ਅੰਨ੍ਹੀ ਸ਼ਰਧਾ ਸਿਰ ਫਲ-ਫੁਲ ਰਿਹੈ ਡੇਰਿਆਂ ਦਾ ਕਾਰੋਬਾਰ

ਅੰਨ੍ਹੀ ਸ਼ਰਧਾ ਸਿਰ ਫਲ-ਫੁਲ ਰਿਹੈ ਡੇਰਿਆਂ ਦਾ ਕਾਰੋਬਾਰ

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਡੇਰਿਆਂ ਪ੍ਰਤੀ ਪ੍ਰੇਮ ਵੋਟਾਂ ਕਾਰਨ ਹੈ ਜਾਂ ਇਸ ਤੋਂ ਵੀ ਵੱਡੀ ਇਸ ਦੀ ਵਜ੍ਹਾ ਹੈ ਆਮਦਨ ਨਾ ਵਧਣ, ਆਰਥਿਕ ਪਾੜਾ ਵਧਦੇ ਜਾਣ ਅਤੇ ਬੇਰੁਜ਼ਗਾਰੀ ਦੇ ਵਿਕਰਾਲ ਰੂਪ ਧਾਰਨ ਕਰਨ ਕਾਰਨ ਫੈਲੀ ਨਿਰਾਸ਼ਤਾ ਵਾਲੇ ਸਖ਼ਤ ਸਿਆਸੀ ਮੁਕਾਬਲੇ ਤੇ ਨਵ-ਉਦਾਰਵਾਦੀ ਆਰਥਿਕ ਦੌਰ ਵਿੱਚ ਅਜਿਹੇ ਡੇਰੇ ਤੇ ‘ਧਾਰਮਿਕ ਬਾਬੇ’ ਤਣਾਅ ਮੁਕਤੀ ਦਾ ਕੰਮ ਕਰਦੇ ਹਨ। ਅਜਿਹੀ ਹਾਲਾਤ ਵਿੱਚ ਇਹ ‘ਬਾਬੇ’ ਅੰਨ੍ਹੀ ਸ਼ਰਧਾ ਦੇ ਸੌਦਾਗਰ ਬਣ ਜਾਂਦੇ ਹਨ ਅਤੇ ਆਪਣੇ ਸ਼ਰਧਾਲੂਆਂ ਦੀ ਸੋਚ ਬਦਲਣ ਲਈ ਬਾਜ਼ਾਰੂ ਜਨ-ਸੰਸਕ੍ਰਿਤੀ ਦਾ ਸਹਾਰਾ ਲੈਂਦੇ ਹੋਏ ਉਨ੍ਹਾਂ ਨੂੰ ਅਸਲ ਮੁੱਦਿਆਂ ਤੋਂ ਭਟਕਾ ਦਿੰਦੇ ਹਨ।

ਪ੍ਰਮੋਦ ਕੁਮਾਰ
ਭਾਰਤ ਵਿੱਚ ਲੋਕ ਸਭਾ ਦੀਆਂ 14 ਵਾਰ ਅਤੇ 29 ਰਾਜਾਂ ਤੇ ਸੱਤ ਕੇਂਦਰੀ ਪ੍ਰਦੇਸ਼ਾਂ ਦੀਆਂ ਇਸ ਤੋਂ ਵੀ ਵੱਧ ਵਾਰ ਚੋਣਾਂ ਹੋ ਚੁੱਕੀਆਂ ਹਨ। ਹਰ ਚੋਣ ਵਿੱਚ ਡੇਰਿਆਂ ਨੇ ਕੋਈ ਨਾ ਕੋਈ ਭੂਮਿਕਾ ਨਿਭਾਈ। ਡੇਰੇ ਤੇ ਧਾਰਮਿਕ ਬਾਬੇ ਵੱਖ ਵੱਖ ਧਰਮਾਂ ਤੋਂ ਉਪਜੇ ਹੋਣ ਦੇ ਬਾਵਜੂਦ ਉਨ੍ਹਾਂ ਦੇ ਸ਼ਰੀਕਾਂ ਵਰਗੇ ਹਨ। ਡੇਰੇ ਤੇ ‘ਧਾਰਮਿਕ ਬਾਬੇ’ ਆਪਣੇ  ਗਰੀਬ ਤੇ ਮੱਧਵਰਗੀ ਸ਼ਰਧਾਲੂਆਂ ਦੇ ਉਪਦੇਸ਼ਕ ਹੁੰਦੇ ਹਨ। ਇਹ ਬਾਬੇ ਲੋਕਾਂ ਤੇ ਰੱਬ ਵਿਚਾਲੇ ਸੰਦੇਸ਼ ਵਾਹਕ ਮੰਨੇ ਜਾਂਦੇ ਹਨ। ਅਲੈਕਿਸਸ ਮੌਂਟੇਲੀ ਨੇ ਬਹੁਤ ਪਹਿਲਾਂ ਅਠਾਰ੍ਹਵੀਂ ਸਦੀ ਵਿੱਚ ਕਹਿ ਦਿੱਤਾ ਸੀ- ”ਦਲਾਲਾਂ ਨੇ ਸਮਾਜਿਕ ਜੀਵਨ ਦੇ ਸਾਰੇ ਸ਼ੋਅ੍ਹਬਿਆਂ ਵਿੱਚ ਆਪਣੀ ਚੌਧਰ ਬਣਾਈ ਹੁੰਦੀ ਹੈ ਅਤੇ ਸਭ ਤੋਂ ਵੱਡਾ ਹਿੱਸਾ ਵੀ ਉਨ੍ਹਾਂ ਨੂੰ ਮਿਲਦਾ ਹੈ। ਆਰਥਿਕ ਖੇਤਰ ਵਿੱਚ, ਜਿਵੇਂ ਪੂੰਜੀ ਨਿਵੇਸ਼ਕ, ਸ਼ੇਅਰ ਬਾਜ਼ਾਰਾਂ ਦੇ ਸਟੋਰੀਏ, ਵਪਾਰੀ ਤੇ ਦੁਕਾਨਦਾਰ ਮਲਾਈ ਛਕਦੇ ਹਨ; ਉਵੇਂ ਹੀ ਦੀਵਾਨੀ ਮਾਮਲਿਆਂ ਵਿੱਚ ਵਕੀਲ ਆਪਣੇ ਮੁਵੱਕਿਲਾਂ ਦੀ ਜੇਬ ਨਿਚੋੜਦੇ ਹਨ; ਸਿਆਸਤ ਵਿੱਚ ਮੱਤਦਾਤਾਵਾਂ ਨਾਲੋਂ ਨੇਤਾ ਅਹਿਮ ਹੁੰਦਾ ਹੈ। ਧਰਮ ਵਿੱਚ ‘ਧਾਰਮਿਕ ਵਿਚੋਲੇ’ ਰੱਬ ਨੂੰ ਵੀ ਪਰਦੇ ਪਿੱਛੇ ਧਕੇਲ ਦਿੰਦੇ ਹਨ।”
ਰੱਬ ਦੇ ਇਹ ਵਿਚੋਲੇ ਆਪਣੇ ਸ਼ਰਧਾਲੂਆਂ ਨੂੰ ਨਸ਼ੀਲੇ ਪਦਾਰਥਾਂ, ਸ਼ਰਾਬੀਪੁਣੇ ਤੇ ਪਤਨੀ ਦੀ ਮਾਰਕੁੱਟ ਵਰਗੀਆਂ ਬੁਰਾਈਆਂ ਤੋਂ ਮੁਕਤ ਕਰਾਉਂਦੇ ਹਨ, ਉਨ੍ਹਾਂ ਨੂੰ ਸਸਤਾ ਭੋਜਨ ਮੁਹੱਈਆ ਕਰਦੇ ਅਤੇ ਸਿਹਤ ਸੇਵਾਵਾਂ ਦਿੰਦੇ ਹਨ, ਜਦੋਂਕਿ ਉਨ੍ਹਾਂ ਨੂੰ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਸਕੀਮਾਂ ਦੀਆਂ ਸਹੂਲਤਾਂ ਹਾਸਲ ਕਰਨ ਲਈ ਅਕਸਰ ਧੱਕੇ ਖਾਣੇ ਪੈਂਦੇ ਹਨ। ਸੁਭਾਵਕ ਹੈ ਕਿ ਜਦੋਂ ਸਰਕਾਰ ਅਜਿਹੀਆਂ ਸਹੂਲਤਾਂ ਦੇਣ ਤੋਂ ਅਸਮਰੱਥ ਹੋ ਜਾਂਦੀ ਤਾਂ ਲੋਕਾਂ ਦਾ ਝੁਕਾਅ ਅਜਿਹੀਆਂ ਸੰਸਥਾਵਾਂ ਵੱਲ ਹੋ ਜਾਂਦਾ ਹੈ ਜਿਹੜੀਆਂ ਉਨ੍ਹਾਂ ਦੇ ‘ਅੱਛੇ ਦਿਨ’ ਲਿਆ ਦਿੰਦੀਆਂ ਹਨ। ਸ਼ਰਧਾਲੂਆਂ ਦੀ ਹੋਰ ਸੰਸਥਾਵਾਂ ਦੇ ਮੁਕਾਬਲੇ ਡੇਰਿਆਂ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਵਧ ਜਾਂਦਾ ਹੈ। ਇਸ ਅਟੁੱਟ ਵਿਸ਼ਵਾਸ ਦੇ ਚੱਲਦਿਆਂ ਸ਼ਰਧਾਲੂ ਸਰਕਾਰਾਂ, ਸਿਆਸੀ ਪਾਰਟੀਆਂ, ਨਿਆਂਪਾਲਿਕਾ, ਇੱਥੋਂ ਤੱਕ ਕਿ ਬਾਜ਼ਾਰ ਤੋਂ ਦੂਰ ਹੋ ਜਾਂਦੇ ਹਨ। ਰੱਬ ਦੇ ਕਥਿਤ ਵਿਚੋਲਿਆਂ ਨੂੰ ਸ਼ਰਧਾਲੂਆਂ ਦਾ ਇਹ ਅੰਧ-ਵਿਸ਼ਵਾਸ ਬਹੁਤ ਰਾਸ ਆਉਂਦਾ ਹੈ। ਜੇ ਅਦਾਲਤਾਂ ‘ਧਾਰਮਿਕ ਬਾਬਿਆਂ’ ਨੂੰ ਦੋਸ਼ੀ ਕਰਾਰ ਦੇਣ, ਫਿਰ ਵੀ ਸ਼ਰਧਾਲੂ ਉਨ੍ਹਾਂ ਨੂੰ ਨਿਰਦੋਸ਼ ਮੰਨਦੇ ਹਨ। ਅਜਿਹੀ ਅੰਨ੍ਹੀ ਸ਼ਰਧਾ ਦੇ ਚੱਲਦਿਆਂ ਸ਼ਰਧਾਲੂ ‘ਬਾਬਿਆਂ’ ਦੇ ਨਿੱਜੀ ਸਵਾਰਥਾਂ ਨਾਲ ਜੁੜੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਬਣ ਜਾਂਦੇ ਹਨ। ‘ਬਾਬੇ’ ਆਪਣੇ ਸ਼ਰਧਾਲੂਆਂ ਦੇ ਅੰਧ-ਵਿਸ਼ਵਾਸ ਦਾ ਸੌਦਾ ਵੋਟਰ, ਪ੍ਰਾਈਵੇਟ ਫੌਜ, ਕਿਰਤ ਦਾਨ, ਸਰੀਰ ਦੇ ਅਹਿਮ ਅੰਗਾਂ, ਖ਼ੂਨ, ਮੁਹਾਰਤ ਆਦਿ ਦੇ ਰੂਪ ਵਿੱਚ ਕਰਦੇ ਹਨ। ਇਹ ਵਸੀਲੇ ਉਨ੍ਹਾਂ ਦੇ ਸ਼ਕਤੀ ਭੰਡਾਰ ਬਣ ਜਾਂਦੇ ਹਨ। ਇਸ ਕਾਰਨ ਉਨ੍ਹਾਂ ਦਾ ਅਕਸ ਵਿਸ਼ਾਲ ਰੂਪ ਧਾਰਨ ਕਰ ਜਾਂਦਾ ਹੈ।
ਅਜਿਹੇ ‘ਧਾਰਮਿਕ ਬਾਬਿਆਂ’ ਦਾ ਸਮੂਹ ਇਕ ਪੰਥ ਬਣ ਜਾਂਦਾ ਹੈ। ਉਹ ਆਪਣੀ ਜਾਤ, ਧਰਮ, ਨਸਲ ਦੀ ਪ੍ਰਵਾਹ ਕੀਤੇ ਬਗੈਰ, ਆਪਸ ਵਿੱਚ ਵਿਆਹ ਸ਼ਾਦੀਆਂ ਕਰਦੇ ਹਨ। ਨੌਕਰੀਆਂ ਹਾਸਲ ਕਰਨ ਅਤੇ ਕਾਰੋਬਾਰ ਵਧਾਉਣ ਲਈ ਸੰਖਿਆ ਸ਼ਕਤੀ ਦੀ ਧੌਂਸ ਜਮਾਉਂਦੇ ਹਨ। ਅਜਿਹੇ ਮੇਲ-ਮਿਲਾਪ ਨੂੰ ਨੇਪਰੇ ਚਾੜ੍ਹਨ ਵਿੱਚ, ਇਨ੍ਹਾਂ ਦੇ ‘ਬਾਬੇ’ ਵਿਚੋਲਗਿਰੀ ਦੀ ਭੂਮਿਕਾ ਨਿਭਾਉਂਦੇ ਹਨ। ਇਕ-ਦੂਜੇ ਉਪਰ ਅਜਿਹੀ ਨਿਰਭਰਤਾ ਹੋਣ ਕਾਰਨ ਸਿਆਸੀ ਆਗੂਆਂ ਨੂੰ ਇਨ੍ਹਾਂ ‘ਧਾਰਮਿਕ ਬਾਬਿਆਂ’ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਨਾਲ ਲੈਣ-ਦੇਣ ਕਰਨਾ ਪੈਂਦਾ ਹੈ। ਇਨ੍ਹਾਂ ‘ਬਾਬਿਆਂ’ ਦੀ ਅਪੀਲ ਟੌਨਿਕ ਦੀ ਤਰ੍ਹਾਂ ਕੰਮ ਕਰਦੀ ਹੈ ਜਿਸ ਨੂੰ ਰਾਜਨੇਤਾ ਹੱਥੋ-ਹੱਥ ਝਪਟ ਲੈਂਦੇ ਹਨ। ਇਹੀ ਕਾਰਨ ਹੈ ਕਿ ਡੇਰਿਆਂ ਨੂੰ ਖ਼ੁਸ਼ ਕਰਨ ਲਈ ਕਰੀਬ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਹੋੜ ਲੱਗੀ ਰਹਿੰਦੀ ਹੈ। ਫਿਰ ਡੇਰੇ ਆਪਣੇ ਸ਼ਰਧਾਲੂਆਂ ਨੂੰ ਵੋਟ, ਆਪਣੀ ਅੰਤਰ ਆਤਮਾ ਦੀ ਬਜਾਏ, ਆਪਣੇ ਉਨ੍ਹਾਂ (ਡੇਰੇ) ਪ੍ਰਤੀ ਵਿਸ਼ਵਾਸ ਨੂੰ ਮੁੱਖ ਰੱਖ ਕੇ ਪਾਉਣ ਦਾ ਹੁਕਮ ਜਾਰੀ ਕਰਦੇ ਹਨ। ਭਾਵ ਡੇਰਾ ਜਿਸ ਪਾਰਟੀ ਨੂੰ ਹਮਾਇਤ ਦਿੰਦਾ ਹੈ, ਸ਼ਰਧਾਲੂਆਂ ਨੂੰ ਵੀ ਵੋਟ ਉਨ੍ਹਾਂ ਨੂੰ ਪਾਉਣ ਦੀ ਹਦਾਇਤ ਜਾਰੀ ਹੁੰਦੀ ਹੈ।
ਸਿਰਸਾ ਡੇਰੇ ਦਾ ਪੰਜਾਬ ਦੇ ਕਰੀਬ 27 ਵਿਧਾਨ ਸਭਾ ਹਲਕਿਆਂ ਵਿੱਚ ਪ੍ਰਭਾਵ ਹੈ। ਡੇਰੇ ਆਪਣੇ ਪ੍ਰਭਾਵ ਦੀ ਵਰਤੋਂ ਆਪਣੀ ਤਾਕਤ ਵਧਾਉਣ ਲਈ ਚੋਣ ‘ਮੰਡੀ’ ਵਿੱਚ ਕਰਦੇ ਆ ਰਹੇ ਹਨ। ਡੇਰਿਆਂ ਦੇ ਸ਼ਰਧਾਲੂ ਵੀ ਚੋਣ ‘ਮੰਡੀ’ ਵਿੱਚ ਆਪਣੀ ਇਸ ਬੋਲੀ ਨੂੰ ਨਾ ਸਿਰਫ ਜਾਇਜ਼ ਕਹਿੰਦੇ ਹਨ, ਸਗੋਂ ਇਸ ਨੂੰ ਤਾਕਤ ਹਾਸਲ ਕਰਨ ਦਾ ਜ਼ਰੀਆ ਵੀ ਮੰਨਦੇ ਹਨ। ਸਿਆਸੀ ਪਾਰਟੀਆਂ ਵਲੋਂ ਇਸ ਮਦਦ ਦੇ ਬਦਲੇ ਡੇਰਿਆਂ ਤੇ ‘ਬਾਬਿਆਂ’ ਨੂੰ ਆਪਣੇ ਕਾਰੋਬਾਰ ਵਧਾਉਣ ਤੇ ਐਸ਼ੋ-ਆਰਾਮ ਦੌਰਾਨ ਹੋਣ ਵਾਲੀ ਕਾਨੂੰਨੀ ਉਲੰਘਣਾ ਤੋਂ ਬਚਾਅ ਲਈ ‘ਸੁਰੱਖਿਆ ਛਤਰੀ’ ਪ੍ਰਦਾਨ ਕੀਤੀ ਜਾਂਦੀ ਹੈ। ਡੇਰੇ ਇਸ ਤਰ੍ਹਾਂ ਹਾਸਲ ਕੀਤੀ ਸਿਆਸੀ ਪਹੁੰਚ ਦਾ ਇਸਤੇਮਾਲ ਸਰਕਾਰੀ ਸੁਰੱਖਿਆ ਹਾਸਲ ਕਰਨ ਲਈ ਕਰਦੇ ਹਨ। ਬਲਕਿ ਕਈ ਵਾਰ ਆਪਣੇ ਸ਼ਰਧਾਲੂਆਂ ਦੀ ਅੰਨ੍ਹੀ ਸ਼ਰਧਾ ਦੇ ਸਹਾਰੇ ਕਾਨੂੰਨ ਦੀਆਂ ਧੱਜੀਆਂ ਵੀ ਉਡਾ ਦਿੰਦੇ ਹਨ। ਅੰਨ੍ਹੀ ਸ਼ਰਧਾ ਡੇਰਿਆਂ ਵਿਰੁੱਧ ਕਿਸੇ ਵੀ ਗੱਲ ਨੂੰ ਪੱਕੇ ਤੌਰ ‘ਤੇ ਨਜ਼ਰਅੰਦਾਜ਼ ਕਰਕੇ ਨੈਤਿਕ ਘੁਮੰਡ ਦਾ ਮੁਲੱਮਾ ਚੜ੍ਹਾ ਦਿੰਦੀ ਹੈ। ਇਸ ਦੇ ਚੱਲਦਿਆਂ ਇਨ੍ਹਾਂ ਸ਼ਕਤੀਸ਼ਾਲੀ ‘ਬਾਬਿਆਂ’ ਦੇ ਕੁਕਰਮਾਂ ਦੀ ਅਣਦੇਖੀ ਕਰਨਾ ਆਸਾਨ ਹੋ ਜਾਂਦਾ ਹੈ।
ਸਿਰਸਾ ਡੇਰੇ ਦੇ ਮੁਖੀ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿੱਚ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਉਸ ਉਪਰ ਡੇਰਾ ਸ਼ਰਧਾਲੂ ਰਣਜੀਤ ਸਿੰਘ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਅਤੇ ਵੱਡੀ ਗਿਣਤੀ ਸ਼ਰਧਾਲੂਆਂ ਨੂੰ ਨਿਪੁੰਸਕ ਬਣਾਉਣ ਦੇ ਕੇਸ ਵੱਖਰੇ ਤੌਰ ‘ਤੇ ਚੱਲ ਰਹੇ ਹਨ। ਇਸੇ ਤਰ੍ਹਾਂ ਬਾਬਾ ਰਾਮਪਾਲ ਭਜਨ ਗਾਇਕ ਬਣ ਗਿਆ ਅਤੇ ਉਸ ਨੇ ਆਪਣਾ ਕਬੀਰਪੰਥੀ ਫਿਰਕਾ ਚਲਾ ਲਿਆ। ਉਸ ਉਪਰ ਵੀ ਹੱਤਿਆ ਦੇ ਦੋਸ਼ ਲੱਗੇ ਤਾਂ 2014 ਵਿੱਚ ਅਦਾਲਤ ਨੇ ਉਸ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। ਉਸ ਦੀ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਸ਼ਰਧਾਲੂਆਂ ਨੇ ਪੈਟਰੋਲ ਬੰਬ, ਪੱਥਰ ਤੇ ਬੋਤਲਾਂ ਚੁੱਕ ਲਈਆਂ। ਉਸ ਤੋਂ ਬਾਅਦ ਕੀ ਹੋਇਆ, ਸਾਰਿਆਂ ਨੂੰ ਪਤਾ ਹੈ। ਬਾਬਾ ਰਾਮਪਾਲ ਅੱਜ ਵੀ ਜੇਲ੍ਹ ਵਿੱਚ ਸਲਾਖਾਂ ਪਿੱਛੇ ਹੈ, ਤੇ ਉਸ ਦੇ ਕੇਸ ਦਾ ਫੈਸਲਾ ਵੀ ਛੇਤੀ ਹੋਣ ਵਾਲਾ ਹੈ। ਉਸ ਦੇ ਸਮਰਥਕ ਵੀ ਅਦਾਲਤੀ ਫੈਸਲੇ ਨੂੰ ਪ੍ਰਭਾਵਿਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ। ਇਹ ਅਮਲ ਇਸ ਤਰ੍ਹਾਂ ਦਾ ਸਰਕਾਰੀ ਸੰਸਥਾਵਾਂ ਅੱਗੇ ਸੰਕਟ ਬਣ ਉਭਰਦਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਡੇਰਿਆਂ ਪ੍ਰਤੀ ਪ੍ਰੇਮ ਵੋਟਾਂ ਕਾਰਨ ਹੈ ਜਾਂ ਇਸ ਤੋਂ ਵੀ ਵੱਡੀ ਇਸ ਦੀ ਵਜ੍ਹਾ ਹੈ ਆਮਦਨ ਨਾ ਵਧਣ, ਆਰਥਿਕ ਪਾੜਾ ਵਧਦੇ ਜਾਣ ਅਤੇ ਬੇਰੁਜ਼ਗਾਰੀ ਦੇ ਵਿਕਰਾਲ ਰੂਪ ਧਾਰਨ ਕਰਨ ਕਾਰਨ ਫੈਲੀ ਨਿਰਾਸ਼ਤਾ ਵਾਲੇ ਸਖ਼ਤ ਸਿਆਸੀ ਮੁਕਾਬਲੇ ਤੇ ਨਵ-ਉਦਾਰਵਾਦੀ ਆਰਥਿਕ ਦੌਰ ਵਿੱਚ ਅਜਿਹੇ ਡੇਰੇ ਤੇ ‘ਧਾਰਮਿਕ ਬਾਬੇ’ ਤਣਾਅ ਮੁਕਤੀ ਦਾ ਕੰਮ ਕਰਦੇ ਹਨ। ਅਜਿਹੀ ਹਾਲਾਤ ਵਿੱਚ ਇਹ ‘ਬਾਬੇ’ ਅੰਨ੍ਹੀ ਸ਼ਰਧਾ ਦੇ ਸੌਦਾਗਰ ਬਣ ਜਾਂਦੇ ਹਨ ਅਤੇ ਆਪਣੇ ਸ਼ਰਧਾਲੂਆਂ ਦੀ ਸੋਚ ਬਦਲਣ ਲਈ ਬਾਜ਼ਾਰੂ ਜਨ-ਸੰਸਕ੍ਰਿਤੀ ਦਾ ਸਹਾਰਾ ਲੈਂਦੇ ਹੋਏ ਉਨ੍ਹਾਂ ਨੂੰ ਅਸਲ ਮੁੱਦਿਆਂ ਤੋਂ ਭਟਕਾ ਦਿੰਦੇ ਹਨ। ਇਲੈਕਟਰਾਨਿਕ ਮੀਡੀਆ, ਫਿਲਮਾਂ, ਸੋਸ਼ਲ ਮੀਡੀਆ ਉਪਰ ਪ੍ਰਚਾਰ ਦੇ ਰਾਹੀਂ ਉਨ੍ਹਾਂ ਵਿੱਚ ਆਪਣੇ ਸਮਾਜਿਕ ਅਸਤਿੱਤਵ ਪ੍ਰਤੀ  ਝੂਠੇ ਅਤੇ ਸੁਧਾਰ ਵਿਰੋਧੀ ਵਿਚਾਰ ਭਰ ਦਿੱਤੇ ਜਾਂਦੇ ਹਨ।
ਉਦਾਹਰਣ ਵਜੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਹਕੀਕਤ ਤੋਂ ਦੂਰ ਆਪਣਾ ਇੱਕ ਵੱਡਾ ਅਕਸ ਬਣਾਉਣ ਲਈ ਨਾ ਕੇਵਲ ਫਿਲਮਾਂ ਬਣਾਈਆਂ ਸਗੋਂ ਉਨ੍ਹਾਂ ਵਿੱਚ ਅਦਾਕਾਰੀ ਵੀ ਕੀਤੀ ਤੇ ਗੀਤ ਵੀ ਗਾਏ। ਉਸ ਨੇ ‘ਦਿ ਮੈਸੰਜਰ-1’, ‘ਮੈਸੰਜਰ-2”, ‘ਦਿ ਵਾਰੀਅਰ ਲਾਇਨ ਹਰਟ’, ‘ਹਿੰਦ ਕਾ ਨਾਪਕ ਕੋ ਜੁਆਬ’ ਅਤੇ ‘ਜੱਟ ਇਜੀਨੀਅਰ’ ਫਿਲਮਾਂ ਬਣਾਈਆਂ। ਇਹ ਸਾਰੀਆਂ ਬਾਕਸ ਆਫਿਸ ‘ਤੇ ਹਿੱਟ ਵੀ ਰਹੀਆਂ।
ਲੇਕਿਨ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰਾਂ ਇਨ੍ਹਾਂ ‘ਧਾਰਮਿਕ ਬਾਬਿਆਂ’ ਪ੍ਰਤੀ ਐਨੀਆਂ ਸੰਕੋਚਮਈ ਕਿਉਂ ਰਹਿੰਦੀਆਂ ਹਨ? ਇਹ ਡੇਰੇ ਅਸਲ ਦਰਦ ਦੇ ਖ਼ਿਲਾਫ਼ ਗਰੀਬ ਦੀ ਆਵਾਜ਼ ਨੂੰ ਦਬਾਉਣ ਲਈ ਆਪਣੀ ਸਮੂਹਿਕ ਅਪੀਲ ਦਾ ਸਹਾਰਾ ਲੈਂਦੇ ਹਨ। ਕਾਰਲ ਮਾਰਕਸ ਅਨੁਸਾਰ, ਬੇਦਿਲ ਦੁਨੀਆਂ ਦਾ ਦਿਲ ਅਤੇ ਆਤਮਹੀਣ ਹਾਲਾਤ ਦੀ ਆਤਮਾ ਹੈ..। ਉਸ ਨੂੰ ਆਪਣੇ ਹਾਲਤ ਪ੍ਰਤੀ ਆਪਣੇ ਭਰਮ ਨੂੰ ਤਿਆਗ ਦੇਣ ਦਾ ਸੱਦਾ ਦੇਣ ਦਾ ਮਤਲਬ ਹੈ, ਉਸ ਨੂੰ ਉਹ ਹਾਲਾਤ ਹੀ ਛੱਡ ਦੇਣ ਲਈ ਕਹਿਣਾ, ਜਿਸ ਲਈ ਉਸ ਨੂੰ ਭਰਮ ਦੀ ਜ਼ਰੂਰਤ ਹੋਵੇ।’ ਸਰਕਾਰਾਂ ਨੂੰ ਵੀ ਅਜਿਹੇ ਹਾਲਾਤ ਨੂੰ ਬਦਲਣ ਦੀ ਬਜਾਏ, ਉਸ ਨੂੰ ਧੁੰਦਲਾ ਕਰਨਾ ਅਤੇ ਚੋਣਾਂ ਵਿੱਚ ਸਮਰਥਨ ਲਈ ਡੇਰਿਆਂ ਦਾ ਇਸਤੇਮਾਲ ਕਰਨਾ ਜ਼ਿਆਦਾ ਉਚਿਤ ਲੱਗਦਾ ਹੈ। ਸਿਆਸੀ ਪ੍ਰਣਾਲੀ, ਨਿਆਂਇਕ ਪ੍ਰਭਾਵਹੀਣਤਾ ਅਤੇ ਬਾਜ਼ਾਰ ਮੂਲਵਾਦ ਬਾਰੇ ਵਿਆਪਕ ਅਵਿਸ਼ਵਾਸ ਪੈਦਾ ਕਰਨਾ ਅੰਸ਼ਕ ਤੌਰ ‘ਤੇ ਸੁਭਾਵਿਕ ਅਤੇ ਮੁਸ਼ਕਲ ਨਾਲ ਗ਼ੈਰ-ਵਾਜਿਬ ਹੈ। ‘ਬਾਬਿਆਂ’ ਵੱਲੋਂ ਇਸ ਦੇ ਪਿੱਛੇ ਛੁਪਣਾ ਤੇ ਉਲੰਘਣਾਵਾਂ ਨੂੰ ਜਾਇਜ਼ ਠਹਿਰਾਉਣਾ ਸਪੱਸ਼ਟ ਤੌਰ ‘ਤੇ ”ਅੰਦਰੂਨੀ ਰੌਸ਼ਨੀ’ ਤੋਂ ਬੇਖ਼ਬਰ ਹੋਣ ਦਾ ਮਾਮਲਾ ਹੈ। ਲੇਕਿਨ ਸਵਾਲ ਇਹ ਹੈ ਕਿ ਕਿਸੇ ‘ਧਾਰਮਿਕ ਬਾਬੇ’ ਪ੍ਰਤੀ ਅੰਨ੍ਹੀ ਸ਼ਰਧਾ ਅਤੇ ਉਸ ਦੀ ਕਥਿਤ ਅਧਿਆਤਮਿਕ ਸ਼ਕਤੀ ਦੀ ਨਾਵਾਜਬ ਅਰਾਧਨਾ ਦੀ ਕਿਸ ਹੱਦ ਤੱਕ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ‘ਬਾਬਿਆਂ’ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੀ ਖੁਸ਼ਾਮਦ ਲਈ ਸਰਕਾਰਾਂ ਆਖ਼ਿਰ ਕਦ ਤੱਕ ਖੇਡ ਖੇਡਦੀਆਂ ਰਹਿਣਗੀਆਂ। ਅਜਿਹੇ ‘ਬਾਬਿਆਂ’ ਦੇ ਗ਼ੈਰ-ਵਾਜਿਬ ਦਾਅਵਿਆਂ, ਜਿਨ੍ਹਾਂ ਨੂੰ ਉਨ੍ਹਾਂ ਦੇ ਸ਼ਰਧਾਲੂਆਂ ਨੇ ਅੰਨ੍ਹੀ ਸ਼ਰਧਾ ਤਹਿਤ ਪ੍ਰਵਾਨਿਆ ਅਤੇ ਸਿਆਸੀ ਪਾਰਟੀਆਂ ਨੇ ਨਿਭਾਇਆ ਹੈ, ਖ਼ਿਲਾਫ਼ ਕਾਨੂੰਨ ਦੇ ਰਾਜ ਨੂੰ ਮਜ਼ਬੂਤ ਕਰਨ ਦੇ ਯਤਨ ਕਰਨਾ ਸਿਆਸੀ ਪਾਰਟੀਆਂ ਤੇ ਹੋਰ ਸੰਸਥਾਵਾਂ ਦੀ ਸੰਵਿਧਾਨਿਕ ਜ਼ਿੰਮੇਵਾਰ ਬਣਦੀ ਹੈ।
(ਲੇਖਕ ਚੰਡੀਗੜ੍ਹ ਸਥਿਤ ਇੰਸਟੀਚਿਊਟ ਆਫ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ (ਆਈਡੀਸੀ) ਦਾ ਡਾਇਰੈਕਟਰ ਹੈ।)