ਆਸਟਰੇਲੀਅਨ ਮੀਡੀਆ ਨੇ ਵਿਰਾਟ ਕੋਹਲੀ ਦੀ ਤਿੱਖੀ ਨੁਕਤਚੀਨੀ ਕੀਤੀ
ਮੈਲਬਰਨ/ਬਿਊਰੋ ਨਿਊਜ਼ :
ਆਸਟਰੇਲੀਅਨ ਟੀਮ ਨੂੰ ਭਵਿੱਖ ਵਿਚ ਆਪਣਾ ਮਿੱਤਰ ਦੱਸਣ ਤੋਂ ਇਨਕਾਰੀ ਹੋਏ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਉੱਥੋਂ ਦੇ ਮੀਡੀਆ ਨੇ ਤਿੱਖੀ ਨੁਕਤਾਚੀਨੀ ਕੀਤੀ ਹੈ। ਆਸਟਰੇਲੀਅਨ ਮੀਡੀਆ ਨੇ ਉਸ ਨੂੰ ਹੰਕਾਰੀ ਤੇ ਵਰਗਹੀਣ ਤੱਕ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੂਰੀ ਟੈਸਟ ਲੜੀ ਦੌਰਾਨ ਭਾਰਤੀ ਤੇ ਆਸਟਰੇਲੀਅਨ ਖਿਡਾਰੀਆਂ ਦਰਮਿਆਨ ਤਲਖ਼ੀ ਬਣੀ ਰਹੀ ਸੀ ਤੇ ਕਈ ਵਾਰ ਖਿਡਾਰੀ ਖੁੱਲ੍ਹੇਆਮ ਮਿਹਣੋਂ-ਮਿਹਣੀਂ ਵੀ ਹੋਏ। ਆਸਟਰੇਲੀਅਨ ਮੀਡੀਆ ਨੇ ਕੋਹਲੀ ਦੇ ਉਸ ਵਿਹਾਰ ਨੂੰ ਮਾੜਾ ਦੱਸਿਆ ਹੈ ਜਦੋਂ ਉਸ ਨੇ ਲੜੀ ਜਿੱਤਣ ਤੋਂ ਬਾਅਦ ਕੰਗਾਰੂ ਟੀਮ ਵੱਲੋਂ ਦਿੱਤੇ ਬੀਅਰ ਪਾਰਟੀ ਦੇ ਸੱਦੇ ਨੂੰ ਠੁਕਰਾ ਦਿੱਤਾ। ਭਾਰਤ ਨੇ 2-1 ਨਾਲ ਲੜੀ ਜਿੱਤ ਕੇ ਬੌਰਡਰ-ਗਾਵਸਕਰ ਟਰਾਫ਼ੀ ‘ਤੇ ਕਬਜ਼ਾ ਬਰਕਰਾਰ ਰੱਖਿਆ ਹੈ। ਕੋਹਲੀ ਨੂੰ ਹੰਕਾਰੀ ਦੱਸਣ ਵਾਲੇ ਸਿਡਨੀ ਦੇ ‘ਡੇਲੀ ਟੈਲੀਗਰਾਫ਼’ ਅਖ਼ਬਾਰ ਨੇ ਲਿਖਿਆ ਹੈ ਕਿ ਕੋਹਲੀ ਨੂੰ ਸੀਰੀਜ਼ ਜਿੱਤਣ ਤੋਂ ਬਾਅਦ ਹੱਥ ਮਿਲਾ ਕੇ ਅੱਗੇ ਵੱਧ ਜਾਣਾ ਚਾਹੀਦਾ ਸੀ ਪਰ ਉਸ ਦਾ ਵਿਹਾਰ ਬਚਕਾਨਾ ਹੈ। ਆਸਟਰੇਲੀਅਨ ਮੀਡੀਆ ਨੇ ਕੋਹਲੀ ਦੇ ਵਿਹਾਰ ਦੀ ਤੁਲਨਾ ਵਿਰੋਧੀ ਟੀਮ ਵਿਚ ਉਸ ਦੇ ਹਮਰੁਤਬਾ ਸਟੀਵ ਸਮਿੱਥ ਨਾਲ ਕਰਦਿਆਂ ਕਿਹਾ ਕਿ ਸਮਿੱਥ ਨੇ ਉਲਟਾ ਤਲ਼ਖੀ ਭਰੀ ਸੀਰੀਜ਼ ਵਿਚ ਭਾਵਨਾਤਮਕ ਟਕਰਾਅ ਲਈ ਮੁਆਫ਼ੀ ਮੰਗੀ ਹੈ। ‘ਹੇਰਾਲਡ ਸਨ’ ਨੇ ਵੀ ਲਿਖਿਆ ਹੈ ਕਿ ਸਟੀਵ ਸਮਿੱਥ ਵਾਂਗ ਕੋਹਲੀ ਨੂੰ ਵੀ ਸਨਮਾਨ ਦੇਣ ਦੇ ਇਰਾਦੇ ਤਹਿਤ ਮੁਆਫ਼ੀ ਮੰਗ ਲੈਣੀ ਚਾਹੀਦੀ ਸੀ।
ਦੁਬਈ ਵਿੱਚ ਭਾਰਤ-ਪਾਕਿ ਮੁਕਾਬਲੇ ਦੇ ਆਸਾਰ ਮੱਧਮ
ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਭਾਰਤੀ ਕ੍ਰਿਕਟ ਟੀਮ ਨੂੰ ਦੁਬਈ ਵਿਚ ਪਾਕਿਸਤਾਨ ਖ਼ਿਲਾਫ਼ ਖੇਡਣ ਦੀ ਆਗਿਆ ਦਿੱਤੇ ਜਾਣ ਦੀ ਸੰਭਾਵਨਾ ਬਹੁਤ ਮੱਧਮ ਹੈ। ਹਾਲਾਂਕਿ ਇਸ ਸਬੰਧੀ ਫ਼ੈਸਲਾ ਗ੍ਰਹਿ ਮੰਤਰਾਲੇ ਵੱਲੋਂ ਲਿਆ ਜਾਣਾ ਹੈ ਪਰ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਮੌਜੂਦਾ ਸਥਿਤੀ ਨੂੰ ਦੇਖਦਿਆਂ ਕ੍ਰਿਕਟ ਮੁਕਾਬਲੇ ਕਰਵਾਉਣ ਬਾਰੇ ਸੁਖਾਵਾਂ ਮਾਹੌਲ ਨਾ ਹੋਣ ਸਬੰਧੀ ਕਿਹਾ। ਬੀਸੀਸੀਆਈ ਨੇ ਇਸ ਸਬੰਧੀ ਗ੍ਰਹਿ ਮੰਤਰਾਲੇ ਨੂੰ ਇਕ ਪੱਤਰ ਵੀ ਲਿਖਿਆ ਹੈ।
Comments (0)