੋਂ ਭਾਰਤ ਦੇ ਸੂਬਿਆਂ (ਖ਼ਾਸ ਕਰਕੇ ਹਿੰਦੀ ਖੇਤਰ) ਵਿਚ ਅਨਾਜ਼ ਦੀ ਪੈਦਾਵਾਰ ਵਧ ਗਈ ਹੈ ਤੇ ਭਾਰਤ ਦੇ ਕੇਂਦਰੀ ਪੂਲ ਵਿਚ ਇਹਨਾਂ ਸੂਬਿਆਂ ਦੇ ਅਨਾਜ਼ ਵਿਚ ਚੋਖਾ ਵਾਧਾ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਨਵੀਂਆਂ ਮੰਡੀਆਂ ਦੇ ਰਾਹ ਖੁੱਲ੍ਹਣਾ ਬਹੁਤ ਜ਼ਰੂਰੀ ਹੋ ਗਏ ਹਨ। ਪੰਜਾਬ ਦੀ ਭੂਗੋਲਿਕ ਸਥਿਤੀ ਮੁਤਾਬਿਕ ਪਾਕਿਸਤਾਨ ਦੀ ਸਰਹੱਦ ਖੁੱਲ੍ਹਣ ਦੀ ਅਹਿਮੀਅਤ ਹੁਣ ਹੋਰ ਵਧ ਗਈ ਹੈ ਤਾਂ ਕਿ ਪੰਜਾਬ ਦੀ ਫਸਲ ਲਈ ਪਾਕਿਸਤਾਨ ਦੇ ਰਾਹ ਨਵੀਂਆਂ ਮੰਡੀਆਂ ਤਕ ਪਹੁੰਚ ਯਕੀਨੀ ਬਣ ਸਕੇ।

ਪਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਕੋਈ ਸਾਰਥਕ ਕਦਮ ਨਹੀਂ ਪੁੱਟੇ ਜਾ ਰਹੇ ਤੇ ਨਾ ਹੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਮੇਂ ਦੀ ਇਸ ਸਭ ਤੋਂ ਵੱਡੀ ਲੋੜ ਵੱਲ ਕੋਈ ਧਿਆਨ ਦੇ ਰਹੀਆਂ ਹਨ।