ਗੁਰਦੁਆਰਾ ਪ੍ਰਬੰਧ ਵਿਚ ਭਾਜਪਾ ਦੀ ਘੁਸਪੈਠ ਦਾ ਰਾਹ ਬਣਾਉਣ ਵਾਲੇ ਬਾਦਲ ਦਲ ਨੇ ਗਠਜੋੜ ਤੋੜਨ ਦੀ ਧਮਕੀ ਦਿੱਤੀ

ਗੁਰਦੁਆਰਾ ਪ੍ਰਬੰਧ ਵਿਚ ਭਾਜਪਾ ਦੀ ਘੁਸਪੈਠ ਦਾ ਰਾਹ ਬਣਾਉਣ ਵਾਲੇ ਬਾਦਲ ਦਲ ਨੇ ਗਠਜੋੜ ਤੋੜਨ ਦੀ ਧਮਕੀ ਦਿੱਤੀ
ਪ੍ਰਕਾਸ਼ ਸਿੰਘ ਬਾਦਲ ਅਤੇ ਨਰਿੰਦਰ ਮੋਦੀ

ਨਵੀਂ ਦਿੱਲੀ: ਪੰਥਕ ਸਾਖ਼ ਗੁਆ ਚੁੱਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮੁੜ ਪੰਥਕ ਮੁਹਾਂਦਰਾ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੰਥ ਦੇ ਵਿਹੜੇ ਆਪ ਹੀ ਵਾੜੀਆਂ ਸਮੱਸਿਆਵਾਂ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ। ਬਾਦਲ ਦਲੀਆਂ ਦੇ ਸਿਆਸੀ ਭਾਈਵਾਲ ਭਾਜਪਾ ਵਲੋਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਖਿਲਾਫ ਬਾਦਲ ਦਲ ਨੇ ਤਿੱਖੀ ਬਿਆਨਬਾਜ਼ੀ ਕੀਤੀ ਹੈ। 

ਦਿੱਲੀ ਤੋਂ ਬਾਦਲ ਦਲ ਦੇ ਆਗੂ ਅਤੇ ਪਾਰਟੀ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਬਿਆਨ ਜਾਰੀ ਕਰਦਿਆਂ ਭਾਜਪਾ ਨੂੰ ਧਮਕੀ ਦਿੱਤੀ ਹੈ ਕਿ ਜੇ ਭਾਜਪਾ ਗੁਰਦੁਆਰਾ ਪ੍ਰਬੰਧ ਵਿਚ ਦਖ਼ਲ ਦੇਣ ਤੋਂ ਬਾਜ਼ ਨਾ ਆਈ ਤਾਂ ਬਾਦਲ ਦਲ ਗਠਜੋੜ ਤੋੜਨ ਤੋਂ ਗੁਰੇਜ਼ ਨਹੀਂ ਕਰੇਗਾ। 

ਜ਼ਿਕਰਯੋਗ ਹੈ ਕਿ 2015 ਵਿਚ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਵਲੋਂ ਤਖ਼ਤ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਸਬੰਧੀ ਬਣੇ ਐਕਟ 1956 ਦੀ ਧਾਰਾ 11 ਵਿਚ ਸੋਧ ਕਰ ਕੇ ਇਸ ਦਾ ਪ੍ਰਧਾਨ ਨਿਯੁਕਤ ਕਰਨ ਦੇ ਅਧਿਕਾਰ ਆਪਣੇ ਹੱਥ ਲੈ ਲਏ ਗਏ ਸਨ। ਉਸ ਸਮੇਂ ਗੈਰ ਅੰਮ੍ਰਿਤਧਾਰੀ ਅਤੇ ਮੱਥੇ 'ਤੇ ਤਿਲਕ ਲਾਉਣ ਵਾਲੇ ਭਾਜਪਾ ਦੇ ਐਮਐਲਏ ਤਾਰਾ ਸਿੰਘ ਨੂੰ ਤਖ਼ਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ। ਸੱਤਾ ਦੇ ਨਸ਼ੇ ਵਿਚ ਗਲਤਾਨ ਬਾਦਲ ਦਲ ਨੂੰ ਉਸ ਸਮੇਂ ਇਸ ਦੀ ਕੋਈ ਤਕਲੀਫ ਨਹੀਂ ਹੋਈ ਤੇ ਬਾਦਲ ਦਲ ਦੀ ਭਾਜਪਾ ਨਾਲ ਸਿਆਸੀ ਭਾਈਵਾਲੀ ਨੇ ਹੀ ਭਾਜਪਾ ਨੂੰ ਅਜਿਹੇ ਯਤਨ ਕਰਨ ਦੀ ਹਿੰਮਤ ਦਿੱਤੀ। 

ਹੁਣ ਜਦੋਂ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਤਾਂ ਗੁਰਦੁਆਰਾ ਪ੍ਰਬੰਧ ਵਿਚ ਭਾਜਪਾ ਦੀ ਇਸ ਘੁਸਪੈਠ ਖਿਲਾਫ ਨਾਂਦੇੜ ਸਾਹਿਬ ਦੀਆਂ ਸਿੱਖ ਸੰਗਤਾਂ ਨੇ ਮੋਰਚਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੀ ਇਸ ਘੁਸਪੈਠ ਖਿਲਾਫ ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ ਤੇ ਹਜ਼ੂਰੀ ਸਿੰਘ ਵੀ ਸੰਗਤਾਂ ਦੇ ਸਮਰਥਨ ਵਿਚ ਖੜੇ ਹਨ। ਸਿੱਖ ਰੋਹ ਨੂੰ ਦੇਖਦਿਆਂ ਤੇ ਰਾਜਨੀਤੀ ਵਿਚ ਮੁੰਦੇ ਮੂੰਹ ਡਿਗਿਆ ਬਾਦਲ ਦਲ ਹੁਣ ਭਾਜਪਾ ਖਿਲਾਫ ਬਿਆਨਬਾਜ਼ੀ ਰਾਹੀਂ ਆਪਣੀ ਪੰਥਕ ਸਾਖ ਬਚਾਉਣ ਦਾ ਯਤਨ ਕਰ ਰਿਹਾ ਹੈ। 

ਜਿੱਥੇ ਮਨਜਿੰਦਰ ਸਿੰਘ ਸਿਰਸਾ ਭਾਜਪਾ ਤੋਂ ਤੋੜ ਵਿਛੋੜੇ ਦੀਆਂ ਗੱਲਾਂ ਕਰ ਰਹੇ ਹਨ ਉੱਥੇ ਇਹ ਵੀ ਪਤਾ ਹੋਣਾ ਲਾਜ਼ਮੀ ਹੋ ਜਾਂਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਇਸ ਸਮੇਂ ਭਾਜਪਾ ਵਲੋਂ ਦਿੱਲੀ ਦੀ ਵਿਧਾਨ ਸਭਾ ਦੇ ਐਮਐਲਏ ਹਨ।

ਭਾਜਪਾ ਵਲੋਂ ਕੀਤੀ ਜਾ ਰਹੀ ਗੁਰਦੁਆਰਾ ਪ੍ਰਬੰਧ ਵਿਚ ਘੁਸਪੈਠ ਸਬੰਧੀ ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ: 
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚ ਹਿੰਦੁਤਵੀ ਘੁਸਪੈਠ ਦੀਆਂ ਕੋਸ਼ਿਸ਼ਾਂ