ਸਿੱਖ ਇਤਿਹਾਸ ਦੀ ਮਹਾਨ ਵਿਰਾਸਤ ਚੱਪੜਚਿੜੀ ਦੀ ਯਾਦਗਾਰ ਅਣਦੇਖੀ ਦਾ ਸ਼ਿਕਾਰ, ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਵੀ ਮੁਰੰਮਤ ਨੂੰ ਤਰਸੀ

ਸਿੱਖ ਇਤਿਹਾਸ ਦੀ ਮਹਾਨ ਵਿਰਾਸਤ ਚੱਪੜਚਿੜੀ ਦੀ ਯਾਦਗਾਰ ਅਣਦੇਖੀ ਦਾ ਸ਼ਿਕਾਰ, ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਵੀ ਮੁਰੰਮਤ ਨੂੰ ਤਰਸੀ

ਮੁਹਾਲੀ/ਬਿਊਰੋ ਨਿਊਜ਼ :
ਇਤਿਹਾਸ ਵਿਚ ਪਹਿਲੀ ਵਾਰ ਪੰਜਾਬ ਵਿਚੋਂ ਮੁਗਲ ਹਕੂਮਤ ਦਾ ਗੜ੍ਹ ਤੋੜਨ ਦੀ ਘਟਨਾ 12 ਮਈ 1710 ਈਸਵੀ ਨੂੰ ਪਿੰਡ ਚੱਪੜਚਿੜੀ ਦੇ ਮੈਦਾਨ ਵਿਚ ਵਾਪਰੀ ਸੀ। ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹਿੰਦ ਦੀਆਂ ਮੁਗ਼ਲ ਫ਼ੌਜਾਂ ਨਾਲ ਜੰਗ ਲੜੀ ਸੀ ਅਤੇ ਫ਼ਤਹਿ ਪ੍ਰਾਪਤ ਕਰਕੇ ਇਸ ਪਿੰਡ ਨੂੰ ਸੂਬਾ ਸਰਹਿੰਦ ਦੇ ਕਬਜ਼ੇ ‘ਚੋਂ ਆਜ਼ਾਦ ਕਰਵਾਇਆ ਸੀ। ਇਤਿਹਾਸਕ ਨਗਰ ਚੱਪੜਚਿੜੀ (ਹੁਣ ਸੈਕਟਰ-91, ਮੋਹਾਲੀ) ਵਿਚ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ 12 ਮਈ 1710 ਈਸਵੀ ਨੂੰ ਮੁਗ਼ਲ ਫ਼ੌਜਾਂ ਨਾਲ ਲੜਦਿਆਂ ਸੂਬਾ ਸਰਹਿੰਦ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ। ਇਸ ਅਸਥਾਨ ‘ਤੇ 20 ਏਕੜ ਜ਼ਮੀਨ ਵਿਚ 328 ਫੁੱਟ ਉੱਚੀ ਫਤਹਿ ਮੀਨਾਰ ਦੇ ਨਾਲ ਇੱਕ ਉੱਚੇ ਟਿੱਬੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਆਲੀਸ਼ਾਨ ਬੁੱਤ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਛੋਟੇ ਟਿੱਬਿਆਂ ‘ਤੇ ਪੰਜ ਹੋਰ ਮਹਾਨ ਜਰਨੈਲਾਂ ਭਾਈ ਬਾਜ਼ ਸਿੰਘ, ਭਾਈ ਫਤਹਿ ਸਿੰਘ, ਭਾਈ ਮਾਲੀ ਸਿੰਘ, ਭਾਈ ਆਲੀ ਸਿੰਘ, ਭਾਈ ਰਾਮ ਸਿੰਘ ਦੇ ਬੁੱਤ ਵੀ ਸਥਾਪਿਤ ਕੀਤੇ ਗਏ। ਇਸ ਤੋਂ ਇਲਾਵਾ ਇਕ ਹਜ਼ਾਰ ਵਿਅਕਤੀਆਂ ਦੀ ਸਮਰੱਥਾ ਵਾਲਾ ਓਪਨ ਏਅਰ ਥੀਏਟਰ ਅਤੇ ਅਤਿ-ਆਧੁਨਿਕ ਸੂਚਨਾ ਕੇਂਦਰ ਬਣਾਇਆ ਗਿਆ ਹੈ ਜਦਕਿ ਪੁਰਾਤਨ ਦਿੱਖ ਨੂੰ ਦਿਖਾਉਣ ਲਈ ਝਿੜੀ ਵੀ ਬਣਾਈ ਗਈ ਹੈ।
ਇੱਥੇ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਦੀ ਕੰਧ ਨੇੜੇ ਇੱਕ ਪੁਰਾਣਾ ਜੰਡ ਹੈ। ਦੱਸਿਆ ਜਾਂਦਾ ਹੈ ਕਿ ਇਸ ਰੁੱਖ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦੇ ਮ੍ਰਿਤਕ ਸਰੀਰ ਨੂੰ ਪੁੱਠਾ ਲਮਕਾਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਰੇਤ-ਮਿੱਟੀ ਦੇ ਟਿੱਬੇ ਲੜਾਈ ਦੌਰਾਨ ਸਿੰਘਾਂ ਦੇ ਸਹਾਈ ਹੋਏ ਸਨ, ਉਨ੍ਹਾਂ ਨੂੰ ਕਿਸੇ ਨੇ ਵੀ ਸਿੱਖ ਵਿਰਾਸਤ ਵਜੋਂ ਸਾਂਭਣ ਦਾ ਰੱਤੀ ਭਰ ਵੀ ਯਤਨ ਨਹੀਂ ਕੀਤਾ।
ਚੱਪੜਚਿੜੀ ਖੁਰਦ ਦੇ ਸਾਬਕਾ ਸਰਪੰਚ ਜ਼ੋਰਾ ਸਿੰਘ ਭੁੱਲਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਗਿਲਾ ਕੀਤਾ ਕਿ ਜੰਗੀ ਯਾਦਗਾਰ ਦੇ ਉਦਘਾਟਨ ਤੋਂ ਬਾਅਦ ਸੱਤ ਸਾਲਾਂ ਵਿੱਚ ਫਤਹਿ ਮੀਨਾਰ ਨੂੰ ਲਿਫਟਾਂ ਨਹੀਂ ਲੱਗ ਸਕੀਆਂ। ਇਸ ਕਾਰਨ ਬਹੁਤੇ ਸ਼ਰਧਾਲੂ ਹੇਠਾਂ ਤੋਂ ਵਾਪਸ ਪਰਤ ਜਾਂਦੇ ਹਨ। ਯਾਦਗਾਰ ਵਿਚ ਲੱਗੀਆਂ 75 ਫ਼ੀਸਦੀ ਰੰਗ ਬਰੰਗੀਆਂ ਲਾਈਟਾਂ ਵੀ ਅਕਸਰ ਬੰਦ ਰਹਿੰਦੀਆਂ ਹਨ। ਇਥੇ ਇੰਨਡੋਰ ਥੀਏਟਰ ਬੰਦ ਪਿਆ ਹੈ ਅਤੇ ਓਪਨ ਥੀਏਟਰ ਵੀ ਘੱਟ ਹੀ ਪ੍ਰੋਗਰਾਮ ਹੁੰਦੇ ਹਨ। ਹੁਣ ਤੱਕ ਸਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਫ਼ਲਸਫ਼ੇ ਬਾਰੇ ਡਾਕੂਮੈਂਟਰੀ ਫਿਲਮ ਵੀ ਤਿਆਰ ਨਹੀਂ ਕੀਤੀ ਗਈ।
ਜਹਾਜ਼ੀ ਹਵੇਲੀ ਦੀ ਮੁਰੰਮਤ ਲਈ ਮੁੱਖ ਮੰਤਰੀ ਨੂੰ ਪੱਤਰ ਲਿਖਿਆ : ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦੀ ਮੁਰੰਮਤ ਕਰਵਾਈ ਜਾਵੇ। ਸ੍ਰੀ ਸਿੱਧੂ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਦੀਵਾਨ ਟੋਡਰ ਮੱਲ ਨੇ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਂਦਿਆਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤੀ ਗੁਜਰੀ ਦੀ ਸ਼ਹੀਦੀ ਮਗਰੋਂ ਸਸਕਾਰ ਲਈ ਵੱਡੀ ਕੀਮਤ ਦੇ ਕੇ ਜ਼ਮੀਨ ਖਰੀਦੀ ਗਈ ਅਤੇ ਉਨ੍ਹਾਂ ਦਾ ਸਸਕਾਰ ਕਰਵਾਇਆ ਗਿਆ ਸੀ। ਸੂਬਾ ਸਰਹਿੰਦ ਵਜੀਰ ਖਾਨ ਨੂੰ ਬਾਅਦ ਵਿਚ ਪਤਾ ਚੱਲਣ ‘ਤੇ ਦੀਵਾਨ ਟੋਡਰ ਮੱਲ ਦੇ ਪਰਿਵਾਰ ਨੂੰ ਕੋਹਲੂ ਵਿਚ ਪੀੜਿਆ ਗਿਆ ਸੀ। ਸ੍ਰੀ ਸਿੱਧੂ ਨੇ ਲਿਖਿਆ ਹੈ ਕਿ ਸਿੱਖ ਕੌਮ ਲਈ ਆਪਣਾ ਪਰਿਵਾਰ ਵਾਰਨ ਵਾਲੇ ਦੀਵਾਨ ਟੋਡਰ ਮੱਲ ਦੀ ਪੁਰਾਤਨ ਰਿਹਾਇਸ਼, ਜਿਸ ਨੂੰ ਜਹਾਜ਼ੀ ਹਵੇਲੀ ਵੀ ਆਖਿਆ ਜਾਂਦਾ ਹੈ, ਦੀ ਅਜੋਕੇ ਸਮੇਂ ਵਿਚ ਹਾਲਤ ਬਹੁਤ ਮਾੜੀ ਅਤੇ ਤਰਸਯੋਗ ਹੈ।