ਕੌਮੀ ਹੀਰੋ ਕੌਣ – ਅਕਬਰ ਜਾਂ ਮਹਾਰਾਣਾ ਪ੍ਰਤਾਪ?

ਕੌਮੀ ਹੀਰੋ ਕੌਣ – ਅਕਬਰ ਜਾਂ ਮਹਾਰਾਣਾ ਪ੍ਰਤਾਪ?

ਕਈ ਵਾਰ ਲੋਕਾਂ ਵਿਚ ਸੱਚ ਨੂੰ ਲੁਕਾਉਣ ਅਤੇ ਫ਼ਰਜੀ ਗੌਰਵ ਨੂੰ ਸਥਾਪਤ ਕਰਨ ਲਈ ਸੱਚ ਨੂੰ ਦਬਾਇਆ ਜਾਂਦਾ ਹੈ। ਅਜਿਹਾ ਕਰਨਾ ਦੋਹਾਂ ਨੂੰ ਚੰਗਾ ਲਗਦਾ ਹੈ। ਲੋਕ ਵੀ ਜਿਸ ਜਾਤੀ ਅਤੇ ਮਜ਼੍ਹਬ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਦੀ ਬਹਾਦੁਰੀ ਦੀਆਂ ਕਹਾਣੀਆਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ। ਉਸ ਸਮੇਂ ਇਸ ਨੂੰ ਇਕ ਹਿੰਦੂ ਅਤੇ ਮਸਲਮਾਨ ਦੀ ਲੜਾਈ ਵਜੋਂ ਨਹੀਂ ਵੇਖਿਆ ਗਿਆ। ਉਹ ਲੜਾਈ ਇਕ ਬਾਦਸ਼ਾਹ ਅਤੇ ਇਕ ਵੀਰ ਦੀ ਤਕਰਾਰ ਵਜੋਂ ਵੇਖੀ ਜਾਂਦੀ ਸੀ।
ਕੀ ਸਾਡੀਆਂ ਸਰਕਾਰਾਂ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਤੋੜ-ਮਰੋੜ ਕੇ ਲਿਖਵਾ ਰਹੀਆਂ ਹਨ? ਕੀ ਅਕਬਰ ਖਲਨਾਇਕ ਸੀ? ਕੀ ਮਹਾਰਾਣਾ ਪ੍ਰਤਾਪ ਅਕਬਰ ਤੋਂ ਵੱਧ ਮਹਾਨ ਸੀ? ਕੀ ਹਲਦੀ ਘਾਟੀ ‘ਚ ਅਕਬਰ ਦੀ ਹਾਰ ਹੋਈ ਸੀ? ਕੀ ਅਕਬਰ ਅਤੇ ਮਹਾਰਾਣਾ ਪ੍ਰਤਾਪ ਦਾ ਸੰਘਰਸ਼ ਹਿੰਦੂਆਂ ਅਤੇ ਮੁਸਲਮਾਨਾਂ ਦਾ ਸੰਘਰਸ਼ ਸੀ?
ਹਰਬੰਸ ਮੁਖੀਆ
ਰਾਜਸਥਾਨ ਦੇ ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ ਹੈ ਕਿ ਹਲਦੀ ਘਾਟੀ ਦੀ ਲੜਾਈ ‘ਚ ਰਾਜਪੂਤ ਸ਼ਾਸਕ ਮਹਾਰਾਣਾ ਪ੍ਰਤਾਪ ਨੇ ਮੁਗਲ ਬਾਦਸ਼ਾਹ ਨੂੰ ਹਰਾ ਦਿੱਤਾ ਸੀ। ਬਾਕੀ ਭਾਰਤ ਲਈ ਹਲਦੀ ਘਾਟੀ ਦੀ ਲੜਾਈ ਦੇ ਜੇਤੂ ਅਕਬਰ ਹੀ ਹਨ।
ਰਾਜਸਥਾਨ ਯੂਨੀਵਰਸਿਟੀ ਨੇ ਭਾਜਪਾ ਦੇ ਇਕ ਵਿਧਾਇਕ ਦੇ ਉਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਯੂਨੀਵਰਸਿਟੀ ਦੇ ਸਿਲੇਬਸ ‘ਚ ਇਹ ਲਿਖਿਆ ਜਾਵੇ ਕਿ ਹਲਦੀ ਘਾਟੀ ਦਾ ਯੁੱਧ ਅਕਬਰ ਤੋਂ ਮਹਾਰਾਣਾ ਪ੍ਰਤਾਪ ਹਾਰੇ ਨਹੀਂ ਸਨ।
ਹਾਲ ਹਾਲ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਇਤਿਹਾਸਕਾਰਾਂ ਨੇ ਮਹਾਰਾਣਾ ਪ੍ਰਤਾਪ ਨਾਲ ਨਾਇਨਸਾਫੀ ਕੀਤੀ। ਉਨ੍ਹਾਂ ਕਿਹਾ ਸੀ ਕਿ ਅਕਬਰ ਨੂੰ ਦੀ ਗ੍ਰੇਟ ਕਿਹਾ ਜਾਂਦਾ ਹੈ, ਪਰ ਮਹਾਰਾਣਾ ਪ੍ਰਤਾਪ ਨੂੰ ਮਹਾਨ ਕਿਉਂ ਨਹੀਂ ਕਿਹਾ ਜਾਂਦਾ। ਰਾਜਨਾਥ ਸਿੰਘ ਨੇ ਕਿਹਾ ਸੀ ਕਿ ਮਹਾਰਾਣਾ ਪ੍ਰਤਾਪ ਕੌਮੀ ਹੀਰੋ ਸਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਯਾਨਾਥ ਨੇ ਵੀ ਕਿਹਾ ਕਿ ਅਕਬਰ ਖਲਨਾਇਕ ਸੀ ਅਤੇ ਅਸਲੀ ਹੀਰੋ ਮਹਾਰਾਣਾ ਪ੍ਰਤਾਪ ਹਨ। ਯੋਗੀ ਨੇ ਕਿਹਾ ਕਿ ਨੌਜਵਾਨ ਜਿੰਨੀ ਛੇਤੀ ਇਸ ਸੱਚ ਨੂੰ ਸਵੀਕਾਰ ਕਰ ਲੈਣਗੇ, ਉਨੀਂ ਛੇਤੀ ਦੇਸ਼ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ।
ਕੀ ਸਾਡੀਆਂ ਸਰਕਾਰਾਂ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਤੋੜ-ਮਰੋੜ ਕੇ ਲਿਖਵਾ ਰਹੀਆਂ ਹਨ? ਕੀ ਅਕਬਰ ਖਲਨਾਇਕ ਸੀ? ਕੀ ਮਹਾਰਾਣਾ ਪ੍ਰਤਾਪ ਅਕਬਰ ਤੋਂ ਵੱਧ ਮਹਾਨ ਸੀ? ਕੀ ਹਲਦੀ ਘਾਟੀ ‘ਚ ਅਕਬਰ ਦੀ ਹਾਰ ਹੋਈ ਸੀ? ਕੀ ਅਕਬਰ ਅਤੇ ਮਹਾਰਾਣਾ ਪ੍ਰਤਾਪ ਦਾ ਸੰਘਰਸ਼ ਹਿੰਦੂਆਂ ਅਤੇ ਮੁਸਲਮਾਨਾਂ ਦਾ ਸੰਘਰਸ਼ ਸੀ?
ਇਨ੍ਹਾਂ ਸਾਰੇ ਸਵਾਲਾਂ ‘ਤੇ ‘ਬੀਬੀਸੀ ਪੱਤਰਕਾਰ ਰਜਨੀਸ਼ ਕੁਮਾਰ’ ਨੇ ਦੇਸ਼ ਦੇ ਪ੍ਰਸਿੱਧ ਇਤਿਹਾਸਕਾਰ ਹਰਬੰਸ ਮੁਖੀਆ ਨਾਲ ਗਲੱਬਾਤ ਕੀਤੀ ਹੈ। ਹਰਬੰਸ ਮੁਖੀਆ ਮੱਧਯੁੱਗੀ ਇਤਿਹਾਸ ਦੇ ਜਾਣਕਾਰ ਹਨ। ਉਹ ਜੇਐਨਯੂ ‘ਚ ਇਤਿਹਾਸ ਦੇ ਪ੍ਰੋਫ਼ੈਸਰ ਸਨ। ਪੜ੍ਹੋ ਉਨ੍ਹਾਂ ਦੇ ਸ਼ਬਦਾਂ ‘ਚ ਸਾਰੇ ਸਵਾਲਾਂ ਦੇ ਜਵਾਬ –
ਜੋਰਜ ਆਰਵੇਲ ਨੇ ਆਪਣੇ ਨਾਵਲ 1984 ‘ਚ ਲਿਖਿਆ ਹੈ ਕਿ ਜਿਸ ਦਾ ਵਰਤਮਾਨ ‘ਤੇ ਕੰਟੋਰਲ ਹੁੰਦਾ ਹੈ, ਉਸ ਦਾ ਪਿਛੋਕੜ ‘ਤੇ ਵੀ ਕੰਟਰੋਲ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਪਿਛੋਕੜ ਨੂੰ ਤੁਸੀਂ ਜਿਵੇਂ ਮਰਜ਼ੀ ਤੋੜ-ਮਰੋੜ ਕੇ ਉਲਟਾ-ਸਿੱਧਾ ਕਰਕੇ ਬਣਾ ਸਕਦੇ ਹੋ, ਕਿਉਂਕਿ ਵਰਤਮਾਨ ‘ਚ ਤੁਹਾਨੂੰ ਇਸ ਦੀ ਲੋੜ ਪੈਂਦੀ ਹੈ। ਉਹ ਤਾਂ ਇਕ ਨਾਵਲ ਦੀ ਗੱਲ ਹੈ, ਪਰ ਸਾਡੇ ਦੇਸ਼ ‘ਚ ਇਹੀ ਸੱਚ ਹੁੰਦਾ ਵਿਖਾਈ ਦੇ ਰਿਹਾ ਹੈ।
ਅੱਜ ਦੀ ਤਰੀਖ ‘ਚ ਇਸ ਦੀ ਲੋੜ ਇਹੀ ਹੈ ਕਿ ਉਹ ਆਪਣੀ ਮਨ-ਮਰਜ਼ੀ ਦਾ ਇਤਿਹਾਸ ਪੜ੍ਹਾਉਣ। ਮਤਲਬ ਰਾਜਸਥਾਨ ‘ਚ ਉਨ੍ਹਾਂ ਨੂੰ ਅਜਿਹੀ ਲੋੜ ਸੀ, ਤਾਂ ਕਰ ਦਿੱਤਾ। ਆਉਣ ਵਾਲੇ ਦਿਨਾਂ ‘ਚ ਦੇਸ਼ ਦੇ ਹੋਰ ਹਿੱਸਿਆਂ ‘ਚ ਵੀ ਅਜਿਹਾ ਵੇਖਣ ਨੂੰ ਮਿਲ ਸਕਦਾ ਹੈ। ਇਤਿਹਾਸ ਨੂੰ ਇਥੇ ਹਥਿਆਰ ਵਾਂਗ ਵਰਤਿਆ ਜਾ ਰਿਹਾ ਹੈ।
ਇਤਿਹਾਸ ਦੇ ਤੱਥਾਂ ਤੋਂ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੈ। ਇਨ੍ਹਾਂ ਦੀ ਰਾਜਨੀਤਕ ਲੋੜਾਂ ਝੂਠ ਤੋਂ ਪੂਰੀਆਂ ਹੁੰਦੀਆਂ ਹਨ ਤਾਂ ਉਹ ਝੂਠ ਨੂੰ ਹੀ ਸੱਚ ਕਹਿਣਗੇ। ਇਤਿਹਾਸਕ ਤੱਥ ਤਾਂ ਇਹੀ ਹੈ ਕਿ ਹਲਦੀ ਘਾਟੀ ‘ਚ ਮਹਾਰਾਣਾ ਪ੍ਰਤਾਪ ਹਾਰੇ ਸਨ। ਇਸ ਹਾਰ ਤੋਂ ਬਾਅਦ ਉਹ ਆਪਣੇ ਚੇਤਕ ਘੋੜੇ ਦੇ ਨਾਲ ਨਿਕਲ ਗਏ ਸਨ। ਹਲਦੀ ਘਾਟੀ ਤੋਂ ਬਾਅਦ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਜ਼ਿੰਦਗੀ ਬਤੀਤ ਕੀਤੀ। ਉਨ੍ਹਾਂ ਨੇ ਕਾਫੀ ਮੁਸ਼ਕਲਾਂ ਝੱਲੀਆਂ ਸਨ, ਪਰ ਇਹ ਸੱਚ ਹੈ ਕਿ ਉਹ ਅਕਬਰ ਤੋਂ ਹਲਦੀ ਘਾਟੀ ਦੀ ਲੜਾਈ ਹਾਰੇ ਸਨ।
ਮੈਂ ਹਲਦੀ ਘਾਟੀ ਜਾ ਚੁੱਕਾ ਹਾਂ। ਮੇਰਾ ਉਸ ਮੈਦਾਨ ਨੂੰ ਵੇਖਣ ਦਾ ਮਨ ਸੀ, ਜਿਸ ‘ਚ ਇੰਨਾ ਪ੍ਰਸਿੱਧ ਯੁੱਧ ਹੋਇਆ ਸੀ। ਮੈਂ ਜਾਣਨਾ ਚਾਹੁੰਦਾ ਸੀ ਕਿ ਕਿੰਨਾ ਵੱਡਾ ਮੈਦਾਨ ਹੈ। ਉਹ ਛੋਟਾ ਜਿਹਾ ਮੈਦਾਨ ਹੈ। ਮੇਰਾ ਖਿਆਲ ਹੈ ਕਿ ਤਿੰਨ ਜਾਂ ਚਾਰ ਫੁਟਬਾਲ ਮੈਦਾਨ ਦੇ ਬਰਾਬਰ ਦਾ ਉਹ ਮੈਦਾਨ ਹੈ। ਜ਼ਾਹਰ ਹੈ ਕਿ ਉਸ ‘ਚ ਹਜ਼ਾਰਾਂ ਅਤੇ ਲੱਖਾਂ ਦੀ ਗਿਣਤੀ ‘ਚ ਫ਼ੌਜੀ ਨਹੀਂ ਆ ਸਕਦੇ।
ਮਤਲਬ ਉਥੇ ਬਹੁਤ ਵੱਡੀ ਲੜਾਈ ਨਹੀਂ ਹੋਈ ਸੀ। ਦੂਜੀ ਗੱਲ ਇਹ ਹੈ ਕਿ ਮਹਾਰਾਣਾ ਪ੍ਰਤਾਪ ਲਗਭਗ ਇਕੱਲੇ ਰਾਜਪੂਤ ਸ਼ਾਸਕ ਸਨ, ਜਿਨ੍ਹਾਂ ਨੇ ਅਕਬਰ ਦੇ ਸਾਹਮਣੇ ਹਥਿਆਰ ਨਹੀਂ ਸੁੱਟੇ। ਇਸ ਲੜਾਈ ਦਾ ਕੋਈ ਵਿਸ਼ੇਸ਼ ਇਤਿਹਾਸਕ ਮਹੱਤਵ ਨਹੀਂ ਸੀ। 16ਵੀਂ, 17ਵੀਂ ਅਤੇ 18ਵੀਂ ਸਦੀ ‘ਚ ਇਸ ਗੱਲ ਦਾ ਮਹੱਤਵ ਨਾ ਇਸ ਵੱਲ ਸੀ, ਨਾ ਉਸ ਵੱਲ ਸੀ।
ਹਾਲਾਂਕਿ ਪ੍ਰਸਿੱਧ ਕਲਪਨਾਵਾਂ ‘ਚ ਮਹਾਰਾਣਾ ਪ੍ਰਤਾਪ ਨੂੰ ਇਕ ਹੀਰੋ ਵਾਂਗ ਵੇਖਿਆ ਗਿਆ ਅਤੇ ਵੇਖਿਆ ਵੀ ਜਾਣਾ ਚਾਹੀਦਾ ਸੀ, ਕਿਉਂਕਿ ਉਹ ਇਕੱਲੇ ਰਾਜਪੂਤ ਸਨ, ਜਿਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਆਖਰੀ ਸਾਹ ਤਕ ਲੜਦੇ ਰਹੇ। ਇਕ ਹੀਰੋ ਵਾਂਗ ਉਨ੍ਹਾਂ ਨੂੰ ਯਾਦ ਕੀਤਾ ਗਿਆ। ਅਸੀਂ ਸਾਰੇ ਜਾਣਦੇ ਹਾਂ ਕਿ ਹੀਰੋ ਨੂੰ ਲੈ ਕੇ ਸਾਰਿਆਂ ਦੀਆਂ ਆਪਣੀਆਂ-ਆਪਣੀਆਂ ਯਾਦਾਂ ਹੁੰਦੀਆਂ ਹਨ।
ਪ੍ਰੇਸ਼ਾਨੀ ਇਥੇ ਇਹ ਹੈ ਕਿ ਮਹਾਰਾਣਾ ਪ੍ਰਤਾਪ ਨੂੰ ਜੋ ਕਪੜੇ ਪਹਿਣਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਭਾਰਤ ਦੀ ਸੁਰੱਖਿਆ ‘ਚ ਵਿਦੇਸ਼ੀਆਂ ਨਾਲ ਟੱਕਰ ਲਈ ਅਤੇ ਉਹ ਇਕ ਕੌਮੀ ਹੀਰੋ ਸਨ, ਜਿਸ ਨੇ ਦੇਸ਼ ਲਈ ਲੜਾਈਆਂ ਲੜੀਆਂ, ਇਹ ਸੱਚ ਨਹੀਂ ਹੈ। ਦੇਸ਼ ਦੀ ਕਲਪਨਾ ਨਾ ਸਿਰਫ ਭਾਰਤ ‘ਚ ਸਗੋਂ ਦੁਨੀਆ ਭਰ ‘ਚ 18ਵੀਂ ਤੇ 19ਵੀਂ ਸਦੀ ‘ਚ ਆਈ ਹੈ।
ਅੰਗਰੇਜ਼ੀ ‘ਚ ਦੇਸ਼ ਨੂੰ ਕੰਟਰੀ ਕਿਹਾ ਜਾਂਦਾ ਹੈ। ਪਰ ਕੰਟਰੀ ਕੀ ਦੇਸ਼ ਨੂੰ ਕਿਹਾ ਜਾਂਦਾ ਹੈ? ਕੰਟਰੀ ਤਾਂ ਪਿੰਡ ਨੂੰ ਕਿਹਾ ਜਾਂਦਾ ਹੈ। ਜੋ ਲੰਡਨ ‘ਚ ਵੱਡੇ-ਵੱਡੇ ਲੋਕ ਰਹਿੰਦੇ ਹਨ, ਉਨ੍ਹਾਂ ਲਈ ਕੰਟਰੀ ਹਾਊਸ ਹੁੰਦਾ ਹੈ। ਕੰਟਰੀ ਦਾ ਮਤਲਬ ਦੇਸ਼ ਨਹੀਂ ਹੈ। ਇਹ ਸਿਰਫ਼ ਅੰਗਰੇਜ਼ੀ ‘ਚ ਹੀ ਨਹੀਂ ਸਗੋਂ ਫਰੈਂਚ ‘ਚ ਵੀ ਅਜਿਹਾ ਹੀ ਹੈ। ਫਰੈਂਚ ‘ਚ ਪੇਈ ਕੰਟਰੀ ਨੂੰ ਕਹਿੰਦੇ ਹਨ ਅਤੇ ਪੇਂਜਾ ਕਿਸਾਨ ਨੂੰ ਕਹਿੰਦੇ ਹਨ।
ਦੇਸ਼ ਦਾ ਮਤਲਬ ਸਾਡੇ ਇਥੇ ਵੀ ਪਿੰਡ ਹਨ, ਇਸ ਲਈ ਅਸੀਂ ਕਹਿੰਦੇ ਹਾਂ ਕਿ ਪਰਦੇਸ਼ ਜਾ ਰਹੇ ਹਾਂ। ਤੁਸੀਂ ਪਟਨਾ ਤੋਂ ਕਲਕੱਤਾ ਚਲੇ ਗਏ ਤਾਂ ਪਰਦੇਸ਼ ਚਲੇ ਗਏ। ਪਰਦੇਸ਼ ਨੂੰ ਲੈ ਕੇ ਕਿੰਨੀਆਂ ਕਵਿਤਾਵਾਂ ਅਤੇ ਲੋਕ ਕਹਾਣੀਆਂ ਮੌਜੂਦ ਹਨ। ਦੇਸ਼ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਤੁਸੀਂ ਪੈਦਾ ਹੋਏ ਹੋਏ। ਦੇਸ਼ ਅਤੇ ਉਸ ਦਾ ਆਲਾ-ਦੁਆਲਾ ਜੋ ਵਿਦੇਸ਼ ਦੀ ਧਾਰਨਾ ਹੈ, ਇਹ 18ਵੀਂ ਅਤੇ 19ਵੀਂ ਸਦੀ ਦੀ ਹੈ। 16ਵੀਂ ਸਦੀ ‘ਚ ਦੇਸ਼, ਵਿਦੇਸ਼ ਅਤੇ ਵਿਦੇਸ਼ੀ ਜਿਹੀ ਧਾਰਨਾ ਕਿਤੇ ਨਹੀਂ ਸੀ ਅਤੇ ਰਾਸ਼ਟਰ ਦਾ ਤਾਂ ਬਿਲਕੁਲ ਸਵਾਲ ਨਹੀਂ ਸੀ।
ਇਹ ਸਾਰੀਆਂ ਧਾਰਨਾਵਾਂ ਬਾਅਦ ਦੀਆਂ ਹਨ ਅਤੇ ਇਨ੍ਹਾਂ ਦਾ ਆਪਣਾ ਮਹੱਤਵ ਹੈ। ਸਮੱਸਿਆ ਉਦੋਂ ਹੁੰਦੀ ਹੈ, ਜਦੋਂ ਤੁਸੀਂ 19ਵੀਂ ਸਦੀ ਦੀ ਧਾਰਨਾ ਨੂੰ 16ਵੀਂ ਸਦੀ ‘ਚ ਲਿਆਉਣ ਦੀ ਕੋਸ਼ਿਸ਼ ਕਰਦੇ ਹੋ। ਜਿਵੇਂ ਅਸੀਂ ਮੰਨ ਲਈਏ ਕਿ ਹਲਦੀ ਘਾਟੀ ਦੀ ਲੜਾਈ ‘ਚ ਅਕਬਰ ਦੀਆਂ ਫ਼ੌਜਾਂ ਫਾਈਟਰ ਪਲੇਨ ‘ਚ ਬੈਠ ਕੇ ਗਈਆਂ ਸਨ। ਕੋਈ ਅਜਿਹਾ ਕਰਨ ਦੀ ਜ਼ਿੱਦ ਕਰੇ ਤਾਂ ਅਸੀਂ ਇਸ ਨੂੰ ਮੂਰਖਤਾ ਹੀ ਕਹਾਂਗੇ।
ਪਰ ਸਾਨੂੰ ਇਸ ਮੂਰਖਤਾ ਦਾ ਲਾਭ ਹੋ ਰਿਹਾ ਹੈ ਅਤੇ ਮੂਰਖਤਾ ਉਨ੍ਹਾਂ ਦੀ ਲੋੜ ਹੈ। ਭਾਜਪਾ ਦੀ ਵੋਟ ਬੈਂਕ ਦੀ ਰਾਜਨੀਤੀ ਦਾ ਰਾਜਸਥਾਨ ਚੰਗਾ ਉਦਾਹਰਣ ਹੈ। ਇਤਿਹਾਸ ਨੂੰ ਤੋੜ-ਮਰੋੜ ਕੇ ਲਿਖਵਾਉਣਾ ਸਿਰਫ ਰਾਈਟ ਵਿੰਗ ਨੂੰ ਹੀ ਰਾਸ ਨਹੀਂ ਆਉਂਦਾ ਹੈ, ਸਗੋਂ ਸੋਵੀਅਤ ਰੂਸ ‘ਚ ਅਜਿਹਾ ਕੰਮ ਕਮਿਊਨਿਸਟਾਂ ਨੇ ਵੀ ਕੀਤਾ ਸੀ।
ਸੋਵੀਅਤ ਰੂਸ ‘ਚ ਜਿਹੜਾ ਇਤਿਹਾਸ ਲਿਖਿਆ ਗਿਆ ਸੀ ਉਹ ਏਨਾ ਗਲਤ ਸੀ ਕਿ ਇਨ੍ਹਾਂ ਨੇ ਜ਼ਬਰਦਸਤੀ ਇਕ ਕਿਸਮ ਦੀ ਰਾਸ਼ਟਰਵਾਦੀ ਧਾਰਨਾ ਬਣਾ ਦਿੱਤੀ ਸੀ। ਅਜਿਹੀ ਛੇੜਛਾੜ ਕਿਸੇ ਵੀ ਤਰ੍ਹਾਂ ਸੰਭਵ ਹੈ। ਸਾਡੇ ਦੇਸ਼ ‘ਚ ਰਾਈਟ ਵਿੰਗ ਇਹ ਕੰਮ ਇਸ ਲਈ ਕਰ ਰਿਹਾ ਹੈ, ਕਿਉਂਕਿ ਇਸ ਦੀ ਬੁਨਿਆਦ ਆਜ਼ਾਦੀ ਦੀ ਲੜਾਈ ਦੌਰਾਨ ਹੀ ਬਣ ਗਈ ਸੀ।
ਕਾਂਗਰਸ ‘ਚ ਹਿੰਦੂ ਅਤੇ ਮੁਸਲਮਾਨਾਂ ਦੇ ਵੱਖ-ਵੱਖ ਧੜੇ ਬਣ ਗਏ ਸਨ। ਇਕ ਧੜੇ ਦੇ ਮੁਕਾਬਲੇ ਦੂਜੇ ਧੜੇ ਦੇ ਰੂਪ ‘ਚ ਫਿਰਕਾਪ੍ਰਸਤੀ ਅਤੇ ਰਾਸ਼ਟਰਵਾਦ ਨੂੰ ਜਿਹੜਾ ਰੂਪ ਦਿੱਤਾ ਗਿਆ, ਉਹ ਸਾਡੇ ਰਾਸ਼ਟਰੀ ਅੰਦੋਲਨ ਦਾ ਇਕ ਰੂਪ ਸੀ। ਇਸ ਦਾ ਪਰਛਾਵਾਂ ਇਤਿਹਾਸ ‘ਤੇ ਵੀ ਪਿਆ। ਅਜਿਹੇ ‘ਚ ਜਿਹੜਾ ਇਤਿਹਾਸ ਪੜ੍ਹਿਆ ਗਿਆ ਸੀ, ਉਹ ਹਿੰਦੂ ਬਨਾਮ ਮੁਸਲਿਮ ਹੁੰਦਾ ਸੀ। ਇਸ ਨੂੰ ਧਾਰਮਿਕ ਇਕਾਈਆਂ ‘ਚ ਹੀ ਵੇਖਿਆ ਜਾਂਦਾ ਸੀ। 1950 ਤੋਂ 1970 ਵਿਚਕਾਰ ਇਤਿਹਾਸ ਲਿਖਣ ਦਾ ਰੂਪ ਬਦਲਿਆ ਗਿਆ। ਇਹ ਹਿੰਦੂ ਬਨਾਮ ਮੁਸਲਿਮ ਨੂੰ ਛੱਡ ਕੇ ਨਵੇਂ ਵਰਗ ਸੰਘਰਸ਼ ਵਜੋਂ ਆਇਆ, ਜਿਸ ਨੂੰ ਮਾਰਕਸਵਾਦੀ ਇਤਿਹਾਸਕਾਰਾਂ ਨੇ ਅੱਗੇ ਵਧਾਇਆ।
ਇਹ ਇਤਿਹਾਸਕਾਰ ਗਿਣਤੀ ‘ਚ ਬਹੁਤ ਵੱਧ ਨਹੀਂ ਸਨ। ਸਭ ਤੋਂ ਪਹਿਲਾਂ ਡੀ.ਡੀ. ਕੌਸ਼ਬੀ, ਇਰਫਾਨ ਹਬੀਬ, ਆਰ.ਐਸ. ਸ਼ਰਮਾ ਅਤੇ ਏ.ਆਰ. ਦੇਸਾਈ ਜਿਹੇ ਇਤਿਹਾਸਕਾਰਾਂ ਨੇ ਲੇਖਣੀ ਨੂੰ ਨਵੀਂ ਕਰਵਟ ਦਿੱਤੀ। ਉਨ੍ਹਾਂ ਨੇ ਇਤਿਹਾਸ ਲੇਖਣ ਦਾ ਰੁਖ ਬਦਲ ਦਿੱਤਾ। ਇਥੇ ਧਾਰਮਿਕ ਇਕਾਈਆਂ ਸਨ, ਉਥੇ ਇਨ੍ਹਾਂ ਵਰਗ ਸੰਘਰਸ਼ਾਂ ਨੂੰ ਸਥਾਪਤ ਕੀਤਾ। ਇਸ ਨਾਲ ਇਤਿਹਾਸ ਲੇਖਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਬਦਲ ਗਈ। 1980 ਦੇ ਮੱਧ ‘ਚ ਇਹ ਇਕਾਈਆਂ ਵੀ ਕਮਜ਼ੋਰ ਪੈਣ ਲੱਗੀਆਂ। ਇਕ ਤਾਂ ਮਾਰਕਸਵਾਦ ਦੀਆਂ ਆਪਣੀਆਂ ਕਮਜ਼ੋਰੀਆਂ ਸਨ। ਨਵੇਂ ਨਵੇਂ ਵਿਸ਼ੇ ਉਭਰ ਕੇ ਸਾਹਮਣੇ ਆਏ, ਜਿਨ੍ਹਾਂ ਦੀ ਵਿਆਖਿਆ ਮਾਰਕਸਵਾਦ ਕੋਲ ਨਹੀਂ ਸੀ। ਜਿਵੇਂ ਭਾਵਨਾਵਾਂ ਦਾ ਇਤਿਹਾਸ, ਵਿਅਕਤੀਆਂ ਦੇ ਸਬੰਧਾਂ ਦਾ ਇਤਿਹਾਸ, ਹੈਬੀਟਾਟ ਦਾ ਇਤਿਹਾਸ, ਵਾਤਾਵਰਣ ਦਾ ਇਤਿਹਾਸ ਤੇ ਜੈਂਡਰ ਦਾ ਇਤਿਹਾਸ। ਅਜਿਹੇ ਕਈ ਵਿਸ਼ੇ ਆਉਣ ਲੱਗੇ ਸਨ। ਅਜਿਹੇ ਵਿਚ ਇਤਿਹਾਸ ਲੇਖਣ ਫੇਰ ਤੋਂ ਘਿਰਿਆ। 1985 ਆਉਂਦੇ ਆਉਂਦੇ ਸਥਿਤੀ ਬਿਲਕੁਲ ਬਦਲ ਚੁੱਕੀ ਸੀ। ਇਹ ਲੇਖਣ ਹਿੰਦੂ-ਮੁਸਲਿਮ ਇਕਾਈਆਂ ਤੋਂ ਬਹੁਤ ਦੂਰ ਜਾ ਚੁੱਕਾ ਸੀ।
ਬਦਕਿਸਮਤੀ ਹੈ ਕਿ ਰਾਈਟ ਵਿੰਗ ਇਤਿਹਾਸਕਾਰ ਕੋਈ ਹੈ ਨਹੀਂ। ਪਹਿਲਾਂ ਸਨ ਤੇ ਬਹੁਤ ਚੰਗੇ ਇਤਿਹਾਸਕਾਰ ਸਨ। ਇਨ੍ਹਾਂ ਵਿਚ ਆਰ.ਸੀ. ਮਜੂਮਦਾਰ ਸਭ ਤੋਂ ਵੱਡਾ ਨਾਂ ਹੈ। ਰਾਧਾਕ੍ਰਿਸ਼ਣ ਮੁਖਰਜੀ ਲਖਨਊ ਵਿਚ ਸਨ। ਇਨ੍ਹਾਂ ਲੋਕਾਂ ਨੇ ਇਤਿਹਾਸ ਨੂੰ ਬਿਲਕੁਲ ਹਿੰਦੂ ਦ੍ਰਿਸ਼ ਵਿਚ ਦੇਖਿਆ। ਫਿਰ ਵੀ ਇਹ ਬਹੁਤ ਯੋਗ ਇਤਿਹਾਸਕਾਰ ਸਨ। ਉਨ੍ਹਾਂ ਨਾਲ ਬਹਿਸ ਕਰਨ ਵਿਚ ਮਜ਼ਾ ਆਉਂਦਾ ਸੀ। ਮੈਂ ਤਾਂ ਉਸ ਵਕਤ ਛੋਟਾ ਸੀ ਇਸ ਲਈ ਬਹਿਸ ਨਹੀਂ ਕਰ ਪਾਉਂਦਾ ਸੀ ਪਰ ਆਰ.ਐਸ. ਸ਼ਰਮਾ ਤੇ ਇਰਫ਼ਾਨ ਹਬੀਬ ਬਹੁਤ ਤਿੱਖੀ ਬਹਿਸ ਕਰਦੇ ਸਨ। ਅੱਜ ਤਾਂ ਕੋਈ ਹੈ ਹੀ ਨਹੀਂ, ਜਿਸ ਨਾਲ ਬਹਿਸ ਕੀਤੀ ਜਾ ਸਕੇ।
ਹੁਣ ਇਤਿਹਾਸ ਦੇ ਮੁੱਦੇ ਬਦਲ ਚੁੱਕੇ ਹਨ। ਹੁਣ ਫੇਰ ਤੋਂ ਲੋਕ ਹਿੰਦੂ ਬਨਾਮ ਮੁਸਲਿਮ ਇਤਿਹਾਸ ਲਿਖਣਾ ਚਾਹੁੰਦੇ ਹਨ, ਜਿਸ ਦੀ ਕੋਈ ਪ੍ਰਸੰਗਕਿਤਾ ਨਹੀਂ ਹੈ। ਪਰ ਇਹ ਫਿਰ ਤੋਂ ਉਥੇ ਵਾਪਸ ਜਾਣਾ ਚਾਹੁੰਦੇ ਹਨ। ਦਰਅਸਲ, ਜੇਮਸ ਮਿਲ ਨੇ ਭਾਰਤੀ ਇਤਿਹਾਸ ਨੂੰ ਤਿੰਨ ਸਾਂਚਿਆਂ ਵਿਚ ਵੰਡਿਆ ਸੀ। ਮਿਲ ਸਾਹਿਬ ਨੇ ਹੀ ਸਾਨੂੰ ਸਿਖਾਇਆ ਕਿ ਭਾਰਤੀ ਇਤਿਹਾਸ ਦਾ ਇਕ ਹਿੰਦੂ ਕਾਲ ਹੈ, ਮੁਸਲਿਮ ਕਾਲ ਹੈ ਤੇ ਬ੍ਰਿਟਿਸ਼ ਕਾਲ ਹੈ। ਪਰ ਜੇਮਸ ਮਿਲ ਦੇ ਚਸ਼ਮੇ ਵਾਲੇ ਇਤਿਹਾਸ ਨੂੰ ਭਾਰਤੀ ਇਤਿਹਾਸਕਾਰਾਂ ਨੇ ਬਹੁਤ ਪਿਛੇ ਛੱਡ ਦਿੱਤਾ ਹੈ। ਉਨ੍ਹਾਂ ਨੂੰ ਇਤਿਹਾਸ ਪਸੰਦ ਨਹੀਂ ਹੈ ਕਿਉਂਕਿ ਉਹ ਹਿੰਦੂ ਬਨਾਮ ਮੁਸਲਿਮ ਦਾ ਤਾਲਮੇਲ ਬਿਠਾ ਨਹੀਂ ਪਾਉਂਦੇ ਹਨ। ਮਹਾਰਾਣਾ ਪ੍ਰਤਾਪ ਦਾ ਹੀ ਉਦਾਹਰਣ ਲਓ। ਜ਼ਾਹਰ ਹੈ, ਉਹ ਆਪਣੀ ਫ਼ੌਜ ਦੇ ਨੇਤਾ ਸਨ ਪਰ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਸਭ ਤੋਂ ਵੱਡੇ ਯੋਧੇ ਹਾਕਿਮ ਖਾਨ ਸਨ, ਜੋ ਕਿ ਮੁਸਲਮਾਨ ਸਨ।
ਅਕਬਰ ਵਲੋਂ ਰਾਜਾ ਮਾਨ ਸਿੰਘ ਸਨ ਜੋ ਕਿ ਹਿੰਦੂ ਸਨ। ਅਜਿਹੇ ਵਿਚ ਅਸੀਂ ਉਸ ਨੂੰ ਹਿੰਦੂ ਬਨਾਮ ਮੁਸਲਮਾਨ ਕਿਵੇਂ ਕਰ ਸਕਦੇ ਹਾਂ? ਉਸ ਜ਼ਮਾਨੇ ਵਿਚ ਹਿੰਦੂ ਬਨਾਮ ਮੁਸਲਮਾਨ ਵਰਗੀ ਕੋਈ ਗੱਲ ਹੀ ਨਹੀਂ ਸੀ। ਤੁਸੀਂ ਦੇਖ ਰਹੇ ਹੋ ਕਿ ਮਹਾਰਾਣਾ ਪ੍ਰਤਾਪ ਦਾ ਸਭ ਤੋਂ ਵੱਡਾ ਸਾਥੀ ਮੁਸਲਮਾਨ ਹੈ ਤੇ ਦੂਸਰੇ ਪਾਸੇ ਹਿੰਦੂ ਰਾਜਾ ਮਾਨ ਸਿੰਘ ਉਨ੍ਹਾਂ ਨਾਲ ਲੜਾਈ ਲੜ ਰਹੇ ਹਨ ਤਾਂ ਤੁਸੀਂ ਇਸ ਨੂੰ ਹਿੰਦੂ ਬਨਾਮ ਮੁਸਲਿਮ ਕਿਵੇਂ ਸਿੱਧ ਕਰ ਦਓਗੇ? ਉਸ ਜ਼ਮਾਨੇ ਵਿਚ ਅਜਿਹਾ ਨਹੀਂ ਕੀਤਾ ਗਿਆ ਸੀ।
ਮਹਾਰਾਣਾ ਪ੍ਰਤਾਪ ਉਸ ਵਕਤ ਹੀਰੋ ਵਾਂਗ ਸਨ ਤੇ ਉਹ ਪ੍ਰਸਿੱਧ ਵੀ ਹੋਏ। ਲੋਕ ਗੀਤਾਂ ਅਤੇ ਲੋਕ ਗਾਥਾਵਾਂ ਵਿਚ ਮਹਾਰਾਣਾ ਪ੍ਰਤਾਪ ਦੀ ਲੋਕਪ੍ਰਿਯਤਾ ਕਾਫ਼ੀ ਹੈ। ਪਰ ਇਕ ਹਿੰਦੂ ਰਾਸ਼ਟਰਵਾਦੀ ਨੇ ਆਪਣੇ ਰਾਸ਼ਟਰ ਦੀ ਰੱਖਿਆ ਕਰਨ ਲਈ ਇਕ ਵਿਦੇਸ਼ੀ ਨਾਲ ਲੜਾਈ ਕੀਤੀ, ਇਹ ਧਾਰਨਾ ਤਾਂ ਸੀ ਹੀ ਨਹੀਂ ਅਤੇ ਇਸ ਦੀ ਕੋਈ ਪ੍ਰਸੰਗਕਿਤਾ ਵੀ ਨਹੀਂ ਹੈ। ਅਜਿਹੇ ਵਿਚ ਉਨ੍ਹਾਂ ਦੀ ਸਮੱਸਿਆ ਇਹ ਹੈ ਕਿ ਜੇਕਰ ਤੱਥ ਉਨ੍ਹਾਂ ਨਾਲ ਨਹੀਂ ਜਾਂਦੇ ਤਾਂ ਤੱਥਾਂ ਨੂੰ ਮਰੋੜ ਦੇਵੋ ਤੇ ਕਹਿ ਦੇਵੋ ਕਿ ਹਲਦੀ ਘਾਟੀ ਵਿਚ ਮਹਾਰਾਣਾ ਪ੍ਰਤਾਪ ਜਿੱਤੇ ਸਨ। ਬੱਚਿਆਂ ਦਾ ਕੀ, ਉਹ ਤਾਂ ਮੰਨ ਹੀ ਲੈਣਗੇ।
ਕਈ ਵਾਰ ਲੋਕਾਂ ਵਿਚ ਸੱਚ ਨੂੰ ਲੁਕਾਉਣ ਅਤੇ ਫ਼ਰਜੀ ਗੌਰਵ ਨੂੰ ਸਥਾਪਤ ਕਰਨ ਲਈ ਸੱਚ ਨੂੰ ਦਬਾਇਆ ਜਾਂਦਾ ਹੈ। ਅਜਿਹਾ ਕਰਨਾ ਦੋਹਾਂ ਨੂੰ ਚੰਗਾ ਲਗਦਾ ਹੈ। ਲੋਕ ਵੀ ਜਿਸ ਜਾਤੀ ਅਤੇ ਮਜ਼੍ਹਬ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਦੀ ਬਹਾਦੁਰੀ ਦੀਆਂ ਕਹਾਣੀਆਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ। ਉਸ ਸਮੇਂ ਇਸ ਨੂੰ ਇਕ ਹਿੰਦੂ ਅਤੇ ਮਸਲਮਾਨ ਦੀ ਲੜਾਈ ਵਜੋਂ ਨਹੀਂ ਵੇਖਿਆ ਗਿਆ। ਉਹ ਲੜਾਈ ਇਕ ਬਾਦਸ਼ਾਹ ਅਤੇ ਇਕ ਵੀਰ ਦੀ ਤਕਰਾਰ ਵਜੋਂ ਵੇਖੀ ਜਾਂਦੀ ਸੀ।
ਜਿਸ ‘ਚ ਬੇਖੌਫ ਯੌਧਾ ਦੀ ਬਹਾਦੁਰੀ ਅਤੇ ਬਾਦਾਸ਼ਾਹ ਦਾ ਆਪਣਾ ਇਤਿਹਾਸ ਹੈ। ਮੱਧਕਾਲੀਨ ਭਾਰਤ ਦਾ ਇਕ ਦਿਲਚਸਪ ਤੱਥ ਇਹ ਹੈ ਕਿ ਮੁਗਲ ਬਾਦਸ਼ਾਹਾਂ ‘ਚ ਜਾਂ ਉਨ੍ਹਾਂ ਤੋਂ ਪਹਿਲਾਂ ਰਾਜਪੂਤਾਂ ਦੀਆਂ 300 ਸਾਲ ਤਕ ਲੜਾਈਆਂ ਚਲਦੀਆਂ ਰਹੀਆਂ। ਕੋਈ ਕਿਸੇ ਤੋਂ ਨਹੀਂ ਹਾਰਿਆ। ਜਦੋਂ ਮੁਗ਼ਲ ਆਏ ਤਾਂ ਉਨ੍ਹਾਂ ਨੇ ਰਾਜਪੂਤਾਂ ਨੂੰ ਆਪਣੇ ਨਾਲ ਮਿਲਾ ਲਿਆ। ਅਕਬਰ ਦੇ ਵੱਡੇ ਭਰੋਸੇਯੋਗ ਰਾਜਾ ਮਾਨ ਸਿੰਘ ਸਨ। ਔਰੰਗਜ਼ੇਬ ਦੇ ਜ਼ਮਾਨੇ ‘ਚ ਜੋ ਸਭ ਤੋਂ ਭਰੋਸੇਮੰਦ ਸਨ ਉਹ ਮਹਾਰਾਜਾ ਜਸਵੰਤ ਸਿੰਘ ਅਤੇ ਮਹਾਰਾਜਾ ਜੈ ਸਿੰਘ ਸਨ। ਮਰਾਠੇ ਵੀ ਭਰੇ ਹੋਏ ਸਨ। ਉਸ ਜ਼ਮਾਨੇ ‘ਚ ਇਸ ਨੂੰ ਹਿੰਦੂ ਬਨਾਮ ਮੁਸਲਿਮ ਕਦੇ ਵੀ ਨਹੀਂ ਵੇਖਿਆ ਗਿਆ। ਮੁਗ਼ਲਾਂ ‘ਚ ਅਤੇ ਰਾਜਪੂਤਾਂ ‘ਚ ਲੜਾਈਆਂ ਹੁੰਦੀਆਂ ਹਨ, ਮੁਗ਼ਲਾਂ ‘ਚ ਅਤੇ ਸਿੱਖਾਂ ‘ਚ ਹੋਈਆਂ, ਮੁਗ਼ਲਾਂ ਅਤੇ ਮਰਾਠਿਆਂ ‘ਚ ਹੋਈਆਂ, ਮੁਗ਼ਲਾਂ ਅਤੇ ਜਾਟਾਂ ‘ਚ ਹੋਈਆਂ। ਇਨ੍ਹਾਂ ਲੜਾਈਆਂ ‘ਚ ਖੂਨ-ਖਰਾਬਾ ਹੋਇਆ, ਪਰ ਪੂਰੇ 550 ਸਾਲਾਂ ‘ਚ ਜਿਸ ਨੂੰ ਜੇਮਸ ਮਿਲ ਨੇ ਮੁਸਲਿਮ ਸ਼ਾਸਨਕਾਲ ਕਿਹਾ ਸੀ, ਉਸ ‘ਚ ਇਕ ਵੀ ਫਿਰਕੂ ਦੰਗਾ ਨਹੀਂ ਹੋਇਆ ਸੀ।
ਪਹਿਲਾ ਦੰਗਾ ਜੋ ਹੋਇਆ ਉਹ 1713-14 ‘ਚ ਅਹਿਮਦਾਬਾਦ ‘ਚ ਹੋਇਆ। ਇਹ ਦੰਗਾ ਹੋਲੀ ਅਤੇ ਇਕ ਗਾਂ ਦੀ ਹਤਿਆ ਨੂੰ ਲੈ ਕੇ ਹੋਇਆ ਸੀ। ਔਰੰਗਜ਼ੇਬ ਦੀ ਮੌਤ 1707 ‘ਚ ਹੋ ਚੁੱਕੀ ਸੀ। ਉਸ ਦੇ 6-7 ਸਾਲ ਬਅਦ ਦੰਗਾ ਹੋਇਆ। ਸੋਚੋ, ਔਰੰਗਜ਼ੇਬ ਦੇ ਜ਼ਮਾਨੇ ‘ਚ ਵੀ ਕੋਈ ਦੰਗਾ ਨਹੀਂ ਹੋਇਆ। ਪੂਰੀ 18ਵੀਂ ਸਦੀ ‘ਚ ਸਿਰਫ ਪੰਜ ਦੰਗੇ ਹੋਏ ਸਨ। ਮੱਧਕਾਲ ‘ਚ ਫਿਰਕੂ ਦੰਗੇ ਨਹੀਂ ਹੋਏ, ਮਤਲਬ ਹਿੰਦੂ-ਮੁਲਮਾਨ ਇਕ-ਦੂਜੇ ਦੀ ਗਰਦਨ ਵੱਢਣ ਦੇ ਕਾਹਲੇ ਨਹੀਂ ਸਨ। ਅੱਜ ਤਾਂ ਸਾਡਾ ਦੇਸ਼ ਧਰਮ-ਨਿਰਪੇਖ ਹੈ, ਪਰ ਵੇਖੋ ਕਿੰਨੇ ਦੰਗੇ ਹੋ ਰਹੇ ਹਨ।
ਮੈਂ ਇਨ੍ਹਾਂ ਅੰਕੜਿਆਂ ਦਾ ਜ਼ਿਕਰ ਇਸ ਲਈ ਕਰ ਰਿਹਾ ਹਾਂ ਕਿ ਉਸ ਸਮੇਂ ਦੀ ਤਸਵੀਰ ਵੱਖ ਸੀ। 18ਵੀਂ ਸਦੀ ਦੀ ਸ਼ੁਰੂਆਤ ‘ਚ ਜਦੋਂ ਮੁਗ਼ਲ ਸਾਮਰਾਜ ਦਾ ਪਤਨ ਸ਼ੁਰੂ ਹੋਇਆ ਤਾਂ ਫਿਰ ਪਛਾਣ ਲਈ ਗੋਲਬੰਦੀ ਸ਼ੁਰੂ ਹੋਈ। ਮੁਸਲਿਮ ਪਛਾਣ ਸ਼ਾਹ ਹਬੀਬੁੱਲਾ ਨੇ ਉਭਾਰਨਾ ਸ਼ੁਰੂ ਕੀਤਾ ਕਿ ਕੱਟੜ ਮੁਸਲਮਾਨ ਬਣਨਾ ਚਾਹੀਦਾ ਹੈ। ਉਸ ਦਾ ਮੰਨਣਾ ਸੀ ਕਿ ਅਸੀਂ ਜਿਸ ਨੂੰ ਕੰਪੋਜ਼ਿਟ ਕਲਚਰ ਕਹਿ ਰਹੇ ਸੀ, ਉਸ ‘ਚ ਵਹਿ ਗਏ ਸੀ ਅਤੇ ਸਾਨੂੰ ਉਸ ਦਾ ਸ਼ੁੱਧੀਕਰਨ ਕਰਨਾ ਚਾਹੀਦਾ ਹੈ।
ਪਛਾਣ ਦਾ ਨਿਰਮਾਣ ਜੋ ਸ਼ੁਰੂ ਹੋਇਆ ਉਹ 18ਵੀਂ ਸਦੀ ‘ਚ ਹੋਇਆ ਸੀ ਅਤੇ 19ਵੀਂ ਸਦੀ ‘ਚ ਉਸ ਨੂੰ ਖਾਸ ਤੌਰ ‘ਤੇ ਹੁੰਗਾਰਾ ਮਿਲਿਆ ਹੈ। ਉਸ ਤੋਂ ਬਾਅਦ ਵੇਖਿਆ ਗਿਆ ਕਿ ਮੁਸਲਮਾਨਾਂ ਦੀ ਸ਼ਕਤੀ ਦਾ ਬਿਲਕੁਲ ਖਾਤਮਾ ਹੋ ਚੁੱਕਾ ਸੀ, ਪਰ ਮੁਸਲਮਾਨਾਂ ਦੀ ਸ਼ਕਤੀ ਦਾ ਖ਼ਤਮ ਹੋਣਾ ਗਲਤ ਗੱਲ ਹੈ, ਕੀ ਮੱਧਕਾਲ ‘ਚ ਸ਼ਾਸਕ ਮੁਸਲਮਾਨ ਸਨ?
ਮਤਲਬ ਜੋ ਸ਼ਾਸਕ ਸਨ, ਉਹ ਮੁਸਲਮਾਨ ਸਨ, ਪਰ ਇਹ ਕਹਿਣਾਂ ਕਿ ਮੁਸਲਿਮ ਸ਼ਾਸਨ ਸੀ ਜਾਂ ਮੁਸਲਿਮ ਭਾਈਚਾਰੇ ਦਾ ਸ਼ਾਸਨ ਸੀ ਅਤੇ ਹਿੰਦੂ ਸ਼ਾਸਨ ਸੀ ਤਾਂ ਆਪਣੇ ਆਪ ‘ਚ ਪੁੱਠੀ ਜਿਹੀ ਗੱਲ ਹੈ। ਭਾਈਚਾਰਾ ਸ਼ਾਸਕ ਨਹੀਂ ਹੁੰਦਾ। ਭਾਈਚਾਰੇ ਦੇ ਉਪਰ ਦਾ ਜੋ ਪੱਧਰ ਹੁੰਦਾ ਹੈ, ਉਹ ਸ਼ਾਸਕ ਹੁੰਦਾ ਹੈ। ਮੁਸਲਮਾਨ ਦਾ ਪਤਨ ਹੋਇਆ, ਮੁਸਲਮਾਨ ਦੀ ਤਬਾਹੀ ਹੋਈ ਇਹ ਵੀ ਆਪਣੇ ਆਪ ਵਿਚ ਗ਼ਲਤ ਵਿਆਖਿਆ ਹੈ। ਪਰ ਫਿਰ ਵੀ ਇਹ ਪਛਾਣ ਬਣਨੀ ਸ਼ੁਰੂ ਹੋ ਗਈ ਸੀ। 19ਵੀਂ ਸਦੀ ‘ਚ ਅਤੇ ਖਾਸ ਕਰ 20ਵੀਂ ਸਦੀ ‘ਚ ਜਦੋਂ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਤਾਂ ਉਸ ‘ਚ ਜਨਭਾਵਨਾ ਧਰਮ ਅਤੇ ਇਲਾਕੇ ਤੋਂ ਦੂਰ ਸੀ। ਉਦੋਂ ਤਕ ਜੋ ਮੁਗ਼ਲਾਂ ਦੇ ਨਾਲ ਜਾਟਾਂ, ਸਿੱਖਾਂ, ਰਾਜਪੂਤਾਂ ਅਤੇ ਮਰਾਠਿਆਂ ਦੀਆਂ ਲੜਾਈਆਂ ਹੁੰਦੀਆਂ ਰਹੀਆਂ ਸਨ, ਉਹ ਇਕ ਰਾਜਨੀਤਕ ਅਤੇ ਮਿਲਟਰੀ ਕਾਨਫਲਿਕਟ ਸਨ। ਕਹਿਣ ‘ਚ ਤਾਂ ਅਜੀਬ ਲੱਗਦਾ ਹੈ, ਪਰ ਸੱਚ ਇਹੀ ਹੈ ਕਿ ਫ਼ਿਰਕਾਪ੍ਰਸਤੀ ਦਾ ਜਨਮ ਲੋਕਤੰਤਰ ਦਾ ਇਕ ਪਹਿਲੂ ਹੈ। ਪਹਿਲਾਂ ਲੋਕਾਂ ਨੂੰ ਰਾਜਨੀਤਕ ‘ਚ ਸ਼ਾਮਲ ਨਹੀਂ ਕੀਤਾ ਜਾਂਦਾ ਸੀ, ਪਰ ਲੋਕਤੰਤਰ ‘ਚ ਲੋਕ ਸਿੱਧਾ ਰਾਜਨੀਤੀ ‘ਚ ਸ਼ਾਮਲ ਹੋਣ ਲੱਗੇ।
ਹੁਣ ਤਕ ਸ਼ਾਸਕ ਵਰਗ ਹੋਇਆ ਕਰਦਾ ਸੀ। ਜਦੋਂ ਲੋਕ ਸ਼ਾਮਲ ਹੁੰਦੇ ਹਨ ਤਾਂ ਉਸ ‘ਚ ਉਹ ਵੱਖ-ਵੱਖ ਤਰੀਕੇ ਨਾਲ ਸ਼ਾਮਲ ਹੁੰਦੇ ਹਨ। ਉਨ੍ਹਾਂ ਨੂੰ ਹਿੰਦੂ ਬਨਾਮ ਮੁਸਲਿਮ ਸ਼ਾਮਲ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਬੰਗਾਲੀ ਬਨਾਮ ਮਰਾਠੀ ਸ਼ਾਮਲ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਗਰੀਬ ਬਨਾਮ ਅਮੀਰ ਸ਼ਾਮਲ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਹਿੰਦੀ ਬਨਾਮ ਤਮਿਲ ਸ਼ਾਮਲ ਕੀਤਾ ਜਾਂਦਾ ਹੈ। ਉਸ ‘ਚ ਸਭ ਤੋਂ ਵੱਡਾ ਸੀ ਹਿੰਦੂ ਬਨਾਮ ਮੁਸਲਿਮ। ਕਾਂਗਰਸ ਦਾ ਜੋ ਰਾਸ਼ਟਰਵਾਦ ਚਰਿੱਤਰ ਸੀ, ਉਹ ਧਾਰਮਿਕ ਇਕਾਈਆਂ ਹੀ ਸਨ। ਪਰ ਫਰਕ ਇਹ ਸੀ ਕਿ ਕਾਂਗਰਸ ਲਈ ਹਿੰਦੂ ਮੁਸਲਿਮ ਭਾਈ-ਭਾਈ ਅਤੇ ਮੁਸਲਿਮ ਲੀਗ ਲਈ ਦੁਸ਼ਮਣ। ਜਦੋਂ ਦੇਸ਼ ਦਾ ਜਮਹੂਰੀਕਰਨ ਸ਼ੁਰੂ ਹੋਇਆ ਉਸ ‘ਚ ਇਹ ਸਾਰੀਆਂ ਪਛਾਣਾਂ ਉਭਰ ਕੇ ਸਾਹਮਣੇ ਆਈਆਂ।
ਇਸੇ ਪਛਾਣ ਦੇ ਸਹਾਰੇ ਲੋਕਾਂ ਨੂੰ ਲਾਮਬੰਦ ਕੀਤਾ ਜਾਂਦਾ ਹੈ। ਮਤਲਬ ਇਸ ਸਮੱਸਿਆ ਦਾ ਲੰਬਾ ਇਤਿਹਾਸਕ ਪਰਿਪੇਖ ਹੈ ਜੋ ਕਿ 19ਵੀਂ ਤੇ 20ਵੀਂ ਸ਼ਤਾਬਦੀ ਵਿਚ ਇਹ ਇਕਾਈਆਂ ਉਭਰ ਆਈਆਂ ਹਨ, ਜਿਸ ਦਾ ਨਤੀਜਾ ਅਸੀਂ ਅੱਜ ਦੇਖ ਰਹੇ ਹਾਂ, ਅਤੇ ਹੁਣ ਇਹ ਜਮਹੂਰੀਅਤ ਦਾ ਹਿੱਸਾ ਹੋ ਗਿਆ ਹੈ। ਨਹਿਰੂ ਦਾ ਇਹ ਵਿਚਾਰ ਸੀ ਕਿ ਆਉਣ ਵਾਲੇ ਵਕਤ ਵਿਚ ਇਹ ਸਾਰੀਆਂ ਚੀਜ਼ਾਂ ਖ਼ਤਮ ਹੋ ਜਾਣਗੀਆਂ ਪਰ ਹੋਇਆ ਇਸ ਦਾ ਉਲਟਾ।
ਦੇਸ਼ ਦੀ ਪਹਿਲੀ ਆਮ ਚੋਣ ਵੀ ਧਰਮ, ਜਾਤ ਅਤੇ ਇਲਾਕੇ ਦੇ ਆਧਾਰ ‘ਤੇ ਲੜੀ ਗਈ। ਨਹਿਰੂ ਮੰਨਦੇ ਸਨ ਕਿ ਇਹ ਪੱਛੜਿਆ ਹੋਇਆ ਸਮਾਜ ਹੈ, ਸਿੱਖਿਆ ਨਹੀਂ ਹੈ। ਕਿਸੇ ਨੇ ਵੋਟ ਦਿੱਤਾ ਨਹੀਂ ਹੈ ਅਤੇ ਆਉਣ ਵਾਲੇ ਸਮੇਂ ‘ਚ ਇਸ ਨੂੰ ਥੋੜ੍ਹਾ ਜਿਹਾ ਤਜੁਰਬਾ ਹੋ ਜਾਵੇਗਾ ਤਾਂ ਚੀਜ਼ਾਂ ਠੀਕ ਹੋ ਜਾਣਗੀਆਂ। ਨਹਿਰੂ ਮੰਨਦੇ ਸਨ ਕਿ ਜਦੋਂ ਕੋਈ ਵੋਟ ਦੇਣ ਜਾਂਦਾ ਹੈ ਤਾਂ ਇਕ ਵਿਅਕਤੀ ਹੁੰਦਾ ਨਾ ਕਿ ਜਾਤ ਜਾਂ ਧਰਮ ਦਾ ਪ੍ਰਤੀਨਿੱਧ। ਉਹ ਮੰਨਦੇ ਸਨ ਕਿ ਇਕ ਵਿਅਕਤੀ ਧਰਮ, ਜਾਤ ਅਤੇ ਇਲਾਕੇ ਦੇ ਦਬਾਅ ਤੋਂ ਮੁਕਤ ਹੋ ਜਾਵੇਗਾ, ਪਰ ਇਹ ਨਹੀਂ ਹੋਇਆ।
ਉਸ ਸਮੇਂ ਇਕ ਅਜਗਰ ਟਰਮ ਘੜਿਆ ਗਿਆ ਸੀ। ਮਤਲਬ ਅਹੀਰ, ਜਾਟ, ਗੁੱਜਰ, ਰਾਜਪੂਤ। ਇਨ੍ਹਾਂ ਨੂੰ ਜਾਤ ਦੇ ਨਾਂ ‘ਤੇ ਵੋਟ ਬੈਂਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਮੁਲਾਇਮ ਅਤੇ ਲਾਲੂ ਯਾਦਵ ਦੇ ਐਮ-ਵਾਈ (ਮੁਸਲਿਮ-ਯਾਦਵ) ਫਾਰਮੂਲੇ ਦੇ ਆਧਾਰ ‘ਤੇ ਹੀ ਸੀ। ਇਨ੍ਹਾਂ ਫਾਰਮੂਲਿਆਂ ਤੋਂ ਲੋਕਾਂ ਨੂੰ ਵੋਟ ਵੀ ਮਿਲੇ।
ਮਹਾਰਾਣਾ ਪ੍ਰਤਾਪ ਦੀ ਮਹਿਮਾ ਦਾ ਗੁਣਗਾਣ ਵੋਟ ਬੈਂਕ ਦੀ ਗੋਲਬੰਦੀ ਦਾ ਹੀ ਹਿੱਸਾ ਹੈ। ਉਹ ਇਕ ਰਾਜਾ ਸੀ। ਉਨ੍ਹਾਂ ਨੇ ਆਖ਼ਰੀ ਸਾਹ ਤੱਕ ਲੜਾਈ ਲੜੀ। ਇਹ ਉਨ੍ਹਾਂ ਦਾ ਮਹੱਤਵ ਹੈ ਤੇ ਇਸ ਨਾਲੋਂ ਜ਼ਿਆਦਾ ਉਨ੍ਹਾਂ ਦਾ ਮਹੱਤਵ ਨਹੀਂ ਹੈ। ਅਕਬਲ ਦੇ ਸਾਮਰਾਜ ਵਿਚ ਮੇਵਾੜ ਬਹੁਤ ਛੋਟਾ ਇਲਾਕਾ ਸੀ। ਬਾਅਦ ਵਿਚ ਮਹਾਰਾਣਾ ਪ੍ਰਤਾਪ ਦਾ ਬੇਟਾ ਜਹਾਂਗੀਰ ਦਾ ਖ਼ਾਸ ਬਣ ਗਿਆ। ਉਨ੍ਹਾਂ ਦਾ ਭਰਾ ਉਨ੍ਹਾਂ ਦੇ ਖ਼ਿਲਾਫ਼ ਲੜ ਰਿਹਾ ਸੀ। ਇਤਿਹਾਸਕ ਤੱਥ ਤਾਂ ਇਹੀ ਹਨ। ਅਜਿਹੇ ਵਿਚ ਮਹਾਰਾਣ ਪ੍ਰਤਾਪ ਅਤੇ ਉਨ੍ਹਾਂ ਦੇ ਰਾਜ ਨੂੰ ਕਿੰਨਾ ਮਹੱਤਵ ਮਿਲਣਾ ਚਾਹੀਦਾ ਹੈ? ਅਜਿਹਾ ਵੀ ਨਹੀਂ ਹੈ ਕਿ ਮੇਵਾੜ ਨੂੰ ਪਾਉਣ ਲਈ ਅਕਬਰ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਰਾਣਾ ਪ੍ਰਤਾਪ ਲੜਦੇ ਰਹੇ ਤੇ ਬਾਕੀ ਰਾਜਪੂਤ ਤਮਾਸ਼ਬੀਨ ਰਹੇ।
ਅਕਬਰ ਨੇ ਨਾ ਸਿਰਫ਼ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ ਬਲਕਿ ਨਵੇਂ ਢੰਗ ਦੇ ਸਾਮਰਾਜ ਦੀ ਸਥਾਪਨਾ ਕੀਤੀ। ਇਸ ਸਾਮਰਾਜ ਦਾ ਚਰਿੱਤਰ ਵੱਖਰਾ ਸੀ। 15 ਅਗਸਤ 1947 ਤੋਂ ਲੈ ਕੇ ਹੁਣ ਤਕ ਭਾਰਤ ਦਾ ਪ੍ਰਧਾਨ ਮੰਤਰੀ ਸ਼ਾਹਜਹਾਂ ਦੇ ਲਾਲ ਕਿਲੇ ਤੋਂ ਭਾਸ਼ਣ ਕਿਉਂ ਦਿੰਦਾ ਹੈ? ਆਜ਼ਾਦੀ ਦਾ ਜਸ਼ਨ ਲਾਲ ਕਿਲੇ ਤੋਂ ਕਿਉਂ ਮਨਾਇਆ ਜਾਂਦਾ ਹੈ? ਆਖ਼ਰ ਸ਼ਾਹਜਹਾਂ ਦੇ ਲਾਲ ਕਿਲੇ ਵਿਚ ਕੀ ਗੱਲ ਹੈ? ਸੁਭਾਸ਼ ਚੰਦਰ ਬੋਸ ਨੇ ਵੀ ਕਿਹਾ ਸੀ ਕਿ ਅਸੀਂ ਤਿਰੰਗਾ ਲਾਲ ਕਿਲੇ ‘ਤੇ ਲਹਿਰਾਵਾਂਗੇ। ਆਖ਼ਰ ਲਾਲ ਕਿਲੇ ਵਿਚ ਅਜਿਹੀ ਕੀ ਖੂਬੀ ਹੈ ਕਿ ਇਹ ਪ੍ਰਤੀਕ ਬਣ ਚੁੱਕਾ ਹੈ। ਲਾਲ ਕਿਲਾ ਉਸ ਰਾਜਕਾਜ ਦੇ ਚਰਿੱਤਰ ਅਤੇ ਸੰਸਕ੍ਰਿਤ ਦਾ ਪ੍ਰਤੀਕ ਬਣ ਚੁੱਕਾ ਹੈ ਜਿਸ ਨੂੰ ਅਕਬਰ ਨੇ ਸਥਾਪਤ ਕੀਤਾ ਸੀ।
ਅਕਬਰ ਨੇ ਇਕ ਵਾਰ ਕਿਹਾ ਸੀ ਕਿ ਕਿਸੇ ਵੀ ਧਰਮ ਦਾ ਅਪਮਾਨ ਈਸ਼ਵਰ ਦਾ ਅਪਮਾਨ ਹੁੰਦਾ ਹੈ। ਉਸ ਸਾਮਰਾਜ ਦਾ ਚਰਿੱਤਰ ਇਹ ਸੀ ਇਸ ਲਈ ਉਸ ਚਰਿੱਤਰ ਨੂੰ ਲੈ ਕੇ ਤੁਸੀਂ ਲਾਲ ਕਿਲੇ ‘ਤੇ ਜਾਂਦੇ ਹੋ। ਮੋਦੀ ਜੀ ਵੀ ਇਸੇ ਲਾਲ ਕਿਲੇ ‘ਤੇ ਜਾਂਦੇ ਹਨ। ਤੇ ਮੋਦੀ ਜੀ ਤਾਂ ਬਿਨਾਂ ਪ੍ਰਧਾਨ ਮੰਤਰੀ ਬਣਿਆ ਹੀ ਛੱਤੀਸਗੜ੍ਹ ਵਿਚ ਲਾਲ ਕਿਲੇ ਦੀ ਡਮੀ ‘ਤੇ ਭਾਸ਼ਣ ਦੇ ਚੁੱਕੇ ਹਨ।
ਇਹ ਮਹਾਨਤਾ ਕੋਈ ਮੁਕਾਬਲਾ ਨਹੀਂ ਹੈ। ਇਤਿਹਾਸ ਵਿਚ ਅਜਿਹਾ ਕੋਈ ਮੁਕਾਬਲਾ ਨਹੀਂ ਹੋਇਆ ਕਰਦਾ। ਇਤਿਹਾਸਕਾਰਾਂ ਲਈ ਇਹ ਮਹੱਤਵਪੂਰਨ ਗੱਲ ਨਹੀਂ ਹੈ। ਇਤਿਹਾਸ ਨੂੰ ਤੁਸੀਂ ਏਨਾ ਬਾਜ਼ਾਰੂ ਬਣਾ ਦਿੱਤਾ ਹੈ ਕਿ ਅਕਬਰ ਮਹਾਨ ਸਨ, ਤਾਂ ਉਹ ਮਹਾਨ ਕਿਉਂ ਨਹੀਂ। ਹੁਣ ਤੁਸੀਂ ਕਹੋਗੇ, ਉਹ ਏਨਾ ਨੀਚ ਸੀ ਤਾਂ ਦੂਸਰਾ ਕਿਉਂ ਨਹੀਂ?
ਸੋਚੋ ਕਿਹੋ ਜਿਹਾ ਸਮਾਂ ਹੈ ਕਿ ਇਕ ਵਿਧਾਇਕ ਕਹਿੰਦਾ ਹੈ ਕਿ ਮਹਾਰਾਣਾ ਪ੍ਰਤਾਪ ਨੇ ਹਲਦੀ ਘਾਟੀ ਦਾ ਯੁੱਧ ਜਿੱਤਿਆ ਸੀ ਅਤੇ ਪ੍ਰੋਫੈਸਰ ਕਹਿੰਦਾ ਹੈ ਕਿ ਠੀਕ ਹੈ ਜੀ ਲਿਖ ਰਿਹਾ ਹਾਂ। ਇਹ ਕੀ ਹੋ ਰਿਹਾ ਹੈ? ਅਕਬਰ ਨੇ ਜਿਸ ਸਾਮਰਾਜ ਦਾ ਨਿਰਮਾਣ ਕੀਤਾ, ਉਸ ਦੀ ਤਸਵੀਰ ਅਖੀਰ ਤਕ ਕਾÎਇਮ ਰਹੀ।
ਰਾਜਸਥਾਨ ‘ਚ ਰਾਜਪੂਤਾਂ ਦੀ ਗਿਣਤੀ ਬਹੁਤ ਛੋਟੀ ਹੈ, ਪਰ ਰਾਜਪੂਤਾਨਾ ਦਾ ਗੌਰਵ ਕਿਸੇ ਵੀ ਰਾਜਸਥਾਨੀ ‘ਤੇ ਥੋਪ ਦਿੱਤਾ ਜਾਂਦਾ ਹੈ। ਸਾਡੇ ਜੀਵਨ ‘ਚ ਸਿਆਸਤ ਏਨੀ ਗਰਕ ਚੁੱਕੀ ਹੈ ਕਿ ਹਰ ਚੀਜ਼ ਨੂੰ ਵੋਟ ਮਿਲਣ ਦੇ ਨਜ਼ਰੀਏ ਵਾਂਗ ਵੇਖਿਆ ਜਾਂਦਾ ਹੈ। ਪਦਮਿਨੀ ਨੂੰ ਲੈ ਕੇ ਵੀ ਅਜਿਹਾ ਕੁਝ ਹੋਇਆ, ਜੋ ਮਲਿਕ ਮੁਹੰਮਦ ਜਾਯਸੀ ਦੇ ਸਾਹਿਤ ਦੀ ਕਿਰਦਾਰ ਤੋਂ ਇਲਾਵਾ ਕੁੱਝ ਨਹੀਂ ਹੈ।
ਪਦਮਿਨੀ ਦੀ ਇਤਿਹਾਸ ‘ਚ ਕੋਈ ਹੋਂਦ ਨਹੀਂ ਹੈ। ਉਸੇ ਤਰ੍ਹਾਂ ਜੋਧਾਬਾਈ ਦੀ ਗੱਲ ਹੈ। ਇਤਿਹਾਸ ‘ਚ ਜੋਧਾਬਾਈ ਨਾਂ ਦੀ ਕੋਈ ਔਰਤ ਨਹੀਂ ਸੀ। ਜਹਾਂਗੀਰ ਦੀ ਇਕ ਪਤਨੀ ਜੋਧਪੁਰ ‘ਚ ਸੀ, ਜਿਸ ਨੂੰ ਜੋਧਬਾਈ ਕਿਹਾ ਜਾ ਸਕਦਾ ਹੈ। ਅਕਬਰ ਦੀ ਪਤਨੀ ਜੋਧਾਬਾਈ ਬਿਲਕੁਲ ਝੂਠ ਗੱਲ ਹੈ। ਜਿਸ ਨੇ ਜੋਧਾ ਅਕਬਰ ਬਣਾਈ, ਉਸ ਨੇ ਕਈ ਇਤਿਹਾਸਕਾਰਾਂ ਤੋਂ ਪੁੱਛਿਆ ਅਤੇ ਸਾਰਿਆਂ ਨੇ ਮਨ੍ਹਾ ਕੀਤਾ ਕਿ ਅਜਿਹੀ ਕੋਈ ਔਰਤ ਨਹੀਂ ਸੀ, ਪਰ ਉਸ ਨੇ ਫਿਲਮ ਬਣਾਈ।