ਸੁਪਰ ਸਟਾਰ ਕਲਚਰ ਨੇ ਵਿਗਾੜਿਆ ਕ੍ਰਿਕਟ

ਸੁਪਰ ਸਟਾਰ ਕਲਚਰ ਨੇ ਵਿਗਾੜਿਆ ਕ੍ਰਿਕਟ

ਰਾਮਚੰਦਰ ਗੁਹਾ ਦੀ ਚਿੱਠੀ ਨੇ ਭਾਰਤੀ ਕ੍ਰਿਕਟ ਦਾ ਵਿਖਾਇਆ ਅਸਲ ਚਿਹਰਾ, ਕੀਤੇ ਕਈ ਖ਼ੁਲਾਸੇ, ਕੋਹਲੀ ਤੈਅ ਕਰਦੇ ਹਨ ਕੋਚ-ਕਮੈਂਟੇਟਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੋਚ ਅਨਿਲ ਕੁੰਬਲੇ ਅਤੇ ਕਪਤਾਨ ਵਿਰਾਟ ਕੋਹਲੀ ਵਿਚਾਲੇ ਮਤਭੇਦਾਂ ਦੇ ਚਲਦਿਆਂ ਬੀ.ਸੀ.ਸੀ.ਆਈ. ਦੀ ਪ੍ਰਸ਼ਾਸਨਿਕ ਕਮੇਟੀ ਤੋਂ ਅਸਤੀਫ਼ਾ ਦੇਣ ਵੇਲੇ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਭਾਰਤੀ ਕ੍ਰਿਕਟ ਦੇ ਸੁਪਰ ਸਟਾਰ ਕਲਚਰ ‘ਤੇ ਸਵਾਲ ਚੁੱਕਦਿਆਂ ਸੁਨੀਲ ਗਵਾਸਕਰ, ਸੌਰਵ ਗਾਂਗੁਲੀ, ਮਹਿੰਦਰ ਸਿੰਘ ਧੋਨੀ, ਰਾਹੁਲ ਦ੍ਰਾਵਿੜ ਜਿਹੇ ਸਿਤਾਰਿਆਂ ‘ਤੇ ਸਵਾਲ ਉਠਾਏ ਹਨ।
ਗੁਹਾ ਨੇ ਸੁਪਰੀਮ ਕੋਰਟ ਦੇ ਨਿਰਦੇਸ਼ ‘ਤੇ ਬਣੀ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਤੋਂ ਦਿੱਤੇ ਆਪਣੇ ਅਸਤੀਫ਼ੇ ਤੋਂ ਬਾਅਦ ਲਿਖੀ ਚਿੱਠੀ ‘ਚ ਬੀ.ਸੀ.ਸੀ.ਆਈ. ਵਿਚ ਚੱਲ ਰਹੀ ਕਥਿਤ ਗੜਬੜੀ ਨੂੰ ਜਨਤਕ ਕਰ ਦਿੱਤਾ ਹੈ। ਉਨ੍ਹਾਂ ਨੇ ਪ੍ਰਸ਼ਾਸਨਿਕ ਕਮੇਟੀ ਨੂੰ ਵੀ ਨਹੀਂ ਛੱਡਿਆ ਅਤੇ ਕਮੇਟੀ ‘ਤੇ ਕੁੰਬਲੇ-ਕੋਹਲੀ ਵਿਵਾਦ ‘ਚ ਨੌਨ-ਪ੍ਰੋਫ਼ੈਸ਼ਨਲ ਤੇ ਅਸੰਵੇਦਨਸ਼ੀਲ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ ਹੈ। ਗੁਹਾ ਨੇ ਵੱਡਾ ਸਵਾਲ ਵੀ ਖੜ੍ਹਾ ਕੀਤਾ ਕਿ ਕੋਚ ਦੀ ਚੋਣ ‘ਚ ਕੋਹਲੀ ਦਾ ਦਖ਼ਲ ਕਿਉਂ ਹੈ?
ਬੀ.ਸੀ.ਸੀ.ਆਈ. ਦੇ ਚੇਅਰਮੈਨ ਵਿਨੋਦ ਰਾਏ ਨੂੰ ਲਿਖੀ 7 ਪੰਨਿਆਂ ਦੀ ਚਿੱਠੀ ‘ਚ ਉਨ੍ਹਾਂ ਨੇ ਕੋਚ ਅਤੇ ਇੱਥੇ ਤੱਕ ਕਿ ਕਮੈਂਟੇਟਰ ਦੇ ਪੈਨਲਾਂ ਦੀ ਚੋਣ ‘ਚ ਵੀ ਵਿਰਾਟ ਕੋਹਲੀ ਦੇ ‘ਵੀਟੋ ਪਾਵਰ’ ‘ਤੇ ਸਵਾਲ ਉਠਾਇਆ ਹੈ। ਇਸ ਤੋਂ ਅਜਿਹਾ ਲੱਗਦਾ ਹੈ ਕਿ ਕੋਹਲੀ ਅਤੇ ਕੁੰਬਲੇ ‘ਚ ਝਗੜੇ ਦੀ ਗੱਲ ਸਹੀ ਹੈ।
ਗੁਹਾ ਨੇ ਆਪਣੀ ਚਿੱਠੀ ‘ਚ ਲਿਖਿਆ ਹੈ ਕਿ ਬੀ.ਸੀ.ਸੀ.ਆਈ. ਦੇ ਸੀ.ਈ.ਓ. ਰਾਹੁਲ ਜੌਹਰੀ ਅਤੇ ਇਸ ਦੇ ਅਹੁਦੇਦਾਰਾਂ (ਅਮਿਤਾਭ ਚੌਧਰੀ) ਨੇ ਕੋਹਲੀ ਅਤੇ ਕੁੰਬਲੇ ਦੇ ਕਥਿਤ ਝਗੜੇ ਨੂੰ ਜਿਸ ਸੰਵੇਦਨਸ਼ੀਲਤਾ ਅਤੇ ਗੈਰ-ਪੇਸ਼ੇਵਰਾਨਾ ਤਰੀਕੇ ਨਾਲ ਨਜਿੱਠਿਆ, ਇਹ ਬੇਹੱਦ ਗ਼ਲਤ ਸੀ। ਸੀ.ਓ.ਏ. ਨੇ ਇਸ ਮਾਮਲੇ ‘ਤੇ ਚੁੱਪ ਧਾਰੀ ਹੈ ਅਤੇ ਹੱਥ ‘ਤੇ ਹੱਥ ਰੱਖ ਕੇ ਬੈਠਣ ਵਾਲਾ ਕੰਮ ਕੀਤਾ। ਉਨ੍ਹਾਂ ਨੇ ਲਿਖਿਆ ਕਿ ਸੀ.ਓ.ਏ. ਦੀ ਇਸ ਮਾਮਲੇ ‘ਚ ਮਿਲੀਭੁਗਤ ਵਿਖਾਈ ਦਿੰਦੀ ਹੈ। ਆਪਣੀ ਚਿੱਠੀ ਦੇ ਅਖੀਰ ‘ਚ ਉਨ੍ਹਾਂ ਨੇ ਸੀ.ਓ.ਏ. ‘ਚ ਆਪਣੀ ਥਾਂ ਸਾਬਕਾ ਤੇਜ਼ ਗੇਂਦਬਾਜ਼ ਜਵਾਗਲ ਸ੍ਰੀਨਾਥ ਨੂੰ ਰੱਖਣ ਦੀ ਸਿਫ਼ਾਰਸ਼ ਕੀਤੀ ਹੈ। ਗੁਹਾ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਸੁਪਰੀਮ ਕੋਰਟ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਸੀ। ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਸੁਪਰੀਮ ਕੋਰਟ ਦੇ ਨਿਰਦੇਸ਼ ‘ਤੇ ਹੀ ਪ੍ਰਸ਼ਾਸਕਾਂ ਦੀ ਕਮੇਟੀ ਦਾ ਗਠਨ ਹੋਇਆ ਸੀ।

ਹਿਤਾਂ ਦੇ ਟਕਰਾਅ ਦੀ ਅਣਦੇਖੀ : ਗੁਹਾ
ਪ੍ਰਸਿੱਧ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਸੀ.ਈ.ਓ. ਦੇ ਮੁਖੀ ਵਿਨੋਦ ਰਾਏ ਨੂੰ ਲਿਖੀ ਆਪਣੀ ਚਿੱਠੀ ‘ਚ ਜਿਨ੍ਹਾਂ ਮੁੱਦਿਆਂ ‘ਤੇ ਅਸਹਿਮਤੀ ਅਤੇ ਨਾਰਾਜ਼ਗੀ ਪ੍ਰਗਟਾਈ ਹੈ, ਉਹ ਇਸ ਤਰ੍ਹਾਂ ਹਨ :
ਹਿਤਾਂ ਦਾ ਟਕਰਾਅ ਬੰਦ ਹੋਣਾ ਚਾਹੀਦਾ ਹੈ : ਮੈਂ ਇਹ ਮਾਮਲਾ ਵਾਰ-ਵਾਰ ਚੁੱਕ ਰਿਹਾ ਹਾਂ। ਬੀਸੀਸੀਆਈ ਕੁੱਝ ਕੌਮੀ ਪੱਧਰ ਦੇ ਕੋਚਾਂ ਨੂੰ ਵਿਸ਼ੇਸ਼ ਸਹਿਯੋਗ ਕਰ ਰਹੀ ਹੈ। ਬੋਰਡ ਨੇ ਉਨ੍ਹਾਂ ਨੂੰ ਨੈਸ਼ਨਲ ਡਿਊਟੀ ਲਈ 10 ਮਹੀਨੇ ਦਾ ਕੰਟਰੈਕਟ ਦੇ ਕੇ ਬਾਕੀ ਦੋ ਮਹੀਨੇ ਲਈ ਆਈ.ਪੀ.ਐਲ. ‘ਚ ਕੋਚ/ਮੈਂਟਰ ਵਜੋਂ ਕੰਮ ਕਰਨ ਦੀ ਮਨਜ਼ੂਰੀ ਦਿੱਤੀ।
ਬੀਸੀਸੀਆਈ ਨੇ ਆਪਣੀ ਲਾਪਰਵਾਹੀ ਵਿਖਾਉਂਦਿਆਂ ਅਜਿਹਾ ਕੋਚਿੰਗ/ਸਪੋਰਟ ਸਟਾਫ਼ ਕੰਟਰੈਕਟ ਸਮਝੌਤਾ ਤਿਆਰ ਕੀਤਾ, ਜਿਸ ਤੋਂ ਉਨ੍ਹਾਂ ਨੂੰ ਦੋਵੇਂ ਕੰਮ ਕਰਨ ਦੀ ਮਨਜ਼ੂਰੀ ਮਿਲ ਜਾਵੇ। ਮੌਜੂਦਾ ਕਾਨੂੰਨਾਂ ਦੇ ਹਿਸਾਬ ਨਾਲ ਸੰਭਵ ਹੈ ਕਿ ਇਹ ਨਿਯਮਾਂ ਅਨੁਸਾਰ ਹੈ ਅਤੇ ਲੋਢਾ ਕਮੇਟੀ ਦੀ ਭਾਵਨਾ ਦੇ ਵਿਰੁੱਧ ਹੈ। ਹਿਤਾਂ ਦੇ ਟਕਰਾਅ ਦਾ ਮਾਮਲਾ ਸੂਬਿਆਂ ਦੀ ਐਸੋਸੀਏਸ਼ਨ ‘ਚ ਵੀ ਵੱਡੇ ਪੈਮਾਨੇ ‘ਤੇ ਹੈ। ਇਕ ਮਸ਼ਹੂਰ ਖਿਡਾਰੀ ਜੋ ਫ਼ਿਲਹਾਲ ਖੇਡ ਰਹੇ ਖਿਡਾਰੀਆਂ ‘ਤੇ ਟਿੱਪਣੀ ਕਰਨ ਲਈ ਮੀਡੀਆ ਹਾਊਸ ਨਾਲ ਜੁੜਿਆ ਹੈ। ਨਾਲ ਹੀ ਉਹ ਆਪਣੀ ਸੂਬਾ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੈ। ਇਕ ਐਸੋਸੀਏਸ਼ਨ ਦਾ ਅਧਿਕਾਰੀ ਦੂਜੀ ਥਾਂ ਕੋਚ ਜਾਂ ਮੈਨੇਜਰ ਵਲੋਂ ਬਰਾਬਰ ਕੰਮ ਕਰ ਰਿਹਾ ਹੈ। ਅਹੁਦੇਦਾਰਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਬਿਜ਼ਨੈੱਸ ਕੰਟਰੈਕਟ ਦੇਣ ਦੀਆਂ ਖ਼ਬਰਾਂ ਵੱਡੇ ਪੱਧਰ ‘ਤੇ ਹਨ।
ਖਿਡਾਰੀਆਂ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ ਕਮੈਂਟੇਟਰ :
ਸੁਨੀਲ ਗਵਾਸਕਰ ਉਸ ਕੰਪਨੀ ਦੇ ਮੁਖੀ ਹਨ, ਜੋ ਭਾਰਤੀ ਖਿਡਾਰੀਆਂ ਦਾ ਪ੍ਰਬੰਧਕੀ ਕੰਮ ਕਰਦੀ ਹੈ। ਬੀਸੀਸੀਆਈ ਟੀਵੀ ਦੇ ਕਮੈਂਟਰੀ ਪੈਨਲ ਦਾ ਹਿੱਸਾ ਹੋ ਕੇ ਉਹ ਇਨ੍ਹਾਂ ਖਿਡਾਰੀਆਂ ‘ਤੇ ਟਿੱਪਣੀ ਕਰਦੇ ਹਨ। ਇਹ ਸਪਸ਼ਟ ਹਿਤਾਂ ਦੇ ਟਕਰਾਅ ਦਾ ਮਾਮਲਾ ਹੈ। ਉਹ ਜਾਂ ਤਾਂ ਖ਼ੁਦ ਨੂੰ ਪੀਐਮਜੀ ਤੋਂ ਵੱਖ ਕਰ ਲੈਣ ਜਾਂ ਫਿਰ ਬੋਰਡ ਲਈ ਕਮੈਂਟਰੀ ਕਰਨਾ ਬੰਦ ਕਰ ਦੇਣ।
ਸੁਪਰ ਸਟਾਰ ਕਲਚਰ ਖ਼ਤਮ ਕੀਤੇ ਜਾਣ ਦੀ ਲੋੜ :
‘ਸੁਪਰ ਸਟਾਰ’ ਕਲਚਰ ਬੀਸੀਸੀਆਈ ‘ਤੇ ਬੁਰਾ ਪ੍ਰਭਾਵ ਪਾ ਰਿਹਾ ਹੈ। ਧੋਨੀ ਜਦੋਂ ਕਪਤਾਨ ਸਨ, ਉਸ ਸਮੇਂ ਉਨ੍ਹਾਂ ਦਾ ਇਕ ਕੰਪਨੀ ‘ਚ ਹਿੱਸਾ ਵੀ ਸੀ, ਜੋ ਕੁੱਝ ਖਿਡਾਰੀਆਂ ਦੇ ਵਪਾਰਕ ਅਧਿਕਾਰਾਂ ਨੂੰ ਵੇਖਦੀ ਹੈ। ਇਸ ਸੁਪਰ ਸਟਾਰ ਸਿੰਡਰੋਮ ਨੇ ਕੰਟਰੈਕਟ ਸਿਸਟਮ ਨੂੰ ਵਿਗਾੜ ਦਿੱਤਾ ਹੈ। ਧੋਨੀ ਨੂੰ ‘ਏ’ ਦਰਜੇ ਦਾ ਕੰਟਰੈਕਟ ਉਦੋਂ ਮਿਲਿਆ, ਜਦੋਂ ਉਹ ਟੈਸਟ ਤੋਂ ਖ਼ੁਦ ਨੂੰ ਵੱਖ ਕਰ ਚੁੱਕੇ ਸਨ।
ਕੋਚ ਦਾ ਮਾਮਲਾ ਗੈਰ-ਪੇਸ਼ੇਵਰ ਤਰੀਕੇ ਨਾਲ ਲਿਆ ਗਿਆ :
ਕੁੰਬਲੇ ਦੇ ਕੋਚ ਬਣੇ ਰਹਿੰਦਿਆਂ ਟੀਮ ਦਾ ਰਿਕਾਰਡ ਵਧੀਆ ਰਿਹਾ ਹੈ। ਜੇ ਸਫਲਤਾ ਦਾ ਵੱਡਾ ਸਿਹਰਾ ਖਿਡਾਰੀਆਂ ਨੂੰ ਜਾਂਦਾ ਹੈ ਤਾਂ ਇਸ ਦਾ ਕੁੱਝ ਸਿਹਰਾ ਕੋਚ ਅਤੇ ਸਪੋਰਟ ਸਟਾਫ਼ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ। ਮੈਰਿਟ ਅਤੇ ਨਿਆਂ ਦੇ ਆਧਾਰ ‘ਤੇ ਮੁੱਖ ਕੋਚ ਦਾ ਕਾਰਜਕਾਲ ਵਧਾਇਆ ਜਾਣਾ ਚਾਹੀਦਾ ਸੀ। ਇਸ ਅਹੁਦੇ ਲਈ ਨਵਾਂ ਇਸ਼ਤਿਹਾਰ ਕੱਢਿਆ ਗਿਆ। ਸੀਈਓ ਅਤੇ ਬੋਰਡ ਅਧਿਕਾਰੀਆਂ ਨੇ ਮੁੱਦੇ ਨੂੰ ਬਹੁਤ ਹੀ ਅਸੰਵੇਦਨਸ਼ੀਲ ਅਤੇ ਗੈਰ-ਪੇਸ਼ੇਵਰ ਤਰੀਕੇ ਨਾਲ ਹੈਂਡਲ ਕੀਤਾ।