ਹਾਕੀ ਕੋਚ ਹਰਿੰਦਰ ਸਿੰਘ ਨੂੰ ਸੇਵਾਵਾਂ ਨਾ ਲੈਣ ਦਾ ਮਲਾਲ
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਵੱਲੋਂ ਜੂਨੀਅਰ ਵਿਸ਼ਵ ਹਾਕੀ ਕੱਪ ਚੈਂਪੀਅਨ ਬਣਨ ਦੇ ਛੇ ਮਹੀਨਿਆਂ ਵਿੱਚ ਹੀ ਟੀਮ ਨਾਲੋਂ ਨਾਤਾ ਟੁੱਟਣ ਲਈ ‘ਸੰਵਾਦ ਨਾ ਹੋਣ’ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕੋਚ ਹਰਿੰਦਰ ਸਿੰਘ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਅਮਾਨ ਦੀ ਟੀਮ ਨਾਲ ਜੁੜਨ ਜਾ ਰਹੇ ਹਨ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਬਿਨਾਂ ਤਨਖਾਹ ਤੋਂ ਕੰਮ ਕਰਨਾ ਹੁਣ ਮਨਜ਼ੂਰ ਨਹੀਂ ਹੈ। ਪਿੱਛੇ ਜਿਹੇ ਜੂਡ ਫਲਿਕਸ ਨੂੰ ਹਰਿੰਦਰ ਸਿੰਘ ਦੀ ਥਾਂ ਭਾਰਤੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਹਰਿੰਦਰ ਨੇ ਕਿਹਾ ਕਿ ਉਸ ਨੂੰ ਇਸ ਦਾ ਕੋਈ ਮਲਾਲ ਨਹੀਂ ਹੈ ਪਰ ਉਸ ਨੂੰ ਦੁੱਖ ਇਸ ਗੱਲ ਦਾ ਹੈ ਸਪੋਰਟਸ ਅਥਾਰਟੀ ਆਫ ਇੰਡੀਆ ਜਾਂ ਹਾਕੀ ਇੰਡੀਆ ਉਸ ਦੀਆਂ ਸੇਵਾਵਾਂ ਦਾ ਲਾਭ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਭਾਰਤੀ ਹਾਕੀ ਨੂੰ ਕਾਫੀ ਕੁੱਝ ਦੇ ਸਕਦੇ ਹਨ ਪਰ ਉਨ੍ਹਾਂ ਦੀਆਂ ਸੇਵਾਵਾਂ ਨਹੀਂ ਲਈਆਂ ਜਾ ਰਹੀਆਂ। ਉਨ੍ਹਾਂ ਇਸ ਗੱਲ ਤੋਂ ਨਾਂਹ ਕੀਤੀ ਕਿ ਉਹ ਅਮਾਨ ਦੀ ਟੀਮ ਦੇ ਤਕਨੀਕੀ ਸਲਾਹਕਾਰ ਬਣਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਟੀਮ ਨਾਲ ਜੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਜਦੋਂ ਭਾਰਤੀ ਹਾਕੀ ਨੂੰ ਦੇਖ ਰਹੀ ਹੈ ਤਾਂ ਉਹ ਦੂਜੇ ਦੇਸ਼ ਵਿੱਚ ਕਿਉਂ ਜਾਣ? ਵੈਸੇ ਵੀ ਉਹ ਭਾਰਤੀ ਹਾਕੀ ਤੋਂ ਅਲੱਗ ਨਹੀਂ ਹੋ ਸਕਦੇ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਕੋਚ ਦੇ ਅਹੁਦੇ ਲਈ ਅਰਜ਼ੀ ਕਿਉਂ ਨਹੀਂ ਦਿੱਤੀ ਤਾਂ ਉਨ੍ਹਾਂ ਕਿਹਾ ਕਿ 2008, 2011 ਅਤੇ 2014 ਵਿੱਚ ਜਦੋਂ ਵੀ ਉਨ੍ਹਾਂ ਨੂੰ ਕੋਚ ਬਣਾਇਆ ਗਿਆ ਤਾਂ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਪਰ ਜੇ ਕੋਈ ਇਸ ਵਾਰ ਨਵੀਂ ਪ੍ਰਕਿਰਿਆ ਸੀ ਤਾਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੈੱਬਸਾਈਟ ਵੀ ਨਹੀਂ ਦੇਖੀ ਅਤੇ ਹਾਕੀ ਇੰਡੀਆ ਨੇ ਵੀ ਉਨ੍ਹਾਂ ਨੂੰ ਸੂਚਿਤ ਨਹੀਂ ਕੀਤਾ। ਜੇ ਕ੍ਰਿਕਟ ਵਿੱਚ ਮੌਜੂਦਾ ਕੋਚ ਸੰਭਾਵੀ ਦਾਅਵੇਦਾਰਾਂ ਵਿੱਚ ਸ਼ਾਮਲ ਹੋ ਸਕਦਾ ਹੈ ਤਾਂ ਹਾਕੀ ਵਿੱਚ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਉਹ ਕਿਸੇ ਵਿਦੇਸ਼ੀ ਕੋਚ ਦੇ ਅਧੀਨ ਕੰਮ ਨਹੀਂ ਕਰਨਗੇ ਅਤੇ ਨਾ ਹੀ ਉਨ੍ਹਾਂ ਨੂੰ ਬਿਨਾਂ ਤਨਖਾਹ ਕੰਮ ਕਰਨਾ ਮਨਜ਼ੂਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਾਫੀ ਤਜ਼ਰਬਾ ਹੈ ਅਤੇ ਹੁਣ ਕਿਸੇ ਵਿਦੇਸ਼ੀ ਕੋਚ ਅਧੀਨ ਉਨ੍ਹਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਲੰਪਿਕ ਤਿਆਰੀਆਂ ਲਈ ਜੋ ਕਮੇਟੀ ਕਾਇਮ ਕੀਤੀ ਹੈ, ਉਹ ਵੀ ਉਸ ਵਿੱਚ ਸ਼ਾਮਲ ਹੋਣ ਦੇ ਹੱਕਦਾਰ ਹਨ।
Comments (0)