ਗੁਰੂ ਨਾਨਕ ਜੀ ਨਾਲ ਸਬੰਧਿਤ ਇਤਿਹਾਸਕ ਕਾਲੀ ਵੇਈਂ ਨਦੀ ‘ਚ ਸੁੱਟਿਆ ਜਾ ਰਿਹੈ ਗੰਦਾ ਪਾਣੀ

ਗੁਰੂ ਨਾਨਕ ਜੀ ਨਾਲ ਸਬੰਧਿਤ ਇਤਿਹਾਸਕ ਕਾਲੀ ਵੇਈਂ ਨਦੀ ‘ਚ ਸੁੱਟਿਆ ਜਾ ਰਿਹੈ ਗੰਦਾ ਪਾਣੀ

ਜਲੰਧਰ/ਬਿਊਰੋ ਨਿਊਜ਼ :
ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਤੇ ਸਿੱਖ ਫਲਸਫੇ ਦੇ ਜਨਮ ਨਾਲ ਜੁੜੀ ਪਵਿੱਤਰ ਕਾਲੀ ਵੇਈਂ ਪ੍ਰਤੀ ਸਰਕਾਰੀ ਬੇਰੁਖੀ ਕਾਰਨ ਇਸ ਦਾ ਵਹਾਅ ਰੁਕਿਆ ਹੋਇਆ ਹੈ। ਸਰਕਾਰ ਵੱਲੋਂ ਹੁਸ਼ਿਆਰਪੁਰ ਦੇ ਟੇਰਕੀਆਣਾ ਅਤੇ ਕਾਜਲੀ ਤੋਂ ਵੇਈਂ ਵਿਚ ਛੱਡਿਆ ਜਾਂਦਾ ਸਾਫ਼ ਪਾਣੀ ਬਿਲਕੁਲ ਬੰਦ ਪਿਆ ਹੈ। ਵੇਈਂ ਵਿਚ ਕਪੂਰਥਲਾ ਅਤੇ ਸੈਦੋਭਾਲਣਾ ਦੀਆਂ ਕਲੋਨੀਆਂ ਸਮੇਤ ਹੋਰ ਕਈ ਥਾਵਾਂ ਤੋਂ ਗੰਦਾ ਪਾਣੀ ਨਿਰੰਤਰ ਪੈ ਰਿਹਾ ਹੈ ਜਿਸ ਕਾਰਨ ਸੰਗਤ ਨੂੰ ਮਜਬੂਰਨ ਇਸ ਦੂਸ਼ਿਤ ਪਾਣੀ ਵਿਚ ਹੀ ਇਸ਼ਨਾਨ ਕਰਨੇ ਪੈਣਗੇ।
ਗੌਰਤਲਬ ਹੈ ਕਿ ਪੰਜਾਬ ਸਰਕਾਰ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਵੱਡੀ ਪੱਧਰ ‘ਤੇ ਮਨਾਉਣ ਜਾ ਰਹੀ ਹੈ ਤੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਥੋਕ ਵਿਚ ਨੀਂਹ ਪੱਥਰ ਰੱਖ ਕੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਹੋਣੀ ਹੈ ਪਰ ਅਜਿਹੇ ਮੌਕੇ ਵੀ ਪ੍ਰਦੂਸ਼ਿਤ ਹੋ ਚੁੱਕੀ ਗੁਰੂ ਨਾਨਕ ਸਾਹਿਬ ਦੀਆਂ ਯਾਦਾਂ ਨਾਲ ਜੁੜੀ ਵੇਈਂ ਨੂੰ ਸਾਫ ਰੱਖਣ ਜਾਂ ਕਰਨ ਦੇ ਉਪਰਾਲੇ ਸਰਕਾਰੀ ਪੱਧਰ ਉਤੇ ਨਹੀਂ ਹੋ ਸਕੇ ਹਨ। ਕਾਬਲੇਗੌਰ ਹੈ ਕਿ ਸਾਲ 2006 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹੀ ਕਾਲੀ ਵੇਈਂ ਨੂੰ ਪਵਿੱਤਰ ਵੇਈਂ ਐਲਾਨਿਆ ਸੀ।
ਦੱਸਣਯੋਗ ਹੈ ਕਿ ਸਿੱਖ ਸੰਗਤਾਂ ਅਤੇ ਬਾਬਾ ਸੀਚੇਵਾਲ ਦੀਆਂ ਕੋਸ਼ਿਸ਼ਾਂ ਨਾਲ ਵੇਈਂ ਨੂੰ ਮੁੜ ਸੁਰਜੀਤ ਕੀਤੇ ਜਾਣ ਨਾਲ ਇਹ ਦੇਸ਼ ਦੇ ਦੂਜੇ ਦੂਸ਼ਿਤ ਦਰਿਆਵਾਂ ਨੂੰ ਸਾਫ਼ ਕਰਨ ਦੇ ਮਾਡਲ ਵਜੋਂ ਵੀ ਉਭਰੀ ਹੈ। ਪੰਜਾਬ ਦੇ ਦੂਸ਼ਿਤ ਦਰਿਆਵਾਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਉਣ ਵਾਲੇ ਬਾਬਾ ਸੀਚੇਵਾਲ ਨੂੰ ਸਾਲ 2009 ਵਿੱਚ ਪੰਜਾਬ ਸਰਕਾਰ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਵੀ ਬਣਾਇਆ ਹੋਇਆ ਹੈ ਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਸ੍ਰੀ ਨਾਲ ਵੀ ਨਿਵਾਜਿਆ ਹੈ। ਇਸ ਸਭ ਕੁਝ ਦੇ ਬਾਵਜੂਦ ਗੁਰੂ ਨਾਨਕ ਸਾਹਿਬ ਜੀ ਦੇ 549ਵੇਂ ਪ੍ਰਕਾਸ਼ ਦਿਹਾੜੇ ਤਕ ਕਾਲੀ ਵੇਈਂ ਵਿਚ ਗੰਦਾ ਪਾਣੀ ਬ-ਦਸਤੂਰ ਜਾ ਰਿਹਾ ਹੈ। ਹਾਲ ਹੀ ਵਿਚ 14 ਨਵੰਬਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਏ ਫੈਸਲੇ ਵਿਚ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ ਵੀ ਹੋਇਆ ਹੈ।
ਸੰਤ ਸਮਾਜ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਹੋਈ ਮੀਟਿੰਗ ਦੌਰਾਨ ਵੀ ਪਵਿੱਤਰ ਕਾਲੀ ਵੇਈਂ ਵਿਚ 550 ਕਿਊਸਿਕ ਸਾਫ਼ ਪਾਣੀ ਛੱਡਣ ਦੀ ਮੰਗ ਕੀਤੀ ਗਈ ਸੀ ਤਾਂ ਜੋ ਇਸ ਦੀ ਸਫ਼ਾਈ ਰੱਖਣ ਵਿਚ ਅਸਾਨੀ ਹੋ ਸਕੇ। ਸਾਫ਼ ਪਾਣੀ ਵੇਈਂ ਵਿਚ ਨਹੀਂ ਛੱਡਿਆ ਜਾ ਰਿਹਾ ਤੇ ਗ਼ੈਰ-ਕਾਨੂੰਨੀ ਤੌਰ ‘ਤੇ ਪੈ ਰਿਹਾ ਗੰਦਾ ਪਾਣੀ ਰੋਕਿਆ ਨਹੀਂ ਜਾ ਰਿਹਾ। ਸਿੱਖ ਫਲਸਫੇ ਨੂੰ ਜਨਮ ਦੇਣ ਵਾਲੀ ਵੇਈਂ ਨਾਲ ਅਜਿਹਾ ਵਤੀਰਾ ਕਰਨ ਨਾਲ ਸੰਗਤ ਦੇ ਮਨਾਂ ਵਿਚ ਭਾਰੀ ਰੋਸ ਹੈ।