ਵਹਿਸ਼ਤ, ਮੌਤ ਤੇ ਜ਼ਿੰਦਗੀ

ਵਹਿਸ਼ਤ, ਮੌਤ ਤੇ ਜ਼ਿੰਦਗੀ

ਇਸ ਸਾਰੇ ਦ੍ਰਿਸ਼ਕ੍ਰਮ ਦੌਰਾਨ ਮੌਤ ਦੇ ਸ਼ਿਕੰਜੇ ਤੋਂ ਬਚਣ ਲਈ ਏਧਰ-ਓਧਰ ਦੌੜਦੀਆਂ ਮਾਈਆਂ-ਬੀਬੀਆਂ ਜਿਨ੍ਹਾਂ ਵਿੱਚੋਂ ਇੱਕ ਦੇ ਮੋਢੇ ‘ਤੇ ਚਿੰਬੜਿਆ ਨਿੱਕਾ ਜਿਹਾ ਬਾਲ। ਅਜਿਹਾ ਖ਼ੌਫ਼ਨਾਕ ਮੰਜ਼ਰ ਦੇਖ ਕੇ ਨਿਜ਼ਾਮਤ ‘ਤੇ ਵੀ ਸ਼ਰਮਸ਼ਾਰੀ ਹੁੰਦੀ ਰਹੀ ਅਤੇ ਖ਼ੁਦ ਉੱਤੇ ਵੀ ਕਿਉਂਕਿ ਇਹ ਸਾਰੇ ਖੱਟਰ-ਪੱਟਰ ਆਖ਼ਿਰ ਸਾਡੀਆਂ ਵੋਟਾਂ ਦੀ ਹੀ ਤਾਂ ਪੈਦਾਇਸ਼ ਹਨ।

ਸੁਰਿੰਦਰ ਸਿੰਘ ਤੇਜ
ਬੰਗਲਾ ਤੇ ਹਿੰਦੀ ਵਿੱਚ ਸੌ ਤੋਂ ਵੱਧ ਪੁਸਤਕਾਂ ਲਿਖਣ ਵਾਲੇ ਉਪਨਿਆਸਕਾਰ ਬਿਮਲ ਮਿਤ੍ਰ ਨੂੰ ਸਭ ਤੋਂ ਵੱਧ ਪ੍ਰਸਿੱਧੀ ਉਸ ਦੇ ਨਾਵਲ ‘ਸਾਹਿਬ, ਬੀਵੀ ਔਰ ਗ਼ੁਲਾਮ’ ਨੂੰ ਫਿਲਮਸਾਜ਼ ਗੁਰੂ ਦੱਤ ਵੱਲੋਂ ਪਰਦੇ ‘ਤੇ ਉਤਾਰੇ ਜਾਣ ਕਾਰਨ ਮਿਲੀ। ਇਹ ਨਾਵਲ ‘ਬੇਗ਼ਮ ਮੇਰੀ ਬਿਸਵਾਸ’ ਨਾਲ ਸ਼ੁਰੂ ਹੋਏ ਤ੍ਰੈ-ਨਾਵਲੀ ਸਿਲਸਿਲੇ ਦਾ ਆਖ਼ਰੀ ਹਿੱਸਾ ਹੈ। ਇਨ੍ਹਾਂ ਤਿੰਨ ਨਾਵਲਾਂ ਵਾਂਗ ਬਿਮਲ ਮਿਤ੍ਰ ਦੇ ਹੋਰ ਵੀ ਕਈ ਨਾਵਲ ਬ੍ਰਿਟਿਸ਼ ਬੰਗਾਲ ਦੇ ਇਤਿਹਾਸ ਨਾਲ ਜੁੜੀਆਂ ਕਹਾਣੀਆਂ ਕਹਿੰਦੇ ਹਨ ਅਤੇ ਈਸਟ ਇੰਡੀਆ ਕੰਪਨੀ ਦੇ ਰਾਜ-ਕਾਲ ਦੌਰਾਨ ਬੰਗਾਲੀ ਸਮਾਜ, ਖ਼ਾਸ ਕਰਕੇ ਜ਼ਿਮੀਂਦਾਰੀ ਪ੍ਰਬੰਧ ਨਾਲ ਜੁੜੇ ਲੋਕਾਂ ਦੀ ਸੋਚ ਤੇ ਸੁਹਜ ਵਿੱਚ ਆਈਆਂ ਤਬਦੀਲੀਆਂ ਦਾ ਚਿਤ੍ਰਣ ਕਰਦੇ ਹਨ। ਉਸ ਦੀਆਂ ਕਹਾਣੀਆਂ ਵੀ ਮੁੱਖ ਤੌਰ ‘ਤੇ ਅਜਿਹੇ ਵਿਸ਼ਿਆਂ ਉੱਤੇ ਕੇਂਦ੍ਰਿਤ ਹਨ। ਇੱਕ ਲੰਬੀ ਕਹਾਣੀ ‘ਏਕ ਜਨ ਕਾਪੁਰੁਸ਼’ ਜ਼ਿਲ੍ਹਾ ਮੈਮਨ ਸਿੰਘ (ਹੁਣ ਬੰਗਲਾਦੇਸ਼) ਵਿੱਚ ਇੱਕ ਹਿੰਦੂ ਡੇਰੇਦਾਰ ਦੇ ਬ੍ਰਿਟਿਸ਼ ਹਾਕਮਾਂ ਦੀ ਸਰਪ੍ਰਸਤੀ ਹੇਠ ਉਭਾਰ ਤੇ ਫਿਰ ਪਤਨ ਦਾ ਬ੍ਰਿਤਾਂਤ ਪੇਸ਼ ਕਰਦੀ ਹੈ। ਇਸ ਦਾ ਕਥਾਨਕ ਡੇਰਾ ਸਿਰਸਾ ਦੇ ਮੁਖੀ ਦੀ ਜੀਵਨ ਕਹਾਣੀ ਨਾਲ ਮਿਲਦਾ ਜੁਲਦਾ ਹੈ। ਘਟਨਾਕ੍ਰਮ ਵਿਚਲੀਆਂ ਮਾਨਵੀ ਤੇ ਦਾਨਵੀ ਛੋਹਾਂ ਪੰਚਕੂਲਾ ਵਾਲੀ ਦ੍ਰਿਸ਼ਾਵਲੀ ਵਾਲਾ ਅਹਿਸਾਸ ਕਰਾਉਂਦੀਆਂ ਹਨ। ਉਹ ਚਿਤ੍ਰਣ ਕਾਲਪਨਿਕ ਸੀ, ਪੰਚਕੂਲਾ ਵਿੱਚ ਜੋ ਕੁਝ ਵਾਪਰਿਆ, ਉਹ ਅਸਲੀ ਸੀ; ਪਰ ਜਿਸ ਕਿਸਮ ਦਾ ਹੌਲਨਾਕ ਮੰਜ਼ਰ ਉਹ ਪਿੱਛੇ ਛੱਡ ਗਿਆ, ਉਹ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਅਣਹੋਂਦ ਅਤੇ ਇਸ ਅਣਹੋਂਦ ਤੋਂ ਉਪਜੇ ਮਾਨਵੀ ਦੁਖਾਂਤ ਬਾਰੇ ਗੰਭੀਰ ਚਿੰਤਨ ਦਾ ਵਿਸ਼ਾ ਬਣਨਾ ਚਾਹੀਦਾ ਹੈ।
ਪੰਚਕੂਲਾ ਨੇ ਜੋ ਦੁਖਾਂਤ ਭੋਗਿਆ, ਉਹ ਵੋਟ ਬੈਂਕ ਅੱਗੇ ਡੰਡੌਤ ਕਰਨ ਵਾਲੀ ਸਿਆਸਤ ਦੇ ਖ਼ਤਰਿਆਂ ਦਾ ਪ੍ਰਤੱਖ ਪ੍ਰਮਾਣ ਸੀ। ਸਿਆਸਤ ਨੂੰ ਲਾਂਭੇ ਰੱਖ ਕੇ ਨਿਰੋਲ ਮਾਨਵੀ ਨਜ਼ਰੀਏ ਤੋਂ ਤਿੰਨ ਪੱਖ ਸਮੁੱਚੀ ਘਟਨਾਵਲੀ ਦਾ ਆਈਨਾ ਪੇਸ਼ ਕਰਦੇ ਹਨ। ਪਹਿਲਾ ਹੈ ਕਾਨੂੰਨੀ ਪੱਖ, ਦੂਜਾ ਹੈ ਹੈਵਾਨੀਅਤ ਤੇ ਤੀਜਾ ਹੈ ਇਨਸਾਨੀ ਪੱਖ। ਕਾਨੂੰਨੀ ਪੱਖੋਂ ਜੋ ਕੁਝ ਵਾਪਰਿਆ, ਉਸ ਨੇ ਕਾਨੂੰਨ ਸਭਨਾਂ ਲਈ ਇੱਕ ਹੋਣ ਦੇ ਸੰਕਲਪ ਨੂੰ ਪਕੇਰਾ ਕੀਤਾ ਹੈ। ਡੇਰਾ ਮੁਖੀ ਨੂੰ ਇਸ ਹਕੀਕਤ ਦਾ ਅਹਿਸਾਸ ਸੀ ਕਿ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੇ ਮੁਕੱਦਮੇ ਵਿੱਚ ਉਹ ਸੁੱਕਾ ਨਹੀਂ ਬਚੇਗਾ। ਇਹ ਵੀ ਇੱਕ ਕਰਤਾਰੀ ਵਰਤਾਰਾ ਹੀ ਹੈ ਕਿ ਰਸੂਖ਼ਵਾਨ ਅਪਰਾਧੀ ਨੇ ਜਦੋਂ ਸ਼ਿਕੰਜੇ ਵਿੱਚ ਆਉਣਾ ਹੁੰਦਾ ਹੈ ਤਾਂ ਇਸ ਅਮਲ ਨਾਲ ਜੁੜੀਆਂ ਸਾਰੀਆਂ ਕੜੀਆਂ ਸਹੀ ਫਿੱਟ ਬੈਠਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪ੍ਰਧਾਨ ਮੰਤਰੀ ਵਾਜਪਾਈ ਦੇ ਰਾਜਕਾਲ ਦੌਰਾਨ ਉੱਚ ਅਦਾਲਤੀ ਹਦਾਇਤ ‘ਤੇ ਜਿਸ ਸੈਸ਼ਨ ਜੱਜ (ਐੱਮ. ਐੱਸ. ਸੁੱਲਰ) ਨੂੰ ਡੇਰਾ ਮੁਖੀ ਖ਼ਿਲਾਫ਼ ਇੱਕ ਗੁੰਮਨਾਮ ਸ਼ਿਕਾਇਤ ਦੀ ਜਾਂਚ ਪੜਤਾਲ ਸੌਂਪੀ ਗਈ, ਉਹ ਆਪਣੀ ਕਰਤੱਵ-ਨਿਸ਼ਠਾ ਲਈ ਹਮੇਸ਼ਾਂ ਮਸ਼ਹੂਰ ਰਿਹਾ ਹੈ। ਇਸੇ ਜੱਜ ਨੇ ਤਹਿਕੀਕਾਤ ਹਰਿਆਣਾ ਪੁਲੀਸ ਦੀ ਥਾਂ ਕੇਂਦਰੀ ਏਜੰਸੀ (ਸੀਬੀਆਈ) ਨੂੰ ਸੌਂਪੇ ਜਾਣ ਦਾ ਸੁਝਾਅ ਦਿੱਤਾ। ਸੀਬੀਆਈ ਵਿੱਚ ਕੇਸ ਉਨ੍ਹਾਂ ਤਫਤੀਸ਼ੀ ਅਫ਼ਸਰਾਂ ਡੀਆਈਜੀ ਐੱਮ. ਨਾਰਾਇਣ ਤੇ ਉਨ੍ਹਾਂ ਦੇ ਸਹਾਇਕ ਸਤੀਸ਼ ਡਾਗਰ ਨੂੰ ਮਿਲਿਆ ਜਿਨ੍ਹਾਂ ਦੀ ਬਿਰਤੀ ਸੱਚ ਦੀ ਤਹਿ ਤਕ ਜਾਣ ਦੀ ਹੈ। ਇਸੇ ਤਰ੍ਹਾਂ ਸੀਬੀਆਈ ਦੇ ਵਕੀਲ ਐੱਚ. ਐੱਸ. ਵਰਮਾ ਅਤੇ ਸੀਬੀਆਈ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਵੀ ਅੰਤਾਂ ਦਾ ਦਬਾਅ ਹੋਣ ਦੇ ਬਾਵਜੂਦ ਫਰਜ਼ਸ਼ੱਨਾਸੀ ਦਾ ਪੱਲਾ ਨਾ ਛੱਡਿਆ। ਫਿਰ ਜਦੋਂ ਇਹ ਜਾਪਿਆ ਕਿ ਸੂਬਾ ਸਰਕਾਰ ਤੇ ਮੁਲਜ਼ਮ ਦੀ ਮਿਲੀ-ਭੁਗਤ ਨਾਲ ਕਈ ਕੁਝ ਖੱਟੇ ਵਿੱਚ ਪੈਣ ਵਾਲਾ ਹੈ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਖ਼ਲ ਦੇ ਕੇ ਇਨਸਾਫ਼ ਦਾ ਰਾਹ ਪੱਧਰਾ ਕਰ ਦਿੱਤਾ। ਕਾਨੂੰਨ ਦੀ ਅਜ਼ਮਤ ਦੀ ਸਲਾਮਤੀ ਦੇ ਇਸ ਅਮਲ ਵਿੱਚ ਸ਼ਾਮਲ ਇਨ੍ਹਾਂ ਸਾਰੇ ਪਾਤਰਾਂ ਵਿੱਚੋਂ ਕਿਸੇ ਦਾ ਵੀ ਰੁਖ਼ ਕਿਸੇ ਨਿੱਜੀ ਗੌਰਵ ਜਾਂ ਮਾਣ-ਸਨਮਾਨ ‘ਤੇ ਕੇਂਦ੍ਰਿਤ ਨਹੀਂ ਸੀ। ਸਭਨਾਂ ਨੇ ਆਪਣੀ ਜ਼ਮੀਰ ਉੱਤੇ ਪਹਿਰਾ ਦੇਣ ਦਾ ਰਾਹ ਚੁਣਿਆ।
ਇਨਸਾਨ ਅੰਦਰਲੀ ਹੈਵਾਨੀ ਬਿਰਤੀ ਦੀ ਮਿਸਾਲ ਅਦਾਲਤੀ ਫ਼ੈਸਲੇ ਤੋਂ ਬਾਅਦ ਵਾਪਰੀ ਹਿੰਸਾ ਸੀ। ਡੇਰਾ ਪ੍ਰੇਮੀ ਅਦਾਲਤੀ ਫ਼ੈਸਲਾ ‘ਪਿਤਾ ਜੀ’ ਦੇ ਖ਼ਿਲਾਫ਼ ਜਾਣ ਦੀ ਸੂਰਤ ਵਿੱਚ ਧਰਤੀ ਹਿਲਾ ਦੇਣ ਦੀਆਂ ਧਮਕੀਆਂ ਪਹਿਲਾਂ ਹੀ ਦਿੰਦੇ ਆ ਰਹੇ ਸਨ। ਉਨ੍ਹਾਂ ਨੇ ਇਸ ਨੂੰ ਅਮਲ ਵਿੱਚ ਲਿਆਉਂਦਿਆਂ ਦੇਰ ਨਾ ਲਾਈ। ਪੰਚਕੂਲਾ ਜ਼ਿਲ੍ਹਾ ਕਚਹਿਰੀਆਂ ਨੇੜੇ ਸੁਆਹ ਹੋਈ ਆਪਣੀ ਰੇਹੜੀ ਨੂੰ ਦੇਖ ਕੇ ਸੁੰਨ ਹੋਈ ਚਾਹ ਵਾਲੀ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰ ਇਸ ਹਕੀਕਤ ਦਾ ਪ੍ਰਮਾਣ ਹੈ ਕਿ ਰਾਮ ਰਹੀਮ ਇਨਸਾਂ ਦਾ ਆਪਣੇ ਮੁਰੀਦਾਂ ਲਈ ‘ਇਨਸਾਨੀਅਤ’ ਦਾ ਪੈਗ਼ਾਮ ਮਹਿਜ਼ ਸਰਕਾਰੀ ਜਾਇਦਾਦ ਦੀ ਸਾੜ-ਫੂਕ ਤਕ ਮਹਿਦੂਦ ਨਹੀਂ ਸੀ। ‘ਜੋ ਸਾਹਮਣੇ ਆਇਆ, ਉਹ ਭੰਨ ਦਿਉ, ਫੂਕ ਦਿਉ’ ਵਾਲੇ ਇਸ ਪੈਗ਼ਾਮ ਦਾ ਦਾਇਰਾ ਰਿਹਾਇਸ਼ੀ ਘਰਾਂ ਤਕ ਵੀ ਵਧਾ ਦਿੱਤਾ ਗਿਆ ਜਿੱਥੇ ਬੂਹੇ, ਬਾਰੀਆਂ ਅਤੇ ਕਾਰਾਂ ਦੇ ਸ਼ੀਸ਼ੇ ਭੰਨਣ ਦਾ ਤਾਂਡਵ ਘੰਟਾ ਭਰ ਚੱਲਦਾ ਰਿਹਾ। ਇੱਕ ਪਾਸੇ ਇਹ ਵਹਿਸ਼ਤ ਸੀ ਅਤੇ ਦੂਜੇ ਪਾਸੇ ਸੁਰੱਖਿਆ ਬਲਾਂ ਦਾ ਕਹਿਰ। 48-48 ਘੰਟਿਆਂ ਤੋਂ ਸੜਕਾਂ ‘ਤੇ ਤਾਇਨਾਤੀ ਤੋਂ ਅੱਕੇ ਹੋਏ ਸੁਰੱਖਿਆ ਕਰਮੀਆਂ ਨੂੰ ਜਦੋਂ ਕਾਰਵਾਈ ਦੀ ਖੁੱਲ੍ਹ ਮਿਲੀ ਤਾਂ ਉਨ੍ਹਾਂ ਨੇ ਵੀ ਬੇਲਗਾਮ ਹੋਣ ਵਿੱਚ ਦੇਰ ਨਾ ਲਾਈ। ਮਹਿਜ਼ ਡੇਢ ਘੰਟੇ ਵਿੱਚ 28 ਮੌਤਾਂ ਤੇ ਢਾਈ ਸੌ ਤੋਂ ਵੱਧ ਜ਼ਖ਼ਮੀ ਇਸ ਤੋਂ ਵੱਧ ਕਹਿਰੀ ਜਵਾਬ ਹੋਰ ਕੀ ਹੋ ਸਕਦਾ ਹੈ? ਇਸ ਸਾਰੇ ਦ੍ਰਿਸ਼ਕ੍ਰਮ ਦੌਰਾਨ ਮੌਤ ਦੇ ਸ਼ਿਕੰਜੇ ਤੋਂ ਬਚਣ ਲਈ ਏਧਰ-ਓਧਰ ਦੌੜਦੀਆਂ ਮਾਈਆਂ-ਬੀਬੀਆਂ ਜਿਨ੍ਹਾਂ ਵਿੱਚੋਂ ਇੱਕ ਦੇ ਮੋਢੇ ‘ਤੇ ਚਿੰਬੜਿਆ ਨਿੱਕਾ ਜਿਹਾ ਬਾਲ। ਅਜਿਹਾ ਖ਼ੌਫ਼ਨਾਕ ਮੰਜ਼ਰ ਦੇਖ ਕੇ ਨਿਜ਼ਾਮਤ ‘ਤੇ ਵੀ ਸ਼ਰਮਸ਼ਾਰੀ ਹੁੰਦੀ ਰਹੀ ਅਤੇ ਖ਼ੁਦ ਉੱਤੇ ਵੀ ਕਿਉਂਕਿ ਇਹ ਸਾਰੇ ਖੱਟਰ-ਪੱਟਰ ਆਖ਼ਿਰ ਸਾਡੀਆਂ ਵੋਟਾਂ ਦੀ ਹੀ ਤਾਂ ਪੈਦਾਇਸ਼ ਹਨ।
ਇੱਕ ਪਾਸੇ ਅਜਿਹੀ ਦ੍ਰਿਸ਼ਾਵਲੀ, ਦੂਜੇ ਪਾਸੇ ਇਨਸਾਨੀਅਤ ਦੀਆਂ ਝਲਕਾਂ। ਸੁਰੱਖਿਆ ਕਰਮੀ ਨੂੰ ਲਾਠੀ ਨਾ ਚਲਾਉਣ ਦੀ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਜ਼ਖ਼ਮੀ ਡੇਰਾ ਪ੍ਰੇਮੀ; ਫਿਰ ਹਵਾ ਵਿਚ ਰੁਕਦੀ ਹੋਈ ਲਾਠੀ ਅਤੇ ਫਿਰ…ਲੜਖੜਾ ਕੇ ਡਿੱਗੇ ਉਸ ਜ਼ਖ਼ਮੀ ਦਾ ਸਿਰ ਆਪਣੇ ਪੱਟ ‘ਤੇ ਰੱਖ ਕੇ ਆਪਣੀ ਬੋਤਲ ਰਾਹੀਂ ਉਸ ਨੂੰ ਪਾਣੀ ਪਿਲਾਉਂਦਾ ਉਹੀ ਸੁਰੱਖਿਆ ਕਰਮੀ। ਇਨਸਾਨੀਅਤ ਦੇ ਕਣ ਜ਼ਿੰਦਾ ਹੋਣ ਦੀ ਜ਼ਿੰਦਾ ਮਿਸਾਲ। ਅਜਿਹੀਆਂ ਮਿਸਾਲਾਂ, ਅਜਿਹਾ ਜਜ਼ਬਾ ਰਾਖ਼ ਵਿਚੋਂ ਜ਼ਿੰਦਗੀ ਉੱਗਣ ਦੀ ਉਮੀਦ ਜਗਾਉਂਦਾ ਹੈ। ਦੁਆ ਇਸ ਦੀ ਸਦੀਵਤਾ ਦੀ ਕੀਤੀ ਜਾਣੀ ਚਾਹੀਦੀ ਹੈ; ਵੋਟਤੰਤਰ ਦੇ ਉਸ ਰੂਪ ਦੀ ਨਹੀਂ ਜਿਸ ਨੇ ਖੱਟਰਨੁਮਾ ਬਿਰਾਦਰੀ ਨੂੰ ਸਾਡੇ ਹਾਕਮ ਬਣਾਇਆ ਹੈ।
(‘ਪੰਜਾਬੀ ਟ੍ਰਿਬਿਊਨ’ ‘ਚੋਂ ਧੰਨਵਾਦ ਸਹਿਤ)