ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲਣ ਵਾਲੇ ਅਕਾਲੀ ਆਗੂ ਦੀ ਸੋਨੀਆ ਗਾਂਧੀ ਨਾਲ ਫੋਟੋ ਵਾਇਰਲ

ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲਣ ਵਾਲੇ ਅਕਾਲੀ ਆਗੂ ਦੀ ਸੋਨੀਆ ਗਾਂਧੀ ਨਾਲ ਫੋਟੋ ਵਾਇਰਲ

ਸੋਨੀਆ ਗਾਂਧੀ ਨੂੰ ਸਨਮਾਨਿਤ ਕਰਨ ਵੇਲੇ ਹਰਵਿੰਦਰ ਸਿੰਘ ਸਰਨਾ ਨਾਲ ਗੁਰਦੀਪ ਸਿੰਘ ਗੋਸ਼ਾ।
ਲੁਧਿਆਣਾ/ਬਿਊਰੋ ਨਿਊਜ਼ :
ਇੱਥੇ ਸਲੇਮ ਟਾਬਰੀ ਸਥਿਤ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲਣ ਵਾਲੇ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਦੀ ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਸਨਮਾਨਿਤ ਕਰਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਯੂਪੀਏ ਸਰਕਾਰ ਵੱਲੋਂ ਅਨੰਦ ਮੈਰਿਜ ਐਕਟ ਬਣਾਉਣ ਦੇ ਫ਼ੈਸਲੇ ਤੋਂ ਬਾਅਦ ਸਰਨਾ ਭਰਾਵਾਂ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸਨਮਾਨਿਤ ਕੀਤਾ ਸੀ। ਉਸ ਮੌਕੇ ਗੋਸ਼ਾ ਵੀ ਲੁਧਿਆਣਾ ਦੇ ਕੁਝ ਹੋਰ ਆਗੂਆਂ ਨਾਲ ਉਥੇ ਹਾਜ਼ਰ ਸਨ। ਵਾਇਰਲ ਹੋਈ ਤਸਵੀਰ ਵਿਚ ਗੋਸ਼ਾ ਤੇ  ਹਰਵਿੰਦਰ ਸਿੰਘ ਸਰਨਾ ਸੋਨੀਆ ਗਾਂਧੀ ਨਾਲ ਦਿਖਾਈ ਦੇ ਰਹੇ ਹਨ। ਇਹ ਤਸਵੀਰ ਪੰਥਕ ਹਲਕਿਆਂ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਗੋਸ਼ਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਪੰਜਾਬ (ਯੂਥ) ਇਕਾਈ ਦੇ ਪ੍ਰਧਾਨ ਸਨ। ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਨੇੜਤਾ ਹੋਣ ਕਰਕੇ ਉਹ ਅਕਸਰ ਦਿੱਲੀ ‘ਚ ਹੁੰਦੀਆਂ ਸਰਗਰਮੀਆਂ ਵਿਚ ਹਿੱਸਾ ਲੈਂਦੇ ਸਨ। ਸੰਨ 2011 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਉਨ੍ਹਾਂ ਦਿੱਲੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਜਥੇਦਾਰ ਅਵਤਾਰ ਸਿੰਘ ਮੱਕੜ ਖ਼ਿਲਾਫ਼ ਲੜੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਸਬੰਧੀ ਲੁਧਿਆਣਾ ਆਉਣਾ ਸੀ ਪਰ ਤਸਵੀਰ ਵਾਇਰਲ ਹੋਣ ਤੋਂ ਬਾਅਦ ਸੁਖਬੀਰ ਨੇ ਆਪਣਾ ਇਹ ਪ੍ਰੋਗਰਾਮ ਰੱਦ ਕਰ ਦਿੱਤਾ। ਕਾਲਖ਼ ਮਲਣ ਵਾਲੇ ਦੋਵੇਂ ਆਗੂ ਨਿਆਂਇਕ ਹਿਰਾਸਤ ਵਿਚ ਹਨ।