ਪੰਜਾਬ ਅਸੈਂਬਲੀ ‘ਚ ਨਮੋਸ਼ੀ ਭਰਿਆ ਦਿਨ

ਪੰਜਾਬ ਅਸੈਂਬਲੀ ‘ਚ ਨਮੋਸ਼ੀ ਭਰਿਆ ਦਿਨ

ਹਰੀਸ਼ ਖਰੇ
ਈਮੇਲ: kaffeeklatsch@tribuneindia.com
ਪੰਜਾਬ ਵਿਧਾਨ ਸਭਾ ਵਿਚਲੀਆਂ ਹਾਲੀਆ ਘਟਨਾਵਾਂ ਨੇ ਕਿਸੇ ਦਾ ਵੀ ਮਾਣ ਨਹੀਂ ਵਧਾਇਆ – ਨਾ ਹਾਕਮ ਪਾਰਟੀ ਦਾ, ਨਾ ਅਕਾਲੀ ਦਲ ਦਾ – ਅਤੇ ‘ਆਪ’ ਦਾ ਸਟੈਂਡ ਵੀ ਸਹੀ ਨਹੀਂ ਕਿਹਾ ਜਾ ਸਕਦਾ। ਵਰ੍ਹਿਆਂ ਤੋਂ ਵਿਧਾਨ ਸਭਾ ਕਵਰ ਕਰਨ ਵਾਲੇ ਮੇਰੇ ਸਹਿਕਰਮੀਆਂ ਨੇ ਦੱਸਿਆ ਕਿ ਇਸ ਤੋਂ ਉਨ੍ਹਾਂ ਪਹਿਲਾਂ ਕਦੇ ਵੀ ਚੰਗੇ ਵਿਹਾਰ ਅਤੇ ਸੰਸਦੀ ਸ਼ਿਸ਼ਟਾਚਾਰ ਦਾ ਅਜਿਹਾ ਘਾਣ ਹੁੰਦਾ ਨਹੀਂ ਦੇਖਿਆ। ਮਹਿਲਾ ਵਿਧਾਇਕਾਂ ਦੀ ਮਾਰਸ਼ਲਾਂ ਵੱਲੋਂ ਧੂਹ ਘੜੀਸ ਤਾਂ ਖ਼ਾਸ ਤੌਰ ‘ਤੇ ਮਾੜਾ ਕਾਰਾ ਸੀ।
ਇੱਕ ਤਰ੍ਹਾਂ ਲਛਮਣ ਰੇਖਾ ਉਲੰਘ ਦਿੱਤੀ ਗਈ ਜਾਪਦੀ ਹੈ। ਪੰਜਾਬ ਦੀ ਸਿਆਸਤ ਤਾਂ ਪਹਿਲਾਂ ਹੀ ਕਈ ਕਿਸਮ ਦੇ ਔਗੁਣਾਂ ਨਾਲ ਲਬਰੇਜ਼ ਹੈ – ਹੁਣ ਤਾਂ ਵਿਧਾਨ ਸਭਾ ਦੇ ਪਿੜ ਅੰਦਰ ਵੀ ਵਿਚਾਰ-ਵਟਾਂਦਰੇ ਵਿੱਚ ਸ਼ਿਸ਼ਟਾਚਾਰ ਦੇ ਆਖ਼ਰੀ ਦਿਖਾਵੇ ਨੂੰ ਵੀ ਅਲਵਿਦਾ ਆਖੀ ਜਾ ਰਹੀ ਹੈ। ਚੋਣਾਂ ਦੀਆਂ ਕੜਵਾਹਟਾਂ, ਦੁਸ਼ਮਣੀਆਂ ਅਤੇ ਮਾਯੂਸੀਆਂ ਨਾਲ ਜੁੜੀ ਭੜਾਸ ਨੂੰ ਬਜਟ ਸੈਸ਼ਨ ਵਿੱਚ ਖੁੱਲ੍ਹ ਕੇ ਬਾਹਰ ਕੱਢਿਆ ਗਿਆ। ਇਸ ਨਾਲ ਨੁਕਸਾਨ ਪੰਜਾਬ ਦਾ ਹੋਇਆ।
ਦੁਖਦਾਈ ਗੱਲ ਇਹ ਹੈ ਕਿ ਇਸ ਸਮੇਂ ਕਾਂਗਰਸ ਪਾਰਟੀ ਹਾਕਮ ਧਿਰ ਵਾਲੀ ਥਾਂ ‘ਤੇ ਬਿਰਾਜਮਾਨ ਹੈ ਅਤੇ ਸਾਰਾ ਕੋਝਾ ਹੰਗਾਮਾ ਇਸ ਦੀਆਂ ਆਪਣੀਆਂ ਅੱਖਾਂ ਸਾਹਵੇਂ ਵਾਪਰਿਆ। ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਸ ਨੂੰ ਇਸ ਗੱਲ ਦੀ ਸਭ ਤੋਂ ਵੱਧ ਫ਼ਿਕਰ ਹੋਣੀ ਚਾਹੀਦੀ ਹੈ ਕਿ ਸਾਡੇ ਸੰਵਿਧਾਨਿਕ ਅਦਾਰੇ ਸੁਚੱਜਤਾ ਤੇ ਵਾਜਬ ਢੰਗ ਨਾਲ ਕੰਮ ਕਰਨ। ਮੁੱਖ ਮੰਤਰੀ ਸਦਨ ਦਾ ਆਗੂ ਹੁੰਦਾ ਹੈ; ਉਸ ਉੱਤੇ ਇੱਕ ਸੰਸਥਾਗਤ ਜ਼ਿੰਮੇਵਾਰੀ ਹੁੰਦੀ ਹੈ ਕਿ ਵਿਰੋਧੀ ਧਿਰ ਦੀਆਂ ਭੜਕਾਹਟਾਂ ਅਤੇ ਅੜਿੱਕਿਆਂ ਦੇ ਬਾਵਜੂਦ, ਸਦਨ ਦੀ ਕਾਰਵਾਈ ਮਾਣ-ਮਰਿਆਦਾ ਵਾਲੇ ਢੰਗ ਨਾਲ ਚੱਲੇ।
‘ਆਪ’ ਇਸ ਮਾਹੌਲ ਵਿੱਚ ਨਵੀਂ ਹੈ। ਉਹ ਨਾ ਤਾਂ ਸੰਸਦੀ ਨਿਯਮਾਂ ਅਤੇ ਕਾਇਦੇ-ਕਾਨੂੰਨਾਂ ਤੋਂ ਵਾਕਫ਼ ਹੈ ਅਤੇ, ਸ਼ਾਇਦ, ਨਾ ਹੀ ਇਨ੍ਹਾਂ ਨੂੰ ਸਿੱਖਣ ਦੀ ਚਾਹਵਾਨ ਹੈ। ਇਸ ਦੇ ਵਿਧਾਇਕ ਗੁੱਸੇ ਤੇ ਸਚਿਆਈ ਦੀ ਸਿਆਸਤ ਦੀ ਉਪਜ ਹਨ ਅਤੇ ਇਹੀ ਸਿਆਸਤ ਖੇਡਣੀ ਜਾਣਦੇ ਹਨ। ਉਹ ਆਸਾਨੀ ਨਾਲ ਉਤੇਜਨਾ ਤੇ ਉਕਸਾਵੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਹਾਕਮ ਪਾਰਟੀ ਨੂੰ ਬਿਨਾਂ ਪ੍ਰੇਸ਼ਾਨੀ ਬਚ ਨਿਕਲਣ ਦਾ ਮੌਕਾ ਦੇ ਦਿੱਤਾ।
ਸਪੀਕਰ ਨੇ ਵੀ ਹਾਲਾਤ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਦਨ ਦੀ ਕਾਰਵਾਈ ਚਲਾਉਣ ਵਾਲੇ ਸਾਰੇ ‘ਪੀਠਾਸੀਨ’ ਅਧਿਕਾਰੀ, ‘ਪਾਰਟੀ ਦੇ ਬੰਦੇ’ ਵਜੋਂ ਸ਼ੁਰੂਆਤ ਕਰਦੇ ਹਨ, ਪਰ ਉਨ੍ਹਾਂ ਦਾ ਅਹੁਦਾ ਮੰਗ ਕਰਦਾ ਹੈ ਕਿ ਉਹ ਪਾਰਟੀ ਵਲਗਣਾਂ ਤੋਂ ਉੱਪਰ ਉਠ ਕੇ ਕੰਮ ਕਰਨ। ਅਜੋਕੇ ਅਣਥੱਕ ਪਾਰਟੀਪ੍ਰਸਤੀ ਦੇ ਜ਼ਮਾਨੇ ਵਿੱਚ ਅਜਿਹੇ ਅਧਿਕਾਰੀਆਂ ਲਈ ਜੀ.ਵੀ. ਮਾਵਲੰਕਰ ਦੇ ਸਿਧਾਂਤ ਮੁਤਾਬਿਕ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਸਪੀਕਰ ”ਜਾਣ ਬੁੱਝ ਕੇ ਅਨਿਆਂ ਜਾਂ ਵਿਤਕਰੇਬਾਜ਼ੀ ਦਾ ਮੁਜ਼ਾਹਰਾ ਨਹੀਂ ਕਰੇਗਾ।” ਲੋਕ ਸਭਾ ਦੇ ਪਹਿਲੇ ਸਪੀਕਰ ਸ੍ਰੀ ਮਾਵਲੰਕਰ ਇਸ ਗੱਲ ਦਾ ਖ਼ਿਆਲ ਰੱਖਦੇ ਸਨ ਕਿ ਹਾਕਮ ਧਿਰ, ਜਿਸ ਦੀ ਅਗਵਾਈ ਉਦੋਂ ਜਵਾਹਰ ਲਾਲ ਨਹਿਰੂ ਵਰਗੇ ਕੱਦਾਵਰ ਆਗੂ ਕਰਦੇ ਸਨ, ਕਦੇ ਵੀ ਉਨ੍ਹਾਂ ਦੇ ਅਹੁਦੇ ਨੂੰ ਮਨਮਰਜ਼ੀ ਮੁਤਾਬਿਕ ਨਾ ਵਰਤ ਸਕੇ। ਪੰਜਾਬ ਦੇ ਸਪੀਕਰ ਦਾ ਵਤੀਰਾ ਸ੍ਰੀ ਮਾਵਲੰਕਰ ਦੇ ਮਿਆਰਾਂ ਤੋਂ ਊਣਾ ਰਹਿ ਗਿਆ, ਪਰ ਇਸ ਦੇ ਬਾਵਜੂਦ ਅਕਾਲੀ ਦਲ ਦੇ ਆਗੂਆਂ ਵੱਲੋਂ ਉਨ੍ਹਾਂ ਪ੍ਰਤੀ ਬੋਲ ਕੁਬੋਲ ਵੀ ਬਿਲਕੁਲ ਨਾਵਾਜਬ ਗੱਲ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਮਾਮਲੇ ਵਿੱਚ ਦਖ਼ਲ ਨਾ ਦੇ ਕੇ ਅਤੇ ਹਾਲਾਤ ਨੂੰ ਬੇਕਾਬੂ ਹੋਣ ਤੋਂ ਰੋਕਣ ਲਈ ਕੁਝ ਨਾ ਕਰ ਕੇ ਆਪਣਾ ਭਲਾ ਨਹੀਂ ਕੀਤਾ। ਉਨ੍ਹਾਂ ਤੋਂ ਪਹਿਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਅਜਿਹੀ ਸਾਖ਼ ਬਣਾਈ ਸੀ ਕਿ ਉਹ ਸਦਨ ਵਿੱਚ ਗੁੱਸੇ ਨੂੰ ਠੰਢਾ ਕਰਨ ਲਈ ਐਨ ਮੌਕੇ ਸਿਰ ਕਾਰਵਾਈ ਕਰਦੇ ਦਿਖਾਈ ਦਿੰਦੇ ਸਨ।
ਪੰਜਾਬ ਵਿਧਾਨ ਸਭਾ ਅਜਿਹੇ ਕੁਝ ਕੁ ਸਦਨਾਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੂੰ ਹਾਲੇ ਵੀ ਸੰਜੀਦਾ ਸੰਸਦੀ ਕੰਮ-ਕਾਜ ਕਰਨ ਲਈ ਜਾਣਿਆ ਜਾਂਦਾ ਹੈ। ਇਸ ਸਾਖ਼ ਨੂੰ ਕਿਸੇ ਵੀ ਹਾਲਤ ਵਿੱਚ ਢਾਹ ਨਹੀਂ ਲੱਗਣ ਦਿੱਤੀ ਜਾਣੀ ਚਾਹੀਦੀ।

ਅਸਹਿਮਤੀ ਅਤੇ ਅਸਹਿਣਸ਼ੀਲਤਾ
ਕਿਤਾਬ ‘ਇੰਡੀਆ ਡਿੱਸੈਂਟਜ਼’ ਦਾ ਸਬ-ਟਾਈਟਲ ‘ਅਸਹਿਮਤੀ, ਸੰਸੇ ਅਤੇ ਬਹਿਸ ਦੇ ਤਿੰਨ ਹਜ਼ਾਰ ਸਾਲ’ ਤੋਂ ਹੀ ਸਭ ਕੁੱਝ ਪਾਣੀ ਵਾਂਗ ਸਾਫ਼ ਹੋ ਜਾਂਦਾ ਹੈ। ਸੰਪਾਦਕ ਅਸ਼ੋਕ ਵਾਜਪਾਈ, ਜੋ ਉੱਚ ਦਰਜੇ ਦਾ ਹਿੰਦੀ ਸਾਹਿਤਕਾਰ ਅਤੇ ਇੱਕ ਉੱਘਾ ਸ਼ਾਇਰ ਹੈ, ਇਸ ਕਿਤਾਬ ਵਿੱਚ ਸਾਡੀ ਸੱਭਿਅਕ ਵਿਰਾਸਤ ਦਾ ਕੇਂਦਰ ਰਹੇ ਮਤਭੇਦ ਤੇ ਸ਼ੱਕ ਦੇ ਸੱਭਿਆਚਾਰ, ਜੋ ਅਤਿ-ਲੋੜੀਂਦਾ ਮੁੱਦਾ ਹੈ, ਨੂੰ ਸਫ਼ਲਤਾਪੂਰਨ ਢੰਗ ਨਾਲ ਉਠਾਉਣ ਵਿੱਚ ਕਾਮਯਾਬ ਰਿਹਾ ਹੈ। ਸਾਡੇ ਇਤਿਹਾਸ ਦੇ ਸੁਨਹਿਰੀ ਕਾਲ ਦੌਰਾਨ ਅਵਾਮ ਪ੍ਰਸ਼ਾਸਕਾਂ ਨਾਲ ਸੰਵਾਦ ਰਚਾ ਕੇ ਅਤੇ ਦਿੱਤੀਆਂ ਜਾਣ ਵਾਲੀ ਮੱਤਾਂ ਉੱਤੇ ਸਵਾਲ ਉਠਾ ਕੇ ਸਸ਼ਕਤ ਮਹਿਸੂਸ ਕਰਦਾ ਸੀ।
ਅਸਹਿਣਸ਼ੀਲਤਾ ਖ਼ਿਲਾਫ਼ ਸਾਲ 2015 ਦੇ ਅਖੀਰਲੇ ਮਹੀਨਿਆਂ ਵਿੱਚ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨ ਵਾਲੀਆਂ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਵਿੱਚ ਅਸ਼ੋਕ ਵਾਜਪਾਈ ਸ਼ਾਮਲ ਸੀ। ਤਿੰਨ ਬੁੱਧੀਜੀਵੀਆਂ ਨਰੇਂਦਰ ਦਾਭੋਲਕਰ, ਗੋਵਿੰਦ ਪਨਸਾਰੇ ਅਤੇ ਐੱਮ.ਐੱਮ. ਕਲਬੁਰਗੀ ਨੂੰ ਯਾਦ ਕਰਨ ਦੀ ਲੋੜ ਹੈ, ਜਿਨ੍ਹਾਂ ਨੂੰ ‘ਤਰਕਸ਼ੀਲ ਤੇ ਰਚਨਾਤਮਕ ਵਿਰੋਧੀ’ ਹੋਣ ਦੇ ਦੋਸ਼ ਹੇਠ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਨ੍ਹਾਂ ਹੱਤਿਆਵਾਂ ਨੇ ਬੁੱਧੀਜੀਵੀਆਂ ਦੀ ਸਮੂਹਿਕ ਜ਼ਮੀਰ ਨੂੰ ਹਲੂਣਿਆ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ ਇੱਕ ਢੁਕਵੀਂ ਜੰਗ ਲੜੀ ਸੀ। ਲੇਖਕਾਂ, ਕਲਾਕਾਰਾਂ, ਗਲਪਕਾਰਾਂ, ਸ਼ਾਇਰਾਂ ਨੇ ਆਪਣਾ ਵਿਰੋਧ ਦਰਜ ਕਰਾਉਣ ਲਈ ਇੱਕ ਸਨਮਾਨਜਨਕ ਰਾਹ ਲੱਭਿਆ ਸੀ। ਉਨ੍ਹਾਂ ਨੇ ਸਰਕਾਰੀ ਸਨਮਾਨ ਵਗਾਹ ਮਾਰੇ ਸਨ। ਇਹ ਇੱਕ ਸ਼ਕਤੀਸ਼ਾਲੀ ਸਰਕਾਰ ਖ਼ਿਲਾਫ਼ ਵਰਤਿਆ ਜਾਣ ਵਾਲਾ ਸਭ ਤੋਂ ਅਸਰਦਾਰ ਹਥਿਆਰ ਤੇ ਵਿਦਰੋਹ ਸੀ।
ਤਿੰਨ ਸਦੀਆਂ ਤੋਂ ਵੱਧ ਸਮੇਂ ਦੀਆਂ ਬਾਗ਼ੀ ਸੁਰਾਂ ਦੇ ਇਸ ਸੰਗ੍ਰਹਿ ਵਿੱਚ ਵਾਜਪਾਈ ਰਚਨਾਤਮਕ ਭਾਈਚਾਰੇ ਦੇ ਵਿਰੋਧ ਦੀ ਜਾਇਜ਼ਤਾ, ਅਮੀਰੀ ਤੇ ਸ਼ਾਨਾਮੱਤੀ ਵਿਰਾਸਤ ‘ਤੇ ਦਾਅਵਾ ਕਰਦਾ ਹੈ। ਰਿਗਵੇਦ ਤੋਂ ਰਵੀਸ਼ ਕੁਮਾਰ (ਐੱਨਡੀਟੀਵੀ ਵਾਲਾ) ਤਕ ਦੇ ਹਵਾਲਿਆਂ ਨਾਲ ਪਾਠਕ ਨੂੰ ਵਿਰੋਧ ਦਾ ਬੇਹੱਦ ਅਮੀਰ ਇਤਿਹਾਸ ਸਮਝਾਇਆ  ਜਾਂਦਾ ਹੈ।
ਸ਼ੁਰੂ ਵਿੱਚ ਜੈਨ ਅਤੇ ਬੁੱਧ ਫ਼ਲਸਫੇ ਵਿੱਚ ਵੈਦਿਕ ਰੀਤੀ-ਰਿਵਾਜਾਂ ਦੀ ਕੱਟੜਤਾ ਨੂੰ ਚੁਣੌਤੀ ਦਿੱਤੀ ਗਈ। ਇਸ ਬਾਅਦ ਤੁਲਸੀਦਾਸ, ਕਬੀਰ ਤੇ ਸਿੱਖ ਗੁਰੂਆਂ ਨੇ ਪ੍ਰਚੱਲਿਤ ਰੂੜੀਵਾਦ ਨਾਲ ਅਸਹਿਮਤੀ ਜ਼ਾਹਿਰ ਕਰਦਿਆਂ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਮੀਰਾ ਬਾਈ ਅਤੇ ਅਮੀਰ ਖੁਸਰੋ, ਦਾਰਾ ਸ਼ਿਕੋਹ ਅਤੇ ਬਾਬਾ ਬੁੱਲ੍ਹੇ ਸ਼ਾਹ ਵਰਗੇ ਸੂਫੀ ਆਏ ਅਤੇ ਇਨ੍ਹਾਂ ਸਾਰਿਆਂ ਨੇ ਮੌਲਿਕ ਮੁਹਾਵਰਿਆਂ ਨਾਲ ਪ੍ਰਚੱਲਿਤ   ਰੀਤਾਂ ‘ਤੇ ਸਵਾਲ ਉਠਾਏ ਅਤੇ ਬਹਿਸ ਕੀਤੀ ਅਤੇ ਨਾਬਰ ਹੋ ਗਏ।
ਆਧੁਨਿਕ ਕਾਲ ਵਿੱਚ ਅਜ਼ੀਮ ਸਮਾਜ ਸੁਧਾਰਕ ਰਾਮਮੋਹਨ ਰਾਏ ਅਤੇ ਜਯੋਤੀਰਾਓ ਫੂਲੇ ਨੇ ਘਿਨਾਉਣੀਆਂ ਸਮਾਜਿਕ ਤੇ ਧਾਰਮਿਕ ਰਹੁ ਰੀਤਾਂ ਅਤੇ ਅਜਿਹੀਆਂ ਪਰੰਪਰਾਵਾਂ ਨੂੰ ਜਾਇਜ਼ ਠਹਿਰਾਉਣ ਵਾਲੀ ਵਿਚਾਰਧਾਰਾ ‘ਤੇ ਸਵਾਲ ਉਠਾਏ। ਇਸ ਬਾਅਦ ਸਿਖ਼ਰਲੇ ਵਿਦਰੋਹ ਦਾ ਸ਼ਾਨਾਮੱਤਾ ਦੌਰ ਆਇਆ, ਜਿਸ ਵਿੱਚ ਤਿਲਕ, ਗਾਂਧੀ, ਕਾਜ਼ੀ ਨਜ਼ਰੁਲ ਇਸਲਾਮ, ਪੇਰੀਆਰ ਈ.ਵੀ. ਰਾਮਾਸਵਾਮੀ ਤੋਂ ਇਲਾਵਾ ਭਗਤ ਸਿੰਘ ਤੇ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀ ਹੋਏ। ਇਸੇ ਦੌਰ ਵਿੱਚ ਐੱਮ ਐੱਨ ਰਾਏ ਅਤੇ ਬੀ ਆਰ ਅੰਬੇਦਕਰ ਵਰਗੇ ਸਿਰਕੱਢ ਬੁੱਧੀਜੀਵੀ ਵੀ ਹੋਏ।
ਇਸ ਸੰਗ੍ਰਹਿ ਵਿੱਚ ਅਸ਼ੋਕ ਵਾਜਪਾਈ ਨੇ ਦਿਖਾਇਆ ਹੈ ਕਿ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਲੋੜ ਮਹਿਸੂਸ ਕੀਤੇ ਬਗ਼ੈਰ ਆਜ਼ਾਦ ਭਾਰਤ, ਇੱਕ ਦੇਸ਼ ਵਜੋਂ ਪਛਾਣ ਬਣਾਉਣ ਅਤੇ ਕੌਮੀ ਸਵੈ-ਭਰੋਸਾ ਸਥਾਪਤ ਕਰਨ ਦੇ ਯੋਗ ਹੋਇਆ ਸੀ ਪਰ ਉਸ ਸਮੇਂ ਵੀ ਵਿਰੋਧੀ ਸੁਰਾਂ ਦੀ ਕੋਈ ਘਾਟ ਨਹੀਂ ਸੀ। ਅਰਥਪੂਰਨ ਪਰ ਸੰਜੀਦਾ। ਇਨ੍ਹਾਂ ਵਿੱਚ ਸ਼ਾਇਰ ਵੀ ਸਨ ਅਤੇ ਸਿਆਸਤਦਾਨ ਵੀ ਸਨ ਅਤੇ ਇਨ੍ਹਾਂ ਤੋਂ ਇਲਾਵਾ ਕਾਨੂ ਸਾਨਿਆਲ ਤੇ ਸਾਡੇ ਹੀ ਵਿਹੜੇ ਵਿੱਚ ਉਗਮੇ ਪਾਸ਼ ਵਰਗੇ ਧੱਕੜ ਬਾਗ਼ੀ ਵੀ ਸਨ।
ਵਾਜਪਾਈ ਨੇ ਇੱਕ ਵਿਸ਼ਾਲ ਤੇ ਬੇਹੱਦ ਮੌਲਿਕ ਨੁਕਤਾ ਬਣਾਇਆ ਹੈ ਕਿ ਜੇਐੱਨਯੂ ਵਿੱਚ ਜੋ ਕਨ੍ਹਈਆ ਕੁਮਾਰ ਅਤੇ ਉਮਰ ਖ਼ਾਲਿਦ ਨਾਲ ਹੋਇਆ, ਉਹ ਜਮਹੂਰੀ ਮਰਿਆਦਾ ਦਾ ਹਿੱਸਾ ਰਿਹਾ ਹੈ।
ਇਸ ਸੰਗ੍ਰਹਿ ਅੰਦਰਲੀਆਂ ਬੇਹੱਦ ਸੋਹਣੀਆਂ ਰਚਨਾਵਾਂ ਵਿੱਚੋਂ ਇੱਕ ‘ਟ੍ਰਿਬਿਊਨ’ ਦੇ ਕਾਲਮਨਵੀਸ ਕੇਕੀ ਐੱਨ. ਦਾਰੂਵਾਲਾ ਦੀ ਹੈ ਜਿਸ ਨੇ ਵਿਦਰੋਹੀ ਢੰਗ ਨਾਲ ਪੁੱਛਿਆ, ”ਰਚਨਾਤਮਕ ਆਜ਼ਾਦੀ ਨੂੰ ਜਜ਼ਬਾਤੀ ਠੇਸ ਪੁੱਜਣ ਵਾਲੀਆਂ ਅਖੌਤੀ ਭਾਵਨਾਵਾਂ ਹੇਠ ਲਗਾ ਕੇ ਕਿਉਂ ਰੱਖਣਾ ਚਾਹੀਦਾ ਹੈ?” ਇਹ ਸਵਾਲ ਜਾਇਜ਼ ਹੈ ਪਰ ਇਹ ਉਹ ਸਲੀਬ ਹੈ ਜਿਸ ਨਾਲ ਬਹੁਤੇ ਸੱਭਿਆ ਸਮਾਜ ਅਕਸਰ ਖ਼ੁਦ ਨੂੰ ਬੱਝਿਆ ਮਹਿਸੂਸ ਕਰਦੇ ਹਨ; ਖਾਸ ਤੌਰ ‘ਤੇ ਜਦੋਂ ਕੋਈ ਸ਼ੋਰੀਲਾ ਗੁੱਟ ”ਸਮੂਹਿਕ ਭਾਵਨਾਵਾਂ ਦਾ ਪ੍ਰਤੀਕ ਬਣ ਉੱਭਰਦਾ ਹੈ ਅਤੇ ਕੌਮ ਤੇ ਰਾਸ਼ਟਰ ਦੇ  ਨਾਂ ਉੱਤੇ ਸਭਨਾਂ ਨੂੰ ਇੱਕ ਲੀਹ ‘ਤੇ ਚੱਲਣ ਦਾ ਹੁਕਮ ਦਿੰਦਾ ਹੈ।”
ਇਹ ਉਹ ਸੰਗ੍ਰਹਿ ਹੈ ਜਿਹੜਾ ਹਰ ਸਕੂਲ ਪ੍ਰਿੰਸੀਪਲ ਨੂੰ ਸਕੂਲੀ ਵਿੱਦਿਆ ਪੂਰੀ ਕਰਨ ਵਾਲੇ ਹਰ ਵਿਦਿਆਰਥੀ ਨੂੰ ਯਾਦਗਾਰੀ ਤੋਹਫ਼ੇ ਵਜੋਂ ਦਿੱਤਾ ਜਾਣਾ ਚਾਹੀਦਾ ਹੈ।
ਮੈਨੂੰ ਅਜਿਹੇ ਕਿਸੇ ਵੀ ਪ੍ਰਿੰਸੀਪਲ ਤੇ ਉਸਦੇ ਵਿਦਿਆਰਥੀਆਂ/ਵਿਦਿਆਰਥਣਾਂ ਨੂੰ ਕੌਫ਼ੀ ਦਾ ਕੱਪ ਸਾਂਝਾ ਕਰਨ ਦਾ ਸੱਦਾ ਦੇਣ ਵਿੱਚ ਖ਼ੁਸ਼ੀ ਮਹਿਸੂਸ ਹੋਵੇਗੀ। ਆਮੀਨ!