ਜ਼ਮੀਰ ਦੇ ਰੰਗ ਬਦਲਣ ਦੇ ਮਾਹਰ ਹਨ ਨਿਤੀਸ਼ ਕੁਮਾਰ

ਜ਼ਮੀਰ ਦੇ ਰੰਗ ਬਦਲਣ ਦੇ ਮਾਹਰ ਹਨ ਨਿਤੀਸ਼ ਕੁਮਾਰ

ਨਿਤੀਸ਼ ਭਾਵੇਂ ਬਹੁਤ ਸਨਿਮਰਤਾ ਨਾਲ ਵਿਚਰਨ ਦਾ ਭਰਮ ਪਾਉਂਦੇ ਹਨ, ਪਰ ਅਸਲ ਵਿਚ ਉਨ੍ਹਾਂ ਵਿੱਚ ਹਉਮੈ ਵੀ ਬਹੁਤ ਜ਼ਿਆਦਾ ਹੈ। ਉਹ ਚੁਸਤੀ ਵਰਤਦਿਆਂ ਆਪਣੀ ਆਕੜ ਨੂੰ ਘਰੇ ਛੱਡ ਕੇ ਆਉਂਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਆਸਾਨੀ ਨਾਲ ਕਿਸੇ ਜੂਨੀਅਰ ਅਹੁਦੇ ਉੱਤੇ ਖ਼ੁਦ ਨੂੰ ਐਡਜਸਟ ਕਰਨਗੇ। ਇਸੇ ਲਈ ਉਨ੍ਹਾਂ 1990ਵਿਆਂ ਦੇ ਮੱਧ ਦੌਰਾਨ ਪਹਿਲਾਂ ਲਾਲੂ ਨਾਲ ਤੇ ਫਿਰ ਜਾਰਜ ਫਰਨਾਂਡੇਜ਼ ਨਾਲੋਂ ਤੋੜ-ਵਿਛੋੜਾ ਕਰ ਲਿਆ ਸੀ ਅਤੇ ਸ਼ਰਦ ਯਾਦਵ ਨਾਲ ਜਾ ਰਲੇ ਸਨ। ਸਾਲ 2013 ਵਿਚ ਉਨ੍ਹਾਂ ਦੀ ਹਉਮੈ ਨੇ ਨਰਿੰਦਰ ਮੋਦੀ ਦੀ 24-ਕੈਰੇਟ ਹਉਮੈ ਅੱਗੇ ਝੁਕਣ ਦੀ ਇਜਾਜ਼ਤ ਨਹੀਂ ਦਿੱਤੀ ਸੀ।

ਹਰੀਸ਼ ਖਰੇ
ਪਟਨਾ ਵਿੱਚ ਬਹੁਤ ਸਫ਼ਾਈ ਨਾਲ ਰਾਜ-ਪਲਟੇ ਨੂੰ ਅੰਜਾਮ ਦਿੱਤਾ ਗਿਆ। ਇਹ ਬਹੁਤ ਹੁਸ਼ਿਆਰੀ ਨਾਲ ਰਚਿਆ ਤੇ ਚਾਲਾਕੀ ਨਾਲ ਨੇਪਰੇ ਵੀ ਚਾੜ੍ਹਿਆ ਗਿਆ। ਇਹ ਸਭ ਕੁਝ ਟੈਂਕਾਂ ਤੇ ਕਮਾਂਡੋਜ਼ ਦੀ ਮਦਦ ਨਾਲ ਨਹੀਂ ਸਗੋਂ ਸੁਵਿਧਾਜਨਕ ਜ਼ਮੀਰ ਅਤੇ ‘ਜ਼ਹੀਨਤਰੀਨ’ ਮੌਕਾਪ੍ਰਸਤੀ ਨਾਲ ਸੰਭਵ ਹੋਇਆ। ਚੌਵੀ ਘੰਟਿਆਂ ਦੇ ਵਕਫ਼ੇ ਅੰਦਰ ਮੁੱਖ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ, ਗੱਠਜੋੜ ਦੇ ਆਪਣੇ ਮਨੋਨੀਤ ਭਾਈਵਾਲਾਂ ਤੋਂ ਖਹਿੜਾ ਛੁਡਾ ਲਿਆ ਤੇ ਆਪਣੇ ਐਲਾਨੀਆ ਸਿਆਸੀ ਵਿਰੋਧੀਆਂ ਨਾਲ ਹੱਥ ਮਿਲਾ ਕੇ ਤੇਜ਼ ਰਫ਼ਤਾਰ ਨਾਲ ਮਿਹਰਬਾਨ ਕਿਸਮ ਦੇ ਰਾਜਪਾਲ ਤੋਂ ਮੁੜ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਵੀ ਚੁੱਕ ਲਈ।
ਇਹ ਸਭ 1980ਵਿਆਂ ਦੀ ਦੂਜੇ ਦਰਜੇ ਦੀ ਹਿੰਦੀ ਫ਼ਿਲਮ ਦੀ ਸਕ੍ਰਿਪਟ ਵਾਂਗ ਜਾਪਦਾ ਹੈ। ਪਰ ਭਾਈ ਸਾਹਿਬ, ਇਹੋ ਤਾਂ ਭਾਰਤੀ ਸਿਆਸਤ ਹੈ। ਤਾਕਤ ਦੇ ਮੁਕੰਮਲ ਟਕਰਾਅ ਉੱਤੇ ਨੈਤਿਕਤਾ ਦੀ ਪਾਣ ਚੜ੍ਹਾ ਦਿੱਤੀ ਗਈ ਸੀ। ਕਾਰਗਿਲ ਦਿਵਸ ਮੌਕੇ ਇੱਕ ਹੋਰ ਕਿਸਮ ਦੀ ਜਿੱਤ ਹਾਸਲ ਕੀਤੀ ਗਈ। ਪਟਨਾ ਦੇ ਸਾਰੇ ਹੀ ਘਟਨਾਕ੍ਰਮ ਵਿੱਚ ਕੁਝ ਨਾ ਕੁਝ ਜਾਣਬੁੱਝ ਕੇ ਅਵੱਲਾ ਰੱਖਿਆ ਗਿਆ ਸੀ, ਪਰ ਫਿਰ ਵੀ ਸਾਨੂੰ ਉਸ ਬਾਰੇ ਵਧੀਆ ਮਹਿਸੂਸ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਲਾਡਲੇ ਪੁੱਤਰ ਦੀ ਵਾਪਸੀ ਦੇ ਜਸ਼ਨ ਮਨਾਉਣ ਦੀ ਗੱਲ ਕਹੀ ਗਈ।
ਸ਼ਾਇਦ ਸਭ ਤੋਂ ਵੱਡਾ ਘਾਣ ਸੁਤੰਤਰ ਤੇ ਨਿਆਂਪੂਰਨ ਚੋਣ-ਫ਼ਤਵੇ ਦੀ ਪਾਵਨਤਾ ਦਾ ਹੋਇਆ ਹੈ। ਆਪਾਂ ਨਵੀਂ ਸਰਕਾਰ ਦੇ ਬਹੁਤ ਜ਼ਿਆਦਾ ਗ਼ੈਰ-ਕੁਦਰਤੀਪਣ ਬਾਰੇ ਕੋਈ ਗ਼ਲਤੀ ਨਾ ਕਰੀਏ। ਅਜਿਹਾ ਦੂਜੀ ਵਾਰ ਹੋਇਆ ਹੈ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਨੇ ਉਸੇ ਪਾਰਟੀ ਨਾਲ ਸਿਆਸੀ ਸਮਝੌਤਾ ਕਰ ਲਿਆ ਹੈ ਜਿਸ ਦਾ ਚੋਣਾਂ ਦੌਰਾਨ ਵੋਟਰਾਂ ਸਾਹਮਣੇ ਉਸ ਨੇ ਸਖ਼ਤ ਵਿਰੋਧ ਕੀਤਾ ਸੀ। ਅਜਿਹਾ ਪਹਿਲਾਂ ਜੰਮੂ-ਕਸ਼ਮੀਰ ਵਿੱਚ ਹੋਇਆ ਸੀ ਤੇ ਹੁਣ ਬਿਹਾਰ ਵਿੱਚ ਹੋਇਆ ਹੈ। ਜੰਮੂ-ਕਸ਼ਮੀਰ ਵਿੱਚ, ਪੀਡੀਪੀ ਤੇ ਭਾਜਪਾ ਦੇ ਗੱਠਜੋੜ ਨੇ ਤਾਂ ਸਮੁੱਚੇ ਭਾਰਤੀ ਜਮਹੂਰੀ ਪ੍ਰਾਜੈਕਟ ਦੀ ਉਚਿਤਤਾ ਨੂੰ ਹੀ ਬੁਰੀ ਤਰ੍ਹਾਂ ਨਸ਼ਟ ਕਰ ਕੇ ਰੱਖ ਦਿੱਤਾ ਹੈ। ਹਰੇਕ ਸੂਖ਼ਮ-ਭਾਵੀ ਵਿਸ਼ਲੇਸ਼ਕ ਇਹ ਮੰਨਦਾ ਹੈ ਕਿ ਆਮ ਜਨਤਾ ਦੇ ਰਵਾਇਤੀ ਫ਼ਤਵੇ ਦਾ ਬੁਨਿਆਦੀ ਤੌਰ ਉੱਤੇ ਅਪਮਾਨ ਕੀਤਾ ਗਿਆ, ਜਿਸ ਕਰਕੇ ਸ੍ਰੀਨਗਰ ਦੀਆਂ ਸੜਕਾਂ ਉੱਤੇ ਲੋਕਾਂ ਵਿੱਚ ਭੜਕਾਹਟ ਪੈਦਾ ਹੋਈ ਅਤੇ ਉਹ ਕਾਨੂੰਨ ਦੀ ਉਲੰਘਣਾ ਉੱਤੇ ਉਤਰ ਆਏ। ਇਸ ਜਨਤਕ ਫ਼ਤਵੇ ਦੇ ਉਲਟ ਚੱਲ ਰਹੀ ਸਿਆਸਤ ਵਿੱਚੋਂ ਨਿਕਲੀਆਂ ਹਿੰਸਕ ਤੇ ਗੜਬੜੀਆਂ ਨਾਲ ਭਰਪੂਰ ਗੁੰਝਲਾਂ ਨਾਲ ਵਾਦੀ ਦੇ ਆਮ ਲੋਕਾਂ ਵਿੱਚ ਰੋਹ ਤੇ ਰੋਸ ਫੈਲ ਗਿਆ ਹੈ।
ਹੁਣ ਚੋਣ ਫ਼ਤਵੇ ਦਾ ਬਿਲਕੁਲ ਉਹੋ ਜਿਹਾ ਅਪਮਾਨ ਹੀ ਪਟਨਾ ਰਾਜ ਭਵਨ ਵਿੱਚ ਪਵਿੱਤਰ ਬਣਾ ਕੇ ਪੇਸ਼ ਕੀਤਾ ਗਿਆ ਹੈ। ‘ਪੱਖਪਾਤੀ’ ਰਾਜਪਾਲ ਨੇ ਨਿਤੀਸ਼ ਕੁਮਾਰ ਨੂੰ ਹਲਫ਼ ਦਿਵਾਉਣ ਵਿੱਚ ਨਾਵਾਜਬ ਕਿਸਮ ਦੀ ਕਾਹਲੀ ਵਿਖਾਈ। ਭਾਰਤੀ ਸੰਵਿਧਾਨਕ ਜਮਹੂਰੀਅਤ ਪਹਿਲਾਂ ਹੀ ਆਪਣੀ ਚਮਕ ਗੁਆਉਂਦੀ ਜਾ ਰਹੀ ਹੈ ਤੇ ਇਸ ਸਿਆਸੀ ਘਟਨਾਕ੍ਰਮ ਨੇ ਤਾਂ ਸਾਰੇ ਹੱਦਾਂ-ਬੰਨੇ ਹੀ ਪਾਰ ਕਰ ਛੱਡੇ ਹਨ। ਇਸ ਮਾਮਲੇ ਵਿਚ ਸਿਆਸਤ ਇੱਕ ਗੰਧਲੇ ਉੱਦਮ ਵਜੋਂ ਵਿਖਾਈ ਦਿੱਤੀ ਹੈ।
ਨਿਤੀਸ਼ ਕੁਮਾਰ ਲਈ ਲਾਲੂ ਪ੍ਰਸਾਦ ਤੇ ਉਸ ਦੀ ਪਾਰਟੀ ਨਾਲੋਂ ਤੋੜ-ਵਿਛੋੜਾ ਕਰਨਾ ਸੁਖਾਲ਼ਾ ਕਿਉਂ ਸੀ? ਇਸ ਦਾ ਕੁਝ ਕੁ ਜਵਾਬ ਤਾਂ ਇਹੋ ਹੋਣਾ ਚਾਹੀਦਾ ਹੈ ਕਿ ਲਾਲੂ ਖ਼ੁਦ ਦੀ ਨਵੇਂ ਸਿਰਿਉਂ ਵਿਉਂਤਬੰਦੀ ਕਰਨ ਅਤੇ ਆਪਣੇ ਆਪ ਨੂੰ ਨਵੇਂ ਜਾਮੇ ਵਿੱਚ ਪੇਸ਼ ਕਰਨ ਪੱਖੋਂ ਨਾਕਾਮ ਰਹੇ ਅਤੇ ਆਪਣੀ ਪੁਰਾਣੀ ਹੱਕਦਾਰੀ ਦੀ ਭਾਵਨਾ ਵਿੱਚ ਫਸ ਕੇ ਖ਼ੁਦ ਤੋਂ ਸੰਤੁਸ਼ਟ ਹੁੰਦੇ ਰਹੇ। ਉਹ ਇਹ ਸਮਝਣ ਲਈ ਰਾਜ਼ੀ ਹੀ ਨਹੀਂ ਹੋਏ ਕਿ ਹੁਣ ਪੁਰਾਣੀਆਂ ਮਨੌਤਾਂ ਤੇ ਵਿਵਸਥਾਵਾਂ ਕੰਮ ਨਹੀਂ ਕਰਦੀਆਂ। ਬਿਹਾਰ ਸਮੇਤ ਸਮੁੱਚਾ ਭਾਰਤ ਤਬਦੀਲ ਹੋ ਚੁੱਕਾ ਹੈ। ਜੋ ਸਾਡੇ ਉੱਤੇ ਰਾਜ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਤਾਕਤ ਉਨ੍ਹਾਂ ਦੇ ਹਵਾਲੇ ਇਸ ਲਈ ਨਹੀਂ ਕੀਤੀ ਜਾਂਦੀ ਕਿ ਉਹ ਕਿਸੇ ਜਨਤਕ ਅਹੁਦੇ ਨੂੰ ਕੁਝ ਵੀ ਕਰਨ ਦੀ ਖੁੱਲ੍ਹੀ ਛੁੱਟੀ ਵਜੋਂ ਲੈਣ। ਸਗੋਂ ਅਜੋਕਾ ਭਾਰਤ ਤਾਂ ਇਹ ਤਵੱਕੋ ਕਰਦਾ ਹੈ ਕਿ ਚੁਣੇ ਹੋਏ ਹਾਕਮ ਬਦਲੇ ਵਿੱਚ ਸਾਡੇ ਲਈ ਕੁਝ ਕਰਨ: ਉਹ ਕਾਨੂੰਨੀ ਵਿਵਸਥਾ ਵਿੱਚ ਰਹਿ ਕੇ ਚੱਲਣ ਤੇ ਜਵਾਬਦੇਹੀ ਦੇ ਦਾਇਰੇ ਦਾ ਸਤਿਕਾਰ ਕਰਨ। ਕੋਈ ਵੀ ਫ਼ਤਵਾ ‘ਮੇਰੇ ਲੋਕਾਂ’ ਦਾ ਇੱਜ਼ਤ-ਮਾਣ ਕਰਨ ਤੋਂ ਨਹੀਂ ਵਰਜਦਾ।
ਸ਼ਾਇਦ ਨਿਤੀਸ਼ ਕੁਮਾਰ ਨੂੰ ਇਹ ਪੱਕਾ ਭਰੋਸਾ ਸੀ ਕਿ ਉਹ ਕਾਨੂੰਨਪਸੰਦ ਸਮਾਜ ਦੀ ਇੱਛਾ ਰੱਖਣ ਵਾਲੇ ਮੱਧ ਵਰਗ ਨਾਲ ਖੇਡ ਸਕਦੇ ਹਨ, ਜਦੋਂਕਿ ਲਾਲੂ, ਉਨ੍ਹਾਂ ਦਾ ਪਰਿਵਾਰ ਤੇ ਉਨ੍ਹਾਂ ਦੀ ਪਾਰਟੀ ਲਗਾਤਾਰ ਚੰਗੇ ਸ਼ਾਸਨ ਦੇ ਵਿਚਾਰਾਂ ਤੋਂ ਲਾਂਭੇ ਹੀ ਰਹੇ। ਕਾਨੂੰਨ ਦੀ ਇਹ ਆਦਤ ਹੁੰਦੀ ਹੈ ਕਿ ਪਿਛਲੀਆਂ ਗ਼ਲਤੀਆਂ ਤੇ ਪਿਛਲੇ ਮਾੜੇ ਕੰਮਾਂ ਨੂੰ ਫੜਦਾ ਹੈ। ਲਾਲੂ ਤੇ ਉਨ੍ਹਾਂ ਦੇ ਪੁੱਤਰਾਂ ਦੀ ਇੱਛਾ ਭਾਵੇਂ ਵਰਤਮਾਨ ਨੂੰ ਸਵੱਛ ਤੇ ਸੁਥਰਾ ਰੱਖਣ ਦੀ ਹੋਵੇ, ਪਰ ਉਨ੍ਹਾਂ ਦਾ ਅਤੀਤ ਤਾਂ ਗੰਧਲਾ ਹੀ ਸੀ। ਇਸ ਘਟਨਾਕ੍ਰਮ ਤੋਂ ਬਾਦਲਾਂ, ਪਾਸਵਾਨਾਂ, ਠਾਕਰਿਆਂ, ਮਾਇਆਵਤੀਆਂ ਅਤੇ ਇੱਥੋਂ ਤਕ ਕਿ ਗਾਂਧੀਆਂ ਵਰਗੇ ਹੋਰ ਪਰਿਵਾਰਕ ਸਿਆਸੀ ਰਹਿਨੁਮਾਵਾਂ ਨੂੰ ਸਬਕ ਮਿਲਦਾ ਹੈ। ਇਨ੍ਹਾਂ ਸਾਰਿਆਂ ਨੇ ਜਨਤਕ ਅਹੁਦਿਆਂ ਪ੍ਰਤੀ ਗ਼ਲਤ ਪਹੁੰਚ ਅਪਣਾਈ; ਇਸੇ ਲਈ ਕਾਂਗਰਸੀ ਜਦੋਂ ਸੱਤਾ ਵਿਚ ਹੁੰਦੇ ਹਨ ਤਾਂ ਸੱਤਾ ਨਾਲ ਜੁੜੇ ਲਾਭਾਂ ਦੀ ਖਾਤਰ ਉਹ ਆਪਸ ਵਿੱਚ ਗਲੀ ਦੀਆਂ ਬਿੱਲੀਆਂ ਵਾਂਗ ਝਗੜਦੇ ਰਹਿੰਦੇ ਹਨ ਅਤੇ ਖੁਨਾਮੀ ਖੱਟਦੇ ਹਨ।
ਇਸ ਸਭ ਨਾਲ ਨਾ ਤਾਂ ਨਿਤੀਸ਼ ਕੁਮਾਰ ਦੇ ਮਾੜੇ ਮਨਸੂਬਿਆਂ ਅਤੇ ਉਨ੍ਹਾਂ ਵੱਲੋਂ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਦੋਵਾਂ ਨੂੰ ਹੀ ਠਿੱਬੀ ਲਾਉਣ ਦੀ ਕੋਈ ਵਿਆਖਿਆ ਹੋ ਸਕਦੀ ਹੈ ਤੇ ਨਾ ਹੀ ਮੁਆਫ਼ੀ ਮਿਲ ਸਕਦੀ ਹੈ। ਉਨ੍ਹਾਂ ਦੀ ਇਸ ਚਾਲ ਤੋਂ ਸਾਨੂੰ ਇਹ ਮੰਨਣਾ ਪਵੇਗਾ ਕਿ ਬਿਹਾਰ ਦੇ ਇਸ ਸੰਕਟ ਵਿੱਚ ਕਾਂਗਰਸ ਸਾਰਥਕ ਵਿਚੋਲਗੀ ਵਾਲੀ ਕੋਈ ਭੂਮਿਕਾ ਨਿਭਾਉਣ ਤੋਂ ਨਾਕਾਮ ਰਹੀ ਜਦੋਂਕਿ ਇੱਕ ਰਾਸ਼ਟਰੀ ਪਾਰਟੀ ਹੋਣ ਨਾਤੇ ਉਸ ਤੋਂ ਅਜਿਹੀ ਕਿਸੇ ਭੂਮਿਕਾ ਦੀ ਆਸ ਕੀਤੀ ਜਾ ਸਕਦੀ ਸੀ। ਬਿਹਾਰ ਮਹਾਂਗਠਜੋੜ ਦੇ ਇਨ੍ਹਾਂ ਪਿਛਲੇ 18 ਮਹੀਨਿਆਂ ਦੌਰਾਨ ਕਾਂਗਰਸ ਜ਼ਰੂਰ ਹੀ ਨਿਤੀਸ਼ ਕੁਮਾਰ ਨੂੰ ਕੁਝ ਸਮਝੀ ਹੋਵੇਗੀ। ਨਿਤੀਸ਼ ਕੁਮਾਰ ਦਾ ਰਾਹੁਲ ਗਾਂਧੀ ਦੀ ਰਿਹਾਇਸ਼ਗਾਹ ਤਕ ਜਾਣਾ ਹੀ ਗ਼ੈਰ-ਮਾਮੂਲੀ ਸੀ; ਕਿਸੇ ਨੂੰ ਇਹ ਜਾਣਕਾਰੀ ਨਹੀਂ ਕਿ ਉਨ੍ਹਾਂ ਦੋਵਾਂ ਵਿੱਚ ਕੀ ਗੱਲਬਾਤ ਹੋਈ ਸੀ। ਇਹ ਸੰਭਵ ਹੈ ਕਿ ਨਿਤੀਸ਼ ਕੁਮਾਰ ਨੂੰ ਉਸ ਮੁਲਾਕਾਤ ਦੌਰਾਨ ਅਜਿਹਾ ਕੋਈ ਸੰਕੇਤ ਨਾ ਮਿਲਿਆ ਹੋਵੇ ਕਿ 2019 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੂੰ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਜਾਵੇਗਾ। ਭਾਵੇਂ ਉਹ ਖ਼ੁਦ ਕਈ ਵਾਰ ਇਹ ਆਖ ਚੁੱਕੇ ਹਨ ਕਿ ਉਨ੍ਹਾਂ ਦੀਆਂ ਅਜਿਹੀਆਂ ਕੋਈ ਰਾਸ਼ਟਰੀ ਖ਼ਾਹਿਸ਼ਾਂ ਨਹੀਂ ਹਨ, ਬੱਸ ਸਿਰਫ਼ ਉਨ੍ਹਾਂ ਵਿਚਲੀਆਂ ਸੰਭਾਵਨਾਵਾਂ ਨੂੰ ਵੇਖ ਕੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਜ਼ਰੂਰ ਲੱਗਦੀਆਂ ਰਹੀਆਂ ਹਨ। ਨਿਤੀਸ਼ ਕੁਮਾਰ ਉਤਸ਼ਾਹ ਨਾਲ ਭਰਪੂਰ ਵਿਅਕਤੀ ਹਨ ਅਤੇ ਇਸ ਵਿੱਚ ਕੁਝ ਗ਼ਲਤ ਨਹੀਂ ਹੈ। ਇਹ ਸਿਆਸੀ ਆਗੂ ਦਾ ਕਰਮ ਹੁੰਦਾ ਹੈ। ਪਰ ਜਦੋਂ ਸਮੁੱਚਾ ਦੇਸ਼ ਇਹ ਸੋਚਣ ਲੱਗ ਪਿਆ ਸੀ ਕਿ ਨਿਤੀਸ਼ ਕੁਮਾਰ ਨੇ ਖ਼ੁਦ ਨੂੰ ਅਜਿਹੇ ਸਥਾਨ ‘ਤੇ ਲਿਆ ਖੜ੍ਹਾ ਕੀਤਾ ਹੈ ਜਿੱਥੇ ਉਹ ਸਿਰਫ਼ ਆਪਣੇ ਬਾਰੇ ਨਹੀਂ ਸੋਚਦੇ ਤੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਦੇ ਹਨ, ਪਰ ਉਦੋਂ ਹੀ ਉਹ ਨਾ ਸਿਰਫ਼ ਗੱਠਜੋੜ ਵਿਚੋਂ ਬਾਹਰ ਹੋ ਗਏ ਸਗੋਂ ਅੱਗੇ ਵਧ ਕੇ ਭਾਜਪਾ ਨਾਲ ਵੀ ਹੱਥ ਮਿਲਾ ਲਿਆ।
ਨਿਤੀਸ਼ ਕੁਮਾਰ ਦੀ ‘ਧਰਮ-ਨਿਰਪੇਖ ਕਦਰਾਂ-ਕੀਮਤਾਂ’ ਪ੍ਰਤੀ ਪ੍ਰਤੀਬੱਧਤਾ ਕੁਝ ਵੱਖਰੀ ਕਿਸਮ ਦੀ ਹੈ ਤੇ ਪੂਰੀ ਤਰ੍ਹਾਂ ਆਪਣੇ ਹੀ ਸੌੜੇ ਹਿੱਤਾਂ ਨੂੰ ਪ੍ਰਣਾਈ ਹੋਈ ਹੈ। ਉਨ੍ਹਾਂ ਨੂੰ ਨਰਿੰਦਰ ਮੋਦੀ ਤੇ ਉਨ੍ਹਾਂ ਦੀ ‘ਫ਼ਿਰਕੂ’ ਸਿਆਸਤ ਤੋਂ ਕਦੇ ਕੋਈ ਸਮੱਸਿਆ ਨਹੀਂ ਹੋਈ। ਸਾਲ 2002 ਦੌਰਾਨ ਗੁਜਰਾਤ ਵਿਚ ਮੋਦੀ ਦੀ ਨੱਕ ਹੇਠਾਂ ਹੋਏ ਮੁਸਲਿਮ-ਵਿਰੋਧੀ ਦੰਗਿਆਂ ਤੋਂ ਬਾਅਦ ਵੀ ਉਹ ਪੂਰੀ ਦ੍ਰਿੜ੍ਹਤਾ ਨਾਲ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਟਿਕੇ ਰਹੇ ਸਨ; ਜਦੋਂਕਿ ਰਾਮ ਵਿਲਾਸ ਪਾਸਵਾਨ ਦੀ ਜ਼ਮੀਰ ਉਦੋਂ ਜ਼ਰੂਰ ਜਾਗੀ ਸੀ ਜਿਸ ਕਾਰਨ ਉਹ ਸਰਕਾਰ ਤੋਂ ਬਾਹਰ ਹੋ ਗਏ ਸਨ। ਉਸ ਤੋਂ ਬਾਅਦ ਤਾਂ ਪਾਸਵਾਨ ਤੇ ਉਨ੍ਹਾਂ ਦੇ ਪੁੱਤਰਾਂ ਨੇ ਵੀ ਆਪਣੀ ਜ਼ਮੀਰ ਨਾਲ ਸਮਝੌਤੇ ਕਰ ਲਏ ਹਨ ਤੇ ਮੋਦੀ ਕੈਂਪ ਵਿੱਚ ਪਰਤ ਆਏ ਹਨ। ਸ਼ਾਇਦ ਇਸੇ ਲਈ ਨਿਤੀਸ਼ ਨੂੰ ਅਜਿਹਾ ਪੈਂਤੜਾ ਅਖ਼ਤਿਆਰ ਕਰਨਾ ਸੁਖਾਲ਼ਾ ਹੋ ਗਿਆ ਸੀ।
ਨਿਤੀਸ਼ ਭਾਵੇਂ ਬਹੁਤ ਸਨਿਮਰਤਾ ਨਾਲ ਵਿਚਰਨ ਦਾ ਭਰਮ ਪਾਉਂਦੇ ਹਨ, ਪਰ ਅਸਲ ਵਿਚ ਉਨ੍ਹਾਂ ਵਿੱਚ ਹਉਮੈ ਵੀ ਬਹੁਤ ਜ਼ਿਆਦਾ ਹੈ। ਉਹ ਚੁਸਤੀ ਵਰਤਦਿਆਂ ਆਪਣੀ ਆਕੜ ਨੂੰ ਘਰੇ ਛੱਡ ਕੇ ਆਉਂਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਆਸਾਨੀ ਨਾਲ ਕਿਸੇ ਜੂਨੀਅਰ ਅਹੁਦੇ ਉੱਤੇ ਖ਼ੁਦ ਨੂੰ ਐਡਜਸਟ ਕਰਨਗੇ। ਇਸੇ ਲਈ ਉਨ੍ਹਾਂ 1990ਵਿਆਂ ਦੇ ਮੱਧ ਦੌਰਾਨ ਪਹਿਲਾਂ ਲਾਲੂ ਨਾਲ ਤੇ ਫਿਰ ਜਾਰਜ ਫਰਨਾਂਡੇਜ਼ ਨਾਲੋਂ ਤੋੜ-ਵਿਛੋੜਾ ਕਰ ਲਿਆ ਸੀ ਅਤੇ ਸ਼ਰਦ ਯਾਦਵ ਨਾਲ ਜਾ ਰਲੇ ਸਨ। ਸਾਲ 2013 ਵਿਚ ਉਨ੍ਹਾਂ ਦੀ ਹਉਮੈ ਨੇ ਨਰਿੰਦਰ ਮੋਦੀ ਦੀ 24-ਕੈਰੇਟ ਹਉਮੈ ਅੱਗੇ ਝੁਕਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉੱਤਰ ਪ੍ਰਦੇਸ਼ ਵਿਚ ਹੂੰਝਾ-ਫੇਰੂ ਜਿੱਤ ਹਾਸਲ ਕਰਨ ਤੋਂ ਬਾਅਦ ਨਵੰਬਰ 2015 ਵਿਚ ਨਰਿੰਦਰ ਮੋਦੀ ਨੇ ਆਪਣੇ ਸਿਆਸੀ ਖੰਭ ਜੋਖਣ ਦਾ ਯਤਨ ਕੀਤਾ ਸੀ, ਪਰ ਤਦ ਉਹ ਨਿਤੀਸ਼ ਤੇ ਲਾਲੂ ਤੋਂ ਹਾਰ ਗਏ ਸਨ ਅਤੇ ਤਦ ਸ਼ਾਇਦ ਨਿਤੀਸ਼ ਨੇ ਦਾਅਪੇਚ ਵਾਲੀ ਕੋਈ ਹੋਰ ਐਡਜਸਟਮੈਂਟ ਕਰ ਲਈ ਹੋਵੇ। ਉਨ੍ਹਾਂ ਨੂੰ ਮਹਾਂਗੱਠਜੋੜ ਵਿੱਚ ਜੂਨੀਅਰ ਭਾਈਵਾਲ ਵਜੋਂ ਵਿਚਰਨਾ ਚੰਗਾ ਨਹੀਂ ਲੱਗ ਰਿਹਾ ਸੀ; ਪਰ ਹੁਣ ਉਹ ਮੁੜ ਸੀਨੀਅਰ ਭਾਈਵਾਲ ਬਣ ਗਏ ਹਨ ਅਤੇ ਇਹ ਉਨ੍ਹਾਂ ਦੀ ਹਉਮੈ ਨਾਲ ਮੇਲ ਖਾਂਦਾ ਹੈ। ਉਨ੍ਹਾਂ ਨੂੰ ਡਾ. ਫੌਸਟਸ ਵਾਂਗ ਲੈਣ-ਦੇਣ ਵਾਲਾ ਕੋਈ ਸੌਦਾ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੁੰਦਾ ਤੇ ਉਹ ਇਹ ਸਭ ਦਿਖਾਵੇ ਲਈ ‘ਜ਼ਮੀਰ ਦੇ ਸੱਦੇ’ ਉੱਤੇ ਹੀ ਕਰਦੇ ਹਨ।
ਇਸ ਸਾਰੇ ਘਟਨਾਕ੍ਰਮ ਵਿੱਚੋਂ ਵੀ ਆਸ ਦੀ ਇੱਕ ਕਿਰਨ ਵੇਖਣ ਨੂੰ ਮਿਲਦੀ ਹੈ। ਨਿਤੀਸ਼ ਕੁਮਾਰ ਆਪਣੀ ਹੀ ਵਿਲੱਖਣ ਕਿਸਮ ਦੇ ਇਨਸਾਨ ਬਣੇ ਰਹਿਣਗੇ। ਉਨ੍ਹਾਂ ਵਰਗੀਆਂ ਜਨਤਕ ਸ਼ਖ਼ਸੀਅਤਾਂ ਇਹ ਹਰਗਿਜ਼ ਪਸੰਦ ਨਹੀਂ ਕਰਦੀਆਂ ਕਿ ਉਨ੍ਹਾਂ ਨੂੰ ਆਪਣੇ ਬਰਾਬਰ ਦੇ ਸਾਥੀਆਂ ਦਾ ਪਿਛਲੱਗ ਬਣਨਾ ਪਵੇ। ਅਜਿਹਾ ਸੋਚਣਾ ਵੀ ਔਖਾ ਹੈ ਕਿ ਨਿਤੀਸ਼ ਕੁਮਾਰ ਕਦੇ ਨਰਿੰਦਰ ਮੋਦੀ ਨੂੰ ਆਪਣੇ ਆਗੂ ਵਜੋਂ ਪ੍ਰਵਾਨ ਕਰ ਲੈਣਗੇ; ਬਿਲਕੁਲ ਉਵੇਂ ਜਿਵੇਂ ਉਹ ਕਦੇ ਵੀ ਅਮਿਤ ਸ਼ਾਹ ਦੀ ਅਦਾਲਤ ਵਿੱਚ ਦਰਬਾਰੀ ਵਜੋਂ ਤਾਂ ਵਿਚਰ ਨਹੀਂ ਸਕਦੇ। ਉਹ ਰਾਸ਼ਟਰੀ ਸਿਆਸੀ ਦ੍ਰਿਸ਼ ਵਿੱਚ ਸੰਜੀਦਾ ਆਗੂ ਵਜੋਂ ਆਪਣੀ ਹੋਂਦ ਦਾ ਅਹਿਸਾਸ ਕਰਵਾ ਸਕਦੇ ਹਨ। ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਹੌਲੀ ਹੌਲੀ ਵਧ ਰਹੇ ਹਾਕਮਾਨਾ ਵੇਗ ਨੂੰ ਠੱਲ੍ਹ ਪਾ ਸਕਣਗੇ।

‘ਸੰਤ’ ਬਣਨ ਤੋਂ ਖੁੰਝ ਗਏ ਨਿਤੀਸ਼
ਮੈਂ ਹਾਲੇ ਤਕ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਬਿਹਾਰ ਵਿੱਚ ਊਟ ਪਟਾਂਗ ਹਰਕਤ ਕਰਕੇ ਨਿਤੀਸ਼ ਕੁਮਾਰ ਨੇ ਆਖ਼ਰ ਕੀ ਹਾਸਲ ਕੀਤਾ ਹੈ। ਆਪਣੇ ਭਾਈਵਾਲਾਂ ਦਾ ਸਾਥ ਛੱਡਣ ਤੋਂ ਪਹਿਲਾਂ ਵੀ ਉਹ ਮੁੱਖ ਮੰਤਰੀ ਸਨ ਅਤੇ ਹੁਣ ਫਿਰ ਮੁੱਖ ਮੰਤਰੀ ਬਣ ਗਏ ਹਨ। ਪਰ ਹੁਣ ਨਿਤੀਸ਼ ਨੇ ਉਨ੍ਹਾਂ ਲੋਕਾਂ ਨਾਲ ਹੀ ਹੱਥ ਮਿਲਾ ਲਿਆ ਹੈ ਜਿਨ੍ਹਾਂ ਖ਼ਿਲਾਫ਼ 18 ਮਹੀਨੇ ਪਹਿਲਾਂ ਉਨ੍ਹਾਂ ਜ਼ੋਰ-ਸ਼ੋਰ ਨਾਲ ਭੰਡੀ ਪ੍ਰਚਾਰ ਕੀਤਾ ਸੀ। ਹੁਣ ਇਨ੍ਹਾਂ ਭਲੇ ਵੇਲਿਆਂ ਵਿੱਚ ਨਵੇਂ ਭਾਈਵਾਲ  ਕਈ ਤਰ੍ਹਾਂ ਦੀਆਂ ਮੰਗਾਂ ਕਰਨਗੇ ਜੋ ਉਨ੍ਹਾਂ ਨੂੰ ਮੰਨਣੀਆਂ ਹੀ ਪੈਣਗੀਆਂ।
ਉਨ੍ਹਾਂ ਦੀਆਂ ਮਜਬੂਰੀਆਂ ਅਤੇ ਗਿਣਤੀਆਂ-ਮਿਣਤੀਆਂ ਕੁਝ ਵੀ ਹੋਣ, ਪਰ ਸਭ ਤੋਂ ਅਫ਼ਸੋਸਨਾਕ ਪੱਖ ਇਹ ਹੈ ਕਿ ਨਿਤੀਸ਼ ਕੁਮਾਰ ਨੇ ਆਖ਼ਰ ਭਾਰਤੀ ਸਿਆਸਤਦਾਨਾਂ ਦੇ ਬੇਇਤਬਾਰੀ ਵਾਲੇ ਪ੍ਰਭਾਵ ਦੀ ਹੀ ਪੁਸ਼ਟੀ ਕੀਤੀ ਹੈ। ਜੇ ਨਿਤੀਸ਼ ਕੁਮਾਰ ਨੂੰ ਉਨ੍ਹਾਂ ਹੀ ਲੋਕਾਂ ਕੋਲ ਵਾਪਸ ਜਾਣ ਦਾ ਕੋਈ ਅਫ਼ਸੋਸ ਨਹੀਂ ਹੈ ਜਿਨ੍ਹਾਂ ਨੂੰ ਉਨ੍ਹਾਂ ਨੇ ਬਹੁਤ ਜ਼ੋਰ-ਸ਼ੋਰ ਨਾਲ ਭੰਡਿਆ ਸੀ ਤਾਂ ਭਾਜਪਾ ਨੂੰ ਵੀ ਮੁੜ ਉਨ੍ਹਾਂ ਨਾਲ ਬਗਲਗੀਰ ਹੋਣ ਵਿੱਚ ਕੋਈ ਦਿੱਕਤ ਨਹੀਂ। ਦਰਅਸਲ, ਹਰ ਸੂਬੇ ਵਿੱਚ ਭਾਜਪਾ ਉਨ੍ਹਾਂ ਹੀ ਬੇਇਤਬਾਰੇ ਅਤੇ ‘ਭ੍ਰਿਸ਼ਟ’ ਕਾਂਗਰਸੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਦੀ ਹੈ ਜਿਨ੍ਹਾਂ ਨੂੰ ਇਸ ਦੇ ਆਗੂਆਂ ਨੇ ਪਹਿਲਾਂ ਭਾਂਤ ਸੁਭਾਂਤੇ ਸ਼ਬਦਾਂ ਨਾਲ ਫਿਟਕਾਰਿਆ ਹੁੰਦਾ ਹੈ।
ਸਾਧਾਰਨ ਭਾਸ਼ਾ ਵਿੱਚ ਇਸ ਨੂੰ ਮੌਕਾਪ੍ਰਸਤੀ ਆਖਦੇ ਹਨ। ਪਰ ਭਾਰਤੀ ਸਿਆਸਤਦਾਨ ਇੰਨੇ ਚਲਾਕ ਅਤੇ ਖੁਦਗਰਜ਼ ਹਨ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਕਿ ਕੋਈ ਉਨ੍ਹਾਂ ਨੂੰ ਕੀ ਆਖੇਗਾ। ਇਸ ਦੀ ਬਜਾਏ ਉਹ ਆਪਣੇ ਵੱਲੋਂ ਕੀਤੇ ਗਏ ਸਮਝੌਤਿਆਂ ਦੀ ਵਿਆਖਿਆ ਕਰਨ ਅਤੇ ਉਨ੍ਹਾਂ ਨੂੰ ਠੀਕ ਸਿੱਧ ਕਰਨ ਲਈ ਅੰਤ ਕੋਈ ਨਾ ਕੋਈ ਦਲੀਲ ਘੜ ਹੀ ਲੈਂਦੇ ਨੇ। ਖ਼ੈਰ! ਸਿਆਸਤਦਾਨ ਤਾਂ ਸਿਆਸਤਦਾਨ ਹੀ ਰਹਿਣਗੇ।
ਮੇਰਾ ਮੰਨਣਾ ਹੈ ਕਿ ਨਿਤੀਸ਼ ਕੁਮਾਰ ਨੇ ਭਾਰਤੀ ਸਿਆਸਤ ਵਿੱਚ ਸੁਹਿਰਦ ਨੈਤਿਕ ਆਵਾਜ਼ ਬਣਨ ਦਾ ਬਹੁਤ ਵੱਡਾ ਮੌਕਾ ਖੁੰਝਾ ਲਿਆ ਹੈ।
ਮੰਨ ਲਓ ਕਿ ਭਾਜਪਾ ਨਾਲ ਹੱਥ ਮਿਲਾਉਣ ਦੀ ਥਾਂ ਉਹ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਪਰਿਵਾਰ ਦੇ ਭ੍ਰਿਸ਼ਟ ਤਰੀਕਿਆਂ ਨੂੰ ਬਰਦਾਸ਼ਤ ਕਰਨ ਵਿੱਚ ਅਸਮਰੱਥ ਹੋਣ ਦੀ ਗੱਲ ਆਖਦਿਆਂ ਜੇ ਉਹ ਅਸਤੀਫ਼ਾ ਦੇ ਕੇ ਅਹੁਦੇ ਤੋਂ ਲਾਂਭੇ ਹੋ ਜਾਂਦੇ ਤਾਂ ਰਾਤੋ-ਰਾਤ ਹੀ ਉਨ੍ਹਾਂ ਨੇ ਬਿਹਾਰ ਤੋਂ ਇਲਾਵਾ ਦੇਸ਼ ਭਰ ਦੇ ਲੋਕਾਂ ਦੇ ਮਨ ਵਿੱਚ ਆਪਣੀ ਬਹੁਤ ਉੱਚੀ ਥਾਂ ਬਣਾ ਲੈਣੀ ਸੀ। ਇਉਂ ਉਨ੍ਹਾਂ ਨੂੰ ਬਹੁਤ ਮਹਿਮਾ ਹਾਸਲ ਹੋਣੀ ਸੀ ਅਤੇ ਸ਼ਾਇਦ ਉਹ ਦੂਜੇ ‘ਜੇਪੀ’ (ਜੈ ਪ੍ਰਕਾਸ਼ ਨਾਰਾਇਣ) ਵਜੋਂ ਉੱਭਰ ਸਕਦੇ ਹਨ।
ਜੇਕਰ ਉਹ ਅਹੁਦੇ ਤੋਂ ਲਾਂਭੇ ਹੋ ਗਏ ਹੁੰਦੇ ਅਤੇ ਮੁੱਖ ਮੰਤਰੀ ਦੀ ਕੁਰਸੀ ‘ਤੇ ਟਿਕੇ ਰਹਿਣ ਦੀ ਕੋਸ਼ਿਸ਼ ਨਾ ਕਰਦੇ ਤਾਂ ਉਹ ‘ਕੁਰਬਾਨੀ’ ਦੀ ਗੱਲ ਕਰ ਸਕਦੇ ਸਨ ਅਤੇ ਸਿਆਸੀ ਸ਼ਰੀਕਾਂ ਖ਼ਿਲਾਫ਼ ਮੌਜੂਦਾ ਵੈਰ ਦੀ ਥਾਂ ਯਕੀਨੀ ਤੌਰ ‘ਤੇ ‘ਭ੍ਰਿਸ਼ਟਾਚਾਰ’ ਵਿਰੁੱਧ ਹੋਰ ਉੱਚੀ ਸੁਰ ਵਿੱਚ ਆਵਾਜ਼ ਬੁਲੰਦ ਕਰ ਸਕਦੇ ਸਨ।
‘ਸੰਤ ਨਿਤੀਸ਼’ ਵਜੋਂ ਉਹ ਨਾ ਸਿਰਫ਼ ਪੁਰਾਣੇ ਆਗੂਆਂ (ਲਾਲੂ ਪ੍ਰਸਾਦ ਵਰਗਿਆਂ) ਵੱਲੋਂ ਕੀਤੇ ਗਏ ‘ਭ੍ਰਿਸ਼ਟਾਚਾਰ’ ਖ਼ਿਲਾਫ਼ ਸਗੋਂ ਭਾਰਤੀ ਸਿਆਸੀ ਜੀਵਨ ਵਿੱਚ ਫੈਲ ਰਹੇ ਕਾਰਪੋਰੇਟ ਭ੍ਰਿਸ਼ਟਾਚਾਰ ਦੇ ਪਰਛਾਵੇਂ ਖ਼ਿਲਾਫ਼ ਵੀ ਅਲਖ਼ ਜਗਾ ਸਕਦੇ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਫ਼ਿਰਕੂਵਾਦ ਅਤੇ ਧਰਮ ਨਿਰਪੱਖਤਾ ਨੂੰ ਇਕੋ ਪੱਲੜੇ ਵਿਚ ਤੋਲਣ ਦੀ ਤਾਈਦ ਨਹੀਂ ਸੀ ਕਰਨੀ ਪੈਣੀ। ਜੇਕਰ ‘ਭ੍ਰਿਸ਼ਟਾਚਾਰ’ ਨੂੰ ਠੀਕ ਸਿੱਧ ਕਰਨ ਲਈ ‘ਧਰਮ ਨਿਰਪੱਖਤਾ’ ਦਾ ਆਸਰਾ ਨਹੀਂ ਲਿਆ ਜਾ ਸਕਦਾ ਤਾਂ ਫ਼ਿਰਕੂ ਸਿਆਸਤ ਨੂੰ ਜਾਇਜ਼ ਠਹਿਰਾਉਣ ਲਈ ਵੀ ‘ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ’ ਦਾ ਆਸਰਾ ਨਹੀਂ ਲਿਆ ਜਾ ਸਕਦਾ। ‘ਸੰਤ ਨਿਤੀਸ਼’ ਵਜੋਂ ਉਹ ਇਸ ਦੁਚਿੱਤੀ ਵਿਚੋਂ ਨਿਕਲਣ ਵਾਸਤੇ ਦੇਸ਼ ਵਾਸੀਆਂ ਦੀ ਮਦਦ ਕਰ ਸਕਦੇ ਸਨ।
ਪਰ ਅਫ਼ਸੋਸ! ਸੰਤ ਬਣਦਾ ਬਣਦਾ ਰਹਿ ਗਿਆ ਇਹ ਸ਼ਖ਼ਸ ਤਾਂ ਪਾਪੀ ਬਣ ਕੇ ਰਹਿ ਗਿਆ।