ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨਹੀਂ ਰਹੇ

ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨਹੀਂ ਰਹੇ

ਸਰਕਾਰੀ ਸਨਮਾਨਾਂ ਨਾਲ ਕੀਤਾ ਸਸਕਾਰ
ਬਰਨਾਲਾ/ਬਿਊਰੋ ਨਿਊਜ਼ :
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ (91) ਦਾ ਇੱਥੇ ਪੀਜੀਆਈ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਸੁਰਜੀਤ ਕੌਰ ਬਰਨਾਲਾ ਅਤੇ ਦੋ ਪੁੱਤਰ ਜਸਜੀਤ ਸਿੰਘ ਅਤੇ ਗਗਨਜੀਤ ਸਿੰਘ ਹਨ। ਗਗਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਬਰਨਾਲਾ ਦੋ ਦਿਨਾਂ ਤੋਂ ਪੀਜੀਆਈ ਵਿਚ ਜ਼ੇਰੇ-ਇਲਾਜ ਸਨ। ਉਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਸੀ ਅਤੇ ਤੇਜ਼ ਬੁਖਾਰ ਵੀ ਸੀ। ਸੁਰਜੀਤ ਸਿੰਘ ਬਰਨਾਲਾ ਨੂੰ ਇੱਥੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।
ਇਕੱਤਰ ਰਿਸ਼ਤੇਦਾਰਾਂ, ਸਨੇਹੀਆਂ, ਵਰਕਰਾਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਦੇਹ ਦੇ ਦਰਸ਼ਨਾਂ ਮਗਰੋਂ ਕਰੀਬ ਚਾਰ ਕੁ ਵਜੇ ਰਾਮ ਬਾਗ ਦੇ ਸ਼ਮਸ਼ਾਨਘਾਟ ਵਿੱਚ ਲਿਜਾਇਆ ਗਿਆ, ਜਿੱਥੇ ਪੰਜਾਬ ਪੁਲੀਸ ਦੀ ਟੁਕੜੀ ਨੇ ਹਵਾਈ ਫਾਇਰ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਜਸਜੀਤ ਸਿੰਘ ਤੇ ਗਗਨਜੀਤ ਸਿੰਘ ਬਰਨਾਲਾ ਨੇ ਦਿਖਾਈ। ਇਸ ਮੌਕੇ ਸ੍ਰੀ ਬਰਨਾਲਾ ਦੀ ਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ, ਪੋਤਰਾ ਸਿਮਰ ਪ੍ਰਤਾਪ ਸਿੰਘ, ਭਾਣਜਾ ਹਰਿੰਦਰ ਪਾਲ ਸਿੰਘ ਖਰੌੜ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਤਾਮਿਲਨਾਡੂ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ, ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਗੁਰਸ਼ਰਨਜੀਤ ਸਿੰਘ ਗਰੇਵਾਲ ਅਤੇ ਵੱਖ ਵੱਖ ਸ਼ਖ਼ਸੀਅਤਾਂ ਨੇ ਦੇਹ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਅੰਤਿਮ ਵਿਦਾਇਗੀ ਵੇਲੇ ਉੱਤਰਾਖੰਡ ਦੇ ਖੇਡ ਤੇ ਵਣ ਮੰਤਰੀ ਦਿਨੇਸ਼ ਅਗਰਵਾਲ, ਉੱਤਰਾਖੰਡ ਰਾਜ ਭਵਨ ਦੇ ਪ੍ਰੋਟੋਕੋਲ ਅਫ਼ਸਰ ਸੰਤੋਸ਼ ਸ਼ਕਲਾਨੀ, ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਗੋਬਿੰਦ ਸਿੰਘ ਕਾਂਝਲਾ, ਟਰਾਈਡੈਂਟ ਉਦਯੋਗ ਸਮੂਹ ਦੇ ਚੇਅਰਮੈਨ ਰਾਜਿੰਦਰ ਗੁਪਤਾ, ਪੰਜਾਬ ਕਾਂਗਰਸ ਦੇ ਸੂਬਾਈ ਮੀਤ ਪ੍ਰਧਾਨ ਤੇ ਵਿਧਾਇਕ ਕੇਵਲ ਸਿੰਘ ਢਿੱਲੋਂ, ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ, ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਵੀ ਹਾਜ਼ਰ ਸਨ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਰਨਾਲਾ ਨੂੰ ਹਮੇਸ਼ਾ ਅਤਿਵਾਦ ਖ਼ਿਲਾਫ਼ ਸਖ਼ਤ ਸਟੈਂਡ ਲੈਣ ਲਈ ਯਾਦ ਕੀਤਾ ਜਾਵੇਗਾ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਸ੍ਰੀ ਬਰਨਾਲਾ ਦੇ ਦੇਹਾਂਤ ਉਤੇ ਦੁੱਖ ਪ੍ਰਗਟਾਇਆ।
ਜ਼ਿਕਰਯੋਗ ਹੈ ਕਿ ਅੰਤਿਮ ਦਿਨਾਂ ਦੌਰਾਨ ਸ੍ਰੀ ਬਰਨਾਲਾ ਦਾ ਧਿਆਨ ਪੜ੍ਹਨ-ਲਿਖਣ ‘ਤੇ ਕੇਂਦਰਿਤ ਸੀ ਅਤੇ ਇਨ੍ਹੀਂ ਦਿਨੀਂ ਉਹ ਕਿਤਾਬ ਲਿਖ ਰਹੇ ਸਨ। ਸ੍ਰੀ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਦੇ ਮੂਹਰਲੀਆਂ ਸਫ਼ਾਂ ਦੇ ਆਗੂ ਰਹੇ ਹਨ, ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਿਆਸੀ ਸਾਥੀਆਂ ਵਿੱਚੋਂ ਇਕ ਸਨ। ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਦੋ ਵਾਰ ਕੇਂਦਰੀ ਵਜ਼ੀਰ ਰਹੇ। ਇਸ ਤੋਂ ਬਿਨਾਂ ਉਹ ਆਂਧਰਾ ਪ੍ਰਦੇਸ਼, ਉਤਰਾਖੰਡ, ਉੜੀਸਾ ਅਤੇ ਤਾਮਿਲਨਾਡੂ ਦੇ ਰਾਜਪਾਲ ਅਤੇ ਪੁੱਡੂਚੇਰੀ ਦੇ ਉਪ ਰਾਜਪਾਲ ਵੀ ਰਹੇ। ਉਨ੍ਹਾਂ ਵੱਖ-ਵੱਖ ਅਕਾਲੀ ਅੰਦੋਲਨਾਂ ਅਤੇ ਐਮਰਜੈਂਸੀ ਦੌਰਾਨ ਜੇਲ੍ਹ ਵੀ ਕੱਟੀ। 21 ਅਕਤੂਬਰ 1925 ਨੂੰ ਜਨਮੇ ਸ੍ਰੀ ਬਰਨਾਲਾ ਨੇ ਜਵਾਨੀ ਦੇ ਦਿਨਾਂ ਦੌਰਾਨ 1942 ਵਿੱਚ ‘ਭਾਰਤ ਛੱਡੋ ਮੁਹਿੰਮ’ ਵਿੱਚ ਵੀ ਹਿੱਸਾ ਲਿਆ। ਸ੍ਰੀ ਬਰਨਾਲਾ ਦੇ ਚਲਾਣੇ ਨਾਲ ਉਨ੍ਹਾਂ ਦੇ ਹਮਾਇਤੀਆਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਸੁਰਜੀਤ ਸਿੰਘ ਬਰਨਾਲਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਕੁਸ਼ਲ ਪ੍ਰਸ਼ਾਸਕ, ਨੇਕ ਇਨਸਾਨ ਅਤੇ ਸੁਲਝੇ ਹੋਏ ਸਿਆਸਤਦਾਨ ਕਰਾਰ ਦਿੱਤਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੁਰਜੀਤ ਸਿੰਘ ਬਰਨਾਲਾ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ ਦੇਸ਼ ਦੇ ਸਰੋਕਾਰਾਂ ਨਾਲ ਨੇੜਿਓਂ ਜੁੜੇ ਰਹੇ ਸ੍ਰੀ ਬਰਨਾਲਾ ਨੇ ਰਾਜਨੀਤੀ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਸੁਰਜੀਤ ਸਿੰਘ ਬਰਨਾਲਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਜਦੋਂ ਬਰਨਾਲਾ ਪ੍ਰਧਾਨ ਮੰਤਰੀ ਬਣਨੋਂ ਰਹਿ ਗਏ…
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ 5 ਸੂਬਿਆਂ ਦੇ ਰਾਜਪਾਲ ਰਹੇ ਸੁਰਜੀਤ ਸਿੰਘ ਬਰਨਾਲਾ ਅਕਾਲੀ ਸਿਆਸਤ ਵਿੱਚ ਭੱਦਰਪੁਰਸ਼ ਅਤੇ ਸਾਊ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਨ। ਸੂਬੇ ਦੀ ਰਾਜਨੀਤੀ ਵਿੱਚ ਆਏ ਉਤਰਾਅ-ਚੜ੍ਹਾਅ ਦੌਰਾਨ ਬਰਨਾਲਾ ਦੇ ਪਰਿਵਾਰ ਨੇ ਭਾਵੇਂ ਕਾਂਗਰਸ ਨਾਲ ਵੀ ਸਾਂਝ ਪਾਈ ਪਰ ਸ੍ਰੀ ਬਰਨਾਲਾ ਨੇ ਮਰਦੇ ਦਮ ਤਕ ਖੁਦ ਨੂੰ ‘ਅਕਾਲੀ’ ਰੱਖਣ ਦਾ ਹੀ ਯਤਨ ਕੀਤਾ। ਸਿਆਸਤ ਦੇ ਖੇਤਰ ਵਿੱਚ ਅਜਿਹੇ ਬਹੁਤ ਘੱਟ ਵਿਅਕਤੀ ਹੁੰਦੇ ਹਨ ਜੋ ਰਾਜਨੀਤੀ ਦੇ ਨਾਲ ਨਾਲ ਹੋਰਨਾਂ ਗੁਣਾਂ ਨਾਲ ਵੀ ਲਬਰੇਜ਼ ਹੋਣ। ਇਹ ਮਾਣ ਵੀ ਸੁਰਜੀਤ ਸਿੰਘ ਬਰਨਾਲਾ ਦੇ ਹਿੱਸੇ ਆਉਂਦਾ ਹੈ ਕਿਉਂਕਿ ਉਹ ਸਿਆਸਤ ਦੇ ਖੇਤਰ ਦੀਆਂ ਵੱਡੀਆਂ ਮੰਜ਼ਿਲਾਂ ‘ਤੇ ਪਹੁੰਚਣ ਦੇ ਨਾਲ-ਨਾਲ ਇੱਕ ਚੰਗੇ ਆਰਟਿਸਟ (ਚਿੱਤਰਕਾਰ) ਅਤੇ ਲਿਖਾਰੀ ਵੀ ਸਨ। ਉਨ੍ਹਾਂ ਕਈ ਚਰਚਿਤ ਕਿਤਾਬਾਂ ਲਿਖੀਆਂ। ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰ ਵਿੱਚ ਦੋ ਵਾਰ ਵਜ਼ੀਰ ਅਤੇ ਕਈ ਸੂਬਿਆਂ ਦੇ ਗਵਰਨਰ ਰਹੇ। ਉਨ੍ਹਾਂ ਵੱਖ-ਵੱਖ ਅਕਾਲੀ ਅੰਦੋਲਨਾਂ ਅਤੇ ਐਮਰਜੈਂਸੀ ਦੌਰਾਨ ਜੇਲ੍ਹ ਵੀ ਕੱਟੀ। ਸ੍ਰੀ ਬਰਨਾਲਾ ਅਕਾਲੀ ਦਲ ਦੇ ਉਸ ਦੌਰ ਦੇ ਨੇਤਾ ਸਨ ਜਦੋਂ ਇਸ ਪਾਰਟੀ ਵਿੱਚ ਧੜੱਲੇਦਾਰ ਆਗੂਆਂ ਦਾ ਦਬਦਬਾ ਸੀ। ਉਨ੍ਹਾਂ ਨੂੰ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਰੀਬੀਆਂ ਵਿੱਚੋਂ ਮੰਨਿਆ ਜਾਂਦਾ ਸੀ। ਸ੍ਰੀ ਬਰਨਾਲਾ ਦਾ ਜਨਮ ਹਰਿਆਣਾ ਦੇ ਅਟੇਲੀ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮੈਜਿਸਟਰੇਟ ਸਨ ਅਤੇ ਬਰਨਾਲਾ ਸ਼ਹਿਰ ਦੇ ਨਜ਼ਦੀਕ ਪਿੰਡ ਧੌਲਾ ਉਨ੍ਹਾਂ ਦਾ ਜੱਦੀ ਪਿੰਡ ਮੰਨਿਆ ਜਾਂਦਾ ਹੈ। ਉਨ੍ਹਾਂ 1946 ਵਿੱਚ ਲਖਨਊ ਤੋਂ ਵਕਾਲਤ ਦੀ ਡਿਗਰੀ ਕੀਤੀ ਅਤੇ ਸੱਠਵਿਆਂ ਦੇ ਅੰਤ ਤਕ ਕੁਝ ਸਾਲ ਬਰਨਾਲਾ ਅਤੇ ਹੋਰਨਾਂ ਸ਼ਹਿਰਾਂ ਦੀਆਂ ਕਚਹਿਰੀਆਂ ਵਿੱਚ ਵਕਾਲਤ ਵੀ ਕੀਤੀ। ਉਨ੍ਹਾਂ ਰਾਜਨੀਤੀ ਦੇ ਖੇਤਰ ਵਿੱਚ ਪਹਿਲਾ ਕਦਮ 1952 ਦੀਆਂ ਚੋਣਾਂ ਦੌਰਾਨ ਧਰਿਆ ਪਰ ਉਹ ਮਹਿਜ਼ 4 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਸਿਆਸਤ ਵਿੱਚ ਉਨ੍ਹਾਂ ਨੂੰ ਪਹਿਲੀ ਜ਼ਿੰਮੇਵਾਰੀ 1969 ਵਿਚ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਵਿੱਚ ਮਿਲੀ ਜਦੋਂ ਉਹ ਰਾਜ ਦੇ ਸਿੱਖਿਆ ਮੰਤਰੀ ਬਣੇ। ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਐਮਰਜੈਂਸੀ ਵੇਲੇ ਸ੍ਰੀ ਬਰਨਾਲਾ ਮੱਧ ਪ੍ਰਦੇਸ਼ ਦੀ ਜੇਲ੍ਹ ਵਿੱਚ ਬੰਦ ਰਹੇ। ਉਸ ਤੋਂ ਬਾਅਦ ਜਦੋਂ ਮੋਰਾਰਜੀ ਦੇਸਾਈ ਦੀ ਅਗਵਾਈ ਹੇਠ ਕੇਂਦਰ ਵਿਚ ਸਰਕਾਰ ਬਣੀ ਤਾਂ ਸ੍ਰੀ ਬਰਨਾਲਾ ਖੇਤੀਬਾੜੀ, ਸਿੰਜਾਈ, ਖੁਰਾਕ ਤੇ ਖ਼ਪਤਕਾਰ ਮਾਮਲਿਆਂ ਦੇ ਮੰਤਰੀ ਬਣੇ ਅਤੇ ਉਨ੍ਹਾਂ 1978 ਵਿੱਚ ਬੰਗਲਾਦੇਸ਼ ਨਾਲ ਇਤਿਹਾਸਕ ਫਰਾਕਾ ਸਮਝੌਤੇ ‘ਤੇ ਵੀ ਦਸਤਖਤ ਕੀਤੇ ਸਨ। ਸਾਲ 1979 ਵਿੱਚ ਜਦੋਂ ਦੇਸਾਈ ਸਰਕਾਰ ਅਸਥਿਰ ਹੋ ਗਈ ਸੀ ਤਾਂ ਸ੍ਰੀ ਬਰਨਾਲਾ ਦਾ ਨਾਮ ਕੌਮੀ ਸਰਕਾਰ ਦੇ ਮੁਖੀ ਵਜੋਂ ਉਭਰ ਕੇ ਸਾਹਮਣੇ ਆਇਆ ਸੀ। ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤਕ ਪਹੁੰਚਦੇ ਪਹੁੰਚਦੇ ਕਈ ਵਾਰੀ ਰਹਿ ਗਏ। ਉਹ 29 ਸਤੰਬਰ 1985 ਤੋਂ 11 ਮਈ 1987 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਅਤਿਵਾਦ ਦੇ ਦੌਰ ਸਮੇਂ ਉਨ੍ਹਾਂ ਦੀ ਭੂਮਿਕਾ ਅਤਿਵਾਦ ਵਿਰੋਧੀ ਰਹੀ। ਇਸੇ ਕਰ ਕੇ ਉਹ ਅਤਿਵਾਦੀਆਂ ਦੇ ਨਿਸ਼ਾਨੇ ‘ਤੇ ਸਨ। ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਰਮਿਆਨ ਹੋਏ ‘ਪੰਜਾਬ ਸਮਝੌਤੇ’ ਵਿੱਚ ਵੀ ਸ੍ਰੀ ਬਰਨਾਲਾ ਨੇ ਅਹਿਮ ਭੂਮਿਕਾ ਨਿਭਾਈ ਸੀ। ਸਾਲ 1992 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨੇ ਅਤਿਵਾਦੀਆਂ ਦੀਆਂ ਧਮਕੀਆਂ ਤੋਂ ਡਰਦਿਆਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ ਪਰ ਸ੍ਰੀ ਬਰਨਾਲਾ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਧਮਕੀਆਂ ਤੋਂ ਨਾ ਡਰਦਿਆਂ ਜਮਹੂਰੀ ਪ੍ਰਣਾਲੀ ਵਿਚ ਹਿੱਸਾ ਲਿਆ ਸੀ। ਭਾਜਪਾ ਦੀ ਅਗਵਾਈ ਹੇਠ 1998 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਬਣੀ ਤਾਂ ਉਹ ਅਕਾਲੀ ਦਲ ਦੇ ਨੁਮਾਇੰਦੇ ਵਜੋਂ ਸਰਕਾਰ ਵਿੱਚ ਕੇਂਦਰੀ ਮੰਤਰੀ ਬਣੇ। ਸਾਲ 1999 ਵਿੱਚ ਉਨ੍ਹਾਂ ਨੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੋਂ ਅਜਿਹੀ ਸ਼ਿਕਸਤ ਖਾਧੀ ਕਿ ਮੁੜ ਸਰਗਰਮ ਰਾਜਨੀਤੀ ਦਾ ਹਿੱਸਾ ਨਾ ਬਣ ਸਕੇ। ਸ੍ਰੀ ਬਰਨਾਲਾ ਨੂੰ ਅਟਲ ਸਰਕਾਰ ਨੇ ਰਾਜਪਾਲ ਨਿਯੁਕਤ ਕੀਤਾ ਅਤੇ ਉਹ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵਿੱਚ ਵੀ ਗਵਰਨਰ ਬਣੇ ਰਹੇ। ਉਨ੍ਹਾਂ ਦਾ ਪੁੱਤਰ ਗਗਨਜੀਤ ਸਿੰਘ ਧੂਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਿਹਾ। ਪੋਤਰੇ ਸਿਮਰਜੀਤ ਸਿੰਘ ਨੇ ਕਾਂਗਰਸ ਦੀ ਟਿਕਟ ‘ਤੇ ਧੂਰੀ ਦੀ ਉਪ ਚੋਣ ਲੜੀ ਸੀ ਪਰ ਕਾਮਯਾਬੀ ਨਹੀਂ ਮਿਲੀ।