ਯੂਬਾ ਸਿਟੀ ਦੇ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਸੈਲਾਬ ਆਇਆ

ਯੂਬਾ ਸਿਟੀ ਦੇ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਸੈਲਾਬ ਆਇਆ

ਗੁਰਮਤਿ ਸਮਾਗਮ, ਸਨਮਾਨ ਸਮਾਰੋਹ ਤੇ ਸਿੱਖੀ-ਪਰਚਾਰ ਲਈ ਲੱਗੀਆਂ ਸਟਾਲਾਂ
ਯੂਬਾ ਸਿਟੀ/ਹੁਸਨ ਲੜੋਆ ਬੰਗਾ :
ਸਿੱਖ ਜਗਤ ਵਿਚ ਯੂਬਾ ਸਿਟੀ ਦੇ ਨਗਰ ਕੀਰਤਨ ਦਾ ਨਾਂ ਉਸ ਵਕਤ ਹੋਰ ਗੂੜ੍ਹਾ ਹੋ ਗਿਆ ਜਦੋਂ ਇਸ ਵਾਰ ਦੇ ਨਗਰ ਕੀਰਤਨਾਂ ਵਿਚ ਸੰਗਤਾਂ ਦਾ ਰਿਕਾਰਡਤੋੜ ਇਕੱਠ ਹੋਇਆ। ਯੂਬਾ ਸਿਟੀ ਦੇ ਨਗਰ ਕੀਰਤਨ ਦੌਰਾਨ ਐਤਕੀਂ ਮੌਸਮ ਠੀਕ ਹੋਣ ਕਰਕੇ ਸੰਗਤਾਂ ਦਾ ਭਾਰੀ ਇਕੱਠ ਉਮੜਿਆ। ਕਈ ਮਹੀਨਿਆਂ ਤੋਂ ਕੀਤੀ ਗਈ ਤਿਆਰੀ ਕਰਕੇ ਵੱਡੀ ਗਿਣਤੀ ਸਿੱਖ ਸੰਗਤਾਂ ਨੂੰ ਸੰਭਾਲਣ ਵਿਚ ਕੋਈ ਮੁਸ਼ਕਿਲ ਨਹੀਂ ਆਈ। ਕਰੀਬ ਇਕ ਮਹੀਨੇ ਤੋਂ ਗੁਰੂ ਕੇ ਲੰਗਰਾਂ ਸਮੇਤ ਦੂਜੇ ਪ੍ਰਬੰਧਾਂ ਦੀ ਤਿਆਰੀ ਹੋ ਰਹੀ ਸੀ।
ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਗਏ। ਅਖ਼ੀਰਲੇ ਦਿਨ ਵਿਸ਼ਾਲ ਨਗਰ ਕੀਰਤਨ ਵਿਚ ਕਰੀਬ ਇਕ ਲੱਖ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰਕੇ ਪੁਰਾਣੇ ਰਿਕਾਰਡ ਮਾਤ ਪਾ ਦਿੱਤੇ। ਇਨ੍ਹਾਂ ਧਾਰਮਿਕ ਸਮਾਗਮਾਂ ਦੌਰਾਨ 13 ਸਤੰਬਰ ਤੋਂ ਸ਼ੁਰੂ ਹੋਈ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ 4 ਨਵੰਬਰ ਨੂੰ ਭੋਗ ਪਾਏ ਗਏ। ਸਮਾਗਮਾਂ ਵਿਚ ਵੱਖ ਵੱਖ ਸ਼ਖਸੀਅਤਾਂ, ਜਿਨ੍ਹਾਂ ਵਿਚ ਰਾਗੀ ਢਾਡੀ ਤੇ ਪ੍ਰਚਾਰਕਾਂ ਨੇ ਵੱਡੇ ਪੱਧਰ ਉਤੇ ਸ਼ਮੂਲੀਅਤ ਕੀਤੀ, ਇਨ੍ਹਾਂ ਵਿਚ ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਕਰਨੈਲ ਸਿੰਘ ਰਣੀਕੇ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਭਾਈ ਹਰਕਰਨ ਸਿੰਘ ਖ਼ਾਲਸਾ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਬੀਬੀ ਬਲਜੀਤ ਕੌਰ ਕੈਨੇਡਾ ਵਾਲੇ, ਭਾਈ ਨਿਰੰਜਨ ਸਿੰਘ ਜਵੱਦੀ ਕਲਾਂ, ਭਾਈ ਮਨੋਹਰ ਸਿੰਘ ਦਿੱਲੀ ਵਾਲੇ, ਭਾਈ ਹਰਮਨਦੀਪ ਸਿੰਘ ਖ਼ਾਲਸਾ, ਭਾਈ ਸਾਹਿਬ ਸਿੰਘ ਜੀ, ਭਾਈ ਇਕਬਾਲ ਸਿੰਘ ਜੀ ਕਥਾਵਾਚਕ, ਢਾਡੀ ਜੱਥਾ ਭਾਈ ਅਮਰਜੀਤ ਸਿੰਘ ਜੌਹਲ ਬਿਧੀਪੁਰ ਵਾਲੇ, ਭਾਈ ਲਖਵਿੰਦਰ ਸਿੰਘ ਸੋਹਲ, ਡਾ. ਸੁਖਪ੍ਰੀਤ ਸਿੰਘ ਉਦੋਕੇ ਆਦਿ ਦੇ ਨਾਮ ਸ਼ਾਮਲ ਹਨ।
ਇਸੇ ਲੜੀ ਤਹਿਤ ਸ਼ਨੀਵਾਰ ਨੂੰ ਸ਼ਾਮ ਦੇ ਦੀਵਾਨਾਂ ਤੋਂ ਬਾਅਦ ਕਵੀ ਦਰਬਾਰ ਹੋਇਆ, ਜਿਸ ਵਿਚ ਕਵੀਆਂ ਨੇ ਧਾਰਮਿਕ ਕਵਿਤਾਵਾਂ ਪੇਸ਼ ਕੀਤੀਆਂ। ਹਫ਼ਤਾ ਪਹਿਲਾਂ ਐਤਵਾਰ ਨੂੰ ਢਾਡੀ ਦਰਬਾਰ ਕਰਵਾਇਆ ਗਿਆ। ਸ਼ਨੀਵਾਰ ਨੂੰ ਬੱਚਿਆਂ ਵਲੋਂ ਕੀਰਤਨ ਦਰਬਾਰ ਕਰਵਾਇਆ ਗਿਆ। ਸ਼ਨੀਵਾਰ ਨੂੰ ਹੀ ਅੰਮ੍ਰਿਤ ਵੇਲੇ ਦਸਮੇਸ਼ ਹਾਲ ਵਿਚ ਅੰਮ੍ਰਿਤ ਸੰਚਾਰ ਹੋਇਆ ਜਿਸ ਦੌਰਾਨ ਬਹੁਤ ਸਾਰੇ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲ਼ੇ ਬਦਲੇ ਗਏ। ਬਾਅਦ ਵਿਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵਿਸ਼ਾ ‘ਵੇ ਆਫ਼ ਸਿੱਖ’ ਰੱਖਿਆ ਗਿਆ ਜਿਸ ਵਿਚ ਵੱਖ-ਵੱਖ ਲੇਖਕਾਂ ਤੇ ਬੁੱਧੀਜੀਵੀਆਂ ਨੇ ਆਪਣੇ ਪਰਚੇ ਪੜ੍ਹੇ।
ਐਤਵਾਰ ਨਗਰ ਕੀਰਤਨ ਤੋਂ ਪਹਿਲਾਂ ਵਿਸ਼ੇਸ਼ ਦੀਵਾਨਾਂ ਵਿਚ ਵੱਖ-ਵੱਖ ਅਮਰੀਕਨ ਸ਼ਖਸੀਅਤਾਂ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਵਿਚ ਪੰਜ ਸੁਪਰਵਾਈਜ਼ਰ, ਰੌਨ ਗਲਿੰਜਰ, ਜੈਮ ਵੂਡਚਰ, ਡੈਨ ਡਲੋਰਸ, ਲੈਰੀ ਮੰਗਰ, ਮੈਟ ਕੌਂਟ ਤੋਂ ਇਲਾਵਾ ਕਾਂਗਰਸਮੈਨ ਜੇਜ਼ ਗਲੀਗਰ, ਭਾਈ ਰਣਜੀਤ ਸਿੰਘ ਹੈਡ ਗ੍ਰੰਥੀ ਬੰਗਲਾ ਸਾਹਿਬ ਸ਼ਾਮਲ ਰਹੇ। ਇਸ ਵਾਰ ਵੀ ਪਿਛਲੇ ਸਾਲਾਂ ਵਾਂਗ ਹੀ ਵੱਡੀ ਗਿਣਤੀ ਵਿਚ ਬਾਕੀ ਭਾਈਚਾਰਿਆਂ ਦੇ ਲੋਕਾਂ ਨੇ ਸੰਗਤ ਵਜੋਂ ਹਾਜ਼ਰੀ ਭਰੀ। ਗੁਰਦੁਆਰਾ ਸਾਹਿਬ ਦੇ ਨਾਲ ਲਗਦੀ ਜਗ੍ਹਾ ਵਿਚ ਲੱਗੇ ਵੱਡੇ ਬਾਜ਼ਾਰਾਂ ਵਿਚੋਂ ਲੋਕਾਂ ਨੇ ਭਾਰੀ ਖਰੀਦੋ-ਫਰੋਖਤ ਵੀ ਕੀਤੀ।
ਨਗਰ ਕੀਰਤਨ ਦੌਰਾਨ ਵੱਖ-ਵੱਖ ਧਾਰਮਿਕ ਜਥੇਬੰਦੀਆਂ ਸਮੇਤ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਲੋਂ ਆਪਣਾ-ਆਪਣਾ ਫਲੋਟ ਲੈ ਕੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਗਈ। ਖਾਸ ਤੌਰ ‘ਤੇ ਸਿੱਖਸ ਫਾਰ ਜਸਟਿਸ, ਸਿੱਖ ਯੂਥ ਅਮਰੀਕਾ, ਗੋਲਡਨ ਟੈਂਪਲ ਮਾਡਲ, ਭਾਈ ਕਨ੍ਹਈਆ ਫਲੋਟ ਅਤੇ ਸ਼ਹੀਦ ਸਿੰਘਾਂ ਦੇ ਫਲੋਟ ਨੇ ਆਕਰਸ਼ਣ ਦਾ ਕੇਂਦਰ ਬਣੇ। ਸਿਰਮੌਰ ਸਿੱਖ ਸੰਸਥਾਵਾਂ ਯੂਨਾਈਟਿਡ ਸਿੱਖਸ, ਜੈਕਾਰਾ ਮੂਵਮੈਂਟ, ਸਿੱਖ ਕੁਲੀਸ਼ਨ, ਸਿੱਖ ਸੇਵਾ ਸਿਮਰਨ ਸੁਸਾਇਟੀ, ਬੜੂ ਸਾਹਿਬ ਕਲਗੀਧਰ ਸੁਸਾਇਟੀ, ਭਗਤ ਪੂਰਨ ਸਿੰਘ ਹੈਲਥ ਇਨੀਸ਼ੀਏਟਿਵ ਆਦਿ ਨੇ ਆਪਣੇ-ਆਪਣੇ ਸਟਾਲਾਂ ਰਾਹੀਂ ਸੰਗਤਾਂ ਵਿਚ ਪ੍ਰਚਾਰ ਕੀਤਾ। ਨਗਰ ਕੀਰਤਨ ਦੀ ਪੰਜਾਬੀ ਅਤੇ ਅਮਰੀਕਨ ਮੀਡੀਆ ਨੇ ਲਾਈਵ ਕਵਰੇਜ਼ ਕੀਤੀ। ਵੱਖ-ਵੱਖ ਕਿਸਮ ਦੇ ਸੁਆਦਲੇ ਖਾਣੇ ਵਾਲੇ ਸੈਂਕੜੇ ਗੁਰੂ ਕੇ ਲੰਗਰ ਸੰਗਤਾਂ ਦੀ ਸੇਵਾ ਵਿਚ ਹਾਜ਼ਰ ਸਨ। ਆਖਰੀ ਦਿਨ ਕੁਝ ਸ਼ਰਾਰਤੀ ਅਨਸਰਾਂ ਦੇ ਆਪਸੀ ਝਗੜੇ ਕਾਰਨ ਪੁਲਿਸ ਨੂੰ ਦਖ਼ਲਅੰਦਾਜ਼ੀ ਵੀ ਕਰਨੀ ਪਈ।