ਰਾਜ ਨਹੀਂ ਸੇਵਾ : ਰੱਜ-ਰੱਜ ਲਏ ਬਾਦਲਾਂ ਨੇ ਸਰਕਾਰੀ ਹੈਲੀਕਾਪਟਰ ਦੇ ਝੂਟੇ

ਰਾਜ ਨਹੀਂ ਸੇਵਾ : ਰੱਜ-ਰੱਜ ਲਏ ਬਾਦਲਾਂ ਨੇ ਸਰਕਾਰੀ ਹੈਲੀਕਾਪਟਰ ਦੇ ਝੂਟੇ

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਦੀ ਸੱਤਾ ਦਾ ਆਨੰਦ ਮਾਣਦਿਆਂ ਬਾਦਲਾਂ ਨੇ ਆਪਣੇ ਦਸ ਸਾਲਾਂ ਦੇ ਰਾਜ ਦੌਰਾਨ ਸਰਕਾਰੀ ਹੈਲੀਕਾਪਟਰ ਦੇ ਰੱਜ-ਰੱਜ ਝੂਟੇ ਲਏ। ਬਾਦਲਾਂ ਨੇ ਪੰਜਾਬ ਦੇ ਸਰਕਾਰੀ ਖਜ਼ਾਨੇ ਵਿਚੋਂ ਇਨ੍ਹਾਂ ਝੂਟਿਆਂ ‘ਤੇ 157 ਕਰੋੜ ਰੁਪਏ ਖਰਚ ਦਿੱਤੇ ਸਨ। ਬਾਦਲ ਪਿਓ ਪੁੱਤਰ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਦੇ ਹੋਰ ਜੀਅ ਵੀ ਹਵਾਈ ਝੂਟੇ ਮਾਣਦੇ ਰਹੇ ਹਨ। ਇਨ੍ਹਾਂ ਤੋਂ ਇਲਾਵਾ ਭਾਜਪਾ ਦੇ ਕੌਮੀ ਆਗੂਆਂ ਨੂੰ ਸਿਆਸੀ ਰੈਲੀਆਂ ਵਿਚ ਲਿਆਉਣ ਲਈ ਵੀ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਂਦੀ ਰਹੀ ਸੀ ਅਤੇ ਦੋ ਵਾਰ ਆਰਟ ਆਫ ਲਿਵਿੰਗ ਵਾਲੇ ਸ੍ਰੀ ਸ੍ਰੀ ਰਵੀਸ਼ੰਕਰ ਖ਼ਾਤਰ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਸੀ।
ਬਾਦਲਾਂ ਨੂੰ ਸੱਤਾ ਤੋਂ ਲਾਹਿਆਂ ਦੋ ਸਾਲ ਹੋਣ ਵਾਲੇ ਹਨ ਪਰ ਉਨ੍ਹਾਂ ਦੇ ਬਾਲਾਸਰ ਫਾਰਮ ਅਤੇ ਬਾਬਿਆਂ ਦੇ ਡੇਰਿਆਂ ਦੇ ਹਵਾਈ ਗੇੜਿਆਂ ਦਾ ਖਰਚਾ ਅਜੇ ਤਕ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ। ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਪਹਿਲਾਂ ਸਫ਼ਾਈ ਦਿੱਤੀ ਸੀ ਕਿ ਇਹ ਸਾਰੇ ਹਵਾਈ ਗੇੜੇ ਲੋਕ ਹਿੱਤ ਵਿਚ ਲਾਏ ਗਏ ਸਨ ਪਰ ਇਸ ਨਾਲ ਮਹਾਲੇਖਾਕਾਰ (ਕੈਗ) ਦੀ ਤਸੱਲੀ ਨਹੀਂ ਹੋਈ। ਵਿਭਾਗ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਕੈਗ ਨੇ ਆਪਣੇ ਲੇਖੇ-ਜੋਖੇ ਵਿਚ ਇਨ੍ਹਾਂ ਖਰਚਿਆਂ ‘ਤੇ ਸਹੀ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਕਤੂਬਰ ਮਹੀਨੇ ਕੈਗ ਨੇ ਆਪਣੇ ਨੋਟ ਵਿਚ ਕਿਹਾ ਸੀ ਕਿ ‘ਵਿਭਾਗ ਵਲੋਂ ਦਿੱਤਾ ਗਿਆ ਸਪੱਸ਼ਟੀਕਰਨ ਤਸੱਲੀਬਖ਼ਸ਼ ਨਹੀਂ ਹੈ।’
ਰੋਪੜ ਦੇ ਆਰਟੀਆਈ ਕਾਰਕੁਨ ਦਿਨੇਸ਼ ਚੱਢਾ ਨੇ ਸ਼ਿਕਾਇਤ ਕੀਤੀ ਸੀ ਕਿ ਬਿਲਾਂ ਅਤੇ ਹੈਲੀਕਾਪਟਰ ਦੀ ਲਾਗ ਬੁੱਕਾਂ ਵਿਚ ਉਡਾਣਾਂ ਦੇ ਮੰਤਵ ਵਾਲਾ ਖ਼ਾਨਾ ਖਾਲੀ ਛੱਡ ਦਿੱਤਾ ਜਾਂਦਾ ਰਿਹਾ ਹੈ। ਇਸ ‘ਤੇ ਕੈਗ ਨੇ ਸੰਨ 2013 ਤੋਂ ਸੰਨ 2016 ਦਰਮਿਆਨ ਰਿਕਾਰਡ ਦੀ ਪੁਣਛਾਣ ਕਰ ਕੇ ਪਾਇਆ ਕਿ ਇਸ ਦੌਰਾਨ ਹਵਾਈ ਉਡਾਣਾਂ ‘ਤੇ 26 ਕਰੋੜ ਰੁਪਏ ਖਰਚ ਕੀਤਾ ਗਿਆ ਸੀ। ਉਧਰ, ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਇਹ ਕਹਿ ਕੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਵੀਵੀਆਈਪੀਜ਼ ਨੂੰ ਸਮਰੱਥ ਅਧਿਕਾਰੀਆਂ ਤੋਂ ਮਿਲੇ ਹੁਕਮਾਂ ਮੁਤਾਬਕ ਹੀ ਹੈਲੀਕਾਪਟਰ ਮੁਹੱਈਆ ਕਰਵਾਇਆ ਸੀ ਤੇ ਉਡਾਣ ਦਾ ਮੰਤਵ ਸਰਕਾਰੀ ਕੰਮਕਾਜ ਤਕ ਸੀਮਤ ਸੀ ਤੇ ਉਡਾਣ ਤੋਂ ਬਾਅਦ ਪ੍ਰਵਾਨਗੀ ਲਈ ਟੂਰ ਨੋਟ ਸਬੰਧਤ ਅਧਿਕਾਰੀਆਂ ਨੂੰ ਭਿਜਵਾ ਦਿੱਤਾ ਗਿਆ ਸੀ। ਸ੍ਰੀ ਚੱਢਾ ਨੇ ਕਿਹਾ, ”ਕਾਂਗਰਸ ਨੇ ਵਿਰੋਧੀ ਧਿਰ ਵਿਚ ਹੁੰਦਿਆਂ ਬਾਦਲ ਪਰਿਵਾਰ ਵਲੋਂ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ‘ਤੇ ਬਹੁਤ ਹੋ-ਹੱਲਾ ਮਚਾਇਆ ਸੀ ਪਰ ਹੁਣ ਸ਼ਹਿਰੀ ਹਵਾਬਾਜ਼ੀ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਹੈ ਤੇ ਵਿਭਾਗ ਵਲੋਂ ਕੈਗ ਨੂੰ ਭੇਜੇ ਗਏ ਜਵਾਬ ਤੋਂ ਸਪਸ਼ਟ ਹੈ ਕਿ ਉਨ੍ਹਾਂ ਦਾ ਪੂਰਾ ਜ਼ੋਰ ਬਾਦਲਾਂ ਨੂੰ ਬਚਾਉਣ ‘ਤੇ ਲੱਗਿਆ ਹੋਇਆ ਹੈ।”