ਪੰਜਾਬ ਦੇ ਦਰਦ ਦੇ ਹਾਣ ਦੀਆਂ ਨਹੀਂ ਬਣ ਸਕੀਆਂ ਚੋਣ ਮੁਹਿੰਮਾਂ

ਪੰਜਾਬ ਦੇ ਦਰਦ ਦੇ ਹਾਣ ਦੀਆਂ ਨਹੀਂ ਬਣ ਸਕੀਆਂ ਚੋਣ ਮੁਹਿੰਮਾਂ

ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਮੁਖੀ ਵਿੱਚ ਲਿਖੀ ਫਿਲਾਸਫੀ ਨੂੰ ਦੁਨੀਆ ਨੂੰ ਸੇਧ ਦੇਣ ਵਾਲੀ ਕਹਿੰਦਿਆਂ ਹੋਇਆਂ ਵੀ ਸਭ ਗਿਆਨ ਕੇਵਲ ਅੰਗਰੇਜ਼ੀ ਵਿਚੋਂ ਮਿਲ ਸਕਦਾ ਹੈ, ਦੀ ਰਟ ਦੇ ਸ਼ਿਕਾਰ ਹੋ ਚੁੱਕੇ ਹਾਂ। ਸਥਿਤੀ ਇੱਥੇ ਤਕ ਇਸ ਲਈ ਪਹੁੰਚੀ ਕਿਉਂਕਿ ਆਪਣੀ ਭਾਸ਼ਾ ਵਿੱਚ ਖੋਜ, ਗਿਆਨ ਜਾਂ ਇਸ ਦੇ ਪਸਾਰੇ ਦੀ ਕੋਸ਼ਿਸ਼ ਵੱਲ ਧਿਆਨ ਦੇਣ ਦੀ ਖੇਚਲ ਨਹੀਂ ਕੀਤੀ ਗਈ। ਇਸ ਲਈ ਪੰਜਾਬ ਬੌਧਿਕ ਕੰਗਾਲੀ ਦੀ ਕਗਾਰ ਉੱਤੇ ਖੜ੍ਹਾ ਦਿਖਾਈ ਦਿੰਦਾ ਹੈ। ਬੌਧਿਕ ਪੱਧਰ ਉੱਤੇ ਵੱਡੇ ਕਿਰਦਾਰ ਵਾਲੇ ਮਨੁੱਖਾਂ ਤੋਂ ਬਿਨਾਂ ਪੁਲ, ਸੜਕਾਂ ਜਾਂ ਹਵਾਈ ਅੱਡੇ ਆਪਣੇ ਆਪ ਵਿੱਚ ਵਿਕਾਸ ਨਹੀਂ ਹੁੰਦਾ, ਸ਼ਾਇਦ ਇਹ ਵੀ ਸਾਨੂੰ ਕਿਸੇ ਤੋਂ ਬਾਹਰੋਂ ਸਮਝਣ ਦੀ ਲੋੜ ਪਵੇਗੀ?

ਹਮੀਰ ਸਿੰਘ
ਪੰਜਾਬੀ ਦੀ ਆਮ ਵਰਤੋਂ ਵਿੱਚ ਆਉਂਦੀ ਕਹਾਵਤ ਹੈ ਕਿ ਨੀਮ ਹਕੀਮ ਖ਼ਤਰਾ ਹੈ ਜਾਨ। ਕੀ ਅਸਲ ਵਿੱਚ ਪੰਜਾਬ ਦੀ ਅਗਵਾਈ ਕਰਨ ਵਾਲੀ ਜਮਾਤ ਅਜਿਹੇ ਅਰਥ ਕੱਢਣ ਲਈ ਮਜਬੂਰ ਤਾਂ ਨਹੀਂ ਕਰ ਰਹੀ? ਸੂਬੇ ਵਿੱਚ 4 ਫਰਵਰੀ ਨੂੰ 15ਵੀਂ ਵਿਧਾਨ ਸਭਾ ਲਈ ਵੋਟਾਂ ਪੈ ਚੁੱਕੀਆਂ ਹਨ। ਵੋਟ ਲੈਣ ਲਈ ਵੱਖ ਵੱਖ ਪਾਰਟੀਆਂ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਅਤੇ ਚੋਣ ਮੁਹਿੰਮਾਂ ਕੁਝ ਅਜਿਹਾ ਹੀ ਝਲਕਾਰਾ ਪੇਸ਼ ਕਰ ਰਹੀਆਂ ਸਨ। ਪ੍ਰਮੁੱਖ ਪਾਰਟੀਆਂ ਵੱਲੋਂ ਪੰਜਾਬ ਦੇ 25 ਲੱਖ ਨੌਜਵਾਨਾਂ ਨੂੰ ਜਾਂ ਹਰ ਘਰ ਦੇ ਇੱਕ ਮੈਂਬਰ ਨੂੰ ਨੌਕਰੀ, ਕਿਸਾਨਾਂ ਦਾ ਕਰਜ਼ਾ ਮੁਆਫ਼, 25 ਸੌ ਰੁਪਏ ਬੁਢਾਪਾ ਪੈਨਸ਼ਨ, ਕਿਸਾਨਾਂ ਨੂੰ ਸਵਾਮੀਨਾਥਨ ਰਿਪੋਰਟ ਮੁਤਾਬਕ ਫ਼ਸਲਾਂ ਦਾ ਭਾਅ ਦੇਣ, ਮਹੀਨੇ ਜਾਂ ਚਾਰ ਮਹੀਨਿਆਂ ਵਿੱਚ ਨਸ਼ੇ ਬੰਦ ਕਰ ਦੇਣ ਦੇ ਵਾਅਦੇ ਕੀਤੇ ਗਏ। ਅਕਾਲੀ-ਭਾਜਪਾ  ਗਠਜੋੜ ਨੇ ਆਪਣੇ ਦਸ ਸਾਲ ਦੇ ਸਮੇਂ ਨੂੰ ਸੜਕਾਂ, ਪੁਲ, ਹਵਾਈ ਅੱਡੇ ਅਤੇ ਯਾਦਗਾਰਾਂ ਦੇ ਰੂਪ ਵਿੱਚ ਕੀਤੇ ਵਿਕਾਸ ਅਤੇ ਭਾਈਚਾਰਕ ਸਾਂਝ ਨੂੰ ਪ੍ਰਾਪਤੀ ਵਜੋਂ ਪੇਸ਼ ਕੀਤਾ, ਪਰ ਅਕਾਲੀ ਦਲ ਖਾਸ ਤੌਰ ਉੱਤੇ ਬਾਦਲ ਪਰਿਵਾਰ ਵਿਰੋਧੀ ਲਹਿਰ ਦੇ ਕਾਰਨ ਅਕਾਲੀ ਦਲ ਦੇ ਆਗੂ ਆਪਣੇ ਮੂਲ ਪੰਥਕ ਕਿਰਦਾਰ ਨੂੰ ਤਿਲਾਂਜਲੀ ਦੇ ਕੇ ਡੇਰਾ ਸੱਚਾ ਸੌਦਾ ਦੀ ਸ਼ਰਨ ਵਿੱਚ ਚਲੇ ਗਏ। ਸ੍ਰੀ ਅਕਾਲ ਤਖ਼ਤ ਅਤੇ ਦੂਸਰੇ ਤਖ਼ਤਾਂ ਦੇ ਜਥੇਦਾਰਾਂ ਨੇ ਵੀ ਵੋਟਾਂ ਪੈਣ ਤਕ ਖਾਮੋਸ਼ੀ ਧਾਰੀ ਰੱਖੀ।
ਚੋਣ ਮੁਹਿੰਮ ਦੌਰਾਨ ਆਗੂਆਂ ਦੇ ਭਾਸ਼ਣ ਪੰਜਾਬੀਆਂ ਦੇ ਜੀਵਨ ਉੱਤੇ ਅੰਤਰ ਨਿਰਭਰ ਦੁਨੀਆ ਦੇ ਸੰਸਾਰ ਮੰਚਾਂ ਉੱਤੇ ਹੋ ਰਹੇ ਫ਼ੈਸਲੇ, ਦੇਸ਼ ਪੱਧਰ ਦੀਆਂ ਨੀਤੀਆਂ ਦਾ ਪ੍ਰਭਾਵ ਅਤੇ ਪੰਜਾਬ ਦੀਆਂ ਨੀਤੀਆਂ ਬਾਰੇ ਵਿਚਾਰ ਚਰਚਾ ਤਾਂ ਦੂਰ ਬਲਕਿ ਮਿਹਣੋ-ਮਿਹਣੀ ਅਤੇ ਸਭਿਆਚਾਰਕ ਮਿਆਰ ਤੋਂ ਡਿੱਗੀ ਸ਼ਬਦਾਵਲੀ ਤਕ ਸੀਮਤ ਹੋ ਕੇ ਰਹਿ ਗਏ। ਸਿਆਸੀ ਪਾਰਟੀਆਂ ਵਲੋਂ ਵੋਟ ਹਾਸਲ ਕਰਨ ਦੀ ਚਾਰਾਜ਼ੋਈ ਕਰਨਾ ਜਮਹੂਰੀ ਪ੍ਰਬੰਧ ਦੀ ਲੋੜ ਹੈ। ਵੈਸੇ ਤਾਂ ਮਿਸ਼ਨ 17 ਦਾ ਨਾਅਰਾ ਦੇ ਕੇ ਸਾਡੀਆਂ ਸਾਰੀਆਂ ਪ੍ਰਮੁੱਖ ਧਿਰਾਂ ਨੇ ਇਹ ਐਲਾਨੀਆ ਕਹਿ ਦਿੱਤਾ ਸੀ ਕਿ ਉਨ੍ਹਾਂ ਦਾ ਉਦੇਸ਼ ਸੱਤਾ ਉੱਤੇ ਕਬਜ਼ਾ ਹੈ। ਪੰਜਾਬ ਦੇ ਦੁੱਖ ਦਰਦ ਦੂਰ ਕਰਨ ਦਾ ਪ੍ਰੋਗਰਾਮ ਦੇਣਾ ਨਹੀਂ ਹੈ। ਸੱਤਾ ਜਿਸ ਵੀ ਝੂਠੇ ਸੱਚੇ ਵਾਅਦੇ ਨਾਲ ਮਿਲੇਗੀ, ਉਹ ਹਾਸਲ ਕਰਨ ਲਈ ਸਭ ਕੁਝ ਕੀਤਾ ਜਾਵੇਗਾ। ਇੱਕ ਦੂਸਰੀ ਪਾਰਟੀ ਵਿੱਚੋਂ ਦਲ ਬਦਲੀ ਕਰਕੇ ਆਏ ਉਮੀਦਵਾਰਾਂ ਨੂੰ ਗਲਵੱਕੜੀ ਵਿੱਚ ਲੈ ਕੇ ਉਮੀਦਵਾਰ ਬਣਾਉਣ ਵਿੱਚ ਨਾ ਪਾਰਟੀ ਲੀਡਰਸ਼ਿਪ ਨੂੰ ਕੋਈ ਝਿਜਕ ਅਤੇ ਨਾ ਹੀ ਪਾਰਟੀ ਬਦਲਣ ਵਾਲੇ ਆਗੂਆਂ ਨੂੰ ਪ੍ਰੇਸ਼ਾਨੀ ਹੋਈ। ਇਸ ਦਾ ਮਤਲਬ ਸਾਫ਼ ਹੈ ਕਿ ਵਿਚਾਰਧਾਰਕ ਅਤੇ ਇਖ਼ਲਾਕ ਦੀ ਕਤਾਰਬੰਦੀ ਪੂਰੀ ਤਰ੍ਹਾਂ ਅਣਦੇਖੀ ਹੋ ਚੁੱਕੀ ਹੈ।
ਪੰਜਾਬ ਦੀ ਅਸਲ ਸਥਿਤੀ ਇਹ ਹੈ ਕਿ ਇੱਥੇ ਕਿਸੇ ਦਾ ਜੀਅ ਨਹੀਂ ਲੱਗ ਰਿਹਾ। ਰੋਜ਼ੀ ਰੋਟੀ ਲਈ ਦੇਸ਼ ਵਿਦੇਸ਼ ਜਾਣਾ ਪੁਰਾਣੀ ਰਵਾਇਤ ਰਹੀ ਹੈ। ਹੁਣ ਵੱਡੀ ਸੰਖਿਆ ਵਿੱਚ ਨੌਜਵਾਨ ਵਿਦੇਸ਼ ਦੌੜ ਜਾਣਾ ਇਸ ਲਈ ਚਾਹੁੰਦਾ ਹੈ ਕਿਉਂਕਿ ਇੱਥੇ ਉਸ ਨੂੰ ਭਵਿੱਖ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ। ਪਰ ਇਹ ਕੇਵਲ ਰੋਜ਼ੀ ਰੋਟੀ ਜੋਗਾ ਮਾਮਲਾ ਨਹੀਂ ਹੈ। ਪਹਿਲਾਂ ਲੋਕ ਪੈਸਾ ਕਮਾ ਕੇ ਮੁੜ ਆਉਣ ਦੀ ਤਾਂਘ ਰੱਖਦੇ ਸਨ। ਹੁਣ ਗੁਰਦੁਆਰਿਆਂ ਵਿੱਚ ਹੁੰਦੀਆਂ ਅਰਦਾਸਾਂ ਦੱਸਦੀਆਂ ਹਨ ਕਿ ਲੋਕ ਪੱਕੇ ਉਜਾੜੇ ਲਈ ਕਿੰਨੇ ਤਰਲੋ ਮੱਛੀ ਹੋ ਰਹੇ ਹਨ। ਕਿਸੇ ਦੂਸਰੇ ਦੇਸ਼ ਵਿੱਚ ਪੱਕੇ ਹੋ ਜਾਣ ਦੀ ਅਰਦਾਸ ਇਹੀ ਕਹਾਣੀ ਬਿਆਨ ਕਰ ਰਹੀ ਹੈ। ਪਰਵਾਸੀ ਭਾਰਤੀਆਂ ਦੀ ਪੰਜਾਬ ਦੀਆਂ ਚੋਣਾਂ ਵਿੱਚ ਇੰਨੀ ਦਿਲਚਸਪੀ ਦਾ ਕਾਰਨ ਇਹ ਵੀ ਹੈ ਕਿ ਜੜ੍ਹਾਂ ਨਾਲੋਂ ਟੁੱਟਣ ਦਾ ਗ਼ਮ ਧੁਰ ਅੰਦਰ ਉਨ੍ਹਾਂ ਅੰਦਰ ਵੀ ਖੋਹ ਪਾ ਰਿਹਾ ਹੈ। ਦੁਨੀਆ ਦਾ ਇਤਿਹਾਸ ਗਵਾਹ ਹੈ ਕਿ ਹਰ ਖਿੱਤੇ ਦੇ ਲੋਕਾਂ ਨੇ ਉਹ ਮੈਦਾਨੀ, ਪਹਾੜੀ, ਰੇਤੀਲੇ ਜਾਂ ਕਿਤੇ ਵੀ ਰਹਿੰਦੇ ਹੋਣ, ਆਪਣੀ ਹੋਂਦ ਨੂੰ ਮਹੱਤਵਪੂਰਨ ਸਮਝਣ ਅਤੇ ਦੂਸਰਿਆਂ ਨੂੰ ਸਮਝਾਉਣ ਦਾ ਮਾਹੌਲ ਪੈਦਾ ਕੀਤਾ ਹੁੰਦਾ ਹੈ। ਇਸ ਲਈ ਉਹ ਵੱਡੀਆਂ ਕੁਰਬਾਨੀਆਂ ਵੀ ਦਿੰਦੇ ਹਨ ਅਤੇ ਸੰਕਟ ਵੀ ਝੱਲਦੇ ਹਨ। ਸਬੰਧਤ ਖੇਤਰ ਉੱਤੇ ਕੁਦਰਤ ਦੀਆਂ ਮਿਹਰਬਾਨੀਆਂ, ਉਸ ਦਾ ਇਤਿਹਾਸ, ਸਾਹਿਤ ਪੁਰਖਿਆਂ ਵੱਲੋਂ ਬਿਹਤਰ ਸਮਾਜ ਸਿਰਜਣ ਲਈ ਕੀਤੀਆਂ ਕੁਰਬਾਨੀਆਂ, ਭਾਸ਼ਾ, ਗਿਆਨ, ਖੋਜਾਂ ਸਮੇਤ ਵੰਨ-ਸੁਵੰਨੇ ਵਰਤਾਰੇ ਉਸ ਨੂੰ ਇਹ ਅਹਿਸਾਸ ਕਰਵਾਉਣ ਲਈ ਕਾਫ਼ੀ ਹੁੰਦੇ ਹਨ ਕਿ ਉਹ ਦੁਨੀਆ ਦੇ ਸਨਮਾਨ ਯੋਗ ਮਨੁੱਖਾਂ ਵਿੱਚ ਸ਼ੁਮਾਰ ਹੈ। ਪੰਜਾਬ ਕੋਲ ਇਸ ਦਾ ਪੌਣ ਪਾਣੀ, ਜ਼ਰਖੇਜ ਮਿੱਟੀ, ਸਰਬੱਤ ਦੇ ਭਲੇ ਦੀ ਅਰਦਾਸ ਨੂੰ ਪ੍ਰਣਾਈ ਦਾਰਸ਼ਨਿਕ ਤੇ ਸਮੂਹਿਕ ਵਿਕਾਸ ਦੀ ਸੂਝਬੂਝ, ਕੁਰਬਾਨੀਆਂ ਭਰਿਆ ਇਤਿਹਾਸ, ਸੁਡੋਲ ਸਰੀਰ, ਜੀਵਨ ਜਿਉਣ ਦਾ ਜਜ਼ਬਾ, ਜਾਤ ਪਾਤ ਦੇ ਖ਼ਿਲਾਫ਼ ਬਰਾਬਰੀ ਲਈ ਜਦੋ-ਜਹਿਦ, ਸਾਦਾ ਅਤੇ ਤੰਦਰੁਸਤ ਜੀਵਨ, ਪੰਜਾਬੀ ਬੋਲੀ, ਭਾਸ਼ਾ ਅਤੇ ਵਿਰੋਧੀ ਵਿਚਾਰ ਵਾਲਿਆਂ ਦੇ ਵੀ ਮਾਨਵੀ ਹਕੂਕਾਂ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਕੁਰਬਾਨੀ ਵਰਗੇ ਅਨੇਕਾਂ ਅਨਮੋਲ ਅਤੇ ਮਾਣਕਰਨ ਯੋਗ ਖ਼ਜ਼ਾਨੇ ਰਹੇ ਹਨ।
ਮੌਜੂਦਾ ਕੁਦਰਤ ਅਤੇ ਮਨੁੱਖ ਵਿਰੋਧੀ ਵਿਕਾਸ ਮਾਡਲ ਦੇ ਕੰਧਾੜੇ ਚੜ੍ਹ ਕੇ ਪੰਜਾਬੀਆਂ ਨੇ ਆਪਣੀ ਆਬੋ ਹਵਾ, ਮਿੱਟੀ, ਅੰਮ੍ਰਿਤ ਵਰਗਾ ਪਾਣੀ ਸਭ ਕੁਝ ਬਰਬਾਦ ਕੀਤਾ ਹੈ। ਆਰਥਿਕ ਖੇਤਰ ਵਿੱਚ ਸਭ ਨੂੰ ਨਾਲ ਲੈ ਕੇ ਚੱਲਣ ਦੇ ਸਿਧਾਂਤ ਦੇ ਬਜਾਏ ਵੱਡੇ ਹਿੱਸੇ ਨੂੰ ਕੇਵਲ ਭਿਖਾਰੀ ਦੀ ਤਰ੍ਹਾਂ ਵੋਟ ਬੈਂਕ ਵਿੱਚ ਤਬਦੀਲ ਕਰਨ ਦੀ ਮਾਨਸਿਕਤਾ ਚੋਣ ਮਨੋਰਥ ਪੱਤਰਾਂ ਵਿੱਚੋਂ ਪ੍ਰਤੱਖ ਝਲਕ ਰਹੀ ਹੈ। ਵੱਖ ਵੱਖ ਜਾਤਾਂ ਅਤੇ ਵਰਗਾਂ ਵਿਚੋਂ ਆਈ ਪੰਜ ਪਿਆਰਿਆਂ ਦੀ ਆਗੂ ਟੀਮ ਦੀ ਜਗ੍ਹਾ ਕੁਝ ਖਾਸ ਪਰਿਵਾਰਾਂ ਅਤੇ ਵਿਅਕਤੀਆਂ ਦੇ ਸੱਤਾ ਉੱਤੇ ਕਬਜ਼ੇ ਦੀ ਨੀਤੀ ਅਪਣਾ ਲਈ। ਅਮੀਰਾਂ ਲਈ ਅਲੱਗ ਸਕੂਲ ਅਤੇ ਗ਼ਰੀਬਾਂ ਲਈ ਫਟੇ ਹਾਲ ਸਕੂਲ, ਅਮੀਰਾਂ ਲਈ ਹੋਰ ਹਸਪਤਾਲ ਅਤੇ ਗ਼ਰੀਬਾਂ ਲਈ ਡਾਕਟਰਾਂ ਅਤੇ ਦਵਾਈਆਂ ਤੋਂ ਸੱਖਣੇ ਹਸਪਤਾਲ, ਕੀ ਗੁਰੂ ਨਾਨਕ ਦੇ ਸਰਬੱਤ ਦੇ ਭਲੇ ਨਾਲ ਮੇਲ ਖਾਂਦੀ ਇੱਕ ਵੀ ਝਲਕ ਦਿੰਦੇ ਹਨ? ਗੁਰਬਾਣੀ ਉਪਦੇਸ਼ ਹੈ ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਕੀ ਪੜ੍ਹੀ ਲਿਖੀ ਪੀੜ੍ਹੀ ਸਿੱਖ ਕੇ ਪਰਉਪਕਾਰੀ ਬਣੀ ਹੈ ਜਾਂ ਆਪਣੇ ਸੁਆਰਥ ਲਈ ਅੱਧੀ ਤੋਂ ਵੱਧ ਆਬਾਦੀ ਨੂੰ ਪਿੱਛੇ ਛੱਡ ਕੇ ਖੁਦ ਕਿਤੇ ਅਗਾਂਹ ਲੰਘ ਜਾਣ ਦੀ ਦੌੜ ਵਿੱਚ ਲੱਗੀ ਹੈ? ਪੜ੍ਹੇ ਲਿਖਿਆਂ ਤੋਂ ਜ਼ਿਆਦਾ ਬੁੱਧੀਮਾਨ ਹੋਣ ਅਤੇ ਕਦਰਾਂ ਕੀਮਤਾਂ ਨੂੰ ਪਰਨਾਏ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਪਰ ਅਜਿਹਾ ਕਿਤੇ ਨਜ਼ਰ ਨਹੀਂ ਆ ਰਿਹਾ। ਪੰਜਾਬੀ ਸਮੂਹਿਕ ਤੌਰ ਉੱਤੇ ਆਪਣੇ ਬੁਨਿਆਦੀ ਸਿਧਾਂਤਕ ਚੌਖੜੇ ਵਿਚੋਂ ਉੱਖੜਿਆ ਦਿਖਾਈ ਦੇ ਰਿਹਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਕਿਸੇ ਵੀ ਤਥਾਕਥਿਤ ਪੜ੍ਹੇ ਲਿਖੇ ਵਿਅਕਤੀ ਦੇ ਬੱਚੇ ਅਤੇ ਪਰਿਵਾਰ ਪੰਜਾਬੀ ਨਾਲ ਪਿਛੜੀ ਭਾਸ਼ਾ ਦੀ ਤਰ੍ਹਾਂ ਵਿਹਾਰ ਕਰਦੇ ਹਨ। ਸਰਕਾਰਾਂ ਨੇ ਵੀ ਹੁਣ ਤਕ ਇਹੀ ਕੀਤਾ ਹੈ। ਇਹ ਦੋਗਲਾ ਕਿਰਦਾਰ ਸਾਹਮਣੇ ਆ ਰਿਹਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਮੁਖੀ ਵਿੱਚ ਲਿਖੀ ਫਿਲਾਸਫੀ ਨੂੰ ਦੁਨੀਆ ਨੂੰ ਸੇਧ ਦੇਣ ਵਾਲੀ ਕਹਿੰਦਿਆਂ ਹੋਇਆਂ ਵੀ ਸਭ ਗਿਆਨ ਕੇਵਲ ਅੰਗਰੇਜ਼ੀ ਵਿਚੋਂ ਮਿਲ ਸਕਦਾ ਹੈ, ਦੀ ਰਟ ਦੇ ਸ਼ਿਕਾਰ ਹੋ ਚੁੱਕੇ ਹਾਂ। ਸਥਿਤੀ ਇੱਥੇ ਤਕ ਇਸ ਲਈ ਪਹੁੰਚੀ ਕਿਉਂਕਿ ਆਪਣੀ ਭਾਸ਼ਾ ਵਿੱਚ ਖੋਜ, ਗਿਆਨ ਜਾਂ ਇਸ ਦੇ ਪਸਾਰੇ ਦੀ ਕੋਸ਼ਿਸ਼ ਵੱਲ ਧਿਆਨ ਦੇਣ ਦੀ ਖੇਚਲ ਨਹੀਂ ਕੀਤੀ ਗਈ। ਇਸ ਲਈ ਪੰਜਾਬ ਬੌਧਿਕ ਕੰਗਾਲੀ ਦੀ ਕਗਾਰ ਉੱਤੇ ਖੜ੍ਹਾ ਦਿਖਾਈ ਦਿੰਦਾ ਹੈ। ਬੌਧਿਕ ਪੱਧਰ ਉੱਤੇ ਵੱਡੇ ਕਿਰਦਾਰ ਵਾਲੇ ਮਨੁੱਖਾਂ ਤੋਂ ਬਿਨਾਂ ਪੁਲ, ਸੜਕਾਂ ਜਾਂ ਹਵਾਈ ਅੱਡੇ ਆਪਣੇ ਆਪ ਵਿੱਚ ਵਿਕਾਸ ਨਹੀਂ ਹੁੰਦਾ, ਸ਼ਾਇਦ ਇਹ ਵੀ ਸਾਨੂੰ ਕਿਸੇ ਤੋਂ ਬਾਹਰੋਂ ਸਮਝਣ ਦੀ ਲੋੜ ਪਵੇਗੀ?
ਆਰਥਿਕ ਤੰਗੀ, ਸਮਾਜਿਕ ਕਦਰਾਂ ਕੀਮਤਾਂ ਵਿੱਚ ਗਿਰਾਵਟ, ਸਮੂਹਿਕ ਦੀ ਥਾਂ ਨਿੱਜ ਪ੍ਰਸਤੀ ਤੋਂ ਪ੍ਰੇਰਿਤ ਜੀਵਨ ਜਾਂਚ, ਕੁਦਰਤ ਦੀ ਵੰਨ ਸੁਵੰਨਤਾ ਤੋਂ ਸਿੱਖਦਿਆਂ ਉਸੇ ਤਰ੍ਹਾਂ ਦਾ ਸਮਾਜਿਕ ਤਾਣਾ-ਬਾਣਾ ਵਿਕਸਤ ਕਰਨ ਦੀ ਜੱਦੋ-ਜਹਿਦ ਦੀ ਅਣਹੋਂਦ, ਦਿਆਨਤਦਾਰ ਅਤੇ ਬੌਧਿਕਤਾ ਨਾਲ ਲੈਸ ਆਗੂਆਂ ਦੀ ਗ਼ੈਰ ਹਾਜ਼ਰੀ ਤੋਂ ਪੈਦਾ ਨਾਉਮੀਦੀ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਅਤੇ ਨੌਜਵਾਨਾਂ ਲਈ ਨਸ਼ਿਆਂ ਦਾ ਰਾਹ ਖੋਲ੍ਹਦੀ ਹੈ। ਬਹੁਤ ਸਾਰੇ ਬਾਹਰ ਜਾਣ ਲਈ ਮਜਬੂਰ ਹਨ। ਬਿੱਲੀ ਨੂੰ ਵੇਖ ਕੇ ਕਬੂਤਰ ਦੇ ਅੱਖਾਂ ਮੀਟ ਲੈਣ ਨਾਲ ਜਾਨ ਨਹੀਂ ਬਚਦੀ। ਇਸ ਲਈ ਆਪਣੇ ਇਤਿਹਾਸ, ਕੁਰਬਾਨੀ ਅਤੇ ਕੁਦਰਤੀ ਵਰਤਾਰੇ ਤੋਂ ਸਿੱਖ ਕੇ ਸਮੂਹਿਕ ਚੇਤਨਾ ਅਤੇ ਸਮੂਹਿਕ ਚਰਿੱਤਰ ਵਿਕਸਤ ਕਰਨ, ਸੱਤਾ ਵਿੱਚ ਸਾਧਾਰਨ ਲੋਕਾਂ ਦੀ ਹਿੱਸੇਦਾਰੀ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਜੀਵਨ ਜਾਂਚ ਨੂੰ ਅੱਗੇ ਵਧਾਉਣ ਦੇ ਉਪਰਾਲੇ ਤੋਂ ਬਿਨਾਂ ਪੰਜਾਬ ਦੀ ਹੋਣੀ ਸੁਧਰਨ ਦੀ ਗੁੰਜਾਇਸ਼ ਨਹੀਂ ਹੋਵੇਗੀ। ਵੋਟ ਦਾ ਹੱਕ ਵੱਡਾ ਹੱਕ ਹੈ, ਇਸ ਦਾ ਇਸਤੇਮਾਲ ਕਰਕੇ ਸੱਤਾ ਵਿੱਚ ਹਿੱਸੇਦਾਰੀ ਦੀ ਦਾਅਵੇਦਾਰੀ ਪੇਸ਼ ਕਰਨ ਵੱਲ ਕਦਮ ਹੈ। ਬਹੁਤ ਸਾਰੇ ਸਿਆਸਤ ਤੋਂ ਉਪਰਾਮ ਹੋ ਚੁੱਕੇ ਨੌਜਵਾਨਾਂ ਦਾ ਸਿਆਸਤ ਵਿੱਚ ਕੁੱਦਣਾ ਸ਼ੁਭ ਸ਼ਗਨ ਹੈ, ਪਰ ਇਸ ਲਈ ਸਹਿਣਸ਼ੀਲਤਾ ਨਿਹਾਇਤ ਜ਼ਰੂਰੀ ਹੈ। ਮੇਰੇ ਨਾਲ ਜਾਂ ਮੇਰੇ ਵਿਰੋਧੀ ਤਕ ਸੁੰਗੜ ਗਈ ਸੋਚ ਨੂੰ ਵਿਸਥਾਰ ਦੇਣ ਦੀ ਲੋੜ ਹੈ। ਵੰਨ-ਸੁਵੰਨੇ ਵਿਚਾਰ ਅਤੇ ਆਪਸੀ ਸੰਵਾਦ ਹੀ ਬੌਧਿਕ ਤਰੱਕੀ ਦਾ ਰਾਹ ਹੁੰਦਾ ਹੈ। ਉਮੀਦ ਹੈ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚੋਂ ਗਾਇਬ ਹੋਇਆ ਬੌਧਿਕ, ਸਿਆਸੀ, ਸਮਾਜਿਕ ਅਤੇ ਸਭਿਆਚਾਰਕ ਸੰਵਾਦ ਮੁੜ ਸ਼ੁਰੂ ਹੋਵੇਗਾ ਅਤੇ 11 ਮਾਰਚ ਦੇ ਨਤੀਜਿਆਂ ਤੋਂ ਬਾਅਦ ਤਬਦੀਲੀ ਦੀ ਫਿਜ਼ਾ ਕੇਵਲ ਸਰਕਾਰ ਬਣਾਉਣ ਤਕ ਸਿਮਟ ਕੇ ਨਹੀਂ ਰਹਿ ਜਾਵੇਗੀ।