ਆਪਣੀ ਪਛਾਣ ਬਾਰੇ ਜਾਗਰੂਕਤਾ ਲਈ ਸਿੱਖਾਂ ਨੇ ਸਿਡਨੀ ਮੈਰਾਥਨ ਦੌੜ ‘ਚ ਲਿਆ ਹਿੱਸਾ

ਆਪਣੀ ਪਛਾਣ ਬਾਰੇ ਜਾਗਰੂਕਤਾ ਲਈ ਸਿੱਖਾਂ ਨੇ ਸਿਡਨੀ ਮੈਰਾਥਨ ਦੌੜ ‘ਚ ਲਿਆ ਹਿੱਸਾ

ਕੈਪਸ਼ਨ-ਸਿਡਨੀ ਦੌੜ ਵਿਚ ਹਿੱਸਾ ਲੈਣ ਵਾਲੇ ਪੰਜਾਬੀ ਦੌੜਾਕ।
ਸਿਡਨੀ/ਬਿਊਰੋ ਨਿਊਜ਼ :
ਕਰੀਬ 80,000 ਲੋਕਾਂ ਨੇ ਇੱਥੇ ਤੰਦਰੁਸਤੀ ਨੂੰ ਅਪਣਾਉਣ ਦਾ ਸੁਨੇਹਾ ਦੇਣ ਲਈ ਦੌੜ ਵਿਚ ਭਾਗ ਲਿਆ। ਦੌੜ ਰਾਹੀਂ 950 ਤੋਂ ਵੱਧ ਚੈਰਿਟੀ ਸੰਸਥਾਵਾਂ ਲਈ ਕਰੀਬ 35 ਲੱਖ ਆਸਟਰੇਲਿਆਈ ਡਾਲਰ ਇਕੱਠੇ ਕੀਤੇ ਗਏ। ਇਹ ਸੰਸਥਾਵਾਂ ਬਿਮਾਰ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਜਾਣੀਆਂ ਜਾਂਦੀਆਂ ਹਨ।
ਪੰਜਾਬੀ ਸਿੱਖ ਵੀ ਦੌੜ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਇੱਕ ਤਰ੍ਹਾਂ ਨਾਲ ਦੌੜ ਰਾਹੀਂ ਆਪਣੇ ਪਹਿਰਾਵੇ ਤੇ ਪਛਾਣ ਬਾਰੇ ਪੈਂਦੇ ਭੁਲੇਖੇ ਦੂਰ ਕਰਨ ਦਾ ਹੋਕਾ ਵੀ ਦਿੱਤਾ। ਸੁਪਰ ਸਿੱਖ ਸਪੋਰਟਸ ਐਂਡ ਕਲਚਰਲ ਸੰਸਥਾ ਦੇ ਆਗੂ ਗੁਰਪ੍ਰੀਤ ਸਿੰਘ ਬਡਵਾਲ, ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੇ ਆਗੂ ਡਾ. ਦਲਜੀਤ ਸਿੰਘ ਬੱਲ, ਸਤਨਾਮ ਸਿੰਘ ਬਾਜਵਾ, ਕੁਲਵਿੰਦਰ ਸਿੰਘ ਬਾਜਵਾ, ਰਣਜੀਤ ਸਿੰਘ ਖੈੜਾ ਤੇ ਹੋਰ ਪੰਜਾਬੀ ਦੌੜਾਕ ਵੀ ਇਸ ਦੌੜ ਵਿਚ ਸ਼ਾਮਲ ਹੋਏ। ਉਨ੍ਹਾਂ ਲੋੜਵੰਦਾਂ ਲਈ ਬਣੀ ਸੰਸਥਾ ਸਿੱਖ ਹੈਲਪਲਾਈਨ ਦੀ ਜਾਣਕਾਰੀ ਸਾਂਝੀ ਕੀਤੀ। ਡਾ. ਬੱਲ ਨੇ ਕਿਹਾ ਕਿ ਦੌੜਨ ਤੋਂ ਬਾਅਦ ਜਦੋਂ ਦਰਸ਼ਕ ਗੈਲਰੀ ਵਿੱਚ ਬੈਠੇ ਇਕ ਆਸਟਰੇਲਿਆਈ ਦੇ ਮੂੰਹੋਂ ਇਹ ਸੁਣਿਆ ਕਿ ‘ਵੈਲਡਨ ਮਿਸਟਰ ਸਿੰਘ’ ਤਾਂ ਮੇਰੀ ਥਕਾਣ ਉਤਰਨ ਤੋਂ ਇਲਾਵਾ ਆਪਣੀ ਦਸਤਾਰ ‘ਤੇ ਹੋਰ ਮਾਣ ਹੋ ਗਿਆ। ਕਰੀਬ 14 ਕਿਲੋਮੀਟਰ ਲੰਮੀ ਇਹ ‘ਸਿਟੀ ਟੂ ਸਰਫ’ ਦੌੜ ਸਿਡਨੀ ਦੀ ਕੇਂਦਰੀ ਵਪਾਰਕ ਸੜਕ ਤੋਂ ਸ਼ੁਰੂ ਹੋ ਕੇ ਸਮੁੰਦਰ ਕੰਢੇ ਬੌਂਡੀ ਬੀਚ ਵਿਚ ਸਮਾਪਤ ਹੁੰਦੀ ਹੈ। 1971 ਵਿਚ ਸ਼ੁਰੂ ਹੋਈ ਇਹ ਸਾਲਾਨਾ ਦੌੜ ਇਸ ਵਾਰ 47ਵੀਂ ਦੌੜ ਸੀ। ਦੌੜਾਕ ਹੈਰੀ ਸਮਾਰਸ ਨੇ 42 ਮਿੰਟ ਅਤੇ 16 ਸੈਕਿੰਡ ਵਿੱਚ ਫਾਈਨਲ ਲਾਈਨ ਪਾਰ ਕੀਤੀ। ਦੌੜਾਕ ਸਟੀਵ ਮੋਨੇਗੈਟੀ ਨੇ 1991 ਵਿੱਚ 40 ਮਿੰਟ 3 ਸੈਕਿੰਡ ਦੀ ਦੌੜ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਸੀ ਜੋ ਅਜੇ ਵੀ ਬਰਕਰਾਰ ਹੈ।