ਨਹਿਰ ਪੁੱਟਣ ਆਏ ਇਨੈਲੋ ਵਰਕਰਾਂ ਦਾ ਪ੍ਰੋਗਰਾਮ ਠੁੱਸ, ਸੜਕ ਤੋੜ ਕੇ ਪਰਤੇ

ਨਹਿਰ ਪੁੱਟਣ ਆਏ ਇਨੈਲੋ ਵਰਕਰਾਂ ਦਾ ਪ੍ਰੋਗਰਾਮ ਠੁੱਸ, ਸੜਕ ਤੋੜ ਕੇ ਪਰਤੇ

ਕੈਪਸ਼ਨ-ਇਨੈਲੋ ਵਰਕਰ ਸ਼ੰਭੂ ਬੈਰੀਅਰ ‘ਤੇ ਹਰਿਆਣਾ ਵਾਲੇ ਪਾਸੇ ਐਸਵਾਈਐਲ ਨਹਿਰ ਦੀ ਖੁਦਾਈ ਕਰਦੇ ਹੋਏ।
ਸ਼ੰਭੂ ਬਾਰਡਰ/ਬਿਊਰੋ ਨਿਊਜ਼ :
ਪੰਜਾਬ ਅੰਦਰ ਦਾਖ਼ਲ ਹੋ ਕੇ ਐਸ.ਵਾਈ.ਐਲ. ਨਹਿਰ ਪੁੱਟਣ ਦਾ ਇਨੈਲੋ ਦਾ ਐਲਾਨ ਪੂਰਾ ਨਾ ਹੋ ਸਕਿਆ। ਪੰਜਾਬ ਪੁਲੀਸ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ। ਨਹਿਰ ਪੁੱਟਣ ਵਿਚ ਨਾਕਾਮ ਰਹੇ ਲੋਕਾਂ ਨੇ ਬਾਅਦ ਵਿਚ ਜੀ.ਟੀ. ਰੋਡ ਵਿਚਾਲੇ ਕੱਚੇ ਡਿਵਾਈਡਰ ਹੀ ਪੁੱਟ ਸੁੱਟੇ। ਸ਼ੰਭੂ ਬਾਰਡਰ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ ਇਨੈਲੋ ਆਗੂ ਅਭੈ ਚੌਟਾਲਾ ਸਮੇਤ ਸੌ ਦੇ ਕਰੀਬ ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਨੇ  ਪਟਿਆਲਾ ਜੇਲ੍ਹ ਵਿਚ ਬੰਦ ਕਰ ਦਿੱਤਾ। ਗ੍ਰਿਫ਼ਤਾਰ ਕੀਤੇ ਗਏ ਆਗੂਆਂ ਵਿਚ ਇਨੈਲੋ ਦੇ ਦੋ ਮੰਤਰੀ, ਦਰਜਨ ਭਰ ਵਿਧਾਇਕਾਂ  ਸਮੇਤ ਕੁੱਲ 73 ਜਣੇ ਸ਼ਾਮਲ ਹਨ।
ਗ਼ੌਰਤਲਬ ਹੈ ਕਿ ਹਰਿਆਣਾ ਦੀ ਵਿਰੋਧੀ ਪਾਰਟੀ ਇਨੈਲੋ ਨੇ ਪੰਜਾਬ  ਵਿਚ ਕੁਝ ਥਾਵਾਂ ‘ਤੇ ਬੰਦ ਕੀਤੀ ਗਈ ਐਸਵਾਈਐਲ ਨਹਿਰ ਦੀ ਪੰਜਾਬ ਆ ਕੇ ਮੁੜ ਤੋਂ ਪੁਟਾਈ  ਕਰਨ ਦਾ ਐਲਾਨ ਕੀਤਾ ਸੀ। ਇਸ ਕਾਰਨ ਸ਼ੰਭੂ ਬੈਰੀਅਰ, ਕਪੂਰੀ ਤੇ ਕੁਝ ਹੋਰ ਥਾਵਾਂ ‘ਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਦਸ ਕੰਪਨੀਆਂ ਸਮੇਤ ਛੇ ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਦੱਸਣਯੋਗ ਹੈ ਕਿ 1982 ਵਿਚ ਐਸਵਾਈਐਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਸ ਖੇਤਰ ਵਿਚ ਇਸ ਕਦਰ ਪੁਲੀਸ ਦੀ ਇਹ ਪਹਿਲੀ ਤਾਇਨਾਤੀ ਮੰਨੀ ਜਾ ਰਹੀ ਹੈ। ਇਸ ਦੌਰਾਨ ਦੋ ਆਈਜੀ, ਡੀਆਈਜੀ, ਢਾਈ ਸੌ ਦੇ ਕਰੀਬ ਐਸਪੀ ਤੇ ਡੀਐਸਪੀ ਵੀ ਤਾਇਨਾਤ ਰਹੇ। ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਖੁਦ ਹਵਾਈ ਜਹਾਜ਼  ਰਾਹੀਂ ਸੁਰੱਖਿਆ ਪ੍ਰਬੰਧਾਂ ‘ਤੇ ਨਿਗਾਹ ਰੱਖ ਰਹੇ ਸਨ।
ਪੁਲੀਸ ਭਾਵੇਂ ਸਵੇਰ ਤੋਂ ਹੀ ਤਾਇਨਾਤ ਸੀ, ਪਰ ਇਨੈਲੋ ਵਰਕਰ ਸ੍ਰੀ ਚੌਟਾਲਾ ਦੀ ਅਗਵਾਈ ਹੇਠ ਸ਼ਾਮੀ ਪੌਣੇ ਚਾਰ ਵਜੇ ਜਬਰੀ ਪੰਜਾਬ ਦੇ ਇਲਾਕੇ ਵਿਚ ਦਾਖ਼ਲ ਹੋਏ ਤੇ ਉਨ੍ਹਾਂ ਇਥੇ ਸ਼ੰਭੂ ਬਾਰਡਰ ਨੇੜੇ ਪਟਿਆਲਾ ਪੁਲੀਸ ਵੱਲੋਂ ਲਾਏ ਜ਼ਬਰਦਸਤ ਨਾਕੇ ਕੋਲ ਕਹੀਆਂ  ਨਾਲ ਸੰਕੇਤਕ ਰੂਪ ਵਿਚ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ। ਇਸ ਮੌਕੇ ਲਾਊਡ ਸਪੀਕਰ ਰਾਹੀਂ ਏਐਸਆਈ ਕੁਲਵਿੰਦਰ ਸਿੰਘ (ਸੀਡੀਆਈ) ਵੱਲੋਂ ਕਈ ਵਾਰ ਚੇਤਾਵਨੀ ਦੇ ਬਾਵਜੂਦ ਜਦੋਂ ਉਹ ਨਾ ਹਟੇ ਤਾਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਏਡੀਜੀਪੀ ਹਰਦੀਪ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਦਿੱਤੀ। ਇਸ ‘ਤੇ ਡੀਆਈਜੀ ਆਸ਼ੀਸ ਚੌਧਰੀ ਦੀ ਅਗਵਾਈ ਹੇਠਾਂ ਅੱਗੇ ਵਧੀ ਟੁਕੜੀ ਨੇ ਅਭੈ ਚੌਟਾਲਾ ਸਮੇਤ 74 ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਬਾਕੀ ਇਨੈਲੋ ਵਰਕਰ ਵਾਪਸ ਚਲੇ ਗਏ। ਉਨ੍ਹਾਂ ਖ਼ਿਲਾਫ਼ ਥਾਣਾ ਸ਼ੰਭੂ ਦੇ ਮੁਖੀ ਵਜੋਂ ਇੰਸਪੈਕਟਰ ਗੁਰਚਰਨ ਸਿੰਘ ਵੜੈਚ ਨੇ ਧਾਰਾ 188 ਅਤੇ 107/151 ਦੇ ਅਧੀਨ ਕੇਸ ਦਰਜ ਕੀਤਾ ਤੇ ਐਸਡੀਐਮ ਰਾਜਪੁਰਾ ਦੀ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭੇਜ ਦਿੱਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਆਗੂਆਂ ਵਿਚ ਅਭੈ ਚੌਟਾਲਾ, ਅਰਜੁਨ ਚੌਟਾਲਾ, ਅਸ਼ੋਕ ਅਰੋੜਾ, ਪਰਦੀਪ ਦੇਸਵਾਲ, ਐਮਪੀ ਰਣਜੀਤ ਅਰੋੜਾ, ਰਾਜ ਸਭਾ ਮੈਂਬਰ ਰਾਜ ਕੁਮਾਰ ਕਸ਼ਿਅਪ ਸਮੇਤ ਪਦਮ ਦਹੀਆ, ਵੇਦ ਨਰੰਗ, ਮੁਹੰਮਦ ਇਜਲਾਸ, ਸੁਨੀਲ ਲਾਂਬਾ, ਓਮ ਪ੍ਰਕਾਸ਼, ਰਾਮ ਬਾਂਦਰਾ, ਰਾਜਦੀਪ ਸਿੰਘ, ਅਨੂਪ ਫੋਗਟ, ਅਨੂਪ ਧਾਣਕ, ਅਮੀਮ ਅਹਿਮਦ, ਪਰਮਿੰਦਰ ਢੋਲ, ਰਣਬੀਰ ਗੰਗੂਆ, ਜਸਵਿੰਦਰ ਸਿੰਘ ਸੰਧੂ ਪਿਹੋਵਾ, ਕਪੂਰ ਸਿੰਘ ਨਾਰਨੌਲ ਅਤੇ ਸਤੀਸ਼ ਨੰਦਲ ਮੌਜੂਦਾ ਅਤੇ ਸਾਬਕਾ ਵਿਧਾਇਕ ਸ਼ਾਮਲ ਹਨ।
ਇਸ ਨਹਿਰ ਕਾਰਨ ਭਾਵੇਂ ਪਹਿਲਾਂ ਵੀ ਕਈ ਵਾਰ ਵਿਵਾਦ ਉਠਿਆ ਹੈ, ਦੋਵਾਂ ਰਾਜਾਂ ਦੇ ਲੋਕਾਂ ਦਰਮਿਆਨ ਪਹਿਲੀ ਵਾਰ ਸਿੱਧੇ ਟਕਰਾਅ ਵਾਲੇ ਹਾਲਾਤ ਪੈਦਾ ਹੋਏ। ਦੂਜੇ ਪਾਸੇ ਕਾਂਗਰਸ ਅਤੇ ਹੋਰਨਾਂ ਰਾਜਸੀ ਧਿਰਾਂ ਨੇ ਇਸ ਨੂੰ ਮਹਿਜ਼ ਬਾਦਲ ਅਤੇ ਚੌਟਾਲਾ ਪਰਿਵਾਰਾਂ ਦਾ ਸਿਆਸੀ ਡਰਾਮਾ ਕਰਾਰ ਦਿੱਤਾ ਹੈ।

ਹਰਿਆਣਾ ਪੁਲੀਸ ਨੇ ਇਨੈਲੋ ਆਗੂਆਂ ਨੂੰ ਨਾ ਰੋਕਿਆ
ਅੰਬਾਲਾ/ਬਿਊਰੋ ਨਿਊਜ਼ :
ਇੰਡੀਅਨ ਨੈਸ਼ਨਲ ਲੋਕ ਦਲ ਇਨੈਲੋ ਵਲੋਂ ਡੇਢ ਮਹੀਨੇ ਪ੍ਰਚਾਰਿਆ ਜਾ ਰਿਹਾ ‘ਜਲ ਯੁੱਧ ਅੰਦੋਲਨ’ ਸ਼ੰਭੂ ਬਾਰਡਰ ‘ਤੇ ਇਨੈਲੋ ਦੇ ਕੁਝ ਆਗੂਆਂ ਦੀਆਂ ਸੀਮਤ ਗ੍ਰਿਫਤਾਰੀਆਂ ਨਾਲ ਸਮਾਪਤ ਹੋ ਗਿਆ ਪਰ ਇਸ ਨਾਲ ਦੋਵਾਂ ਸੁਬਿਆਂ ਵਿਚਾਲੇ ਕੁੜੱਤਣ ਹੋਰ ਵਧਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਦੋਵਾਂ ਸੂਬਿਆਂ ਦੀ ਸ਼ੰਭੂ ਹੱਦ ‘ਤੇ ਇਸ ਤਰ੍ਹਾਂ ਦਾ ਮਾਹੌਲ ਸੀ, ਉਸ ਤੋਂ ਮਾਮਲਾ ਦੋ ਸੂਬਿਆਂ ਦਾ ਨਾ ਹੋ ਕੇ ਦੋ ਵਿਰੋਧੀ ਦੇਸ਼ਾਂ ਦਾ ਲੱਗ ਰਿਹਾ ਸੀ।
ਹਰਿਆਣਾ ਪੁਲੀਸ ਨੇ ਇਨੈਲੋ ਵਰਕਰਾਂ ਨੂੰ ਸ਼ੰਭੂ (ਪੰਜਾਬ) ਵੱਲ ਨੂੰ ਵਧਣ ਤੋਂ ਰੋਕਣ ਲਈ ਤਿੰਨ ਬੈਰੀਕੇਡ ਲਾਏ ਹੋਏ ਸਨ ਪਰ ਹਕੀਕਤ ਵਿੱਚ ਪੁਲੀਸ ਨੇ ਆਗੂਆਂ ਨੂੰ ਪੰਜਾਬ ਜਾਣ ਤੋਂ ਰੋਕਣ ਲਈ ਕੋਈ ਖ਼ਾਸ ਤਰੱਦਦ ਨਹੀਂ ਕੀਤਾ।
ਹਰਿਆਣਾ ਪੁਲੀਸ ਦੇ ਇਕ ਡੀਐਸਪੀ ਅਤੇ ਤਿੰਨ ਡਿਊਟੀ ਮੈਜਿਸਟਰੇਟਾਂ ਨੂੰ ਜ਼ਿੰਮੇਵਾਰੀ ਸੌਂਪੀ ਹੋਈ ਸੀ। ਪੁਲੀਸ ਨੇ ਆਗੂਆਂ ਨੂੰ ਸਿਰਫ਼ ਇਕ ਬੈਰੀਕੇਡ ‘ਤੇ ਵੀਹ-ਪੱਚੀ ਮਿੰਟ ਲਈ ਰੋਕਿਆ ਤੇ ਲਾਉੂਡ ਸਪੀਕਰ ਰਾਹੀਂ ਅੰਦੋਲਨਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਰੈਲੀ ਕਰਨ ਦੀ ਇਜਾਜ਼ਤ ਹੈ ਤੇ ਉਹ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਅੱਗੇ ਨਾ ਵਧਣ।
ਹਰਿਆਣਾ ਪੁਲੀਸ ਨੇ ਇਨੈਲੋ ਵਰਕਰਾਂ ਨੂੰ ਰੋਕਣ ਲਈ ਨਾ ਕੋਈ ਖ਼ਾਸ ਪ੍ਰਬੰਧ ਅਤੇ ਨਾ ਹੀ ਤਿਆਰੀ ਕੀਤੀ ਸੀ। ਉਨ੍ਹਾਂ ਨੇ ਆਸਾਨੀ ਨਾਲ ਉਨ੍ਹਾਂ ਨੂੰ ਜਾਣ ਦਿੱਤਾ। ਜਾਪਦਾ ਹੈ ਕਿ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਪੁਲੀਸ ਨੂੰ ਅੰਦੋਲਨਕਾਰੀਆਂ ਬਾਰੇ ਕੋਈ ਖਾਸ ਹਦਾਇਤਾਂ ਸਨ। ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ ਨੇ ਕਿਹਾ ਕਿ ਉਹ ਨਾ ਗ੍ਰਿਫ਼ਤਾਰੀਆਂ ਕਰਨਗੇ ਅਤੇ ਨਾ ਅੰਦੋਲਨਕਾਰੀਆਂ ਨੂੰ ਪੰਜਾਬ ਵੱਲ ਜਾਣ ਤੋਂ ਰੋਕਣਗੇ। ਦੂਜੇ ਪਾਸੇ ਪੰਜਾਬ ਨੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਸਨ। ਵੱਡੀ ਗਿਣਤੀ ਵਿਚ ਪੁਲੀਸ ਤੇ ਨੀਮ ਫੌਜੀ ਬਲ ਤਾਇਨਾਤ ਸਨ ਤੇ ਸ਼ੰਭੂ ਦੇ ਟੌਲ ਪਲਾਜ਼ਾ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਪੰਜਾਬ ਵਾਲੇ ਪਾਸੇ ਬੈਰੀਕੇਡ ਲਾਏ ਸਨ, ਜਿਨ੍ਹਾਂ ਨੂੰ ਉਖਾੜ ਕੇ ਅੱਗੇ ਨਿਕਲਣਾ ਸੰਭਵ ਨਹੀਂ ਸੀ। ਸੂਹੀਆ ਵਿਭਾਗ ਕੋਲੋਂ ਇਕੱਠ ਦੀ ਪਲ ਪਲ ਦੀ ਜਾਣਕਾਰੀ ਲਈ  ਜਾ ਰਹੀ ਸੀ।
ਇਨੈਲੋ ਦੇ ਸੀਨੀਅਰ ਆਗੂ ਅਭੈ ਚੌਟਾਲਾ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪਾਰਟੀ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਵਿਰੁਧ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕੈਪਟਨ ਨੇ ਸੰਵਿਧਾਨ ਦੀ ਉਲੰਘਣਾ ਕਰਕੇ ਦਰਿਆਈ ਪਾਣੀਆਂ ਦੇ ਸਮਝੌਤੇ ਰੱਦ ਕਰਨ ਲਈ ਕਾਨੂੰਨ ਬਣਾਇਆ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿਤਾ ਹੈ। ਕੈਪਟਨ ਦੇ ਇਸ ਬਿਆਨ ਕਿ ਇਨੈਲੋ ਦੇ ਜਲ ਅੰਦੋਲਨ ਨਾਲ ਪੰਜਾਬ ਵਿਚ ਮੁੜ ਦਹਿਸ਼ਤਗਰਦੀ ਪੈਦਾ ਹੋ ਸਕਦੀ ਹੈ, ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਤਾਂ ਆਪਣਾ ਹੱਕ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਤੇ ਕਈ ਹੋਰ ਆਗੂ ਹਰਿਆਣਾ ਨੂੰ ‘ਇਕ ਬੂੰਦ ਪਾਣੀ ਨਾ ਦੇਣ’ ਦਾ ਐਲਾਨ ਕਰਕੇ ਗਲਤ ਪ੍ਰਭਾਵ ਪੈਦਾ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਅਜਿਹਾ ਕਹਿਣ ਵਾਲੇ ਕੈਪਟਨ ਅਤੇ ਪੰਜਾਬ ਦੇ ਹੋਰ ਆਗੂਆਂ ਨੂੰ ਹਰਿਆਣਾ ਦੀ ਧਰਤੀ ‘ਤੇ ਕਦਮ ਨਹੀਂ ਰੱਖਣ ਦਿਆਂਗੇ।
ਭਾਜਪਾ ਸਰਕਾਰ ਦੇ ਮੰਤਰੀਆਂ ਵਲੋਂ ਜਲ ਅੰਦੋਲਨ ਮਹਿਜ਼ ਫੋਟੋ ਖਿਚਵਾਉਣ ਤਕ ਸੀਮਤ ਹੋਣ ਦੇ ਦਿੱਤੇ ਬਿਆਨਾਂ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਉਹ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਚੁੱਪ ਕਰਕੇ ਨਹੀਂ ਬੈਠੇ ਹਨ ਪਰ ਭਾਜਪਾ ਸਰਕਾਰ ਨੇ ਇਸ ਲਈ ਕੋਈ ਕਦਮ ਨਹੀਂ ਚੁੱਕਿਆ। ਹਰਿਆਣਾ ਇਨੈਲੋ ਦੇ ਪ੍ਰਧਾਨ ਅਸ਼ੋਕ ਅਰੋੜਾ ਸਮੇਤ ਕਈ ਹੋਰ ਆਗੂਆਂ ਨੇ ਕਿਹਾ, ”ਪੰਜਾਬ ਨੂੰ ਹਰਿਆਣਾ ਦਾ ਵੱਡਾ ਭਰਾ ਹੋਣ ਕਰਕੇ ਇਨਸਾਫ ਕਰਨਾ ਚਾਹੀਦਾ ਹੈ।” ਉਹ ‘ਹੱਕ’ ਮੰਗਦੇ ਹਨ, ਖੈਰਾਤ ਨਹੀਂ ਮੰਗਦੇ।
ਇਕੱਠ ਵਿਚ ਅਭੈ ਚੌਟਾਲਾ ਦੇ ਵੱਡੇ ਭਰਾ ਅਜੇ ਚੌਟਾਲਾ ਦੇ ਦੋਵੇਂ ਲੜਕੇ- ਲੋਕ ਸਭਾ ਮੈਂਬਰ ਦੁਸ਼ਿਅੰਤ ਚੌਟਾਲਾ ਅਤੇ ਇਨਸੋ ਦੇ ਪ੍ਰਧਾਨ ਦਿਗਵਿਜੇ ਚੌਟਾਲਾ ਅਤੇ ਉਨ੍ਹਾਂ ਦੀ ਮਾਤਾ ਤੇ ਇਨੈਲੋ ਵਿਧਾਇਕਾ ਨੈਨਾ ਚੌਟਾਲਾ  ਹਾਜ਼ਰ ਨਹੀਂ ਸਨ। ਇਨੈਲੋ ਨੇ ਇਕੱਠ ਕਰਨ ਲਈ ਕਾਫੀ ਪ੍ਰਚਾਰ,  ਰੈਲੀਆਂ ਤੇ ਮੀਟਿੰਗਾਂ ਅਤੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਉਸ ਦੇ ਮੁਕਾਬਲੇ ਇਕੱਠ ਘੱਟ ਸੀ। ਪਰ ਇਸ ਰਾਹੀਂ ਇਨੈਲੋ ਵਿਧਾਨ ਸਭਾ ਦੇ ਬਜਟ ਸੈਸ਼ਨ ਅਤੇ ਹੋਰ ਥਾਈਂ ਦਾਅਵਾ ਕਰ ਸਕੇਗੀ, ਉਸ ਨੇ ਗ੍ਰਿਫਤਾਰੀਆਂ ਦੇ ਕੇ ਸੂਬੇ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ ਪਰ ਰਾਜ ਸਰਕਾਰ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨਾਲ ਸਰਬ ਪਾਰਟੀ ਵਫਦ ਦੀ ਮੀਟਿੰਗ ਲਈ ਸਮਾਂ ਤੱਕ ਨਹੀਂ ਲੈ ਸਕੀ।
ਹਜ਼ਾਰਾਂ ਲੋਕਾਂ ਨੂੰ ਹੋਈ ਪ੍ਰੇਸ਼ਾਨੀ :
ਚੰਡੀਗੜ੍ਹ: ਇਨੈਲੋ ਦੇ ਅੰਦੋਲਨ ਕਾਰਨ ਪੰਜਾਬ-ਹਰਿਆਣਾ ਸਰਹੱਦ ਉਤੇ ਦਿੱਲੀ-ਅੰਮ੍ਰਿਤਸਰ ਕੌਮੀ ਸ਼ਾਹਰਾਹ ਨੰਬਰ ਇਕ ਨੂੰ ਸੀਲ ਕੀਤੇ ਜਾਣ ਨਾਲ ਹਜ਼ਾਰਾਂ ਲੋਕਾਂ, ਖ਼ਾਸਕਰ ਮੋਟਰ ਗੱਡੀਆਂ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅੰਬਾਲਾ-ਰਾਜਪੁਰਾ ਸੈਕਸ਼ਨ ਉਤੇ ਸੜਕ ਦੇ ਕਰੀਬ 24 ਕਿਲੋਮੀਟਰ ਹਿੱਸੇ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਸੀ। ਪੰਜਾਬ ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਰਹੱਦ ਸੀਲ ਕੀਤੇ ਜਾਣ ਕਾਰਨ ਟਰੈਫਿਕ ਨੂੰ ਦੂਜੇ ਰਸਤਿਆਂ ਤੋਂ ਚਲਾਇਆ ਗਿਆ। ਗ਼ੌਰਤਲਬ ਹੈ ਕਿ ਪੰਜਾਬ ਦੇ ਹਜ਼ਾਰਾਂ ਲੋਕਾਂ ਵੱਲੋਂ ਰੋਜ਼ਾਨਾ ਹਰਿਆਣਾ ਰਾਹੀਂ ਦਿੱਲੀ ਜਾਣ ਵਾਸਤੇ ਕੌਮੀ ਸ਼ਾਹਰਾਹ ਨੰਬਰ ਇਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਵੱਡੀ ਗਿਣਤੀ ਲੋਕ ਦਿੱਲੀ ਤੇ ਹਰਿਆਣਾ ਤੋਂ ਪੰਜਾਬ ਵੱਲ ਆਉਂਦੇ ਹਨ। ਅਜਿਹੀ ਇਕ ਪ੍ਰੇਸ਼ਾਨ ਮੁਸਾਫ਼ਰ ਸੁਰਜੀਤ ਕੌਰ ਨੇ ਕਿਹਾ, ”ਮੈਂ ਅੰਬਾਲਾ ਜਾਣ ਲਈ ਪਹਿਲਾਂ ਹੀ ਤਿੰਨ ਕਿਲੋਮੀਟਰ ਪੈਦਲ ਤੁਰ ਕੇ ਇਥੇ ਤੱਕ ਪੁੱਜੀ ਹਾਂ। ਹਾਲੇ ਵੀ ਕੋਈ ਪਤਾ ਨਹੀਂ ਕਿ ਮੈਨੂੰ ਕਿਥੇ ਜਾ ਕੇ ਸਵਾਰੀ ਦਾ ਕੋਈ ਸਾਧਨ ਮਿਲੇਗਾ।” ਬੀਬੀ ਸੁਰਜੀਤ ਕੌਰ ਰਾਜਪੁਰਾ ਨੇੜਲੇ ਇਕ ਪਿੰਡ ਵਿਚ ਰਹਿੰਦੀ ਹੈ ਤੇ ਅੰਬਾਲਾ ਵਿੱਚ ਸਰਕਾਰੀ ਮੁਲਾਜ਼ਮ ਹੈ। ਇਸ ਦੌਰਾਨ ਸੂਬਾਈ ਸਰਹੱਦ ਉਤੇ ਹਾਲਾਤ ਬਹੁਤ ਤਣਾਅਪੂਰਨ ਬਣੇ ਹੋਏ ਸਨ। ਸਰਹੱਦ ਦੇ ਦੋਵੇਂ ਪਾਸੀਂ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ।
ਬੈਂਸ ਭਰਾਵਾਂ ਨੂੰ ਸਾਥੀਆਂ ਸਮੇਤ ਪਟਿਆਲਾ ‘ਚ ਹੀ ਰੋਕਿਆ :
ਪਟਿਆਲਾ : ਇਨੈਲੋ ਵਰਕਰਾਂ ਦੀ ਕਾਰਵਾਈ ਦੇ ਖ਼ਿਲਾਫ਼ ਕਪੂਰੀ ਜਾਣ ਦੀ ਕੋਸ਼ਿਸ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੂੰ ਉਨ੍ਹਾਂ ਦੇ ਸੈਂਕੜੇ ਸਾਥੀਆਂ ਸਮੇਤ ਸਨ। ਪੁਲੀਸ ਨੇ ਪਟਿਆਲਾ ਦੀ ਅਨਾਜ ਮੰਡੀ ਕੋਲ ਹੀ ਰੋਕ ਲਿਆ। ਇਥੇ ਪਹਿਲਾਂ ਹੀ ਐਸਪੀ-ਡੀ ਹਰਵਿੰਦਰ ਸਿੰਘ ਵਿਰਕ ਤੇ ਹੋਰਨਾਂ ਅਧਿਕਾਰੀਆਂ ਦੀ ਅਗਵਾਈ ਹੇਠਾਂ ਪੁਲੀਸ ਫੋਰਸ ਤਾਇਨਾਤ ਸੀ।
ਰੋਕੇ ਜਾਣ ‘ਤੇ ਬੈਂਸ ਭਰਾਵਾਂ ਤੇ ਸਾਥੀਆਂ ਨੇ ਇਥੇ ਹੀ ਆਪਣੀ ਲਲਕਾਰ ਰੈਲੀ ਕੀਤੀ ਤੇ ਕਿਹਾ ਕਿ ਕਿਸੇ ਹੋਰ ਸੂਬੇ ਨੂੰ ਪੰਜਾਬ ਵਿਚੋਂ ਪਾਣੀ ਦੀ ਬੂੰਦ ਵੀ ਨਹੀਂ ਲੈਣ ਦਿੱਤੀ ਜਾਵੇਗੀ। ਇਨੈਲੋ ਆਗੂ ਅਭੈ ਚੌਟਾਲਾ ਵੱਲੋਂ ਪੰਜਾਬ ਦੇ ਆਗੂਆਂ ਨੂੰ ਹਰਿਆਣਾ ਵਿਚ ਪੈਰ ਰੱਖਣ ਲਈ ਵੰਗਾਰਨ ਵਾਲੇ ਬਿਆਨ ਨੂੰ ਉਨ੍ਹਾਂ ਦੋਵਾਂ ਰਾਜਾਂ ਦੇ ਲੋਕਾਂ ਵਿਚ ਇੱਕ ਦੂਜੇ ਪ੍ਰਤੀ ਨਫ਼ਰਤ ਪੈਦਾ ਕਰਨ ਵਾਲੀ ਕਾਰਵਾਈ ਕਰਾਰ ਦਿੱਤਾ। ਉਂਜ ਸਿਮਰਜੀਤ ਬੈਂਸ ਨੇ ਕਿਹਾ ਕਿ ਨਹਿਰ ਪੁੱਟਣੀ ਤਾਂ ਦੂਰ, ਅਭੈ ਚੌਟਾਲਾ ਇਸ ਮਕਸਦ ਨਾਲ ਨਹਿਰ ਦੇ ਕੋਲੋਂ ਦੀ ਲੰਘਣ ਦੀ ਵੀ ਜੁਰਅਤ ਨਹੀਂ ਕਰ ਸਕਦੇ। ਇਸੇ ਕੜੀ ਵਜੋਂ ਕਪੂਰੀ ਜਾਣ ਦੀ ਕੋਸ਼ਿਸ਼ ਕਰਦਿਆਂ ‘ਸਤਿਕਾਰ ਕਮੇਟੀ ਸਮਾਣਾ’ ਦੇ ਪ੍ਰਧਾਨ ਜਗਜੀਤ ਸਿੰਘ ਸਮਾਣਾ ਤੇ ਸਾਥੀਆਂ ਨੂੰ ਵੀ ਸਾਥੀਆਂ ਸਮੇਤ ਸਰਾਲਾ ਪਿੰਡ ਦੇ ਕੋਲ ਰੋਕ ਲਿਆ ਗਿਆ ਸੀ। ਇਸ ਦੌਰਾਨ ਪਿੰਡ ਕਮਾਲਪੁਰ ਦੇ ਕਿਸਾਨ ਕੁਲਦੀਪ ਸਿੰਘ, ਸੀਸਾ ਸਿੰਘ, ਭਗਵੰਤ ਸਿੰਘ, ਸਾਹਿਬ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਨਹਿਰ ਲਈ ਐਕੁਆਇਰ ਜ਼ਮੀਨ ਨੂੰ ਡੀਨੋਟੀਫਾਈ ਕੀਤੇ ਜਾਣ ਉਪਰੰਤ, ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ 13 ਏਕੜ ਜ਼ਮੀਨ ਦੀ ਵਾਪਸੀ ਸਬੰਧੀ ਫਰਦਾਂ ਸੌਂਪੇ ਜਾਣ ਦੀ ਕਾਰਵਾਈ ਮਹਿਜ਼ ਸਿਆਸੀ ਸ਼ੋਸ਼ੇਬਾਜੀ ਸੀ। ਉਨ੍ਹਾਂ ਕਿਹਾ ਕਿ ਜ਼ਮੀਨ ਅਜੇ ਵੀ ਸਰਕਾਰ ਦੇ ਨਾਮ ਚੱਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਜ਼ਮੀਨ ਨਹੀਂ ਸਗੋਂ ਖੇਤੀਬਾੜੀ ਲਈ ਸਿੰਜਾਈ ਸਹੂਲਤਾਂ ਵਾਸਤੇ ਨਹਿਰੀ ਪਾਣੀ ਦਿੱਤਾ ਜਾਵੇ।

ਨਹਿਰ ਮਾਮਲੇ ‘ਚ ਅਦਾਲਤੀ ਦਖ਼ਲ ਗ਼ੈਰ-ਸੰਵਿਧਾਨਿਕ : ਡਾ. ਗਾਂਧੀ
ਪਟਿਆਲਾ/ਬਿਊਰੋ ਨਿਊਜ਼ :
ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਸਤਲੁਜ-ਯਮੁਨਾ ਲਿੰਕ ਨਹਿਰ ਬਾਰੇ ਸੁਪਰੀਮ ਕੋਰਟ ਦੀ ਦਖ਼ਲਅੰਦਾਜ਼ੀ ਬੇਲੋੜੀ, ਪੱਖਪਾਤੀ, ਅਨਿਆਂਪੂਰਨ ਤੇ ਗ਼ੈਰ-ਸੰਵਿਧਾਨਕ ਹੈ। ਇਹ ਪੰਜਾਬ ਦੇ ਸੰਵਿਧਾਨਕ ਅਤੇ ਕੁਦਰਤੀ ਹੱਕਾਂ ‘ਤੇ ਛਾਪਾ ਹੈ। ਡਾ. ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਸੁਪਰੀਮ ਕੋਰਟ ਤੋਂ ਪੰਜਾਬ ਦੇ ਪਾਣੀਆਂ ਬਾਰੇ ਕੀਤੇ ਸਮਝੌਤੇ ਰੱਦ ਕਰਨ ਬਾਰੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਕਾਨੂੰਨ ਬਾਰੇ ਸਿਰਫ਼ ਰਾਇ ਮੰਗੀ ਗਈ ਸੀ, ਇਸ ਬਾਰੇ ਫ਼ੈਸਲਾ ਲੈਣ ਦਾ ਹੱਕ ਸਿਰਫ਼ ਰਾਸ਼ਟਰਪਤੀ ਕੋਲ ਹੈ ਪਰ ਅਦਾਲਤ ਨੇ ਸੰਵਿਧਾਨਕ ਸੀਮਾ ਟੱਪ ਕੇ ਨਹਿਰ ਬਣਾਉਣ ਦਾ ਹੁਕਮ ਚਾੜ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਜੇ ਤੱਕ ਸਬੰਧਤ ਕਾਨੂੰਨ ਬਾਰੇ ਰਾਸ਼ਟਰਪਤੀ ਨੇ ਕੋਈ ਫ਼ੈਸਲਾ ਲਿਆ ਹੀ ਨਹੀਂ ਤਾਂ ਨਹਿਰ ਬਣਾਉਣ ਦੇ ਹੁਕਮ ਸੁਣਾਉਣ ਦੀ ਕੀ ਤੁਕ ਬਣਦੀ ਹੈ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿਸ ਅਣਗਹਿਲੀ ਭਰੇ ਢੰਗ ਨਾਲ ਇਸ ਕੇਸ ਨੂੰ ਸੁਪਰੀਮ ਕੋਰਟ ਵਿੱਚ ਲੜਿਆ ਹੈ, ਕੀ ਇਹ ਪੰਜਾਬ ਦੇ ਲੋਕਾਂ ਨਾਲ ਗ਼ੱਦਾਰੀ ਨਹੀਂ? ਉਨ੍ਹਾਂ ਕਿਹਾ ਕਿ ਮਸਲਾ ਸਿਰਫ਼ ਐਸਵਾਈਐਲ ਦਾ ਨਹੀਂ, ਕੇਂਦਰ ਸਮੇਤ ਸਾਰੀਆਂ ਧਿਰਾਂ ਨੂੰ ਪਤਾ ਹੈ ਕਿ ਜੇਕਰ ਸਮਝੌਤਿਆਂ ਨੂੰ ਰੱਦ ਕਰਨ ਦੀ ਗੱਲ ਤੁਰੀ ਤਾਂ ਇਹ ਲੜੀ ਰਾਜਸਥਾਨ ਕਨਾਲ ਬੰਦ ਕਰਨ ਤੱਕ ਜਾਵੇਗੀ। ਸ੍ਰੀ ਗਾਂਧੀ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਰਾਜਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਲਈ ਇੱਕਜੁੱਟ ਹੋਣ ਦੀ ਲੋੜ ਹੈ। ਜੇ ਪੰਜਾਬ ਦੇ ਪਾਣੀਆਂ ਦੀ ਰਾਖੀ ਨਾ ਕੀਤੀ ਤਾਂ ਪੰਜਾਬ ਛੇਤੀ ਬੰਜਰ ਹੋ ਜਾਵੇਗਾ।
ਢੀਂਡਸਾ ਨੇ ਕਿਹਾ-ਅਕਾਲੀ ਦਲ ਐਸਵਾਈਐਲ ਨਹੀਂ ਬਣਨ ਦੇਵੇਗਾ :
ਲਹਿਰਾਗਾਗਾ : ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਇਨੈਲੋ ਵਰਕਰਾਂ ਦੇ ਐਸਵਾਈਐਲ ਸਬੰਧੀ ਐਲਾਨ ਬਾਰੇ ਕਿਹਾ ਕਿ ਇਹ ਸਿਰਫ਼ ਸਟੰਟਬਾਜ਼ੀ ਹੈ ਤੇ ਕੋਈ ਪੰਜਾਬ ਆ ਕੇ ਨਹਿਰ ਨਹੀਂ ਪੁੱਟ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਸਟੈਂਡ ਹੈ ਕਿ ਉਹ ਕਿਸੇ ਵੀ ਸੂਰਤ ਵਿੱਚ ਨਹਿਰ ਨਹੀਂ ਬਣਨ ਦੇਵੇਗਾ ਤੇ ਇਸ ਲਈ ਅਕਾਲੀ ਵਰਕਰ ਵੱਡੀ ਤੋਂ ਵੱਡੀ ਕੁਰਬਾਨੀ ਦੇਣਗੇ।
ਚੰਦੂਮਾਜਰਾ ਬੋਲੇ- ਸੁਪਰੀਮ ਕੋਰਟ ਦੇ ਆਦੇਸ਼ ਨਾ ਮੰਨਣਯੋਗ :
ਨਵੀਂ ਦਿੱਲੀ : ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਕਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦੇ ਨਿਰਮਾਣ ਸਬੰਧੀ ਦਿੱਤੇ ਨਿਰਦੇਸ਼ ਤਰਕਹੀਣ ਅਤੇ ਨਾ ਮੰਨਣਯੋਗ ਹਨ। ਉਨ੍ਹਾਂ ਕਿਹਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਰਾਹੀਂ ਬਿਆਸ ਅਤੇ ਰਾਵੀ ਦਰਿਆਵਾਂ ਦਾ ਪਾਣੀ ਹਰਿਆਣਾ ਨੂੰ ਦਿੱਤੇ ਜਾਣ ਲਈ ਕਿਹਾ ਜਾ ਰਿਹਾ ਹੈ, ਜਦੋਂਕਿ ਰਾਵੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਨਾਲ ਨਾਲ ਵਗਦਾ ਹੈ। ਰਾਵੀ ਅਤੇ ਹਰਿਆਣਾ ਦੇ ਵਿਚਕਾਰਲੇ ਇਲਾਕੇ ਵਿੱਚ ਬਿਆਸ ਅਤੇ ਸਤਲੁਜ ਦੋ ਹੋਰ ਦਰਿਆ ਵਹਿੰਦੇ ਹਨ। ਕੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਇਹ ਦੱਸਣਗੇ ਕਿ ਰਾਵੀ ਦਰਿਆ ਦਾ ਪਾਣੀ ਇਨ੍ਹਾਂ ਦੋ ਦਰਿਆਵਾਂ ਨੂੰ ਟਪਾ ਕੇ ਹਰਿਆਣਾ ਤੱਕ ਕਿਵੇਂ ਲਿਜਾਇਆ ਜਾਵੇਗਾ?

ਲਿੰਕ ਨਹਿਰ ਕਾਰਨ ਪੰਜਾਬ ‘ਤੇ ਮੁੜ ਮੰਡਰਾ ਰਿਹੈ ਬੁਰੇ ਦਿਨਾਂ ਦਾ ਖ਼ਤਰਾ : ਅਮਰਿੰਦਰ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜ਼ਮੀਨੀ ਹਕੀਕਤਾਂ ਉਪਰ ਵਿਚਾਰ ਕੀਤੇ ਬਗ਼ੈਰ ਐਸਵਾਈਐਲ ਦਾ ਨਿਰਮਾਣ ਕੀਤਾ ਗਿਆ ਤਾਂ ਦੱਖਣੀ ਪੰਜਾਬ ਦੇ ਪੁਰਾਣੇ ਨਕਸਲੀ ਤੇ ਖ਼ਾਲਿਸਤਾਨੀ ਖੇਤਰ ਵਿੱਚ ਅਮਨ-ਕਾਨੂੰਨ ਵਿਵਸਥਾ ਗੰਭੀਰ ਹੋ ਸਕਦੀ ਹੈ।
ਸੁਪਰੀਮ ਕੋਰਟ ਵੱਲੋਂ ਪਾਣੀ ਦੀ ਉਪਲੱਬਧਤਾ ਦੇ ਸਵਾਲ ‘ਤੇ ਜਾਇਜ਼ਾ ਲਏ ਬਗ਼ੈਰ ਐਸਵਾਈਐਲ ਦੇ ਨਿਰਮਾਣ ਸਬੰਧੀ ਨਿਰਦੇਸ਼ ਦੇਣ ਬਾਰੇ ਉਨ੍ਹਾਂ ਕਿਹਾ ਕਿ ਇਹ ਗੱਡੀ ਪਿੱਛੇ ਘੋੜਾ ਬੰਨ੍ਹਣ ਵਾਂਗ ਹੈ। ਨਹਿਰ ਦੇ ਨਿਰਮਾਣ ਵਿੱਚ ਭਾਰੀ  ਲਾਗਤ ਦਾ ਜ਼ਿਕਰ ਕਰਦਿਆ ਉਨ੍ਹਾਂ ਸੁਪਰੀਮ ਕੋਰਟ ਨੂੰ ਪੰਜਾਬ ਵਿਚ ਪਾਣੀ ਦੀ ਉਪਲੱਬਧਤਾ ‘ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਹੈ ਕਿ ਪੰਜਾਬ ਵਿੱਚ ਪਾਣੀ ਦੀ ਉਪਲੱਬਧਤਾ ਬਾਰੇ ਇੱਕ ਆਜ਼ਾਦ ਅਤੇ ਤਾਜ਼ਾ ਮੁਲਾਂਕਣ ਕਰਵਾਇਆ ਜਾਵੇ। ਉਨ੍ਹਾਂ ਨੇ 1955 ਤੋਂ ਵੱਖ ਵੱਖ ਕਮਿਸ਼ਨਾਂ ਵੱਲੋਂ ਦਰਿਆਈ ਪਾਣੀਆਂ ਦੇ ਪੱਧਰ ਦਾ ਪਤਾ ਲਾਉਣ ਵਾਸਤੇ ਕੀਤੀਆਂ ਕਾਰਵਾਈਆਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਕਿ ਅਸਲੀਅਤ ਵਿੱਚ ਇਰਾਡੀ ਕਮਿਸ਼ਨ ਨੇ 1928 ਤੋਂ ਹੜ੍ਹ ਦੇ ਪਾਣੀ ਨੂੰ ਵੀ ਗਿਣਦਿਆਂ ਪਿਛਲੇ ਅੰਕੜਿਆਂ ਦੇ ਆਧਾਰ ‘ਤੇ 18 ਮਿਲੀਅਨ ਏਕੜ ਫੀਟ (ਐਮਏਐਫ) ਦੇ ਆਪਣੇ ਅੰਕੜੇ ਪੇਸ਼ ਕਰ ਦਿੱਤੇ ਸਨ, ਜਦਕਿ ਅਸਲੀਅਤ ਇਹ ਹੈ ਕਿ ਗ੍ਰੀਨ ਹਾਊਸ ਪ੍ਰਭਾਵ ਹੇਠ ਗਲੇਸ਼ੀਅਰਾਂ ਦੇ ਪਿਘਲਣ ਕਰਕੇ ਪਾਣੀ ਦਾ ਪੱਧਰ ਕਾਫ਼ੀ ਹੇਠਾਂ ਡਿੱਗ ਚੁੱਕਾ ਹੈ ਅਤੇ ਪੰਜਾਬ ਕੋਲ ਫਾਲਤੂ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਨਰਗਠਨ ਐਕਟ 1966 ਨੇ ਪੰਜਾਬ ਤੇ ਹਰਿਆਣਾ ਵਿਚਾਲੇ ਰਾਵੀ-ਬਿਆਸ-ਸਤਲੁਜ ਸਮੇਤ ਹੋਰ ਮੁੱਖ ਸਾਧਨਾਂ ਨੂੰ 60:40 ਦੇ ਅਨੁਪਾਤ ਨਾਲ ਵੰਡਿਆ ਸੀ, ਹਾਲਾਂਕਿ ਯਮੁਨਾ ਦੇ ਪਾਣੀ ਦੇ ਮਾਮਲੇ ਵਿੱਚ ਇਸੇ ਸਿਧਾਂਤ ਦਾ  ਪਾਲਣ ਨਹੀਂ ਕੀਤਾ ਗਿਆ। ਇਸ ਕਾਰਨ ਹਰਿਆਣਾ ਨੂੰ ਇਸ ਤੋਂ 5.58 ਐਮ.ਏ.ਐਫ ਪਾਣੀ ਮਿਲਿਆ, ਜਦੋਂਕਿ ਪੰਜਾਬ ਨੂੰ ਕੁਝ ਨਹੀਂ ਮਿਲਿਆ ਅਤੇ ਇਸਦੇ ਕਾਰਨ ਹਰਿਆਣਾ ਕੋਲ ਕੁੱਲ ਪਾਣੀ 14.03 ਐਮ.ਏ.ਐਫ ਹੈ ਤੇ ਪੰਜਾਬ ਕੋਲ 12.6 ਐਮ.ਏ.ਐਫ ਬਚਿਆ ਹੈ। ਉਨ੍ਹਾਂ ਨੇ ਪਾਣੀਆਂ ਦੀ ਵੰਡ ਬਾਰੇ 1966 ਦੇ ਪੰਜਾਬ ਪੁਨਰ ਗਠਿਨ ਐਕਟ ਦੀ ਧਾਰਾ 78/79 ਦੀਆਂ ਤਜ਼ਵੀਜ਼ਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਚੌਟਾਲਾ ਵਲੋਂ ਪੰਜਾਬ ਦੇ ਆਗੂਆਂ ਨੂੰ ਹਰਿਆਣਾ ਵਿੱਚ ਦਾਖ਼ਲ ਨਾ ਹੋਣ ਦੇਣ ਦੀ ਧਮਕੀ ਬਾਰੇ ਉਨ੍ਹਾਂ  ਕਿਹਾ ਕਿ ਇਨੈਲੋ ਦੇ ਫਲਾਪ ਸ਼ੋਅ ਤੋਂ ਬਾਅਦ ਅਜਿਹੀ ਬਿਆਨਬਾਜ਼ੀ ਗ਼ੈਰ-ਜ਼ਿੰਮੇਵਾਰਾਨਾ ਤੇ ਨਿਰਾਸ਼ਾਪੂਰਨ ਹੈ।

ਇਨੈਲੋ ਵਰਕਰਾਂ ਨੇ ਘੱਗਰ ਨੂੰ ਹੀ ਐਸਵਾਈਐਲ ਸਮਝ ਲਿਆ
ਅੰਬਾਲਾ/ਬਿਊਰੋ ਨਿਊਜ਼ :
ਇਨੈਲੋ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦੀ ਖੁਦਾਈ ਕਰਨ ਲਈ ਕੀਤੇ ਐਲਾਨ ਅਨੁਸਾਰ ਹਰਿਆਣਾ ਵਿਚੋਂ 4 ਹਜ਼ਾਰ ਦੇ ਕਰੀਬ ਵਰਕਰ ਸ਼ਹਿਰ ਦੀ ਨਵੀਂ ਸਬਜ਼ੀ ਮੰਡੀ ਵਿੱਚ ਪੁੱਜੇ। ਅਭੈ ਚੌਟਾਲਾ ਨੇ ਹਰੇਕ ਵਰਕਰ ਨੂੰ ਕੱਸੀ ਆਪਣੇ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ ਸੀ ਪਰ ਬਹੁਤ ਘੱਟ ਵਰਕਰ ਕੱਸੀਆਂ ਲੈ ਕੇ ਪੁੱਜੇ। ਹਰਿਆਣਾ ਦੇ ਦੂਰ-ਦਰਾਜ ਤੋਂ ਆਏ ਇਨੈਲੋ ਵਰਕਰਾਂ ਨੂੰ ਇਹ ਹੀ ਨਹੀਂ ਸੀ ਪਤਾ ਕਿ ਐਸਵਾਈਐਲ ਕਿੱਥੇ ਹੈ? ਇਨ੍ਹਾਂ ਵਿਚੋਂ ਬਹੁਤੇ ਵਰਕਰ ਘੱਗਰ ਦਰਿਆ ਨੂੰ ਹੀ ਐਸਵਾਈਐਲ ਸਮਝਦੇ ਰਹੇ। ਪੰਜਾਬ ਸਰਹੱਦ ਵੱਲ ਕੂਚ ਕਰਨ ਤੋਂ ਪਹਿਲਾਂ ਨਵੀਂ ਸਬਜ਼ੀ ਮੰਡੀ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਭੈ ਚੌਟਾਲਾ ਨੇ ਤੱਥਾਂ ਸਹਿਤ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਹਰਿਆਣਾ ਬਣਾਉਣ ਵਾਲੇ ਚੌਧਰੀ ਦੇਵੀ ਲਾਲ ਸਨ ਤੇ ਹਰਿਆਣਾ ਦੀ ਪਿਆਸੀ ਧਰਤੀ ਦੀ ਪਿਆਸ ਬੁਝਾਉਣ ਲਈ ਯਤਨ ਕਰਨ ਵਾਲੇ ਵੀ ਚੌਧਰੀ ਦੇਵੀ ਲਾਲ ਹੀ ਸਨ, ਜਿਨ੍ਹਾਂ ਨੇ ਐਸਵਾਈਐਲ ਨਹਿਰ ਲਈ ਲੜਾਈ ਲੜੀ। ਉਨ੍ਹਾਂ ਕਿਹਾ ਕਿ ਪਿਛਲੇ 50 ਸਾਲਾਂ ਵਿੱਚ ਕਾਂਗਰਸ ਨੇ ਜੋ ਨਹੀਂ ਕੀਤਾ ਅਤੇ ਭਾਜਪਾ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਸ ਕੰਮ ਨੂੰ ਹੁਣ ਇਨੈਲੋ ਸਿਰੇ ਚੜ੍ਹਾਏਗੀ। ਰੈਲੀ ਤੋਂ ਬਾਅਦ ਇਨੈਲੋ ਵਰਕਰਾਂ ਨੇ ਟਰਾਲੀਆਂ ਅਤੇ ਗੱਡੀਆਂ ਵਿੱਚ ਸਵਾਰ ਹੋ ਕੇ ਪੰਜਾਬ ਬਾਰਡਰ ਵੱਲ ਕੂਚ ਕੀਤਾ। ਹਰਿਆਣਾ ਪੁਲੀਸ ਦੇ ਪਹਿਲੇ ਨਾਕੇ ‘ਤੇ ਉਨ੍ਹਾਂ ਨੂੰ ਨਹੀਂ ਰੋਕਿਆ ਗਿਆ ਪਰ ਟੌਲ ਪਲਾਜ਼ਾ ਤੋਂ ਪਹਿਲਾਂ ਲਾਏ ਨਾਕੇ ‘ਤੇ ਰੋਕ ਲਿਆ। ਘੱਗਰ ਦੇ ਪੁਲ ਤੋਂ ਪਹਿਲਾਂ ਲੱਗੇ ਨਾਕੇ ‘ਤੇ ਹਜੂਮ ਨੂੰ ਫਿਰ ਰੋਕਿਆ। ਇੱਥੇ ਅਭੈ ਚੌਟਾਲਾ ਨੇ ਵਰਕਰਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਗੇ ਪਾਰਟੀ ਦੇ ਵਿਧਾਇਕ ਅਤੇ ਅਹੁਦੇਦਾਰ ਜਾਣਗੇ, ਵਰਕਰ ਨਹੀਂ। ਪੰਜਾਬ ਪੁਲੀਸ ਨੇ ਵਰਕਰਾਂ ਨੂੰ ਵਾਪਸ ਜਾਣ ਲਈ 10 ਮਿੰਟ ਦਾ ਸਮਾਂ ਦਿੱਤਾ, ਜਿਸ ਤੋਂ ਬਾਅਦ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ।  ਦੱਸਣਯੋਗ ਹੈ ਕਿ ਹਰਿਆਣਾ ਦੇ ਦੂਰ-ਦਰਾਜ ਤੋਂ ਆਏ ਇਨੈਲੋ ਵਰਕਰਾਂ ਨੂੰ ਇਹ ਹੀ ਨਹੀਂ ਸੀ ਪਤਾ ਕਿ ਐਸਵਾਈਐਲ ਕਿੱਥੇ ਹੈ? ਇਨ੍ਹਾਂ ਵਿਚੋਂ ਬਹੁਤੇ ਵਰਕਰ ਘੱਗਰ ਦਰਿਆ ਨੂੰ ਹੀ ਐਸਵਾਈਐਲ ਸਮਝਦੇ ਰਹੇ।