ਦਸਵਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਿਡਾਰੀ ਆਈਪੀਐਲ ਤੋਂ ਬਾਹਰ ਹੋਣ ਲੱਗੇ

ਦਸਵਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਿਡਾਰੀ ਆਈਪੀਐਲ ਤੋਂ ਬਾਹਰ ਹੋਣ ਲੱਗੇ

ਕੋਲੰਬੋ/ਬਿਊਰੋ ਨਿਊਜ਼ :
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਦਸਵਾਂ ਸੀਜ਼ਨ ਅਜੇ ਸ਼ੁਰੂ ਵੀ ਨਹੀਂ ਹੋਇਆ, ਪਰ ਇਸ ਤੋਂ ਪਹਿਲਾਂ ਹੀ ਇਸ ਤੋਂ ਹਟਣ ਵਾਲੇ ਖਿਡਾਰੀਆਂ ਦੀ ਸੂਚੀ ਲੰਮੀ ਹੁੰਦੀ ਜਾ ਹੈ। ਟੂਰਨਾਮੈਂਟ ਵਿਚੋਂ ਹਟਣ ਵਾਲੇ ਖਿਡਾਰੀਆਂ ਵਿਚ ਇੱਕ ਹੋਰ ਨਾਂ ਸ੍ਰੀਲੰਕਾਈ ਖਿਡਾਰੀ ਏਂਜਲੋ ਮੈਥਿਊਜ਼ ਦਾ ਵੀ ਜੁੜ ਸਕਦਾ ਹੈ, ਜਿਸ ਦੇ ਟੀ-20 ਲੀਗ ਸ਼ੁਰੂ ਹੋਣ ਤੱਕ ਫਿੱਟ ਹੋਣ ਦੀ ਸੰਭਾਵਨਾ ਨਹੀਂ ਹੈ।
ਸ੍ਰੀਲੰਕਾਈ ਕ੍ਰਿਕਟ (ਐਸਐਲਸੀ) ਦੇ ਕ੍ਰਿਕਟ ਮੈਨੇਜਰ ਅਸਾਂਕਾ ਗੁਰੂਸਿਨ੍ਹਾ ਨੇ ਪੁਸ਼ਟੀ ਕੀਤੀ ਕਿ ਮੈਥਿਊਜ਼ ਫਿਟ ਨਹੀਂ ਹੈ ਅਤੇ ਉਹ ਅਗਲੇ ਹਫ਼ਤੇ ਬੰਗਲਾਦੇਸ਼ ਖ਼ਿਲਾਫ਼ ਟੀ-20 ਮੈਚ ਵੀ ਨਹੀਂ ਖੇਡ ਸਕੇਗਾ। ਉਸ ਦੇ ਪੰਜ ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ ਆਈਪੀਐੱਲ ਟੂਰਨਾਮੈਂਟ ਤੱਕ ਵੀ ਫਿੱਟ ਹੋਣ ਦੀ ਆਸ ਨਹੀਂ ਹੈ। ਮੈਥਿਊਜ਼ ਹੈਮਸਟ੍ਰਿੰਗ ਦੀ ਸੱਟ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਵਿਚ ਵੀ ਹਿੱਸਾ ਨਹੀਂ ਲੈ ਸਕਿਆ ਸੀ। ਉਸ ਦੇ ਆਈਪੀਐਲ ਤੱਕ ਠੀਕ ਹੋਣ ਦੀ ਆਸ ਸੀ, ਪਰ ਪਿੰਜਣੀ ਵਿਚ ਖਿੱਚ ਮਗਰੋਂ ਹੁਣ ਉਸ ਦੀ ਵਾਪਸੀ ਫਿਰ ਟਲ ਗਈ ਹੈ।
ਇਸੇ ਦੌਰਾਨ ਰੌਇਲ ਚੈਲੇਂਜਰਜ਼ ਬੇਂਗਲੁਰੂ ਨੂੰ ਉਸ ਸਮੇਂ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਉਸ ਦਾ ਧਮਾਕੇਦਾਰ ਬੱਲੇਬਾਜ਼ ਏਬੀ ਡੀਵਿਲੀਅਰਜ਼ ਆਈਪੀਐੱਲ ਦੇ 10ਵੇਂ ਸੀਜ਼ਨ ਵਿਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਜ਼ਖ਼ਮੀ ਹੋ ਗਿਆ। ਬੇਂਗਲੁਰੂ ਦਾ ਕਪਤਾਨ ਵਿਰਾਟ ਕੋਹਲੀ ਸੱਟ ਕਾਰਨ ਪੰਜ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਟੀ-20 ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਨਹੀਂ ਖੇਡ ਸਕੇਗਾ ਜਦਕਿ ਉਸ ਦਾ ਓਪਨਰ ਕੇਐਲ ਰਾਹੁਲ ਪੂਰੀ ਤਰ੍ਹਾਂ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਵਿਰਾਟ ਤੇ ਰਾਹੁਲ ਦੀ ਗ਼ੈਰ ਮੌਜੂਦਗੀ ਵਿਚ ਆਸ ਕੀਤੀ ਜਾ ਰਹੀ ਸੀ ਕਿ ਡਿਵੀਲੀਅਰਜ਼ ਬੇਂਗਲੁਰੂ ਟੀਮ ਦੀ ਕਮਾਨ ਸੰਭਾਲੇਗਾ। ਡੀਵਿਲੀਅਰਜ਼ ਨੂੰ ਦੱਖਣੀ ਅਫਰੀਕਾ ਵਿਚ ਘਰੇਲੂ ਇੱਕ ਰੋਜ਼ਾ ਟੂਰਨਾਮੈਂਟ ਮੌਮੈਂਟਮ ਕੱਪ ਦੇ ਫਾਈਨਲ ‘ਚ ਟਾਈਟਨਜ਼ ਵੱਲੋਂ ਖੇਡਣਾ ਸੀ, ਪਰ ਪਿੱਠ ਦੀ ਸੱਟ ਕਾਰਨ ਉਹ ਇਸ ਤੋਂ ਬਾਹਰ ਹੋ ਗਿਆ ਹੈ। ਆਈਪੀਐੱਲ ਦੇ 10ਵੇਂ ਸੀਜ਼ਨ ਵਿਚ ਖੇਡਣ ਨੂੰ ਲੈ ਕੇ ਡੀਵਿਲੀਅਰਜ਼ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਪਰ ਜੇਕਰ ਡੀਵਿਲੀਅਰਜ਼ ਵੀ ਲੀਗ ਵਿਚੋਂ ਬਾਹਰ ਰਹਿੰਦਾ ਹੈ ਤਾਂ ਉਸ ਦੀ ਥਾਂ ਆਸਟਰੇਲੀਆ ਦੇ ਸਾਬਕਾ ਆਲ ਰਾਊਂਡਰ ਸ਼ੇਨ ਵਾਟਸਨ ਟੀਮ ਕਪਤਾਨੀ ਸੰਭਾਲ ਸਕਦਾ ਹੈ।
ਕੋਹਲੀ ਜਲਦੀ ਹੀ ਕਰੇਗਾ ਵਾਪਸੀ :
ਨਵੀਂ ਦਿੱਲੀ: ਭਾਰਤੀ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇੰਡੀਅਨ ਪ੍ਰੀਮੀਅਰ ਲੀਗ ਦੇ ਸ਼ੁਰੂਆਤੀ ਮੈਚਾਂ ਵਿਚ ਆਪਣੀ ਟੀਮ ਰੌਇਲ ਚੈਲੇਂਜਰਜ਼ ਬੇਂਗਲੁਰੂ ਲਈ ਨਹੀਂ ਖੇਡ ਸਕੇਗਾ, ਪਰ ਉਸ ਨੇ ਐਤਵਾਰ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਂ ਸੁਨੇਹਾ ਜਾਰੀ ਕਰਕੇ ਜਲਦ ਵਾਪਸੀ ਦਾ ਭਰੋਸਾ ਦਿੱਤਾ ਹੈ। ਕੋਹਲੀ ਨੇ ਸੋਸ਼ਲ ਨੈਟਵਰਕਿੰਗ ਸਾਈਟ ਟਵਿਟਰ ‘ਤੇ ਇੱਕ ਵੀਡੀਓ ਰਾਹੀਂ ਆਪਣੇ ਪ੍ਰੰਸ਼ਸਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਸ ਨੇ ਕਿਹਾ, ‘ਤੁਹਾਡੇ ਢੇਰ ਸਾਰੇ ਪਿਆਰ ਅਤੇ ਮੇਰੇ ਲਈ ਫਿਕਰ ਕਰਨ ਲਈ ਧੰਨਵਾਦ, ਆਰਸੀਬੀ ਦੀ ਚੰਗੀ ਸ਼ੁਰੂਆਤ ਲਈ ਹੌਸਲਾ ਵਧਾਉਂਦੇ ਰਹੋ।’ ਕੋਹਲੀ ਨੇ ਇੱਕ ਵੱਖਰੀ ਪੋਸਟ ਵਿਚ ਟੀਮ ਇੰਡੀਆ ਦੇ ਫਿਜ਼ੀਓ ਪੈਟ੍ਰਿਕ ਫਰਹਾਤ ਨਾਲ ਇੱਕ ਸੈਲਫੀ ਵੀ ਸਾਂਝੀ ਕੀਤੀ।