ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੱਡੀ ਸ਼ਰਧਾ ਨਾਲ ਮਨਾਇਆ

ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੱਡੀ ਸ਼ਰਧਾ ਨਾਲ ਮਨਾਇਆ

ਕੈਪਸ਼ਨ : ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਲੌਕਿਕ ਨਗਰ ਕੀਰਤਨ ਦਾ ਦ੍ਰਿਸ਼।

ਅੰਮ੍ਰਿਤਸਰ/ਬਿਊਰੋ ਨਿਊਜ਼ :

ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਅਵਸਰ ‘ਤੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪੁੱਜੀਆਂ।  ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਰਦੁਆਰਾ ਬਾਬਾ ਅਟੱਲ ਰਾਇ ਜੀ ਵਿਖੇ ਸੁੰਦਰ ਜਲੌ ਸਜਾਏ ਗਏ। ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਦੀਵਾਨ ਸਜਾਏ ਗਏ। ਐਸਜੀਪੀਸੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸੁੰਦਰ ਦੀਪਮਾਲਾ ਵੀ ਹੋਵੇਗੀ।
ਇਹ ਸਮਾਗਮ ਪਿਛਲੇ ਤਿੰਨ ਦਿਲਾਂ ਤੋਂ ਜਾਰੀ ਹਨ। ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਹਿਬ ਤੋਂ ਮੀਲਾਂ ਲੰਬਾ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜੇ ਇਸ ਨਗਰ ਕੀਰਤਨ ‘ਚ ਦੇਸ਼-ਵਿਦੇਸ਼ ਤੋਂ ਲੱਖਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਨਗਰ ਕੀਰਤਨ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਾਰ ਨਗਰ ਕੀਰਤਨ ਨੇ ਸ੍ਰੀ ਹਰਿਮੰਦਰ ਸਾਹਿਬ ਨੇੜਲੇ ਬਾਜ਼ਾਰਾਂ ਦੇ ਰਵਾਇਤੀ ਰੂਟ ਦੀ ਥਾਂ ਪਹਿਲੀ ਵਾਰ ਪੁਰਾਤਨ ਸ਼ਹਿਰ ਦੀ ਚਾਰਦੀਵਾਰੀ ਦੇ 12 ਵਿਰਾਸਤੀ ਦਰਵਾਜ਼ਿਆਂ ਦੇ ਬਾਹਰਵਾਰ ਲੰਘਦੀ ਰਿੰਗ ਰੋਡ ‘ਤੋਂ ਪੁਰਾਤਨ ਸ਼ਹਿਰ ਵਿਚ ਦਾ ਰਾਹ ਅਖਤਿਆਰ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਅਰਦਾਸ ਕੀਤੇ ਜਾਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਪਾਲਕੀ ਸਾਹਿਬ ‘ਚ ਸੁਸ਼ੋਭਿਤ ਕੀਤਾ ਤੇ ਨਗਰ ਕੀਰਤਨ ਦੌਰਾਨ ਚੌਰ ਕਰਨ ਦੀ ਸੇਵਾ ਨਿਭਾਈ। ਨਗਰ ਕੀਰਤਨ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਜਥੇ. ਗਿਆਨੀ ਗੁਰਬਚਨ ਸਿੰਘ, ਜਥੇ. ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਗਿਆਨੀ ਹਰਨਾਮ ਸਿੰਘ ਖ਼ਾਲਸਾ, ਭਾਈ ਗੁਰਇਕਬਾਲ ਸਿੰਘ, ਮੁੱਖ ਸਕੱਤਰ ਡਾ: ਰੂਪ ਸਿੰਘ ਸਮੇਤ ਦੇਸ਼-ਵਿਦੇਸ਼ ਤੋਂ ਪੁੱਜੇ ਸਿੱਖ ਜਥਿਆਂ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਮੈਂਬਰ, ਸ਼ਬਦੀ ਜਥੇ, ਨਿਹੰਗ ਸਿੰਘਾਂ ਸਮੇਤ ਸਿੱਖ ਜਥੇਬੰਦੀਆਂ, ਸ਼ਹਿਰ ਦੇ ਕਈ ਸਕੂਲਾਂ ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਤੇ ਸ਼ਹਿਰ ਵਾਸੀ ਸਭਾ ਸੁਸਾਇਟੀਆਂ ਤੇ ਲੱਖਾਂ ਸੰਗਤਾਂ ਸ਼ਾਮਿਲ ਹੋਈਆਂ। ਅਮਰੀਕਾ ਤੋਂ ਭਾਈ ਕੁਲਬੀਰ ਸਿੰਘ ਖ਼ਾਲਸਾ ਦੀ ਅਗਵਾਈ ‘ਚ ਸਿੱਖ ਧਰਮਾ ਇੰਟਰਨੈਸ਼ਨਲ ਦਾ ਵਿਸ਼ੇਸ਼ ਤੌਰ ‘ਤੇ ਪੁੱਜਾ ਅਮਰੀਕਨ ਸਿੰਘ ਸਿੰਘਣੀਆਂ ਦਾ 150 ਮੈਂਬਰੀ ਜਥਾ ਵੀ ਖ਼ਾਲਸਾਈ ਬਾਣੇ ‘ਚ ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਸੀ ਤੇ ਦੁਬਈ ਤੇ ਅਫ਼ਗਾਨਿਸਤਾਨ (ਕਾਬਲ ਤੇ ਖੋਸਤ) ਦੀ ਸੰਗਤ ਵੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰ ਰਹੀ ਸੀ।
ਪਾਲਕੀ ਸਾਹਿਬ ਦੇ ਪਿੱਛੇ ਪਹਿਲੀ ਵਾਰ ਗੁਰੂ ਸਾਹਿਬ ਵਲੋਂ ਸੰਨ 1577 ਈਸਵੀ ‘ਚ ਵਸਾਏ ਨਗਰ ਗੁਰੂ ਕਾ ਚੱਕ (ਅੰਮ੍ਰਿਤਸਰ) ਦੀ ਸਥਾਪਨਾ ਮੌਕੇ ਵੱਖ-ਵੱਖ ਥਾਵਾਂ ਤੋਂ ਲਿਆ ਕੇ ਉਚੇਚੇ ਤੌਰ ‘ਤੇ ਵਸਾਏ ਵੱਖ-ਵੱਖ ਧਰਮਾਂ ਦੇ 52 ਕਿੱਤਾਕਾਰਾਂ ਦੀ ਅੰਸ਼-ਬੰਸ਼ ਨਾਲ ਸਬੰਧਿਤ ਉਨ੍ਹਾਂ ਦੇ ਪਰਿਵਾਰ ਵੀ ਸ਼ਾਮਿਲ ਸਨ। ਹਰ ਪਾਸੇ ਸੰਗਤਾਂ ਪਾਲਕੀ ਸਾਹਿਬ ਵਾਲੀ ਬੱਸ ‘ਤੇ ਫੁੱਲਾਂ ਦੀ ਵਰਖਾ ਕਰ ਰਹੀਆਂ ਸਨ। ਨਗਰ ਕੀਰਤਨ ‘ਚ ਸ਼ਬਦੀ ਜਥਿਆਂ ਤੋਂ ਇਲਾਵਾ ਗੱਤਕਾ ਪਾਰਟੀਆਂ ਖ਼ਾਲਸਾਈ ਸ਼ਸ਼ਤਰ ਕਲਾ ਦੇ ਜੌਹਰ ਦਿਖਾਉਂਦਿਆਂ ਹੋਇਆਂ ਚੱਲ ਰਹੀਆਂ ਸਨ ਤੇ ਸਕੂਲਾਂ ਦੇ ਬੱਚੇ ਬੈਂਡ ਦੀਆਂ ਧੁਨਾਂ ‘ਤੇ ਮਨਮੋਹਕ ਸ਼ੋਅ ਪੇਸ਼ ਕਰ ਰਹੇ ਸਨ।
ਇਸ ਦੌਰਾਨ ਕਾਰਜਕਾਰੀ ਜਥੇ. ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਮਨੁੱਖਤਾ ਲਈ ਅਗਵਾਈ ਦੇਣ ਵਾਲਾ ਹੈ।
12 ਇਤਿਹਾਸਕ ਦਰਵਾਜ਼ਿਆਂ ਦੀ ਪਰਿਕਰਮਾ : ਨਗਰ ਕੀਰਤਨ ਘੰਟਾ ਘਰ ਪਲਾਜ਼ਾ ਤੋਂ ਘਿਉ ਮੰਡੀ ਗੇਟ, ਸ਼ੇਰਾਂ ਵਾਲਾ ਗੇਟ, ਮਹਾਂ ਸਿੰਘ ਗੇਟ, ਰਾਮਬਾਗ ਗੇਟ, ਹਾਲ ਗੇਟ, ਸਿਕੰਦਰੀ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ, ਬੇਰੀ ਗੇਟ, ਲਾਹੌਰੀ ਗੇਟ, ਖ਼ਜ਼ਾਨਾ ਗੇਟ, ਹਕੀਮਾਂ ਗੇਟ, ਭਗਤਾਂ ਵਾਲਾ ਗੇਟ, ਗਿਲਵਾਲੀ ਗੇਟ, ਚਾਟੀਵਿੰਡ ਗੇਟ, ਸੁਲਤਾਨਵਿੰਡ ਗੇਟ ਆਦਿ ਇਲਾਕਿਆਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਇਆ। ਡਾ: ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁ. ਬਾਬਾ ਅਟੱਲ ਰਾਇ ਜੀ ਵਿਖੇ ਸੁੰਦਰ ਜਲੌਅ ਸਜਾਏ ਗਏ।