ਸੱਤਰ ਸਾਲ ਬਾਅਦ: ਨਕਸ਼ ਭਾਰਤ ਦੇ, ਅਕਸ ਪਾਕਿਸਤਾਨ ਦਾ

ਸੱਤਰ ਸਾਲ ਬਾਅਦ: ਨਕਸ਼ ਭਾਰਤ ਦੇ, ਅਕਸ ਪਾਕਿਸਤਾਨ ਦਾ

ਸੱਤਰ ਵਰ੍ਹਿਆਂ ਬਾਅਦ, ਦੇਸ਼ ਵੰਡ ਦੇ ਸਭ ਤੋਂ ਵੱਧ ਗੁੰਝਲਦਾਰ ਵਿਰਸੇ  ਕਸ਼ਮੀਰ ਦਾ ਮਸਲਾ ਹਾਲੇ ਤੱਕ ਅਣਸੁਲਝਿਆ ਪਿਆ ਹੈ। ਪਾਕਿਸਤਾਨ ਅਤੇ ਭਾਰਤ ਦੋਵਾਂ ਨੂੰ ਇਸ ਦਾ ਵਿੱਤੀ, ਸਿਆਸੀ ਤੇ ਰੂਹਾਨੀ ਤੌਰ ‘ਤੇ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਸਾਰੇ ਵਰ੍ਹਿਆਂ ਦੌਰਾਨ, ਅਸੀਂ ਖ਼ੁਦ ਨੂੰ ਇਹ ਯਕੀਨ ਕਰਨ ਲਾ ਲਿਆ ਹੈ ਕਿ ਪਾਕਿਸਤਾਨ ਦੇ ਸ੍ਰੇਸ਼ਠ ਵਰਗ ਲਈ ਕਸ਼ਮੀਰ ਵਿਵਾਦ ਮਹਿਜ਼ ਸ਼ੋਸ਼ੇਬਾਜ਼ੀ ਦਾ ਸ਼ੱਕੀ ਮੰਚ ਹੈ ਤੇ ਉਹ ਇਸ ਮੁੱਦੇ ਨੂੰ ਛੱਡਣਾ ਨਹੀਂ ਚਾਹੁੰਦੇ; ਉਵੇਂ ਹੀ ਅਸੀਂ ਵੀ ਆਪਣੇ ਤਣਾਅਪੂਰਨ ਤੇ ਭੁਰਭੁਰੇ ਰਾਸ਼ਟਰਵਾਦ ਦੇ ਵਿਸ਼ੇ ਤੇ ਆਕਾਰ-ਪ੍ਰਕਾਰ ਨੂੰ ਮੁੜ-ਪਰਿਭਾਸ਼ਿਤ ਕਰਨ ਵਿੱਚ ਆਪਣੀ ਮਦਦ ਲਈ ਕਸ਼ਮੀਰ ਸਮੱਸਿਆ ਨੂੰ ਵਰਤ ਕੇ ਸੰਤੁਸ਼ਟ ਹੋ ਰਹੇ ਹਾਂ। ਮਾੜੀ ਗੱਲ ਇਹ ਹੈ ਕਿ ਕਸ਼ਮੀਰ ਲਗਾਤਾਰ ਸਾਡੀਆਂ ਸਮੂਹਿਕ ਸੂਖਮ ਭਾਵਨਾਵਾਂ ਲਈ ਮਹਿੰਗਾ ਪੈ ਰਿਹਾ ਹੈ।

ਹਰੀਸ਼ ਖਰੇ

ਸੱਤਰ ਵਰ੍ਹੇ ਪਹਿਲਾਂ ਭਾਰਤੀ ਉੱਪ-ਮਹਾਂਦੀਪ ਵਿੱਚ ਦੋ ਦੇਸ਼ਾਂ ਦੀ ਸਥਾਪਨਾ ਹੋਈ ਸੀ। ਭਾਰਤ ਦਾ ਬਟਵਾਰਾ ਕਰ ਕੇ ਪਾਕਿਸਤਾਨ ਬਣਾਇਆ ਗਿਆ ਸੀ; ਇਹ ਨਵਾਂ ਦੇਸ਼ ਬ੍ਰਿਟਿਸ਼ ਭਾਰਤ ਦੇ ਮੁਸਲਮਾਨਾਂ ਦਾ ਘਰ ਸੀ। ਕੱਟ-ਵੱਢ ਕੇ ਛੋਟਾ ਰਹਿ ਗਿਆ ਭਾਰਤ, ਬ੍ਰਿਟਿਸ਼ ਸਾਮਰਾਜੀ ਵਿਵਸਥਾ, ਇਸ ਦੀ ਫੋਕੀ ਸ਼ਾਨ, ਇਸ ਦੀਆਂ ਸੰਸਥਾਵਾਂ, ਇਸ ਦੀਆਂ ਸਰਹੱਦਾਂ ਅਤੇ ਇਸ ਦੇ ਨੁਕਸਦਾਰ ਨਿਯੰਤ੍ਰਣ ਮਾਡਲ ਦਾ ਉੱਤਰਾਧਿਕਾਰੀ ਬਣਿਆ। ਵੱਡੀ ਆਸ ਇਹ ਕੀਤੀ ਗਈ ਸੀ ਕਿ ਪੂਰਬ ਅਤੇ ਪੱਛਮ ਵਿੱਚ ਨਵੇਂ ਨਕਸ਼ਿਆਂ ਦੀ ਰਚਨਾ ਕਰ ਦੇਣ ਨਾਲ ਦੋ ਨਵੇਂ ਦੇਸ਼ ਅਤੇ ਉਨ੍ਹਾਂ ਦੇ ਨਵੇਂ-ਨਵੇਂ ਸਮਰੱਥ ਹੋਏ ਨਾਗਰਿਕ ਆਪਣੀ ਸਾਂਝੀ ਸਭਿਅਤਾ ਦੇ ਜ਼ਰੀਏ ਸਹਿ-ਹੋਂਦ ਦਾ ਨਵਾਂ ਆਦਰਸ਼ ਰਚਣਗੇ। ਉਹ ਆਸ ਦੇਸ਼ ਦੀ ਵੰਡ ਸਮੇਂ ਹੋਏ ਖ਼ੂਨ-ਖ਼ਰਾਬੇ, ਹਿਜਰਤਾਂ, ਦੰਗਿਆਂ, ਹਿੰਸਾ ਤੇ ਕਤਲੇਆਮ ਕਾਰਨ ਮਿੱਟੀ ਵਿਚ ਮਿਲ ਕੇ ਰਹਿ ਗਈ।
ਸੱਤਰ ਵਰ੍ਹੇ ਲੰਘ ਗਏ ਹਨ, ਪਰ ਇਹ ਦੋਵੇਂ ਦੇਸ਼ ਹਾਲੇ ਤੱਕ ਵੀ ਇੱਕ-ਦੂਜੇ ਨਾਲ ਮਿਲਜੁਲ ਕੇ ਰਹਿਣ ਦਾ ਕੋਈ ਤਰੀਕਾ ਨਹੀਂ ਈਜਾਦ ਕਰ ਸਕੇ। ਸਾਲ 1971 ਵਿੱਚ, ਭਾਰਤ ਨੇ ਪਾਕਿਸਤਾਨ ਦੇ ਪੂਰਬੀ ਹਿੱਸੇ ਦੀ ਆਪਣੀ ਖ਼ੁਦ ਦੀ ਇੱਕ ਵੱਖਰੀ ਰਾਸ਼ਟਰੀ ਸ਼ਨਾਖ਼ਤ ਲੱਭਣ ਵਿੱਚ ਮਦਦ ਕੀਤੀ ਸੀ;  ਉਸ ਤੋਂ ਬਾਅਦ ਹੀ ਪਾਕਿਸਤਾਨ ਇੱਕ ਵਧੇਰੇ ਪੁਖ਼ਤਾ ਦੇਸ਼ ਬਣ ਸਕਿਆ। ਅੱਜ ਇਹ 1971 ਤੋਂ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸੁਭਾਵਕ ਮੁਲਕ ਹੈ; ਭੂਗੋਲਿਕ, ਵਿਚਾਰਧਾਰਕ ਤੇ ਤਹਿਜ਼ੀਬੀ ਪੱਖੋਂ ਵੱਧ ਇਕਸੁਰ, ਵੱਧ ਇਕਮੁੱਠ ਹੈ। ਹੁਣ ਇਸ ਕੋਲ ਆਪਣੀ ਰਾਸ਼ਟਰੀ ਵਿਆਖਿਆ ਨੂੰ ਕਾਇਮ ਰੱਖਣ ਦੇ ਮਾਮਲੇ ਵਿੱਚ ਭਾਰਤ ਪ੍ਰਤੀ ਵੱਡਾ ਇਤਿਹਾਸਕ ਸ਼ਿਕਵਾ ਵੀ ਮੌਜੂਦ ਹੈ; ਉਹ ਖ਼ੁਦ ਨੂੰ ਅੰਦਰੂਨੀ ਅਤੇ ਬਾਹਰੀ ਤੌਰ ‘ਤੇ ਭਾਰਤ-ਵਿਰੋਧੀ ਰਾਸ਼ਟਰ ਵਜੋਂ ਪਰਿਭਾਸ਼ਿਤ ਕਰਦਾ ਹੈ।
ਪਿਛਲੇ 70 ਵਰ੍ਹਿਆਂ ਤੋਂ ਅਸੀਂ ਭਾਰਤ ਵਿੱਚ ਖ਼ੁਦ ਨੂੰ ਪਾਕਿਸਤਾਨ ਨਾਲੋਂ ਕਿਤੇ ਉੱਚਾ ਤੇ ਵਧੀਆ ਹੋਣ ਦੀਆਂ ਗੱਲਾਂ ਮਾਣ ਨਾਲ ਕਰਦੇ ਆ ਰਹੇ ਹਾਂ। ਜਦੋਂ ਤੱਕ ਜਵਾਹਰਲਾਲ ਨਹਿਰੂ ਜਿਊਂਦੇ ਸਨ, ਉਨ੍ਹਾਂ ਦੇ ਜਲੌਅ, ਸਿਆਸੀ ਉਚਿਤਤਾ, ਆਲਮੀ ਰੁਤਬੇ, ਵੱਡ-ਪੱਧਰੀ ਹਰਮਨਪਿਆਰਤਾ ਅਤੇ ਸਮਰਪਿਤ ਲੀਡਰਸ਼ਿਪ ਨੇ ਭਾਰਤ ਵਿਚ ਸਾਨੂੰ ਸਮੂਹਿਕ ਅਮਨ-ਚੈਨ ਦੀ ਨਵੀਂ ਭਾਵਨਾ ਬਖ਼ਸ਼ੀ ਰੱਖੀ ਸੀ। ਅਸੀਂ ਨਵੇਂ ਭਾਰਤ ਦਾ ਨਿਰਮਾਣ ਕਰਨ ਨਾਲ ਜੁੜੀ ਸਿਰਜਣਾਤਮਕਤਾ ਵਿੱਚ ਰੁੱਝੇ ਰਹੇ; ਅਸੀਂ ਨਵੇਂ ”ਮੰਦਰਾਂ” ਦਾ ਨਿਰਮਾਣ ਕਰ ਰਹੇ ਸਾਂ ਅਤੇ ਮੱਧਕਾਲੀ ਵਹਿਮਾਂ-ਭਰਮਾਂ ਤੇ ਅਗਿਆਨਤਾਵਾਂ ਦੀ ਇਸ ਪ੍ਰਾਚੀਨ ਧਰਤੀ ਉੱਤੇ ਵਿਗਿਆਨਕ ਸੁਭਾਅ ਦਾ ਸੰਚਾਰ ਵੀ ਕਰ ਰਹੇ ਸਾਂ।
ਸੱਤਰ ਵਰ੍ਹਿਆਂ ਤੋਂ ਅਸੀਂ ਜ਼ਿਆਦਾਤਰ ਬਹੁਤ ਉਚਿਤ ਤਰੀਕੇ ਨਾਲ ਖ਼ੁਦ ਨੂੰ ਇਹ ਜਚਾ ਲਿਆ ਹੈ ਕਿ ਅਸੀਂ ਪਾਕਿਸਤਾਨ ਤੋਂ ਬਿਹਤਰ ਹਾਂ। ਸਾਡੇ ਕੋਲ ਸੰਵਿਧਾਨ ਤੇ ਉਸ ਦੀਆਂ ਵਿਸਤ੍ਰਿਤ ਵਿਵਸਥਾਵਾਂ ਸਨ, ਅਸੀਂ ਇੱਕ ਜਮਹੂਰੀਅਤ ਸਾਂ। ਅਤੇ ਅਸੀਂ ਆਪਣੇ ਹਾਕਮਾਂ ਨੂੰ ਚੁਣਨ ਲਈ ਸਦਾ ਸੁਤੰਤਰ ਤੇ ਨਿਆਂਪੂਰਨ ਚੋਣਾਂ ਕਰਵਾਈਆਂ; ਅਸੀਂ ਕੇਂਦਰ ਤੇ ਰਾਜਾਂ ਵਿੱਚ ਚੋਣਾਂ ਪਿੱਛੋਂ ਜੇਤੂਆਂ ਤੇ ਹਾਰੇ ਹੋਇਆਂ ਵਿਚਾਲੇ ਸੱਤਾ ਦੇ ਸ਼ਾਂਤੀਪੂਰਨ ਤਬਾਦਲੇ ਦਾ ਇੱਕ ਗੌਰਵਮਈ ਸਿਆਸੀ ਸਭਿਆਚਾਰ ਵਿਕਸਤ ਕੀਤਾ ਹੈ; ਅਸੀਂ ਖ਼ੁਦ ਨੂੰ ਸਮਾਜਿਕ ਸਮਾਨਤਾ ਦੇ ਮੰਤਵਾਂ ਪ੍ਰਤੀ ਪ੍ਰਤੀਬੱਧ ਰੱਖਿਆ ਹੈ; ਅਸੀਂ ਖ਼ੁਦ ਨੂੰ ਜਾਣ-ਬੁੱਝ ਕੇ ਧਰਮ-ਤੰਤਰਿਕ ਦੇਸ਼ ਨਹੀਂ ਬਣਨ ਦਿੱਤਾ; ਸਾਨੂੰ ਧਰਮ-ਨਿਰਪੱਖ ਦੇਸ਼ ਹੋਣ ‘ਤੇ ਮਾਣ ਰਿਹਾ ਹੈ ਅਤੇ ਅਸੀਂ ਅਜਿਹੀਆਂ ਕਾਰਜ-ਵਿਧੀਆਂ ਤੇ ਕਾਨੂੰਨ ਸਥਾਪਤ ਕੀਤੇ ਹਨ ਜੋ ਸਾਡੀਆਂ ਧਾਰਮਿਕ ਤੇ ਭਾਸ਼ਾਈ ਘੱਟ-ਗਿਣਤੀਆਂ ਨੂੰ ਸੰਤੁਸ਼ਟ ਕਰਦੇ ਹਨ; ਸਾਡੇ ਕੋਲ ਅਜਿਹੇ ਆਗੂ ਹੁੰਦੇ ਸਨ, ਜੋ ਆਪਣੀ ਉਚਿਤਤਾ ਤੇ ਅਥਾਰਟੀ ਨੂੰ ਕਾਇਮ ਰੱਖਦੇ ਸਨ, ਚੋਣ ਨਤੀਜਿਆਂ ਵਿੱਚ ਭਾਵੇਂ ਕਿਹੋ ਜਿਹਾ ਵੀ ਫ਼ਤਵਾ ਕਿਉਂ ਨਾ ਮਿਲਿਆ ਹੋਵੇ; ਸਾਡੀਆਂ ਹਥਿਆਰਬੰਦ ਫ਼ੌਜਾਂ ਬੈਰਕਾਂ ਵਿੱਚ ਰਹੀਆਂ; ਸਾਡੀ ਨਿਆਂਪਾਲਿਕਾ ਸੁਤੰਤਰ ਤੇ ਮਜ਼ਬੂਤ ਹੁੰਦੀ ਸੀ; ਅਲਾਹਾਬਾਦ ਵਿਚ ਹਾਈ ਕੋਰਟ ਦਾ ਇੱਕ ਜੱਜ ਵੀ ਤਾਕਤਵਰ ਪ੍ਰਧਾਨ ਮੰਤਰੀ ਨੂੰ ਸੱਤਾ ਤੋਂ ਲਾਂਭੇ ਕਰ ਸਕਦਾ ਸੀ। ਅਤੇ ਜਦੋਂ ਇੱਕ ਸਰਕਾਰ ਨੇ ਜਮਹੂਰੀ ਵਿਵਸਥਾ ‘ਤੇ ਹੀ ਆਪਣਾ ਕਬਜ਼ਾ ਜਮਾਉਣਾ ਚਾਹਿਆ ਤਾਂ ਦੇਸ਼ ਵਾਸੀਆਂ ਨੇ ਪਹਿਲੀ ਵਾਰ ਵਿਚ ਹੀ ਅਜਿਹੇ ਹਾਕਮਾਂ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ ਸੀ।
ਪਿਛਲੇ 70 ਵਰ੍ਹਿਆਂ ਤੋਂ ਸਾਡੇ ਕੋਲ ਅਜਿਹਾ ਹਰੇਕ ਕਾਰਨ ਮੌਜੂਦ ਸੀ ਕਿ ਅਸੀਂ ਯਕੀਨ ਕਰ ਸਕੀਏ ਕਿ ਅਸੀਂ ਪਾਕਿਸਤਾਨ ਤੋਂ ਵਧੀਆ ਹਾਂ। ਸਭ ਤੋਂ ਵੱਡੀ ਗੱਲ ਤਾਂ ਇਹ ਵੀ ਸੀ ਕਿ ਅਸੀਂ ਪਾਕਿਸਤਾਨ ਨਹੀਂ ਸਾਂ। ਪਿਛਲੇ ਦਹਾਕਿਆਂ ਦੌਰਾਨ ਅਸੀਂ ਆਪਣੀ ਉੱਚਤਾ ਨੂੰ ਲੈ ਕੇ ਹੋਰ ਵੀ ਸੰਤੁਸ਼ਟ ਹੋ ਗਏ ਹਾਂ ਕਿਉਂਕਿ ਅਸੀਂ ਪੱਛਮੀ ਦੇਸ਼ਾਂ ਵੱਲੋਂ ਪ੍ਰਚਾਰਿਤ ਉਸ ਵਿਆਖਿਆ ਨੂੰ ਬਿਨਾਂ ਸੋਚੇ ਸਮਝਿਆਂ ਅਪਣਾ ਲਿਆ, ਜਿਸ ਵਿੱਚ ਇਹੋ ਕਿਹਾ ਜਾਂਦਾ ਰਿਹਾ ਹੈ ਕਿ ਪਾਕਿਸਤਾਨ ਇੱਕ ‘ਨਾਕਾਮ ਦੇਸ਼’ ਅਤੇ ‘ਪਰਮਾਣੂ ਹਥਿਆਰਾਂ ਵਾਲਾ ਨਾਕਾਮ ਦੇਸ਼’ ਹੈ। ਅਸੀਂ ਇਸ ਗੱਲ ਦੀ ਸ਼ਲਾਘਾ ਕਰਨ ਵਿਚ ਨਾਕਾਮ ਰਹੇ ਕਿ ਪਾਕਿਸਤਾਨੀ ਸ੍ਰੇਸ਼ਠ ਵਰਗਾਂ ਨੇ ਵੀ ਇੱਕ ਅਜਿਹਾ ਚਲੰਤ ਸਿਆਸੀ ਸਭਿਆਚਾਰ ਵਿਕਸਤ ਕਰ ਲਿਆ ਜੋ ਉਨ੍ਹਾਂ ਦੇ ਆਪਣੇ ਸੂਝਵਾਨਾਂ ਦੇ ਫਿੱਟ ਬੈਠਦਾ ਸੀ। ਪਾਕਿਸਤਾਨ ਦੇ ਕੁਲੀਨ ਵਰਗ ਨੂੰ ਆਪਣੇ ਦੇਸ਼ ਵਿੱਚ ਹੋ ਰਹੀਆਂ ਬੇਇਨਸਾਫ਼ੀਆਂ ਤੇ ਅਸਮਾਨਤਾਵਾਂ ਤੋਂ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਹੈ। ਅਸੀਂ ਇਹ ਅਫ਼ਸੋਸ ਪ੍ਰਗਟਾ ਸਕਦੇ ਹਾਂ ਕਿ ਇਸਲਾਮਾਬਾਦ-ਰਾਵਲਪਿੰਡੀ ਧੁਰੇ ਵਿੱਚ ਫ਼ੌਜ ਇੱਕ ਭਾਰੂ ਧਿਰ ਵਜੋਂ ਉੱਭਰੀ ਹੈ; ਫਿਰ ਵੀ ਉਹ ਦੇਸ਼ ਸਾਡੇ ਨਾਲ ਦੁਸ਼ਮਣੀ ਪਾਲਣ ਦੇ ਮਾਮਲੇ ਵਿੱਚ ਸਦਾ ਹੀ ਦ੍ਰਿੜ੍ਹ ਰਿਹਾ ਹੈ ਅਤੇ ਉਸ ਨੇ ਆਪਣੀ ਇੱਕ ਨਿੱਗਰ ਭਾਰਤ-ਵਿਰੋਧੀ ਵਿਦੇਸ਼ ਨੀਤੀ ਵੀ ਉਲੀਕੀ ਹੋਈ ਹੈ ਤੇ ਅੰਦਰੂਨੀ ਵਿਵਸਥਾ ਵੀ ਕਾਇਮ ਕਰ ਕੇ ਰੱਖੀ ਹੋਈ ਹੈ। ਪਾਕਿਸਤਾਨ ਦੇ ਕੁਲੀਨ ਵਰਗ ਨੇ ਪੱਛਮੀ ਆਗੂਆਂ ਨੂੰ ਝਕਾਨੀਆਂ ਦੇਣ ਤੇ ਉੱਲੂ ਬਣਾਉਣ ਦੀ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਹੋਈ ਹੈ। ਹੋਰ ਤਾਂ ਹੋਰ ਉਸ ਨੇ ਗੁਆਂਢੀ ਦੇਸ਼ ਅਫ਼ਗ਼ਾਨਿਸਤਾਨ ਵਿੱਚ ਵੱਡੀਆਂ ਤਾਕਤਾਂ ਦੇ ਦਖ਼ਲ ਤੱਕ ਨੂੰ ਵੀ ਖ਼ਤਮ ਕਰਵਾ ਦਿੱਤਾ ਹੈ। ਪਾਕਿਸਤਾਨ ਵਿੱਚ ਵਾਰ-ਵਾਰ ਸਾਹਮਣੇ ਆਉਣ ਵਾਲੀ ਅਸਥਿਰਤਾ ਵਿੱਚ ਵੀ ਇੱਕ ਖ਼ਾਸ ਕਿਸਮ ਦੀ ਸਥਿਰਤਾ ਹੈ।
ਸੱਤਰ ਵਰ੍ਹਿਆਂ ਬਾਅਦ ਅਸੀਂ ਵੀ ਭਾਰਤ ਨੂੰ ਪਾਕਿਸਤਾਨੀ ਮਾਡਲ ਅਨੁਸਾਰ ਢਾਲਣ ਵੱਲ ਅੱਗੇ ਵਧਦੇ ਜਾ ਰਹੇ ਹਾਂ ਭਾਵੇਂ ਸਾਡੇ ਕੋਲ ਜਵਾਬਦੇਹੀ ਦੇ ਬਹੁਤ ਸਾਰੇ ਸੰਵਿਧਾਨਕ ਸੰਸਥਾਨਾਂ ਦਾ ਵਿਆਪਕ ਸਾਜ਼ੋ-ਸਾਮਾਨ ਮੌਜੂਦ ਹੈ। ਪਿਛਲੇ ਕੁਝ ਵਰ੍ਹਿਆਂ ਦੌਰਾਨ, ਅਸੀਂ ਹੁਣ ਖ਼ੁਦ ਨੂੰ ਇੱਕ ਧਰਮ-ਨਿਰਪੇਖ ਰਾਸ਼ਟਰ ਨਹੀਂ ਅਖਵਾਉਣਾ ਚਾਹ ਰਹੇ; ਸਾਡੀ ਪ੍ਰਭਾਵਸ਼ਾਲੀ ਸਿਆਸੀ ਧਿਰ ਸਾਡੇ ਉੱਤੇ ‘ਧਰਮ-ਨਿਰਪੇਖਤਾ’ ਤਿਆਗਣ ਅਤੇ ਖ਼ੁਦ ਦੇ ਇੱਕ ‘ਹਿੰਦੂ ਰਾਸ਼ਟਰ’ ਹੋਣ ਉੱਤੇ ਮਾਣ ਕਰਨ ਲਈ ਜ਼ੋਰ ਪਾ ਰਹੀ ਹੈ। ਬਿਲਕੁਲ ਪਾਕਿਸਤਾਨ ਵਾਂਗ, ਬਹੁਗਿਣਤੀ ਨਾਗਰਿਕਾਂ ਦੇ ਧਰਮ ਨੇ ਸਾਡੀ ਕੌਮੀ ਧਾਰਾ ਵਿੱਚ ਘੁਸਪੈਠ ਕਰ ਲਈ ਹੈ ਅਤੇ ਇਹ ਧਰਮ ਸਾਡੀਆਂ ਸੰਸਥਾਵਾਂ ਦੇ ਕੰਮਕਾਜ ਉੱਤੇ ਅਸਰਅੰਦਾਜ਼ ਹੋ ਰਿਹਾ ਹੈ।
ਪਿਛਲੇ 70 ਵਰ੍ਹਿਆਂ ਤੋਂ ਸਾਡੇ ਸਿਆਸੀ ਵਰਗ ਨੇ ਪਾਕਿਸਤਾਨ ਨੂੰ ਹਿਕਾਰਤ ਦੀ ਨਜ਼ਰ ਨਾਲ ਹੀ ਵੇਖਿਆ ਕਿਉਂਕਿ ਉਹ ਆਪਣੇ ਫ਼ੌਜੀ ਜਰਨੈਲਾਂ ਨੂੰ ਆਪੋ-ਆਪਣੀਆਂ ਥਾਵਾਂ ‘ਤੇ ਸੰਭਾਲ ਕੇ ਰੱਖਣ ਤੋਂ ਅਸਮਰੱਥ ਰਹਿੰਦਾ ਰਿਹਾ ਹੈ। ਪਿਛਲੇ 70 ਵਰ੍ਹਿਆਂ ਤੋਂ ਬਾਅਦ ਹੁਣ ਅਸੀਂ ਉਨ੍ਹਾਂ ਹੀ ‘ਘ੍ਰਿਣਾਯੋਗ’ ਪਾਕੀਆਂ ਦੀ ਨਕਲ ਕਰਨ ਲਈ ਤਿਆਰ ਹਾਂ। ਸਾਡੀ ਫ਼ੌਜ ਪਹਿਲਾਂ ਕਦੇ ਵੀ ਇੰਨੀ ਦ੍ਰਿਸ਼ਟਮਾਨ ਜਾਂ ਮੁਖ਼ਰ ਨਹੀਂ ਸੀ ਜਿੰਨੀ ਹੁਣ ਹੈ; ਸਾਡੀਆਂ ਹਥਿਆਰਬੰਦ ਫ਼ੌਜਾਂ ਹੁਣ ਸਿਰਫ਼ ਸਾਡੀ ਰਾਸ਼ਟਰੀ ਅਖੰਡਤਾ ਦੇ ਅਧਿਕਾਰਤ ਰਾਖੇ ਹੀ ਨਹੀਂ ਰਹਿ ਗਏ ਹਨ, ਸਗੋਂ ਹੁਣ ਉਨ੍ਹਾਂ ਨੂੰ ਰਾਸ਼ਟਰਵਾਦ ਦੀ ਆਖ਼ਰੀ ਫ਼ਸੀਲ ਵਜੋਂ ਵੀ ਮਨੋਨੀਤ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ, ਪਾਕਿਸਤਾਨ ਵਾਂਗ ਅਸੀਂ ਹੁਣ ਹਥਿਆਰਬੰਦ ਫ਼ੌਜਾਂ ਨਾਲ ਜੁੜੇ ਕਿਸੇ ਵੀ ਆਲੋਚਨਾਤਮਕ ਮੁਲਾਂਕਣ ਦੀ ਇਜਾਜ਼ਤ ਨਹੀਂ ਦਿੰਦੇ। ਜਿਹੜੇ ਹਥਿਆਰਬੰਦ ਬਲਾਂ ਦੀ ਕਾਰਗੁਜ਼ਾਰੀ ਜਾਂ ਉਨ੍ਹਾਂ ਦੀ ਦ੍ਰਿਸ਼ਮਾਨਤਾ ਨਾਲ ਸਹਿਮਤ ਨਹੀਂ ਹਨ, ਉਨ੍ਹਾਂ ਨੂੰ ਖ਼ੁਦ-ਬ-ਖ਼ੁਦ ‘ਰਾਸ਼ਟਰ-ਵਿਰੋਧੀ’ ਆਖ ਕੇ ਨਿੰਦਿਆ ਜਾ ਰਿਹਾ ਹੈ। ਹੋਰ ਤਾਂ ਹੋਰ, ਅਸੀਂ ਬਿਨਾਂ ਸੋਚੇ ਸਮਝੇ ਹਿੰਸਕ ਵਿਚਾਰ ਮਨਾਂ ਵਿੱਚ ਭਰਦੇ ਜਾ ਰਹੇ ਹਾਂ ਅਤੇ ਅਜਿਹਾ ਸਭ ਕਰਨ ਵਾਲਿਆਂ ਨੂੰ ਵਾਅਦੇ ਮੁਤਾਬਕ ਪੁਨਰ-ਜਾਗ੍ਰਿਤੀ ਲਿਆਉਣ ਦੇ ਅਧਿਕਾਰਤ ਔਜ਼ਾਰ ਮੰਨ ਰਹੇ ਹਾਂ।
ਸੱਤਰ ਵਰ੍ਹਿਆਂ ਬਾਅਦ, ਅਸੀਂ ਬਹੁਤ ਚਾਈਂ-ਚਾਈਂ ਉਨ੍ਹਾਂ ਸਾਰੇ ਮਹਾਨ ਸ਼ਹੀਦਾਂ ਤੇ ਪ੍ਰਮੁੱਖ ਨੇਤਾਵਾਂ ਦੀ ਮਹਾਨਤਾ ਨੂੰ ਘਟਾ ਕੇ ਦਰਸਾ ਰਹੇ ਹਾਂ, ਜਿਨ੍ਹਾਂ ਨੇ 20ਵੀਂ ਸਦੀ ਦੇ ਸੰਸਾਰ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਸੀ, ਜਿਨ੍ਹਾਂ ਉੱਤੇ ਰਾਸ਼ਟਰ ਨੂੰ ਕਦੇ ਮਾਣ ਹੁੰਦਾ ਸੀ ਅਤੇ ਜਿਨ੍ਹਾਂ ਨੇ ਸਮਾਜਿਕ ਇੱਕਜੁਟਤਾ ਦੀਆਂ ਚੰਗਿਆਈਆਂ ਨੂੰ ਉਤਸ਼ਾਹਿਤ ਕਰ ਕੇ ਸਮੁੱਚੇ ਦੇਸ਼ ਵਿੱਚ ਸਾਰੇ ਭਾਈਚਾਰਿਆਂ ਦਾ ਇੱਕ ਸਰਬ-ਸਾਂਝਾ ਸਿਆਸੀ ਭਾਈਚਾਰਾ ਕਾਇਮ ਕੀਤਾ ਸੀ। ਜਿਵੇਂ ਪਾਕਿਸਤਾਨ ਨੇ ਕੀਤਾ ਹੈ, ਅਸੀਂ ਵੀ ਹੁਣ ਆਪਣੇ ਧਾਰਮਿਕ ਪੱਖਪਾਤੀ ਦ੍ਰਿਸ਼ਟੀਕੋਣਾਂ ਅਨੁਸਾਰ ਆਪਣੀਆਂ ਇਤਿਹਾਸ ਦੀਆਂ ਪੁਸਤਕਾਂ ਨੂੰ ਮੁੜ ਲਿਖ ਕੇ ਰਾਸ਼ਟਰੀ ਮਹਿਮਾ ਤੇ ਗੌਰਵ ਚਾਹ ਰਹੇ ਹਾਂ। ਜਿਵੇਂ ਪਾਕਿਸਤਾਨ ਨੇ ਵਿਤਕਰੇ ਦਾ ਸੰਸਥਾਈਕਰਣ ਕਰ ਦਿੱਤਾ ਹੈ, ਅਸੀਂ ਵੀ ਹੁਣ ਘੱਟ-ਗਿਣਤੀਆਂ ਨੂੰ ਇਹ ਦਰਸਾ ਤੇ ਜਚਾ ਰਹੇ ਹਾਂ ਕਿ ਉਨ੍ਹਾਂ ਦੀ ਜਗ੍ਹਾ ਸਭ ਤੋਂ ਪਿਛਾਂਹ ਹੈ; ਅਤੇ ਇਸ ਨੂੰ ਬਿਲਕੁਲ ਆਮ ਵਰਤਾਰਾ ਮੰਨਿਆ ਜਾ ਰਿਹਾ ਹੈ।
ਸੱਤਰ ਵਰ੍ਹਿਆਂ ਬਾਅਦ, ਦੇਸ਼ ਵੰਡ ਦੇ ਸਭ ਤੋਂ ਵੱਧ ਗੁੰਝਲਦਾਰ ਵਿਰਸੇ  ਕਸ਼ਮੀਰ ਦਾ ਮਸਲਾ ਹਾਲੇ ਤੱਕ ਅਣਸੁਲਝਿਆ ਪਿਆ ਹੈ। ਪਾਕਿਸਤਾਨ ਅਤੇ ਭਾਰਤ ਦੋਵਾਂ ਨੂੰ ਇਸ ਦਾ ਵਿੱਤੀ, ਸਿਆਸੀ ਤੇ ਰੂਹਾਨੀ ਤੌਰ ‘ਤੇ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਸਾਰੇ ਵਰ੍ਹਿਆਂ ਦੌਰਾਨ, ਅਸੀਂ ਖ਼ੁਦ ਨੂੰ ਇਹ ਯਕੀਨ ਕਰਨ ਲਾ ਲਿਆ ਹੈ ਕਿ ਪਾਕਿਸਤਾਨ ਦੇ ਸ੍ਰੇਸ਼ਠ ਵਰਗ ਲਈ ਕਸ਼ਮੀਰ ਵਿਵਾਦ ਮਹਿਜ਼ ਸ਼ੋਸ਼ੇਬਾਜ਼ੀ ਦਾ ਸ਼ੱਕੀ ਮੰਚ ਹੈ ਤੇ ਉਹ ਇਸ ਮੁੱਦੇ ਨੂੰ ਛੱਡਣਾ ਨਹੀਂ ਚਾਹੁੰਦੇ; ਉਵੇਂ ਹੀ ਅਸੀਂ ਵੀ ਆਪਣੇ ਤਣਾਅਪੂਰਨ ਤੇ ਭੁਰਭੁਰੇ ਰਾਸ਼ਟਰਵਾਦ ਦੇ ਵਿਸ਼ੇ ਤੇ ਆਕਾਰ-ਪ੍ਰਕਾਰ ਨੂੰ ਮੁੜ-ਪਰਿਭਾਸ਼ਿਤ ਕਰਨ ਵਿੱਚ ਆਪਣੀ ਮਦਦ ਲਈ ਕਸ਼ਮੀਰ ਸਮੱਸਿਆ ਨੂੰ ਵਰਤ ਕੇ ਸੰਤੁਸ਼ਟ ਹੋ ਰਹੇ ਹਾਂ। ਮਾੜੀ ਗੱਲ ਇਹ ਹੈ ਕਿ ਕਸ਼ਮੀਰ ਲਗਾਤਾਰ ਸਾਡੀਆਂ ਸਮੂਹਿਕ ਸੂਖਮ ਭਾਵਨਾਵਾਂ ਲਈ ਮਹਿੰਗਾ ਪੈ ਰਿਹਾ ਹੈ। ਇੱਕ ਰਾਸ਼ਟਰ ਵਜੋਂ ਅਸੀਂ ਦੇਸ਼ ਤੇ ਵਿਦੇਸ਼ ਵਿੱਚ ਆਪਸੀ ਮੱਤਭੇਦ ਹੱਲ ਕਰਨ ਲਈ ਹਿੰਸਾ ਤੇ ਦਬਾਅ ਦੀ ਰਣਨੀਤੀ ਵਿੱਚ ਸੁਵਿਧਾ ਮਹਿਸੂਸ ਕਰ ਰਹੇ ਹਾਂ।
ਸੱਤਰ ਵਰ੍ਹੇ ਪਹਿਲਾਂ ਅਸੀਂ ਪਾਕਿਸਤਾਨ ਤੋਂ ਵੱਖ ਹੋਣ ਲਈ ਦ੍ਰਿੜ੍ਹ ਸਾਂ; ਹੁਣ 70 ਵਰ੍ਹਿਆਂ ਬਾਅਦ ਅਸੀਂ ਬਿਨਾਂ ਕਿਸੇ ਮਾੜੀ ਮਨਸ਼ਾ ਦੇ ਪਾਕਿਸਤਾਨ ਵਰਗੇ ਬਣਨਾ ਚਾਹ ਰਹੇ ਹਾਂ। ਜਵਾਹਰਲਾਲ ਨਹਿਰੂ ਅਤੇ ਉਨ੍ਹਾਂ ਦੀ ਆਰੰਭਲੀ ਵਿਰਾਸਤ ਤੋਂ ਸਾਡੇ ਦੂਰ ਜਾਣ ਦੀ ਕਾਹਲ ‘ਤੇ ਮੁਹੰਮਦ ਅਲੀ ਜਿਨਾਹ ਜ਼ਰੂਰ ਹੀ ਮੁਸਕਰਾ ਰਿਹਾ ਹੋਵੇਗਾ।