ਨਿਹੰਗ ਸਿੰਘਾਂ ਤੇ ਪੁਲਸ ਦਰਮਿਆਨ ਹੋਈ ਝੜਪ ਮਾਮਲੇ 'ਚ 9 ਗ੍ਰਿਫਤਾਰ; ਇਕ ਸਿੰਘ ਦੇ ਵੱਜੀ ਗੋਲੀ

ਨਿਹੰਗ ਸਿੰਘਾਂ ਤੇ ਪੁਲਸ ਦਰਮਿਆਨ ਹੋਈ ਝੜਪ ਮਾਮਲੇ 'ਚ 9 ਗ੍ਰਿਫਤਾਰ; ਇਕ ਸਿੰਘ ਦੇ ਵੱਜੀ ਗੋਲੀ

ਪਟਿਆਲਾ: ਪਟਿਆਲਾ ਦੀ ਸਨੌਰ ਸਬਜ਼ੀ ਮੰਡੀ ਵਿਖੇ ਅੱਜ ਸਵੇਰੇ ਪੁਲਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਹਿੰਸਕ ਟੱਕਰ ਤੋਂ ਬਾਅਦ ਪਟਿਆਲਾ ਜ਼ਿਲ਼੍ਹੇ ਦੀ ਪੁਲਸ ਨੇ ਬਲਬੇੜਾ ਪਿੰਡ ਵਿਚ ਸਥਿਤ ਗੁਰਦੁਆਰਾ ਖਿਚੜੀ ਸਾਹਬ ਨੂੰ ਘੇਰਾ ਪਾ ਕੇ ਇਕ ਬੀਬੀ ਸਮੇਤ 9 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਵੱਲੋਂ ਇਸ ਕਾਰਵਾਈ ਵਿਚ ਗੋਲੀ ਚਲਾਈ ਗਈ ਜਿਸ ਨਾਲ ਇਕ ਸਿੰਘ ਜ਼ਖਮੀ ਹੋ ਗਿਆ। ਗ੍ਰਿਫਤਾਰ ਕੀਤੇ ਗਏ ਸਿੰਘਾਂ ਵਿਚ ਝੜਪ 'ਚ ਸ਼ਾਮਲ ਸਿੰਘ ਵੀ ਸ਼ਾਮਲ ਹਨ। 

ਦੱਸ ਦਈਏ ਕਿ ਪੰਜਾਬ ਵਿਚ ਕਰਫਿਊ ਦੌਰਾਨ ਪੁਲਸ ਵੱਲੋਂ ਕੀਤੀ ਜਾਂਦੀ ਬੇਲੋੜੀ ਧੱਕੇਸ਼ਾਹੀ ਅੱਜ ਹਿੰਸਕ ਰੂਪ ਲੈ ਗਈ ਜਦੋਂ ਪਟਿਆਲਾ ਵਿਚ ਸਬਜ਼ੀ ਮੰਡੀ ਜਾ ਰਹੇ ਨਿਹੰਗ ਸਿੰਘਾਂ ਦੀ ਪੁਲਸ ਨਾਲ ਕਰਫਿਊ ਪਾਸ ਨੂੰ ਲੈ ਕੇ ਹਿੰਸਕ ਝੜਪ ਹੋ ਗਈ। ਪੁਲਸ ਮੁਲਾਜ਼ਮਾਂ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ 'ਚ ਇਕ ਪੁਲਸ ਮੁਲਾਜ਼ਮ ਦੀ ਬਾਂਹ ਵੱਡੀ ਗਈ ਹੈ ਜੋ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਜੇਰੇ ਇਲਾਜ ਹੈ। 

ਇਸ ਝੜਪ ਤੋਂ ਬਾਅਦ ਨਿਹੰਗ ਸਿੰਘ ਬਲਬੇੜਾ ਪਿੰਡ ਸਥਿਤ ਗੁਰਦੁਆਰਾ ਖਿਚੜੀ ਸਾਹਿਬ ਚਲੇ ਗਏ ਸਨ ਤੇ ਸੈਂਕੜਿਆਂ ਦੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਵੱਲੋਂ ਪਟਿਆਲਾ ਦੇ ਆਈਜੀ ਜਤਿੰਦਰ ਔਲਖ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਨੂੰ ਘੇਰਾ ਪਾਇਆ ਗਿਆ ਸੀ। ਜਾਣਕਾਰੀ ਮੁਤਾਬਕ ਉਸ ਸਮੇਂ ਗੁਰਦੁਆਰਾ ਸਾਹਿਬ ਵਿਚ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਤੇ ਪੁਲਸ ਨੇ ਕਿਸੇ ਹੋਰ ਗ੍ਰੰਥੀ ਸਿੰਘ ਨੂੰ ਲਿਆ ਕੇ ਤਾਬਿਆ ਬੈਠੇ ਗ੍ਰੰਥੀ ਨੂੰ ਵੀ ਹਿਰਾਸਤ ਵਿਚ ਲਿਆ ਹੈ। 

ਗ੍ਰਿਫਤਾਰੀ ਮੌਕੇ ਦੋ ਸਿੰਘਾਂ ਵੱਲੋਂ ਲਗਾਤਾਰ ਸਿੱਖਾਂ ਦੇ ਚੜ੍ਹਦੀਕਲਾ ਵਾਲੇ ਜੈਕਾਰੇ ਲਾਏ ਗਏ ਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਉਹ ਕਹਿ ਰਹੇ ਸਨ ਕਿ ਉਹਨਾਂ ਨੂੰ ਆਪਣੇ ਕੀਤੇ 'ਤੇ ਕੋਈ ਪਛਾਤਾਵਾ ਨਹੀਂ ਤੇ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ। 

ਪੁਲਸ ਵੱਲੋਂ ਗੁਰਦੁਆਰਾ ਸਾਹਿਬ ਵਿੱਚੋਂ ਸਿੱਖਾਂ ਦੇ ਰਵਾਇਤੀ ਸ਼ਸਤਰਾਂ ਬਰਾਮਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੁੱਝ ਨਜ਼ਾਇਜ਼ ਅਸਲਾ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਸੀਆਈਏ ਲਿਜਾਇਆ ਗਿਆ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।