ਐਮਐਲਏ ਬਲਜਿੰਦਰ ਕੌਰ ਦੇ ਵਿਆਹ ਮੌਕੇ ਲੱਗੀਆਂ ਸਿਆਸੀ ਰੌਣਕਾਂ

ਐਮਐਲਏ ਬਲਜਿੰਦਰ ਕੌਰ ਦੇ ਵਿਆਹ ਮੌਕੇ ਲੱਗੀਆਂ ਸਿਆਸੀ ਰੌਣਕਾਂ

ਤਲਵੰਡੀ ਸਾਬੋ/ਏਟੀ ਨਿਊਜ਼ :
ਆਮ ਆਦਮੀ ਪਾਰਟੀ ਦੀ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਅਤੇ 'ਆਪ' ਦੇ ਮਾਝਾ ਜ਼ੋਨ ਦੇ ਯੂਥ ਵਿੰਗ ਇੰਚਾਰਜ ਸੁਖਰਾਜ ਸਿੰਘ ਬੱਲ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਵਿਆਹ ਦੀ ਰਸਮ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿੰਡ ਜਗ੍ਹਾ ਰਾਮ ਤੀਰਥ ਵਿਚ ਗੁਰ ਮਰਿਆਦਾ ਅਨੁਸਾਰ ਹੋਈ। ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਘਰ ਨੇੜੇ ਇਕ ਖੁੱਲ੍ਹੇ ਪੰਡਾਲ ਵਿਚ ਸਾਦੇ ਤਰੀਕੇ ਅਤੇ ਗੁਰ ਮਰਿਆਦਾ ਅਨੁਸਾਰ ਦੋਵਾਂ ਦਾ ਵਿਆਹ ਕਾਰਜ ਹੋਇਆ। ਵਿਆਹ ਮੌਕੇ ਡੀਜੇ ਆਦਿ ਨਹੀਂ ਚਲਾਇਆ ਗਿਆ, ਬਲਕਿ ਕੀਰਤਨ ਹੁੰਦਾ ਰਿਹਾ। ਦੋਵਾਂ ਪਰਿਵਾਰਾਂ ਨੇ ਸਿਰੋਪਾਓ ਪਾ ਕੇ ਮਿਲਣੀ ਕੀਤੀ। ਆਨੰਦ ਕਾਰਜ ਤੋਂ ਬਾਅਦ ਸਭ ਤੋਂ ਪਹਿਲਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਛਿਆਨਵੇਂ ਕਰੋੜੀ (ਨਿਹੰਗ ਸਿੰਘਾਂ) ਦੇ ਮੁੱਖ ਜਥੇਦਾਰ ਬਾਬਾ ਬਲਬੀਰ ਸਿੰਘ ਅਤੇ ਸੰਤ ਸੇਵਕ ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਛੋਟਾ ਸਿੰਘ ਨੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।
ਵਿਆਹ ਸਮਾਗਮ ਵਿਚ ਪੰਜਾਬ ਤੇ ਦਿੱਲੀ ਦੇ ਸਿਆਸੀ ਆਗੂਆਂ ਸਮੇਤ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਆਮਦ ਮੀਡੀਆ ਤੇ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਜੈ ਸਿੰਘ, ਕੈਬਨਿਟ ਮੰਤਰੀ (ਦਿੱਲੀ) ਗੋਪਾਲ ਰਾਏ ਤੇ ਵਿਧਾਨ ਸਭਾ ਦਿੱਲੀ ਦੇ ਡਿਪਟੀ ਸਪੀਕਰ ਰਾਖੀ ਬਿਰਲਾ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵਿਧਾਇਕਾ ਦੇ ਘਰ ਪੁੱਜ ਕੇ ਉਨ੍ਹਾਂ ਨੂੰ ਵਧਾਈ ਦੇਣ ਗਏ। ਲੋਕ ਸਭਾ ਮੈਂਬਰ ਧਰਮਵੀਰ ਗਾਂਧੀ, ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਤੇ ਡਿਪਟੀ ਕਮਿਸ਼ਨਰ (ਬਠਿੰਡਾ) ਡਾਕਟਰ ਪ੍ਰਨੀਤ ਵਿਧਾਇਕਾ ਦੇ ਘਰ ਮੁਬਾਰਕਬਾਦ ਦੇਣ ਪੁੱਜੇ। ਆਨੰਦ ਕਾਰਜ ਦੀ ਰਸਮ ਮੌਕੇ ਪ੍ਰਿੰਸੀਪਲ ਬੁੱਧ ਰਾਮ ਅਤੇ ਮੀਤ ਹੇਅਰ (ਦੋਵੇਂ ਵਿਧਾਇਕ 'ਆਪ'), ਹਰਮਿੰਦਰ ਸਿੰਘ ਜੱਸੀ ਤੇ ਚਿਰੰਜੀ ਲਾਲ ਗਰਗ (ਦੋਵੇਂ ਸਾਬਕਾ ਮੰਤਰੀ), ਅਜੀਤਇੰਦਰ ਸਿੰਘ ਮੋਫਰ, ਗੁਰਮੀਤ ਸਿੰਘ ਖੁੱਡੀਆਂ ਆਦਿ ਨੇ ਜੋੜੀ ਨੂੰ ਆਸ਼ੀਰਵਾਦ ਦਿੱਤਾ। 
ਵਿਆਹ ਸਮਾਗਮ ਮੌਕੇ ਜਿੱਥੇ 'ਆਪ' ਦੇ ਵਿਧਾਇਕਾਂ ਦੀ ਗਿਣਤੀ ਘੱਟ ਦਿਖਾਈ ਦਿੱਤੀ, ਉੱਥੇ 'ਆਪ' ਦੇ ਬਾਗ਼ੀ ਧੜੇ ਦਾ ਕੋਈ ਵਿਧਾਇਕ ਨਜ਼ਰ ਨਹੀਂ ਆਇਆ। ਸਮਾਗਮ ਵਿਚ ਅਕਾਲੀ ਦਲ ਦਾ ਵੀ ਕੋਈ ਆਗੂ ਦਿਖਾਈ ਨਹੀਂ ਦਿੱਤਾ।