ਮੈਂ ਧਰਤੀ ਮਾਛੀਵਾੜੇ ਦੀ…

ਮੈਂ ਧਰਤੀ ਮਾਛੀਵਾੜੇ ਦੀ…

ਸਿਮਰਜੀਤ ਸਿੰਘ
ਮੈਂ ਮਾਛੀਵਾੜੇ ਦੀ ਧਰਤੀ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਉਤਰਾਅ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਮੈਂ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਸਮਰਾਲਾ ਦਾ ਇੱਕ ਉੱਘਾ ਕਸਬਾ ਹਾਂ ਅਤੇ ਸਿੱਖ ਇਤਿਹਾਸ ਵਿੱਚ ਮੇਰੀ ਵਿਸ਼ੇਸ਼ ਥਾਂ ਹੈ। ਮੈਂ ਲੁਧਿਆਣਾ ਸ਼ਹਿਰ ਤੋਂ ਲਗਭਗ 43 ਕਿਲੋਮੀਟਰ ਦੂਰੀ ‘ਤੇ ਬਿਰਾਜਮਾਨ ਹਾਂ। ਪਰ ਕਦੇ ਮੈਂ ਇਕ ਅਣਗੌਲੀ ਧਰਤੀ ਸਾਂ। ਪਹਿਲਾਂ ਸਤਲੁਜ ਦਰਿਆ ਮੇਰੇ ਨਾਲ ਖਹਿ ਕੇ ਲੰਘਦਾ ਸੀ ਪਰ ਹੁਣ ਉਹ ਇਥੋਂ ਰਸਤਾ ਬਦਲ ਕੇ 9 ਕਿਲੋਮੀਟਰ ਦੀ ਦੂਰ ‘ਤੇ ਰਾਹੋਂ ਦੇ ਪੱਤਣ ਦੇ ਕੋਲ ਦੀ ਲੰਘਦਾ ਹੈ। ਮੈਨੂੰ ਆਪਣੇ ਜਨਮ ਤੇ ਨਾਮਕਰਨ ਬਾਰੇ ਕੋਈ ਵਧੇਰੇ ਜਾਣਕਾਰੀ ਨਹੀਂ ਕਿਉਂਕਿ ਮੈਂ ਉਸ ਵੇਲੇ ਬਹੁਤ ਛੋਟੀ ਸੀ ਪਰ ਮੈਂ ਬਜ਼ੁਰਗਾਂ ਨੂੰ ਗੱਲਾਂ ਕਰਦਿਆਂ ਸੁਣਿਆ ਹੈ ਕਿ ਮੈਨੂੰ ਮਲਿਕ ਮਾਛੀ ਨੇ ਆਬਾਦ ਕੀਤਾ ਸੀ, ਜਿਸ ਦੇ ਨਾਂ ‘ਤੇ ਮੇਰਾ ਨਾਂ ਵੀ ‘ਮਾਛੀਵਾੜਾ’ ਪੈ ਗਿਆ। ਕਈ ਕਹਿੰਦੇ ਹਨ ਕਿ ਮੇਰੇ ਇਸ ਕਸਬੇ ਵਿਚ ‘ਮਾਛੀਆਂ’ ਦਾ ਨਿਵਾਸ ਸਥਾਨ ਹੋਣ ਕਾਰਨ ਮੇਰਾ ਨਾਂ ‘ਮਾਛੀਵਾੜਾ’ ਪਿਆ ਹੈ। ਮੈਂ ਇਕ ਸਮੇਂ ਮੁਸਲਮਾਨਾਂ ਦੀ ਅਬਾਦੀ ਵਾਲਾ ਬੜਾ ਉੱਘਾ ਕਸਬਾ ਬਣੀ ਸਾਂ। ਮੁਸਲਮਾਨਾਂ ਦੇ ਸਮੇਂ ਦੀਆਂ ਭਾਵੇਂ ਕੋਈ ਖਾਸ ਨਿਸ਼ਾਨੀਆਂ ਹੁਣ ਮੌਜੂਦ ਨਹੀਂ ਹਨ ਪਰ ਫਿਰ ਵੀ ਇਕ ਖੂਹ ਤੇ ਇਕ ਮਸਜਿਦ ਦੀਆਂ ਨੀਹਾਂ ਅਤੇ ਇਕ ਹੋਰ ਪੂਰੀ ਦੀ ਪੂਰੀ ਮਸਜਿਦ ਪੁਰਾਤਨ ਸਮੇਂ ਦੀਆਂ ਨਿਸ਼ਾਨੀਆਂ ਵਜੋਂ ਅੱਜ ਵੀ ਮੌਜੂਦ ਹੈ। ਪੰਜਾਬ ਵਿਚ ਉਸ ਸਮੇਂ ਉਸਾਰੀ ਵਾਲੇ ਪੱਥਰ ਦੀ ਕਮੀ ਸੀ ਇਸ ਲਈ ਜ਼ਿਆਦਾਤਰ ਇਮਾਰਤਾਂ ਦੀ ਉਸਾਰੀ ਇੱਟਾਂ ਨਾਲ ਕੀਤੀ ਜਾਂਦੀ ਸੀ ਪਰ ਇਹ ਮਸਜਿਦ ਭੂਰੇ ਪੱਥਰ ਨਾਲ ਉਸਾਰੀ ਗਈ ਹੈ, ਜਿਸ ਉਪਰ ਗਲੇਜ਼ਡ ਨੀਲੀਆਂ ਟਾਈਲਾਂ ਵੀ ਲੱਗੀਆਂ ਹੋਈਆਂ ਹਨ। ਮਸਜਿਦ ਦੇ ਕਈ ਭਾਗਾਂ ‘ਤੇ ਫੁੱਲ ਆਦਿ ਉੱਕਰ ਕੇ ਸਜਾਵਟ ਵੀ ਕੀਤੀ ਗਈ ਹੈ। ਇਸ ਮਸਜਿਦ ਦੇ ਤਿੰਨ ਦਰਵਾਜੇ ਹਨ ਪਰ ਗੁੰਬਦ ਇਕੋ ਹੀ ਹੈ। ਮਸਜਿਦ ਉਪਰ ਲਾਲ ਪੱਥਰ ਨਾਲ ਉੱਕਰੀ ਇੱਕ ਇਬਾਰਤ ਮੁਤਾਬਿਕ ਇਸ ਦੀ ਉਸਾਰੀ 1517 ਈ. ਵਿਚ ਫਤਹਿ ਮਲਿਕ ਨੇ ਕਰਵਾਈ ਸੀ। ਫਤਹਿ ਮਲਿਕ ਦੇ ਪਿਤਾ ਦਾ ਨਾਂ ਮਲਿਕ ਮਾਛੀ ਸੀ।
ਹੁਣ ਮੈਂ ਤੁਹਾਨੂੰ ਆਪਣੀ ਤਕਦੀਰ ਪਲਟਣ ਦੀ ਗਾਥਾ ਸੁਣਾਉਣ ਲੱਗੀ ਆਂ। ਗੱਲ ਦਸੰਬਰ 1704 ਈ. ਦੀ ਹੈ। ਉਨ੍ਹਾਂ ਦਿਨਾਂ ਵਿਚ ਜਦੋਂ ਮੇਰੀ ਦਿੱਖ ਉਜਾੜ ਬੀਆਬਾਨ ਵਾਲੀ ਸੀ ਅਤੇ ਉੱਚੇ ਨੀਵੇਂ ਰੇਤ ਦੇ ਟਿੱਬਿਆਂ ਨੇ ਮੇਰਾ ਹੁਲੀਆ ਵਿਗਾੜ ਰੱਖਿਆ ਸੀ। ਚਾਰੇ ਪਾਸੇ ਕੰਡਿਆਲੀਆਂ ਝਾੜੀਆਂ ਦੀ ਭਰਮਾਰ ਸੀ। ਸਰਦੀ ਰੁੱਤ ਸੀ। ਕਹਿਰਾਂ ਦੀ ਸਰਦੀ ਪੈ ਰਹੀ ਸੀ ਜਿਸ ਰਾਤ ਦੀਨ-ਦੁਨੀ ਦੇ ਮਾਲਿਕ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੱਲਮ-ਕੱਲੇ ਹੱਥ ਵਿਚ ਨੰਗੀ ਸ਼ਮਸ਼ੀਰ, ਤਨ ਦਾ ਚੋਲਾ ਕੰਡਿਆਂ ਵਿਚ ਫਸ ਕੇ ਪਾਟਾ ਹੋਇਆ ਅਤੇ ਨੰਗੇ ਪੈਰੀਂ ਮੈਨੂੰ ਆਪਣੀ ਵਿਸਮਾਦੀ ਚਰਨ ਛੋਹ ਬਖਸ਼ ਕੇ ਸਦਾ ਸਦਾ ਲਈ ਭਾਗਾਂ ਵਾਲੀ ਬਣਾਉਣ ਲਈ ਆ ਪਹੁੰਚੇ। ਹਨ੍ਹੇਰਾ ਇੰਨਾ ਕਿ ਹੱਥ ਨੂੰ ਹੱਥ ਮਾਰਿਆ ਨਹੀਂ ਸੀ ਦਿਸਦਾ। ਮੇਰੇ ਪਾਤਸ਼ਾਹ ਇੰਨੀ ਠੰਢ ਵਿਚ ਬਿਨਾਂ ਕਿਸੇ ਗਰਮ ਕੱਪੜੇ ਦੇ ਇਕ ਗੁਲਾਬੇ-ਪੰਜਾਬੇ ਦੇ ਖੂਹ ‘ਤੇ ਆ ਗਏ। ਗੁਰੂ ਪਾਤਸ਼ਾਹ ਜੀ ਨੇ ਖੂਹ ਵਿਚੋਂ ਪਾਣੀ ਭਰਿਆ ਤੇ ਟਿੰਡ ਖੋਲ੍ਹ ਕੇ ਪਾਣੀ ਪੀਤਾ ਅਤੇ ਟਿੰਡ ਦਾ ਸਿਰਹਾਣਾ ਲਾ ਕੇ ਇਸ ਤਰ੍ਹਾਂ ਸੌਂ ਗਏ ਜਿਵੇਂ ਕੋਈ ਬਹੁਤ ਵੱਡਾ ਕਰਜ਼ਾ ਲਾਹ ਕੇ ਹਟੇ ਹੋਣ।
ਸਵੇਰੇ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਜੀ ਉੱਠੇ, ਅਕਾਲ ਪੁਰਖ ਦਾ ਸਿਮਰਨ ਕੀਤਾ ਅਤੇ ਉਨ੍ਹਾਂ ਦੀ ਮਿੱਠੀ ਆਵਾਜ਼ ਸਾਰੇ ਬਾਗ਼ ਦੀ ਫਿਜ਼ਾ ਵਿੱਚ ਇਸ ਤਰ੍ਹਾਂ ਫੈਲ ਗਈ ਜਿਸ ਨਾਲ ਪਰਿੰਦੇ ਵੀ ਝੂਮ ਉਠੇ। ਗੁਰੂ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ :
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ।।
ਤੁਧ ਬਿਨੁ ਰੋਗੁ ਰਚਾਈਆਂ ਦਾ ਓਡਣ ਨਾਗ ਨਿਵਾਸਾਂ ਦਾ ਰਹਣਾ।
ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਯਾਂ ਦਾ ਸਹਣਾ।
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆ ਰਹਣਾ।।
ਇਸ ਮਧੁਰ ਆਵਾਜ਼ ਨੂੰ ਸੁਣ ਕੇ ਤਿੰਨ ਸਿੱਖ ਵੀ ਆ ਪਹੁੰਚੇ। ਉਨ੍ਹਾਂ ਨੇ ਗੁਰੂ ਜੀ ਨੂੰ ਸਤਿਕਾਰ ਸਹਿਤ ਫਤਿਹ ਅਰਜ਼ ਕੀਤੀ। ਇਹ ਭਾਈ ਧਰਮ ਸਿੰਘ, ਭਾਈ ਦਇਆ ਸਿੰਘ, ਭਾਈ ਮਾਨ ਸਿੰਘ ਸਨ। ਇਹ ਗੁਰੂ ਜੀ ਦੇ ਨਾਲ ਹੀ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜ੍ਹੀ ਵਿਚੋਂ ਨਿਕਲੇ ਸਨ। ਪਰ ਘਮਸਾਨ ਦੇ ਯੁੱਧ ਕਾਰਨ ਅਤੇ ਹਨ੍ਹੇਰੀ ਰਾਤ ਵਿਚ ਇਕ ਦੂਜੇ ਤੋਂ ਵਿੱਛੜ ਗਏ ਸਨ ਅਤੇ ਗੁਰੂ ਜੀ ਵਲੋਂ ਦੱਸੀ ਦਿਸ਼ਾ ਦੀ ਨਿਸ਼ਾਨੀ ਵੱਲ ਇਕ ਦੂਸਰੇ ਨੂੰ ਲੱਭਦੇ-ਲੁਭਾਉਂਦੇ ਇੱਕੇ ਪਹੁੰਚ ਕੇ ਆਪਸ ਵਿਚ ਮਿਲ ਗਏ ਸਨ। ਇਹ ਹਾਲੇ ਜਲ ਪਾਣੀ ਛਕ ਕੇ ਬੈਠੇ ਹੀ ਸਨ ਕਿ ਬਾਗ ਦੇ ਮਾਲੀ ਨੇ ਬਾਗ ਦੇ ਮਾਲਕ ਗੁਲਾਬ ਚੰਦ ਨੂੰ ਜਾ ਦੱਸਿਆ ਕਿ ਬਾਗ ਵਿਚ ਕੋਈ ਅਜਨਬੀ ਰਾਹੀ ਆ ਕੇ ਰੁਕਿਆ ਹੈ।
ਭਾਈ ਗੁਲਾਬ ਚੰਦ ਆਪਣੇ ਭਰਾ ਪੰਜਾਬ ਚੰਦ ਨਾਲ ਬਾਗ ਵਿਚ ਆ ਹਾਜ਼ਰ ਹੋਇਆ। ਜਦੋਂ ਉਸ ਨੇ ਦੇਖਿਆ ਕਿ ਇਹ ਤਾਂ ਕਲਗੀਆਂ ਵਾਲੇ ਪਾਤਸ਼ਾਹ, ਅਨੰਦਪੁਰ ਸਾਹਿਬ ਵਾਲੇ ਗੁਰੂ ਦਸਮੇਸ਼ ਪਿਤਾ ਨੇ ਆ ਕੇ ਉਨ੍ਹਾਂ ਦੇ ਬਾਗ ਨੂੰ ਭਾਗ ਲਾ ਦਿੱਤੇ ਹਨ ਤਾਂ ਉਹ ਚਰਨਾਂ ‘ਤੇ ਡਿੱਗ ਪਏ ਅਤੇ ਉਨ੍ਹਾਂ ਦੀ ਇਸ ਦਸ਼ਾ ਦਾ ਕਾਰਨ ਪੁੱਛਿਆ। ਇਹ ਭਾਈ ਗੁਲਾਬ ਚੰਦ ਅਤੇ ਭਾਈ ਪੰਜਾਬ ਚੰਦ ਗੁਰੂਘਰ ਦੇ ਮਸੰਦ ਸਨ, ਜਦੋਂ ਸੰਗਤ ਦੀ ਸ਼ਿਕਾਇਤ ‘ਤੇ ਗੁਰੂ ਜੀ ਨੇ 1699 ਈ. ਦੀ ਵਿਸਾਖੀ ਨੂੰ ਮਸੰਦ ਪ੍ਰਥਾ ਸਦਾ ਲਈ ਖਤਮ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਤਦੋਂ ਗੁਰੂ ਜੀ ਨੇ ਇਨ੍ਹਾਂ ਨੂੰ ਭਲੇ ਪੁਰਸ਼ ਜਾਣ ਕੇ ਕੁਝ ਨਹੀਂ ਸੀ ਕਿਹਾ। ਇਹ ਦੋਵੇਂ ਭਰਾ ਮਾਛੀਵਾੜੇ ਆ ਕੇ ਰਹਿਣ ਲੱਗ ਪਏ ਅਤੇ ਖੇਤੀ ਕਰਨ ਲੱਗ ਪਏ, ਇਹ ਬਾਗ ਵੀ ਇਨ੍ਹਾਂ ਭਰਾਵਾਂ ਦਾ ਹੀ ਸੀ। ਗੁਰੂ ਜੀ ਨਾਲ ਆਣ ਮਿਲੇ ਸਿੱਖਾਂ ਨੈ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ! ਤੁਸੀਂ ਇੱਥੇ ਤੱਕ ਕਿਵੇਂ ਪਹੁੰਚੇ, ਕ੍ਰਿਪਾ ਕਰਕੇ ਇਸ ਬਾਰੇ ਸਾਨੂੰ ਜਾਣੂ ਕਰਵਾਓ।
ਗੁਰੂ ਜੀ ਨੇ ਦੱਸਿਆ ਕਿ ਕਿਵੇਂ ਕਿਵੇਂ ਉਨ੍ਹਾਂ ਨੇ ਚਮਕੌਰ ਦੀ ਗੜ੍ਹੀ ਛੱਡ ਕੇ ਦੁਸ਼ਮਣ ਨੂੰ ਲਲਕਾਰਿਆ ਤਾਂ ਉਹ ਹਨ੍ਹੇਰੇ ਵਿਚ ਡਰ ਕੇ ਆਪਸ ਵਿਚ ਹੀ ਲੜਨ ਲੱਗ ਪਏ ਅਤੇ ਉਹ ਹਨੇਰੇ ਵਿਚ ਜੰਗਲ ਦੇ ਰਸਤੇ ਪੈ ਗਏ। ਮੁਗਲ ਫੌਜਾਂ ਨੇ ਚਾਰੇ ਪਾਸੇ ਉਨ੍ਹਾਂ ਦਾ ਹੁਲੀਆ ਦੱਸ ਕੇ ਢੰਡੋਰਾ ਪਿਟਵਾਇਆ ਹੋਇਆ ਸੀ ਕਿ ਗੁਰੂ ਜੀ ਨੂੰ ਜਿੰਦਾ ਜਾਂ ਮੁਰਦਾ ਫੜਵਾਉਣ ਵਾਲੇ ਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਨੂੰ ਚਲਦੇ ਚਲਦੇ ਦਿਨ ਚੜ੍ਹ ਗਿਆ ਸੀ। ਰਸਤੇ ਵਿਚ ਉਨ੍ਹਾਂ ਨੂੰ ਖੇੜੀ ਪਿੰਡ ਦੇ ਅਲਫ਼ੂ ਅਤੇ ਰਾਮੂ ਦੋ ਗੁੱਜਰ ਭਰਾ ਮੱਝਾਂ ਚਾਰਦੇ ਮਿਲ ਗਏ। ਉਨ੍ਹਾਂ ਨੇ ਗੁਰੂ ਜੀ ਨੂੰ ਪਛਾਣ ਲਿਆ ਅਤੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਔਹ ਦੇਖੋ! ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਗੁਰੂ ਜੀ ਨੇ ਉਨ੍ਹਾਂ ਨੂੰ ਪੰਜ ਪੰਜ ਸੋਨੇ ਦੀਆਂ ਮੋਹਰਾਂ ਦੇ ਕੇ ਰੌਲਾ ਪਾਉਣ ਤੋਂ ਰੋਕਿਆ। ਉਨ੍ਹਾਂ ਨੇ ਮੋਹਰਾਂ ਵੀ ਲੈ ਲਈਆਂ ਪਰ ਰੌਲਾ ਪਾਉਣੋਂ ਵੀ ਨਾ ਰੁਕੇ। ਜਦੋਂ ਉਹ ਰੌਲਾ ਪਾਉਣੋਂ ਨਾ ਹੀ ਹਟੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਕਿਰਪਾਨ ਨਾਲ ਝਟਕਾ ਕੇ ਦੇਣੀ ਪਈ।
ਉਹ ਜੰਗਲ ਦੇ ਵਿਚੋਂ ਵਿਚ ਦੀ ਤੁਰੇ ਜਾ ਰਹੇ ਸਨ ਕਿਉਂਕਿ ਜੰਗਲ ਦੇ ਬਾਹਰ ਚਾਰੇ ਪਾਸੇ ਤੋਂ ਮੁਗਲ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ। ਚਲਦੇ ਚਲਦੇ ਜਦੋਂ ਪਹੂ ਫੁਟਾਲਾ ਜਿਹਾ ਹੋਣ ਲੱਗਾਤਾਂ ਕੁੱਕੜ ਦੇ ਬਾਂਗ ਦੇਣ ਦੀ ਆਵਾਜ਼ ਸੁਣੀ ਅਤੇ ਉਨ੍ਹਾਂ ਨੇ ਅੰਦਾਜ਼ਾ ਲਗਾ ਲਿਆ ਕਿ ਨੇੜੇ ਹੀ ਕੋਈ ਪਿੰਡ ਹੈ। ਜਦੋਂ ਉਹ ਥੋੜਾ ਨੇੜੇ ਗਏ ਤਾਂ ਪਤਾ ਲੱਗਾ ਉਹ ਤਾਂ ਬਹਿਲੋਲਪੁਰ ਪਿੰਡ ਪਹੁੰਚ ਗਏ ਹਨ। ਇਹ ਪੱਕਾ ਪਿੰਡ ਸੀ ਅਤੇ ਇਸ ਨੂੰ ਬਹਿਲੋਲ ਲੋਧੀ ਨੇ ਵਸਾਇਆ ਸੀ। ਉਨ੍ਹਾਂ ਨੂੰ ਯਾਦ ਆਇਆ ਕਿ ਇਥੋਂ ਦਾ ਇਕ ਪੂਰਨ ਚੰਦ ਮਸੰਦ ਹੁੰਦਾ ਸੀ। ਗੁਰੂ ਜੀ ਨੂੰ ਇਕ ਬੰਦਾ ਦਿਖਾਈ ਦਿੱਤਾ ਤਾਂ ਉਸ ਤੋਂ ਪੂਰਨ ਮਸੰਦ ਦਾ ਘਰ ਪੁੱਛ ਕੇ ਉਹ ਉਸ ਦੇ ਘਰ ਚਲੇ ਗਏ। ਘਰ ਦਾ ਵੱਡਾ ਦਰਵਾਜ਼ਾ ਖੜਕਾਇਆ ਤਾਂ ਡਿਊਢੀ ਵਿਚੋਂ ਨੌਕਰ ਜਿਊਣੇ ਨੇ ਉੱਠ ਕੇ ਕੁੰਡਾ ਖੋਲ੍ਹਿਆ ਅਤੇ ਪੁੱਛਿਆ ਕਿ ਇੰਨੇ ਸਵੇਰੇ ਸਵੇਰੇ ਕੌਣ ਹੈ? ਉਨ੍ਹਾਂ ਨੇ ਜਿਊਣੇ ਨੂੰ ਦੱਸਿਆ ਕਿ ਉਹ ਗੁਰੂ ਗੋਬਿੰਦ ਸਿੰਘ ਹਨ ਅਤੇ ਇਥੇ ਕੁਝ ਦਿਨ ਲਈ ਰਹਿਣ ਆਏ ਹਨ। ਜਿਊਣਾ ਉਨ੍ਹਾਂ ਨੂੰ ਮੰਜੀ ਤੇ ਬਿਠਾ ਕੇ ਭੱਜਾ ਭੱਜਾ ਪੂਰਨ ਮਸੰਦ ਨੂੰ ਦੱਸਣ ਲਈ ਗਿਆ ਤਾਂ ਉਸ ਨੇ ਉਨ੍ਹਾਂ ਨੂੰ ਘਰ ਰੱਖਣ ਤੋਂ ਨਾਂਹ ਕਰ ਦਿੱਤੀ, ਜਿਸ ਤੇ ਜਿਊਣੇ ਨੂੰ ਬਹੁਤ ਗੁੱਸਾ ਆਇਆ। ਜਦੋਂ ਉਨ੍ਹਾਂ ਨੂੰ ਇਸ ਸਾਰੀ ਵਾਰਤਾ ਦਾ ਪਤਾ ਲੱਗਾ ਤਾਂ ਉਹ ਉਥੋਂ ਉਠ ਕੇ ਅੱਗੇ ਵੱਲ ਨੂੰ ਤੁਰ ਪਏ। ਗੁਰੂ ਜੀ ਜੰਗਲ ਵਿਚ ਇਕ ਜੰਡ ਦੇ ਦਰੱਖਤ ਹੇਠ ਠਹਿਰ ਗਏ ਅਤੇ ਉਥੇ ਹੀ ਕੁਝ ਆਰਾਮ ਕੀਤਾ ਤਾਂ ਕਿ ਰਾਤ ਦਾ ਹਨ੍ਹੇਰਾ ਹੋਣ ‘ਤੇ ਅੱਗੇ ਦਾ ਸਫ਼ਰ ਤਹਿ ਕੀਤਾ ਜਾਵੇ। ਉਨ੍ਹਾਂ ਦੇ ਪੈਰ ਥਕਾਵਟ ਨਾਲ ਸੁੱਜੇ ਪਏ ਸਨ ਪਰ ਉਨ੍ਹਾਂ ਦਾ ਹੌਸਲਾ ਬੁਲੰਦ ਸੀ। ਇਸ ਸਥਾਨ ‘ਤੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਜੰਡ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਜੰਗਲ ਦੇ ਰਸਤੇ ਅੱਗੇ ਵੱਲ ਚੱਲ ਪਏ। ਜੰਗਲ ਦਾ ਰਸਤਾ ਕਰੀਰਾਂ, ਕਿੱਕਰਾਂ, ਮਲ੍ਹਿਆਂ ਦੇ ਕੰਡਿਆਂ ਨਾਲ ਭਰਿਆ ਪਿਆ ਸੀ। ਗੁਰੂ ਜੀ ਨੇ ਨੰਗੇ ਪੈਰ ਕੰਡੇ ਵੱਜ ਵੱਜ ਕੇ ਜਖ਼ਮਾਂ ਨਾਲ ਭਰੇ ਪਏ ਸਨ ਪਰ ਉਹ ਅੱਗੇ ਵੱਲ ਨੂੰ ਤੁਰਦੇ ਜਾ ਰਹੇ ਸਨ। ਤੁਰਦੇ ਤੁਰਦੇ ਉਹ ਬੇਰੀਆਂ ਕਰੀਰਾਂ ਦੇ ਇਕ ਝਾੜ ਕੋਲ ਪਹੁੰਚ ਗਏ। ਉਨ੍ਹਾਂ ਨੇ ਸੁਰੱਖਿਅਤ ਥਾਂ ਜਾਣ ਕੇ ਇਸ ਥਾਂ ‘ਤੇ ਕੁਝ ਸਮਾਂ ਠਹਿਰ ਕੇ ਅਰਾਮ ਕੀਤਾ ਅਤੇ ਅੱਕ ਦੇ ਫੁੱਲ ਖਾ ਕੇ ਗੁਜ਼ਾਰਾ ਕੀਤਾ। ਇੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਝਾੜ ਸਾਹਿਬ ਬਣਿਆ ਹੋਇਆ ਹੈ।
ਇਸ ਤਰ੍ਹਾਂ ਅੱਗੇ ਚਲਦੇ ਚਲਦੇ ਗੁਰੂ ਜੀ ਰਾਤਾਂ ਦੇ ਹਨ੍ਹੇਰੇ ਵਿੱਚ ਮੈਨੂੰ ਨਿਮਾਣੀ ਧਰਤੀ ਨੂੰ ਭਾਗ  ਲਾਉਣ ਲਈ ਇਸ ਬਾਗ ਵਿਚ ਪਹੁੰਚ ਗਏ। ਗੁਰੂ ਜੀ ਦੀ ਸਾਰਾ ਵਾਰਤਾ ਸੁਣ ਕੇ ਭਾਈ ਦਇਆ ਸਿੰਘ ਨੇ ਕਿਹਾ ਕਿ ਗੁਰੂ ਜੀਓ ਮੈਂ ਤੁਹਾਡੇ ਦੱਸੇ ਅਨੁਸਾਰ ਇਸ ਦਿਸ਼ਾ ਵੱਲ ਨੂੰ ਹੀ ਜਾ ਰਿਹਾ ਸਾਂ ਤਾਂ ਰਸਤੇ ਵਿਚ ਮੈਨੂੰ ਉਹ ਬਹਿਲੋਲਪੁਰ ਵਾਲੇ ਮਸੰਦ ਦਾ ਸੇਵਕ ਜਿਊਣਾ ਮਿਲਿਆ ਸੀ। ਉਹ ਤਾਂ ਬੜਾ ਭਲਾ ਬੰਦਾ ਹੈ। ਉਸ ਨੇ ਹੀ ਮੈਨੂੰ ਦੱਸਿਆ ਕਿ ਗੁਰੂ ਜੀ ਇੱਧਰ ਨੂੰ ਗਏ ਹਨ। ਉਸ ਨੇ ਦੱਸਿਆ ਕਿ ਜਦੋਂ ਪੂਰਨ ਮਸੰਦ ਨੇ ਗੁਰੂ ਜੀ ਨਾਲ ਦੁਰਵਿਵਹਾਰ ਕੀਤਾ ਤਾਂ ਉਸ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਜਦ ਕਿ ਉਸ ਦੀ ਪਤਨੀ ਬੜੀ ਨੇਕ ਦਿਲ ਔਰਤ ਹੈ। ਉਸ ਨੇ ਪੂਰਨ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੇ ਇਕ ਨਹੀਂ ਮੰਨੀ ਅਤੇ ਆਪ ਜੀ ਨੂੰ ਠੰਡੀ ਬਰਫ਼ੀਲੀ ਰਾਤ ਵਿਚ ਇਕ ਦਿਨ ਵੀ ਰਹਿਣ ਲਈ ਥਾਂ ਨਹੀਂ ਦਿੱਤੀ ਜਦੋਂ ਕਿ ਇਹ ਸਾਰੇ ਮਹਿਲ ਗੁਰੂ ਦੀ ਕਿਰਪਾ ਨਾਲ ਹੀ ਬਣੇ ਹਨ। ਉਸ ਨੇ ਉਸ ਦੀ ਨੌਕਰੀ ਛੱਡ ਦਿੱਤੀ। ਉਸ ਨੇ ਇਹ ਵੀ ਦੱਸਿਆ ਕਿ ਦੂਸਰੇ ਦਿਨ ਸਵੇਰੇ ਜਦੋਂ ਦਿਲਾਵਰ ਖਾਨ ਫੌਜ਼ਦਾਰ ਜੋ ਕਿ ਬਹਿਲੋਲਪੁਰ ਆਏ ਸੀ ਤਾਂ ਉਸ ਨੇ ਪੂਰਨ ਮਸੰਦ ਨੂੰ ਬੁਲਾ ਕੇ ਬੰਨ੍ਹ ਲਿਆ ਅਤੇ ਉਸ ਦੀ ਖੂਬ ਛਿੱਤਰ-ਪਰੇਡ ਕੀਤੀ। ਪੂਰਨ ਸਰੀਰ ਦਾ ਮੋਟਾ ਸੀ ਅਤੇ ਐਸ਼ਪ੍ਰਸਤ ਸੀ, ਜਿਸ ਕਾਰਨ ਡੰਡਿਆਂ ਦੀ ਮਾਰ ਝੱਲਣੀ ਉਸ ਦੇ ਵੱਸ ਦਾ ਕੰਮ ਨਹੀਂ ਸੀ। ਭਾਈ ਗੁਲਾਬ ਚੰਦ ਹੋਰੀਂ ਗੁਰੂ ਜੀ ਨੂੰ ਘਰ ਆਪਣੇ ਘਰ ਲੈ ਗਏ। ਗੁਰੂ ਜੀ ਨੇ ਉਹ ਰਾਤ ਆਪਣੇ ਤਿੰਨਾਂ ਸਿੱਖਾਂ ਸਮੇਤ ਭਾਈ ਗੁਲਾਬ ਚੰਦ ਦੇ ਘਰ ਇਕ ਚੁਬਾਰੇ ਵਿਚ ਕੱਟੀ। ਮਾਛੀਵਾੜੇ ਵਿਚ ਹੀ ਗੁਰੂ ਦੇ ਸ਼ਰਧਾਲੂ ਦੋ ਪਠਾਣ ਭਰਾ ਭਾਈ ਗਨੀ ਖਾਂ ਅਤੇ ਭਾਈ ਨਬੀ ਖਾਂ ਰਹਿੰਦੇ ਸਨ। ਇਹ ਦੋਵੇਂ ਭਰਾ ਗੁਰੂ ਸਾਹਿਬ ਪਾਸ ਘੋੜੇ ਲੈ ਕੇ ਜਾਇਆ ਕਰਦੇ ਸਨ। ਇਹ ਦੋਵੇਂ ਭਰਾ ਗੁਰੂ ਸਾਹਿਬ ਨੂੰ ਆ ਮਿਲੇ ਅਤੇ ਇਸ ਸਮੇਂ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਜਦੋਂ ਮੁਗਲ ਫ਼ੌਜ ਨੇ ਮਾਛੀਵਾੜੇ ਦੇ ਜੰਗਲ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਤਾਂ ਇਹ ਦੋਵੇਂ ਭਰਾ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਗਏ। ਇਨ੍ਹਾਂ ਭਰਾਵਾਂ ਨੇ ਭਾਈ ਦਇਆ ਸਿੰਘ, ਭਾਈ ਮਾਨ ਸਿੰਘ ਅਤੇ ਭਾਈ ਧਰਮ ਸਿੰਘ ਨਾਲ ਮਿਲ ਕੇ ਯੋਜਨਾ ਬਣਾਈ ਕਿ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਭੇਸ ਵਿਚ ਫੌਜਾਂ ਦੇ ਘੇਰੇ ਵਿਚੋਂ ਕੱਢਿਆ ਜਾਵੇ। ‘ਉੱਚ’ ਇਕ ਕਸਬਾ ਹੈ, ਜੋ ਬਹਾਵਲਪੁਰ (ਪਾਕਿਸਤਾਨ)ਤੋਂ ਕੋਈ 60 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਦਾ ਪਹਿਲਾ ਨਾਂ ‘ਦੇਵਗੜ੍ਹ’ ਸੀ ਜੋ ਰਾਜਾ ਦੇਵਗੜ੍ਹ  ਨੇ ਵਸਾਇਆ ਸੀ। ਬਾਰ੍ਹਵੀਂ  ਸਦੀ ਦੇ ਅੰਤ ਤੱਕ ਸੱਸਦ ਜਲਾਲੂਦੀਨ ਬੁਖਾਰੀ ਨੇ ਦੇਵਗੜ੍ਹ ‘ਤੇ ਹਮਲਾ ਕਰ ਦਿੱਤਾ। ਰਾਜਾ ਹਾਰ ਖਾਕੇ ਮਾਰਵਾੜ ਨੂੰ ਭੱਜ ਗਿਆ। ਬੁਖਾਰੇ ਨੇ ਕਸਬੇ ਨੂੰ ਖੂਬ ਲੁੱਟਿਆ ਅਤੇ ਰਾਜੇ ਦੀ ਪੁੱਤਰੀ ਸੁੰਦਰਪਰੀ ਨੂੰ ਆਪਣੀ ਰਾਣੀ ਬਣਾ ਕੇ ਉਥੇ ਹੀ ਇਕ ਉੱਚੀ ਥਾਂ ‘ਤੇ ਕਿਲ੍ਹਾ ਬਣਾ ਕੇ ਰਹਿਣ ਲੱਗ ਪਿਆ। ਉਸ ਕਿਲ੍ਹੇ ਦੇ ਉੱਚੇ ਥਾਂ ‘ਤੇ ਹੋਣ ਕਰਕੇ ਉਸ ਸਥਾਨ ਦਾ ਨਾਂ ‘ਉੱਚ’ ਪੈ ਗਿਆ ਅਤੇ ਇਸ ਨਾਲ ਹੀ ਇਹ ਕਸਬਾ ਪ੍ਰਸਿੱਧ ਹੋ ਗਿਆ। ਇਸ ਕਸਬੇ ‘ਤੇ ਸੱਯਦਾਂ ਦੇ ਕਬਜ਼ੇ ਕਾਰਨ ਬਹੁਤ ਸਾਰੇ ਮੰਨੇ ਪ੍ਰਮੰਨੇ ਸੱਯਦ ਅਤੇ ਪੀਰ ਫਕੀਰ ਇੱਥੇ ਆ ਕੇ ਰਹਿਣ ਲੱਗ ਪਏ, ਜਿਸ ਕਾਰਨ ਸਤਿਕਾਰ ਵਜੋਂ ਇਸ ਕਸਬੇ ਨੂੰ ‘ਉੱਚ ਸ਼ਰੀਫ਼’ ਕਿਹਾ ਜਾਣ ਲੱਗ ਪਿਆ। ਇਥੋਂ ਦੇ ਸੱਯਦ ਪੀਰ ਆਮ ਤੌਰ ‘ਤੇ ਨੀਲੇ ਬਸਤਰ ਪਹਿਨਦੇ ਸਨ ਅਤੇ ਸਿਰ ‘ਤੇ ਲੰਬੇ ਕੇਸ ਰੱਖਦੇ ਸਨ। ਮਾਛੀਵਾੜੇ ਦੀ ਹੀ ਵਸਨੀਕ ਇਕ ਬਜ਼ੁਰਗ ਮਾਈ ਹਰਿਦੇਈ ਸੀ, ਜੋ ਗੁਰੂ ਜੀ ਦੀ ਬਹੁਤ ਸ਼ਰਧਾਲੂ ਸੀ। ਉਸ ਨੇ ਗੁਰੂ ਜੀ ਲਈ ਆਪਣੇ ਹੱਥਾਂ ਨਾਲ ਕੱਤ ਕੇ ਅਤੇ ਬੁਣ ਕੇ ਬਸਤਰ ਤਿਆਰ ਕੀਤੇ ਸਨ। ਉਸ ਨੇ ਗੁਰੂ ਜੀ ਨੂੰ ਇਹ ਬਸਤਰ ਦਿੱਤੇ। ਭਾਈ ਗਲੀ ਖਾਂ, ਭਾਈ ਨਬੀ ਖਾਂ ਅਤੇ ਸਿੱਖਾਂ ਨੇ ਇਹ ਬਸਤਰ ਲਲਾਰੀ ਤੋਂ ਨੀਲੇ ਰੰਗ ਵਿਚ ਰੰਗਾ ਕੇ ਗੁਰੂ ਜੀ ਨੂੰ ਪੁਆ ਕੇ ਉੱਚ ਦੇ ਪੀਰ ਦਾ ਭੇਸ ਬਣਾ ਲਿਆ ਅਤੇ ਗੁਰੂ ਜੀ ਨੂੰ ਇਕ ਪਲੰਘ ‘ਤੇ ਬਿਠਾ ਕੇ ਪਾਲਕੀ ਵਾਂਗ ਮੋਢਿਆਂ ‘ਤੇ ਚੁੱਕ ਲਿਆ। ਭਾਈ ਮਨੀ ਸਿੰਘ ਜੀ ਚੌਰ ਕਰਨ ਲੱਗ ਪਏ। ਰਸਤੇ ਵਿਚ ਉਹ ਲੋਕਾਂ ਵਲੋਂ ਪੁੱਛਣ ‘ਤੇ ਉਨ੍ਹਾਂ ਕਹਿੰਦੇ ਜਾ ਰਹੇ ਸਨ ਕਿ ਇਹ ਉੱਚ ਦਾ ਪੀਰ ਹੈ। ਰਸਤੇ ਵਿਚ ਜਦੋਂ ਮੁਗਲ ਫੌਜਾਂ ਨੇ ਉਨ੍ਹਾਂ ਨੂੰ ਘੇਰ ਲਿਆ ਤਾਂ ਗੁਰੂ ਜੀ ਦੇ ਉਸਤਾਦ ਕਾਜ਼ੀ ਪੀਰ ਮੁਹੰਮਦ ਤੋਂ ਉਨ੍ਹਾਂ ਦੀ ਸ਼ਨਾਖਤ ਕਰਵਾਈ ਗਈ ਜਿਸ ਨੇ ਕਿਹਾ ਕਿ ਇਹ ਤਾਂ ਵਾਕਿਆ ਹੀ ਉੱਚ ਦਾ ਪੀਰ ਹੈ। ਇਸ ਤਰ੍ਹਾਂ ਗੁਰੂ ਜੀ ਮੁਗਲ ਫੌਜਾਂ ਦੇ ਘੇਰੇ ਵਿਚੋਂ ਸਹੀ ਸਲਾਮਤ ਨਿਕਲ ਗਏ। ਗੁਰੂ ਜੀ ਨੇ ਪ੍ਰਸੰਨ ਹੋ ਕੇ ਭਾਈ ਗਨੀ ਖਾਂ ਅਤੇ ਭਾਈ ਨਬੀ ਖਾਂ ਨੂੰ ਸੋਨੇ ਦੇ ਕੜਿਆਂ ਦੀ ਜੋੜੀ ਦਿੱਤੀ ਅਤੇ ਸਰਬ ਸੰਗਤ ਦੇ ਨਾਮ ਇਕ ਹੁਕਮਨਾਮਾ ਬਖਸ਼ਿਸ਼ ਕੀਤਾ, ਜਿਸ ਵਿਚ ਦੋਹਾਂ ਭਰਾਵਾਂ ਨੂੰ ਆਪਣੇ ਪੁੱਤਰਾਂ ਬਰਾਬਰ ਮੰਨਿਆ। ਇਸੇ ਲਈ ਸਿੱਖਾਂ ਵਿੱਚ ਇਨ੍ਹਾਂ ਭਰਾਵਾਂ ਅਤੇ ਇਨ੍ਹਾਂ ਦੀ ਸੰਤਾਨ ਦਾ ਬਹੁਤ ਆਦਰ ਹੈ। ਸਿੱਖ ਰਿਆਸਤਾਂ ਸਮੇਂ ਇਨ੍ਹਾਂ ਦੇ ਨਾਮ ਜ਼ਮੀਨ ਵੀ ਲੱਗੀ ਰਹੀ। ਭਾਰਤ-ਪਾਕਿ ਵੰਡ ਵੇਲੇ ਇਨ੍ਹਾਂ ਦਾ ਖਾਨਦਾਨ ਭਾਵੇਂ ਪਾਕਿਸਤਾਨ ਚਲਾ ਗਿਆ ਪਰ ਇਨ੍ਹਾਂ ਦੇ ਪੁਰਾਤਨ ਘਰ ਵਿਚ ਗੁਰਦੁਆਰਾ ਸਾਹਿਬ ਕਾਇਮ ਹੈ।
ਮਾਛੀਵਾੜਾ ਵਿਖੇ ਇਨ੍ਹਾਂ ਦੀ ਯਾਦ ਵਿਚ ਇਕ ਗੇਟ ਵੀ ਮੌਜੂਦ ਹੈ। ਭਾਈ ਗੁਲਾਬ ਚੰਦ ਦੇ ਬਾਗ ਵਿਚ ਜਿੱਥੇ ਕਲਗੀਧਰ ਪਹਿਲਾਂ ਠਹਿਰੇ ਸਨ, ਜਿਸ ਥਾਂ ਭਾਈ ਧਰਮ ਸਿੰਘ, ਮਨੀ ਸਿੰਘ ਅਤੇ ਭਾਈ ਦਇਆ ਸਿੰਘ ਜੀ ਚਮਕੌਰ ਸਾਹਿਬ ਤੋਂ ਆ ਕੇ ਸਤਿਗੁਰੂ ਜੀ ਨਾਲ ਮਿਲੇ, ਉਥੇ ਗੁਰਦੁਆਰਾ ਚਰਨ ਕੰਵਲ ਸਾਹਿਬ ਸ਼ੁਭਾਇਮਾਨ ਹੈ ਜੋ ਕਿ ਕਸਬੇ ਤੋਂ ਇਕ ਮੀਲ ਪੂਰਬ ਵੱਲ ਹੈ। ਮਹਾਰਾਜਾ ਰਣਜੀਤ ਸਿੰਘ ਵਲੋਂ ਇਸ ਪਾਵਨ ਅਸਥਾਨ ਦੇ ਨਾਂ ‘ਤੇ 270 ਬਿੱਘੇ ਜ਼ਮੀਨ ਵੀ ਲਗਾਈ ਗਈ ਸੀ। ਅੱਜ ਕੱਲ੍ਹ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਪਾਸ ਹੈ। ਇਥੋਂ ਦੇ ਹੀ ਇਕ ਉਤਸ਼ਾਹੀ ਨੌਜਵਾਨ  ਸ. ਜਗਦੀਸ਼ ਸਿੰਘ ਚਿੱਤਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਤਸਵੀਰਾਂ ਬਣਾ ਕੇ ਗੁਰੂ ਇਤਿਹਾਸ ਤੋਂ ਜਾਣੂ ਕਰਾਉਣ ਲਈ ਬਹੁਤ ਹੀ ਕੀਮਤੀ ਅਜਾਇਬ ਘਰ ਬਣਾਇਆ ਹੈ। ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਗੁਰੂ ਇਤਿਹਾਸ ਤੋਂ ਜਾਣੂ ਹੋ ਕੇ ਅਸ਼ ਅਸ਼ ਕਰ ਉੱਠਦੀਆਂ ਹਨ।