ਭਾਰਤੀ ਕ੍ਰਿਕਟ ਬੋਰਡ ਆਈਪੀਐੱਲ ਵਿੱਚ ‘ਫੈਬ ਫਾਈਵ’ ਦਾ ਕਰੇਗਾ ਸਨਮਾਨ

ਭਾਰਤੀ ਕ੍ਰਿਕਟ ਬੋਰਡ ਆਈਪੀਐੱਲ ਵਿੱਚ ‘ਫੈਬ ਫਾਈਵ’ ਦਾ ਕਰੇਗਾ ਸਨਮਾਨ

ਨਵੀਂ ਦਿੱਲੀ/ਬਿਊਰੋ ਨਿਊਜ਼ :
ਆਈਪੀਐਲ ਦੀ ਸੰਚਾਲਨ ਕਮੇਟੀ ਨੇ ਆਈਪੀਐੱਲ ਦੇ ਦਸਵੇਂ ਗੇੜ ਵਿੱਚ ਕ੍ਰਿਕਟ ਦੇ ਪੰਜ ਮਹਾਨ ਖਿਡਾਰੀਆਂ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਰਾਹੁਲ ਦਰਾਵਿੜ ਵੀਵੀਐਸ ਲਕਸ਼ਮਣ, ਵੀਰੇਂਦਰ ਸਹਿਵਾਗ ਨੂੰ ਭਾਰਤੀ ਕ੍ਰਿਕਟ ਬੋਰਡ ਨੇ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਖਿਡਾਰੀਆਂ ਦਾ ਸਨਮਾਨ ਲੀਗ ਦੇ ਉਦਘਾਟਨੀ ਸਮਾਰੋਹ ਦੌਰਾਨ ਹੋਵੇਗਾ।
ਆਈਪੀਐਲ ਦੇ ਚੇਅਰਮੈਨ ਰਾਜੀਵ ਸ਼ੁਕਲਾ ਨੇ ਆਈਪੀਐਲ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਿਹਾ ਭਾਰਤੀ ਕ੍ਰਿਕਟ ਦੇ ਪੰਜਾਂ ਧੁਨੰਤਰਾਂ ਦਾ ਸਨਮਾਨ 5 ਅਪ੍ਰੈਲ ਨੂੰ ਹੈਦਰਾਬਾਦ ਵਿੱਚ ਆਈਪੀਐੱਲ ਦੇ ਉਦਘਾਟਨ ਦੌਰਾਨ ਕੀਤਾ ਜਾਵੇਗਾ। ਇਨ੍ਹਾ ਪੰਜਾਂ ਵਿੱਚੋਂ ਚਾਰ ਖਿਡਾਰੀ ਭਾਰਤੀ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਹਨ। ਹਾਲਾਂ ਕਿ ਇਹ ਪਤਾ ਨਹੀ ਚੱਲ ਸਕਿਆ ਕਿ ਭਾਰਤੀ ਟੀਮ ਦੇ ਮੌਜੂਦਾ ਕੋਚ ਅਤੇ ਸਾਬਕਾ ਕਪਤਾਨ ਅਨਿਲ ਕੁੰਬਲੇ ਦਾ ਨਾਂਅ ਸਨਮਾਨ ਹਾਸਲ ਕਰਨ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਕਿਉਂ ਨਹੀ ਕੀਤਾ ਗਿਆ। ਭਾਰਤ ਦੇ ਸੁਨਹਿਰੀ ਯੁੱਗ ਦੀ ਸ਼ੁਰੂਆਤ ਲਈ ਕੁੰਬਲੇ ਦਾ ਵੀ ਯੋਗਦਾਨ ਅਹਿਮ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਡਾਇਨਾ ਐਡੁਲਜ਼ੀ  ਦੀ ਬੇਨਤੀ ਉੱਤੇ ਭਾਰਤ ਦੀਆਂ ਸਾਬਕਾ ਮਹਿਲਾ ਕ੍ਰਿਕਟਰਾਂ ਨੂੰ ਇੱਕਮੁਸ਼ਤ ਭੁਗਤਾਨ ਲਈ ਚੈੱਕ ਸੌਂਪੇ ਜਾਣਗੇ।
ਆਈਪੀਐੱਲ ਸ਼ੁਰੂ ਹੋਣ ਤੋਂ ਪਹਿਲਾਂ ਜਾਰੀ ਹੋਵੇਗਾ ਫੰਡ :
ਨਵੀਂ ਦਿੱਲੀ : ਆਈਪੀਐਲ ਭੁਗਤਾਨ ਵਿਵਸਥਾ ਵਿੱਚ ਬਦਲਾਅ ਕਰਦਿਆਂ ਪ੍ਰਸ਼ਾਸਕਾਂ ਦੀ ਕਮੇਟੀ ਨੇ ਸੂਬਾਈ ਐਸੋਸੀਏਸ਼ਨਾਂ ਨੂੰ ਉਨ੍ਹਾਂ ਦੇ ਪਹਿਲੇ ਮੈਚਾਂ ਤੋਂ ਬਾਅਦ ਫੰਡ ਜਾਰੀ ਕਰਨ ਉੱਤੇ ਸਹਿਮਤੀ ਪ੍ਰਗਟਾਈ ਹੈ। ਹਰ ਸੂਬਾਈ ਐਸੋਸੀਏਸ਼ਨ ਨੂੰ ਆਈਪੀਐੱੱਲ ਦੇ ਹਰ ਮੈਚ ਲਈ 60 ਲੱਖ ਰੁਪਏ ਮਿਲਣੇ ਹਨ। ਇਸ ਵਿੱਚ ਤੀਹ ਲੱਖ  ਰੁਪਏ ਆਈਪੀਐੱਲ ਫਰੈਂਚਾਈਜ਼ੀ ਮੈਚ ਤੋਂ ਪਹਿਲਾਂ ਦਿੰਦੀ ਹੈ। ਜਦੋਂ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਪਣੇ ਹਿੱਸੇ ਦੀ ਮੈਚ ਫੀਸ ਆਈਪੀਐੱਲ ਖ਼ਤਮ ਹੋਣ ਤੋਂ ਦੋ ਹਫ਼ਤੇ ਬਾਅਦ ਦਿੰਦਾ ਰਿਹਾ ਹੈ। ਆਈਪੀਐਲ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਦਸ ਸੂਬਾਈ ਐਸੋਸੀਏਸ਼ਨਾਂ ਨਾਲ ਮੀਟਿੰਗ ਵਿੱਚ ਭਰੋਸਾ ਦਿੱਤਾ ਕਿ ਹੁਣ ਕ੍ਰਿਕਟ ਬੋਰਡ ਵੀ ਆਪਣੇ ਹਿੱਸੇ ਦੀ ਰਕਮ ਪਹਿਲਾਂ ਦੇਵੇਗਾ। ਇੱਕ ਸੂਬਾਈ ਐਸੋਸੀਏਸ਼ਨ ਦੇ ਪ੍ਰਧਾਨ ਨੇ ਏਜੰਸੀ ਨੇ ਦੱਸਿਆ ਕਿ ਸਾਰੀਆਂ ਰਾਜ ਇਕਾਈਆਂ ਨੂੰ ਮੈਚ ਦੀ ਪੂਰੀ ਰਕਮ ਮੈਚ ਤੋਂ ਪਹਿਲਾਂ ਹੀ ਮਿਲ ਜਾਵੇਗੀ। ਦਸ ਸੂਬਾਈ ਐਸੋਸੀਏਸ਼ਨਾਂ ਦਿੱਲੀ, ਕਰਨਾਟਕ, ਮੁੰਬਈ, ਮਹਾਂਰਾਸ਼ਟਰ, ਬੰਗਾਲ, ਪੰਜਾਬ, ਉੱਤਰ ਪ੍ਰਦੇਸ਼, ਹੈਦਰਾਬਾਦ, ਸੌਰਾਸ਼ਟਰ, ਮੱਧ ਪ੍ਰਦੇਸ਼ ਦੇ ਨੁਮਾਇੰਦਿਆਂ ਨੇ ਸੀਈਓਜ਼ ਨਾਲ ਮੁਲਾਕਾਤ ਕੀਤੀ ਸੀ। ਇਸ ਫੈਸਲੇ ਮਗਰੋਂ ਦਿੱਲੀ ਅਤੇ ਬੰਗਲੌਰ ਨੂੰ ਚਾਰ ਕਰੋੜ ਵੀਹ ਲੱਖ ਰੁਪਏ, ਕਾਨ੍ਹਪੁਰ ਨੂੰ ਦੋ ਮੈਚਾਂ ਲਈ ਇੱਕ ਕਰੋੜ ਵੀਹ ਲੱਖ ਰੁਪਏ ਮਿਲਣਗੇ। ਇਸ ਮਟਿੰਗ ਵਿੱਚ ਵਿਨੋਦ ਰਾਏ ਅਤੇ ਡਾਇਨਾ ਐਡੁਲਜੀ ਮੌਜੂਦ ਸਨ ਜਦੋਂ ਕਿ ਰਾਮਾਚੰਦਰਨ ਗੁਹਾ ਅਤੇ ਵਿਕਰਮ ਲਿਮਏ ਹਾਜ਼ਰ ਨਹੀਂ ਸਨ।