ਸਿਰਸੇਵਾਲੇ ਸਾਧ ਨੂੰ ਪੱਤਰਕਾਰ ਦੇ ਕਤਲ ਕੇਸ ਵਿਚ ਉਮਰ ਕੈਦ

ਸਿਰਸੇਵਾਲੇ ਸਾਧ ਨੂੰ ਪੱਤਰਕਾਰ ਦੇ ਕਤਲ ਕੇਸ ਵਿਚ ਉਮਰ ਕੈਦ

ਚੰਡੀਗੜ੍ਹ/ਬਿਊਰੋ ਨਿਊਜ਼ :
ਭਾਰਤੀ ਸਿਆਸਤਦਾਨਾਂ ਦੀ ਸ਼ਹਿ ਉਤੇ ਸਿੱਖ ਕੌਮ ਨਾਲ ਆਢਾ ਲਾਉਣ ਵਾਲਾ ਡੇਰਾ ਸਿਰਸਾ ਦਾ ਪਾਖੰਡੀ ਮੁਖੀ ਗੁਰਮੀਤ ਰਾਮ ਰਹੀਮ ਆਖਿਰ ਬੁਰੀ ਤਰ੍ਹਾਂ ਤੁੰਨਿਆਂ ਗਿਆ ਹੈ। ਉਸ ਨੂੰ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਦੋਸ਼ ਵਿਚ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ, ਸੀਬੀਆਈ ਦੇ ਵਕੀਲਾਂ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਬਚਾਅ ਪੱਖ ਦੇ ਵਕੀਲਾਂ ਨੇ ਸਜ਼ਾ ਘੱਟ ਕਰਨ ਦੀ ਅਪੀਲ ਕੀਤੀ।
ਸੀਬੀਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਵੱਲੋਂ ਸਜ਼ਾ ਸੁਣਾਉਣ ਸਮੇਂ ਅਦਾਲਤ ਵਿਚ ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਤੇ ਪੁੱਤਰੀ ਸ਼੍ਰੇਅਸੀ ਵੀ ਮੌਜੂਦ ਸੀ। ਇਨ੍ਹਾਂ ਦੇ ਨਾਲ ਕੇਸ ਦੇ ਅਹਿਮ ਗਵਾਹ ਤੇ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਵੀ ਮੌਜੂਦ ਸਨ। ਰਾਮ ਰਹੀਮ ਸਮੇਤ ਚਾਰੇ ਦੋਸ਼ੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਾਰਵਾਈ ਵਿਚ ਸ਼ਾਮਲ ਹੋਏ । ਸ਼੍ਰੇਅਸੀ ਨੇ ਵੀ ਅਦਾਲਤ ਨੂੰ ਸਖ਼ਤ ਸਜ਼ਾ ਦੀ ਅਪੀਲ ਕੀਤੀ ਸੀ, ਕਿਉਂਕਿ ਰਾਮ ਰਹੀਮ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਬੇਹੱਦ ਮੁਸ਼ਕਲਾਂ ਵਿਚੋਂ ਗੁਜ਼ਰਨਾ ਪਿਆ ਹੈ।
ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੇ 24 ਅਕਤੂਬਰ, 2002 ਨੂੰ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਨੂੰ ਗੋਲ਼ੀਆਂ ਮਾਰ ਦਿੱਤੀਆਂ ਸਨ। ਘਟਨਾ ਤੋਂ 27 ਦਿਨ ਬਾਅਦ ਪੱਤਰਕਾਰ ਦੀ ਮੌਤ ਹੋ ਗਈ ਸੀ। ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ, ਡੇਰੇ ਦੇ ਸਾਬਕਾ ਮੈਨੇਜਰ ਕ੍ਰਿਸ਼ਨ ਲਾਲ ਤੇ ਕੁਲਦੀਪ ਤੇ ਨਿਰਲਨ ਨੂੰ ਪੱਤਰਕਾਰ ਦਾ ਕਤਲ ਕਰਨ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ।
ਗੁਰਮੀਤ ਰਾਮ ਰਹੀਮ ਸਿੰਘ ਸਮੇਤ ਕਤਲ ਦੇ ਚਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਰਾਮ ਰਹੀਮ ਨੂੰ 50,000 ਰੁਪਏ ਤੇ ਬਾਕੀ ਤਿੰਨਾਂ ਨੂੰ ਆਰਮਜ਼ ਐਕਟ ਤਹਿਤ ਪੰਜ-ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਸੀਬੀਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਹੁਕਮ ਦਿੱਤੇ ਹਨ ਕਿ ਬਲਾਤਕਾਰ ਦੇ ਕੇਸ ਵਿਚ 20 ਸਾਲ ਦੀ ਸਜ਼ਾ ਭੁਗਤਣ ਦੇ ਬਾਅਦ ਹੀ ਰਾਮ ਰਹੀਮ ਦੀ ਪੱਤਰਕਾਰ ਕਤਲ ਕੇਸ ਵਿਚ ਮਿਲੀ ਉਮਰ ਕੈਦ ਦੀ ਸਜ਼ਾ ਸ਼ੁਰੂ ਹੋਵੇਗੀ ਅਤੇ ਉਹ ਵੀ ਤਾ-ਉਮਰ। ਇਸ ਤੋਂ ਸਾਫ ਹੈ ਕਿ ਰਾਮ ਰਹੀਮ ਦਾ ਹੁਣ ਉਮਰ ਭਰ ਜੇਲ੍ਹ ਤੋਂ ਬਾਹਰ ਆਉਣਾ ਤਕਰੀਬਨ ਨਾਮੁਮਕਿਨ ਹੈ।
ਇਸ ਤਰ੍ਹਾਂ ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪਰਿਵਾਰ ਨੂੰ 17 ਸਾਲ ਬਾਅਦ ਇਨਸਾਫ਼ ਮਿਲਿਆ ਹੈ।