ਸ਼ਰਾਬ ਮਾਫ਼ੀਏ ਨੇ ਦਲਿਤ ਨੌਜਵਾਨ ਦਾ ਟੋਟੇ ਟੋਟੇ ਕਰਕੇ ਕੀਤਾ ਕਤਲ

ਸ਼ਰਾਬ ਮਾਫ਼ੀਏ ਨੇ ਦਲਿਤ ਨੌਜਵਾਨ ਦਾ ਟੋਟੇ ਟੋਟੇ ਕਰਕੇ ਕੀਤਾ ਕਤਲ

ਜਾਂਦੇ ਹੋਏ ਲੱਤ ਵੀ ਵੱਢ ਕੇ ਨਾਲ ਲੈ ਗਏ
ਮੁਲਜ਼ਮਾਂ ਵਿਚ ਬਾਦਲ ਦੇ ਡਰਾਈਵਰ ਦੇ ਰਿਸ਼ਤੇਦਾਰ ਤੇ ਅਕਾਲੀ ਸਰਪੰਚ ਵੀ ਸ਼ਾਮਲ
ਡੋਡਾ ਕਾਂਡ ਦੇ 10 ਮਹੀਨਿਆਂ ਬਾਅਦ ਫੇਰ ਵਾਪਰੀ ਅਜਿਹੀ ਘਟਨਾ
ਘਰਾਂਗਣਾ/ਬਿਊਰੋ ਨਿਊਜ਼ :
ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਡਰਾਈਵਰ ਨਿਰੰਜਣ ਸਿੰਘ ਦੇ ਕਰੀਬੀ ਰਿਸ਼ਤੇਦਾਰਾਂ ਨੇ ਨਾਜਾਇਜ਼ ਸ਼ਰਾਬ ਵੇਚਣ ਤੋਂ ਪਈ ਦੁਸ਼ਮਣੀ ਕਾਰਨ ਦਲਿਤ ਨੌਜਵਾਨ ਸੁਖਚੈਨ ਸਿੰਘ ਉਰਫ਼ ਪਾਲੀ (20 ਸਾਲ) ਨੂੰ ਕਥਿਤ ਤੌਰ ‘ਤੇ ਕੋਹ ਕੋਹ ਕੇ ਮਾਰ ਦਿੱਤਾ। ਇਸ ਦਲਿਤ ਨੌਜਵਾਨ ਦੇ ਟੋਟੇ ਟੋਟੇ ਕਰ ਦਿੱਤੇ। ਕਤਲ ਮਗਰੋਂ ਮੁਲਜ਼ਮ ਉਸ ਦੀ ਵੱਢੀ ਲੱਤ ਵੀ ਆਪਣੇ ਨਾਲ ਲੈ ਗਏ। ਪੀੜਤ ਪਰਿਵਾਰ ਨੇ ਕਿਹਾ ਕਿ ਸੁਖਚੈਨ ਦੇ ਸਾਰੇ ਅੰਗ ਮਿਲਣ ਮਗਰੋਂ ਹੀ ਸਸਕਾਰ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਇਸ ਨੌਜਵਾਨ ਦੀ ਵੱਢੀ ਟੁੱਕੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ, ਜੋ ਮਾਨਸਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਪਈ ਹੈ।
ਥਾਣਾ ਕੋਟਧਰਮੂ ਦੀ ਪੁਲੀਸ ਨੇ ਜਿਨ੍ਹਾਂ 6 ਮੁਲਜ਼ਮਾਂ ‘ਤੇ ਕਤਲ ਦਾ ਕੇਸ ਦਰਜ ਕੀਤਾ ਹੈ, ਉਨ੍ਹਾਂ ਵਿਚ 2 ਅਕਾਲੀ ਸਰਪੰਚ ਸਰਦੂਲ ਸਿੰਘ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਡਰਾਈਵਰ ਨਿਰੰਜਣ ਸਿੰਘ ਦੇ ਰਿਸ਼ਤੇਦਾਰ ਹਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪਹਿਲਾਂ ਤਾਂ ਪੁਲੀਸ ਨੇ ਕੇਸ ਦਰਜ ਕਰਨ ਆਨਾਕਾਨੀ ਕੀਤੀ ਤੇ ਹੁਣ ਗ੍ਰਿਫ਼ਤਾਰ ਨਹੀਂ ਕਰ ਰਹੀ।
ਸੁਖਚੈਨ ਦੀ ਮਾਂ ਕਰਮਜੀਤ ਕੌਰ ਨੇ ਕਿਹਾ, ‘ਅਸੀਂ ਲਾਸ਼ ਕਿਵੇਂ ਲੈ ਸਕਦੇ ਹਾਂ ਅਤੇ ਪੁੱਤ ਦਾ ਬਿਨਾਂ ਲੱਤ ਤੋਂ ਸਸਕਾਰ ਕਿਵੇਂ ਕਰ ਸਕਦੇ ਹਾਂ? ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਕਿ ਸ਼ੈਤਾਨਾਂ ਵੱਲੋਂ ਦੁਸਹਿਰੇ ਦੀ ਪੂਰਬਲੀ ਸ਼ਾਮ ਨੂੰ ਮੇਰੇ ਪੁੱਤ ਨੂੰ ਸਾਡੇ ਪਿੰਡ ਵਿੱਚ ਹੀ ਟੋਟੇ ਟੋਟੇ ਕਰ ਦਿੱਤਾ ਜਾਵੇਗਾ।’ ਕਰਮਜੀਤ, ਉਸ ਦੇ ਪੁੱਤਰ ਸੁਖਬੀਰ ਸਿੰਘ ਤੇ ਹੋਰ ਰਿਸ਼ਤੇਦਾਰਾਂ ਨੇ ਹਮਲਾਵਰਾਂ ਦੀ ਪਛਾਣ ਬਲਬੀਰ ਸਿੰਘ ਉਰਫ਼ ਕਾਲਾ, ਹਰਦੀਪ ਸਿੰਘ ਉਰਫ਼ ਕਾਲਾ, ਬਿੱਟਾ ਸਿੰਘ, ਸਾਧੂ ਸਿੰਘ ਵਾਸੀਆਨ ਘਰਾਂਗਣਾ, ਬਿੱਟੂ ਸਿੰਘ ਵਾਸੀ ਛੋਟੇ ਨੰਗਲ, ਸੀਤਾ ਸਿੰਘ ਵਾਸੀ ਪਿੰਡ ਮਾਖਾ ਵਜੋਂ ਕੀਤੀ ਹੈ ਜਦੋਂ ਕਿ ਇਨ੍ਹਾਂ ਦੇ 20 ਸਾਥੀਆਂ ਦੀ ਹਾਲੇ ਪਛਾਣ ਨਹੀਂ ਹੋਈ ਹੈ।
ਹਰਦੀਪ ਤੇ ਉਸ ਦਾ ਭਰਾ ਬਿੱਟਾ ਸਿੰਘ ਪਿੰਡ ਘਰਾਂਗਣਾ ਦੇ ਅਕਾਲੀ ਸਰਪੰਚ ਸਰਦੂਲ ਸਿੰਘ ਦੇ ਭਤੀਜੇ ਹਨ। ਸਰਦੂਲ ਸਿੰਘ ਦਾ ਪਿਤਾ ਨਿਰੰਜਣ ਸਿੰਘ ਘਰਾਂਗਣਾ ਮੁੱਖ ਮੰਤਰੀ ਬਾਦਲ ਦਾ ਡਰਾਈਵਰ ਹੈ। ਇਹ ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਸੁਖਚੈਨ ਸਿੰਘ ਆਪਣੇ ਦੋ-ਤਿੰਨ ਦੋਸਤਾਂ, ਜਿਨ੍ਹਾਂ ਵਿੱਚ ਗੁਰਸੇਵਕ ਸਿੰਘ ਵੀ ਸ਼ਾਮਲ ਸੀ, ਨਾਲ ਆਪਣੇ ਘਰ ਨੂੰ ਬਲੈਰੋ ਗੱਡੀ ਵਿੱਚ ਆ ਰਿਹਾ ਸੀ।
ਸੁਖਬੀਰ ਸਿੰਘ ਨੇ ਦੱਸਿਆ, ‘ਬਲਬੀਰ ਸਿੰਘ ਤੇ ਉਸ ਦੇ ਸਾਥੀਆਂ ਨੇ ਸੁਖਚੈਨ ਨੂੰ ਘੇਰ ਕੇ ਅਗਵਾ ਕਰ ਲਿਆ ਜਦੋਂ ਕਿ ਸੁਖਚੈਨ ਦੇ ਦੋਸਤ ਭੱਜ ਗਏ। ਉਹ ਸੁਖਚੈਨ ਨੂੰ ਸੁੰਨ-ਸਾਨ ਪਲਾਟ ਵਿੱਚ ਲੈ ਗਏ ਅਤੇ ਉਥੇ ਤੇਜ਼ਧਾਰ ਹਥਿਆਰਾਂ ਨਾਲ ਹੱਲਾ ਬੋਲ ਦਿੱਤਾ। ਉਨ੍ਹਾਂ ਨੇ ਮੇਰੇ ਭਰਾ ਦੀ ਹਿੱਕ ਵਿੱਚ ਸੱਬਲ ਮਾਰੀ। ਇਸ ਬਾਰੇ ਪਤਾ ਲੱਗਣ ‘ਤੇ ਅਸੀਂ ਪੁਲੀਸ ਨੂੰ 100 ਅਤੇ ਹੋਰ ਨੰਬਰਾਂ ‘ਤੇ ਕਾਲ ਕੀਤੀ ਪਰ ਪੁਲੀਸ ਡੇਢ ਘੰਟੇ ਬਾਅਦ ਪੁੱਜੀ। ਜਦੋਂ ਅਸੀਂ ਪਲਾਟ ਵਿਚ ਗਏ ਤਾਂ ਘਾਹ ਖੂਨ ਲਿਬੜਿਆ ਹੋਇਆ ਸੀ ਪਰ ਉਥੇ ਲਾਸ਼ ਨਹੀਂ ਸੀ। ਭੰਨੀ-ਤੋੜੀ ਬਲੈਰੋ ਗੱਡੀ ਖੜ੍ਹੀ ਸੀ। ਜਦੋਂ ਅਸੀਂ ਮਗਰਲੀ ਗਲੀ ਵਿੱਚ ਗਏ ਤਾਂ ਸਾਨੂੰ ਗੋਡਾ ਅਤੇ ਕੁੱਝ ਹੋਰ ਮਨੁੱਖੀ ਅੰਗ ਮਿਲੇ। ਬਾਅਦ ਵਿੱਚ ਪੁਲੀਸ ਅਫ਼ਸਰਾਂ ਨਾਲ ਅਸੀਂ ਬਲਬੀਰ ਸਿੰਘ ਦੇ ਘਰੋਂ ਮੇਰੇ ਭਰਾ ਦੀ ਵੱਢੀ ਟੁੱਕੀ ਲਾਸ਼ ਬਰਾਮਦ ਕੀਤੀ। ਉਸ ਦੀ ਖੱਬੀ ਲੱਤ ਗਾਇਬ ਸੀ।’ ਪਿੰਡ ਦੇ ਦਲਿਤਾਂ ਨੇ ਕਿਹਾ ਕਿ ਜਦੋਂ ਤਕ ਪੁਲੀਸ ਲੱਤ ਨਹੀਂ ਲੱਭਦੀ ਉਹ ਸਸਕਾਰ ਨਹੀਂ ਕਰਨਗੇ।

ਮੁਲਜ਼ਮਾਂ ਨੂੰ ਸੁਖਚੈਨ ‘ਤੇ ਮੁਖ਼ਬਰੀ ਦਾ ਸ਼ੱਕ ਸੀ :
ਸੁਖਬੀਰ ਤੇ ਉਸ ਦੀ ਮਾਂ ਨੇ ਦੱਸਿਆ ਕਿ ਸੁਖਚੈਨ ਸਿੰਘ ਤੇ ਬਲਬੀਰ ਸਿੰਘ ਦਰਮਿਆਨ ਪਿੰਡ ਵਿਚ ਨਾਜਾਇਜ਼ ਸ਼ਰਾਬ ਵੇਚਣ ਕਾਰਨ ਦੁਸ਼ਮਣੀ ਸੀ। ਤਕਰੀਬਨ ਸਾਢੇ ਤਿੰਨ ਮਹੀਨੇ ਪਹਿਲਾਂ ਪੁਲੀਸ ਵੱਲੋਂ ਕੁੱਟਮਾਰ ਕੀਤੇ ਜਾਣ ਤੇ ਕੇਸ ਦਰਜ ਕੀਤੇ ਜਾਣ ਬਾਅਦ ਸੁਖਚੈਨ ਨੇ ਇਹ ਧੰਦਾ ਛੱਡ ਦਿੱਤਾ ਸੀ। ਇਸ ਲਈ ਉਸ ਦੀ ਪੁਰਾਣੀ ਸਾਥੀ ਹਰਦੀਪ ਸਿੰਘ, ਬਿੱਟਾ ਸਿੰਘ, ਸਾਧੂ ਸਿੰਘ, ਬਲਬੀਰ ਕਾਲਾ, ਬਿੱਟੂ ਸਿੰਘ ਤੇ ਸੀਤਾ ਸਿੰਘ ਨਾਲ ਝਗੜਾ ਸੀ। ਉਨ੍ਹਾਂ ਲੋਕਾਂ ਨੂੰ ਸ਼ੱਕ ਸੀ ਕਿ ਸੁਖਚੈਨ ਉਨ੍ਹਾਂ ਦੇ ਧੰਦੇ ਦੀ ਖ਼ਬਰ ਪੁਲੀਸ ਨੂੰ ਦਿੰਦਾ ਹੈ। ਸੋਮਵਾਰ ਰਾਤ 8.15 ਵਜੇ ਜਦੋਂ ਸੁਖਚੈਨ ਬਲੈਰੋ ਗੱਡੀ ‘ਤੇ ਆਪਣੇ ਦੋਸਤਾਂ ਨਾਲ ਘਰ ਪਰਤ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੀਆਂ ਲੱਤਾਂ-ਬਾਹਾਂ ਵੱਢ ਕੇ ਉਸ ਦਾ ਕਤਲ ਕਰ ਦਿੱਤਾ।

ਸਰਦੂਲ ਨੇ ਕਿਹਾ-ਮੇਰਾ ਕੋਈ ਸਬੰਧ ਨਹੀਂ :
ਘਰਾਂਗਣਾ ਦੇ ਸਰਪੰਚ ਸਰਦੂਲ ਸਿੰਘ ਨੇ ਕਿਹਾ, ‘ਹਰਦੀਪ ਤੇ ਬਿੱਟੂ ਮੇਰੇ ਬਾਬੇ ਦੇ ਪੋਤੇ ਹਨ, ਪਰ ਸਾਡਾ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਕੋਈ ਸਬੰਧ ਨਹੀਂ। ਮੇਰੇ ਪਿਤਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੁੰਦੇ ਹਨ ਪਰ ਕੇਸ ਦਾ ਕੋਈ ਸਿਆਸੀ ਸਬੰਧ ਨਹੀਂ ਹੈ।

ਐਸ.ਪੀ. (ਡੀ) ਨੇ ਕਿਹਾ-ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਾਂਗੇ :
ਮਾਨਸਾ ਦੇ ਐਸਪੀ (ਡੀ) ਨਰਿੰਦਰਪਾਲ ਸਿੰਘ ਨੇ ਦੱਸਿਆ, ‘ਇਸ ਮਾਮਲੇ ਵਿੱਚ ਛੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਾਰੇ ਮੁਲਜ਼ਮ ਜਲਦੀ ਗ੍ਰਿਫ਼ਤਾਰ ਕਰ ਲਏ ਜਾਣਗੇ। ਸਾਨੂੰ ਨਹੀਂ ਪਤਾ ਕਿ ਕੋਈ ਮੁਲਜ਼ਮ ਕਿਸੇ ਅਕਾਲੀ ਸਰਪੰਚ ਜਾਂ ਆਗੂ ਦਾ ਰਿਸ਼ਤੇਦਾਰ ਹੈ।’

ਸ਼ਰਾਬ ਮਾਫ਼ੀਆ ਨੂੰ ਸਿਆਸੀ ਸ਼ਹਿ ਦੇ ਦੋ ਵੱਡੇ ਕੇਸ :
10 ਦਸੰਬਰ 2015 ਨੂੰ ਅਬੋਹਰ ਵਿਚ ਸ਼ਰਾਬ ਕਾਰੋਬਾਰੀ ਤੇ ਅਕਾਲੀ ਨੇਤਾ ਸ਼ਿਵਲਾਲ ਡੋਡਾ ਦੇ ਫਾਰਮ ਹਾਊਸ ਵਿਚ ਦਲਿਤ ਨੌਜਵਾਨ ਭੀਮ ਟਾਂਕ ਦਾ ਹੱਥ-ਪੈਰ ਵੱਢ ਕੇ ਕਤਲ ਕਰ ਦਿੱਤਾ ਗਿਆ।
31 ਦਸਬੰਰ 2015 ਨੂੰ ਸੰਗਰੂਰ ਵਿਚ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਨਰਲ ਸਕੱਤਰ ਦੀ ਸ਼ਹਿ ‘ਤੇ ਪੁਲੀਸ ਦੁਕਾਨਦਾਰ ਨੂੰ ਚੁੱਕ ਲਿਆਈ ਤੇ ਉਸ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ। ਇਹ ਕੇਸ ਵੀ ਪੈਂਡਿੰਗ ਹੈ।