1984 ਸਿੱਖ ਕਤਲੇਆਮ: ਕਾਨਪੁਰ ਵਿਚ ਹੋਏ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ

1984 ਸਿੱਖ ਕਤਲੇਆਮ: ਕਾਨਪੁਰ ਵਿਚ ਹੋਏ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ

ਨਵੀਂ ਦਿੱਲੀ: ਨਵੰਬਰ 1984 ਦੇ ਸਿੱਖ ਕਤਲੇਆਮ ਦੌਰਾਨ ਉਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਵਿਚ ਹੋਏ ਸਿੱਖ ਕਤਲੇਆਮ ਦੀ ਜਾਂਚ ਲਈ ਉਤਰ ਪ੍ਰਦੇਸ਼ ਸਰਕਾਰ ਵਲੋਂ ਇਕ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਹਾਲਤਾਂ ਅਤੇ ਕਾਰਨਾਂ ਦਾ ਪਤਾ ਲਗਾਏਗੀ ਜੋ ਇਸ ਕਤਲੇਆਮ ਲਈ ਜ਼ਿੰਮੇਵਾਰ ਬਣੇ। 

ਇਸ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਉਤਰ ਪ੍ਰਦੇਸ਼ ਦੇ ਸੇਵਾਮੁਕਤ  ਪੁਲਿਸ ਮੁਖੀ ਅਤੁਲ ਕਰਨਗੇ। ਇਸ ਤੋਂ ਇਲਾਵਾ ਇਸ ਟੀਮ ਵਿਚ ਸੇਵਾਮੁਕਤ ਜ਼ਿਲ੍ਹਾ ਜੱਜ ਸੁਭਾਸ਼ ਚੰਦਰ ਅਗਰਵਾਲ ਅਤੇ ਸੇਵਾਮੁਕਤ ਵਧੀਕ ਡਾਇਰੈਕਟਰ (ਪ੍ਰੋਸੀਕਿਊਸ਼ਨ) ਯੌਗੇਸ਼ਵਰ ਕ੍ਰਿਸ਼ਨ ਸ਼੍ਰੀਵਾਸਤਵਾ ਵੀ ਸ਼ਾਮਿਲ ਹਨ। ਇਸ ਵਿਸ਼ੇਸ਼ ਜਾਂਚ ਟੀਮ ਨੂੰ 6 ਮਹੀਨਿਆਂ ਵਿਚ ਆਪਣੀ ਜਾਂਚ ਰਿਪੋਰਟ ਜਮ੍ਹਾ ਕਰਾਉਣ ਲਈ ਕਿਹਾ ਗਿਆ ਹੈ।

ਇਹ ਵਿਸ਼ੇਸ਼ ਜਾਂਚ ਟੀਮ ਕਤਲੇਆਮ ਦੌਰਾਨ ਦਰਜ ਕਰਵਾਈਆਂ ਗਈਆਂ ਐਫ.ਆਈ.ਆਰ ਦੀ ਜਾਂਚ ਕਰੇਗੀ ਜਿਸ ਬਾਰੇ ਜ਼ਿਲ੍ਹਾ ਪੁਲਿਸ ਅੰਤਿਮ ਰਿਪੋਰਟ ਜ਼ਮ੍ਹਾ ਕਰਵਾਏਗੀ। ਇਸ ਤੋਂ ਇਲਾਵਾ ਉਨ੍ਹਾਂ ਮਾਮਲਿਆਂ ਦੀ ਵੀ ਜਾਂਚ ਕੀਤੀ ਜਾਵੇਗੀ ਜਿਹਨਾਂ ਵਿਚ ਪੀੜਤਾਂ ਨੂੰ ਅਦਾਲਤ ਵਲੋਂ ਮਦਦ ਦਿੱਤੀ ਜਾ ਚੁੱਕੀ ਹੈ। 

ਜ਼ਿਕਰਯੋਗ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਿਕ 1984 ਵਿਚ ਹੋਈ ਸਿੱਖ ਨਸਲਕੁਸ਼ੀ ਦੌਰਾਨ ਕਾਨਪੁਰ ਵਿਚ 125 ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੂਰੇ ਭਾਰਤ ਵਿਚ ਖਾਸ ਕਰਕੇ ਹਿੰਦੀ ਖੇਤਰ ਵਿਚ ਹਜ਼ਾਰਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਸਿੱਖ ਬੀਬੀਆਂ ਦੀ ਬੇਪੱਤੀ ਕੀਤੀ ਗਈ ਸੀ। ਕਈ ਥਾਵਾਂ 'ਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ ਗਈ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ।

ਅਗਸਤ 2017 ਵਿਚ ਭਾਰਤ ਸੀ ਸੁਪਰੀਮ ਕੋਰਟ ਨੇ ਕਤਲੇਆਮ ਦੀ ਵਿਸ਼ੇਸ਼ ਜਾਂਚ ਟੀਮ ਬਣਾ ਕੇ ਜਾਂਚ ਕਰਾਉਣ ਦੀ ਮੰਗ ਕਰਦਿਆਂ ਪਾਈ ਇਕ ਅਪੀਲ 'ਤੇ ਸੁਣਵਾਈ ਕਰਦਿਆਂ ਉਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ।