‘ਝਾੜੂ’ ਦਾ ਹੂੰਝਾ ਤੇ ‘ਹੱਥ’ ਦਾ ਹੱਲਾ ਹਿਲਾ ਦੇਵੇਗਾ ‘ਤਕੜੀ’ ਦਾ ਤਵਾਜ਼ਨ

‘ਝਾੜੂ’ ਦਾ ਹੂੰਝਾ ਤੇ ‘ਹੱਥ’ ਦਾ ਹੱਲਾ ਹਿਲਾ ਦੇਵੇਗਾ ‘ਤਕੜੀ’ ਦਾ ਤਵਾਜ਼ਨ

ਪੰਜਾਬ ਦੇ ਸਿਆਸੀ ਭਵਿੱਖ ਦਾ ਫੈਸਲਾ ਮਲਵੱਈਆਂ ਦੇ ਹੱਥ
ਸਰਹੱਦੀ ਮਾਝਾ ਬਾਦਲਾਂ ਦੀ ‘ਸਿਆਸੀ ਸੇਵਾ’ ਕਰਨ ਦੇ ਰੌਂਅ ‘ਚ
ਦੁਆਬੇ ਦੇ ਦਲਿਤ ਭਾਈਚਾਰੇ ਉੱਤੇ ਸਾਰੀਆਂ ਪਾਰਟੀਆਂ ਦੀ ਟੇਕ

ਦਲਜੀਤ ਸਿੰਘ ਸਰਾਂ 
ਕਮਲ ਦੁਸਾਂਝ
ਚੰਡੀਗੜ੍ਹ:
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਦੇ ਲੋਕ ਨੁਮਾਇੰਦਿਆਂ ਦੀ 4 ਫਰਵਰੀ ਨੂੰ ਹੋਣ ਵਾਲੀ ਚੋਣ ਬਾਰੇ ਵੋਟਰਾਂ ਦੇ ਰੌਂਅ ਨੂੰ ਵੇਖਦਿਆਂ ਜਾਪਦਾ ਹੈ ਕਿ ‘ਝਾੜੂ’ ਦਾ ਹੂੰਝਾ ਤੇ ‘ਹੱਥ’ ਦਾ ਹੱਲਾ ‘ਤਕੜੀ’ ਦਾ ਤਵਾਜ਼ਨ ਹਿਲਾ ਕੇ ਰੱਖ ਦੇਵੇਗਾ। ਸ਼ਨਿਚਵਾਰ ਨੂੰ ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਤੱਕ ਨਜ਼ਰ ਆ ਰਹੇ ਰੁਝਾਣ ਤੋਂ ਇੱਹ ਸਪਸ਼ਟ ਸੰਕੇਤ ਸਾਹਮਣੇ ਆ ਰਹੇ ਹਨ ਕਿ ਸੂਬੇ ਦੇ ਲੋਕ ਵੋਟਾਂ ਦੇ ਜ਼ਰੀਏ ‘ਰਾਜਪਲਟਾ’ ਕਰਨ ਦੀ ਠਾਣੀ ਬੈਠੇ ਹਨ।
‘ਰਾਜ ਨਹੀਂ ਸੇਵਾ’ ਦੇ ਦਮਗਜ਼ੇ ਮਾਰਨ ਵਾਲੇ ਅਕਾਲੀ ਦਲ-ਭਾਜਪਾ ਗਠਜੋੜ ਦਾ ਹੋਰ ਪੰਜ ਸਾਲ ਲਈ ਪੰਜਾਬ ਉੱਤੇ ਰਾਜ ਕਰਨ ਦਾ ਸੁਪਨਾ ਬੁਰੀ ਤਰ੍ਹਾਂ ਚਕਨਾਚੂਰ ਹੁੰਦਾ ਨਜ਼ਰ ਆ ਰਿਹਾ ਹੈ। ਵਿਕਾਸ ਦੇ ਨਾਂਅ ਉੱਤੇ ਮੁੜ ਸੱਤਾ ‘ਚ ਆਉਣ ਦਾ ਭਰਮ ਪਾਲ ਰਹੇ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਮੋਹਰੀ ਲੋਕਾਂ ਦੇ ‘ਮਨ ਪੜ੍ਹਣ’ ਵਿੱਚ ਟਪਲਾ ਖਾ ਰਹੇ ਹਨ।
ਪੱਕੇ ਵੋਟ ਬੈਂਕ ਦੇ ਜ਼ੋਰ ਇਸ ਵਾਰ ਹਰ ਹੀਲੇ ਸੱਤਾ ਵਿੱਚ ਆਉਣ ਦਾ ਭਰੋਸਾ ਬਣਾ ਕੇ ਚੋਣ ਮੈਦਾਨ ਵਿੱਚ ਉੱਤਰੀ ਕਾਂਗਰਸ ਪਾਰਟੀ ਦਾ, ਵੱਡੀ ਜਿੱਤ ਦੇ ਦਾਅਵੇ ਨੂੰ ਇੰਨੀ ਸੌਖਿਆਂ ਬੂਰ ਪੈਣਾ ਸੁਖਾਲਾ ਨਹੀਂ ਜਾਪਦਾ।
ਵੱਡੇ ਰਾਜਸੀ ਕਾਫ਼ਲੇ ਦੇ ਰੂਪ ਵਿੱਚ ਤੀਜੇ ਬਦਲ ਵਜੋਂ ਉਭਰ ਕੇ ਸਾਹਮਣੇ ਆ ਰਹੀ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਗਠਜੋੜ ਅਤੇ ਰਾਜ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਨੂੰ ਗੰਭੀਰ ਫਿਕਰਾਂ ਵਿੱਚ ਪਾਇਆ ਹੋਇਆ ਹੈ। ਪਰ 69 ਵਿਧਾਨ ਸਭਾਈ ਸੀਟਾਂ ਵਾਲੇ ਮਾਲਵਾ ਇਲਾਕੇ ਵਿੱਚ ‘ਝਾੜੂ’ ਨੂੰ ਮਿਲ ਰਹੇ ਬੇਮਿਸਾਲ ਹੁੰਗਾਰੇ ਦੀ ਹਨੇਰੀ ਦੁਆਬੇ ਤੇ ਮਾਝੇ ਵਿੱਚ ਵਾਵਰੋਲੇ ਦੇ ਰੂਪ ਵਿੱਚ ਮੱਠੀ ਪੈਂਦੀ ਸਾਫ਼ ਦਿਸਦੀ ਹੈ।
ਪੰਜਾਬ ਦੇ ਤਿੰਨ ਖੇਤਰਾਂ ਮਾਲਵਾ, ਦੁਆਬਾ ਅਤੇ ਮਾਝੇ ਦੇ ਲੋਕਾਂ ਦੀ ਸੂਬੇ ਦੀਆਂ ਮੁੱਖ ਰਾਜਸੀ ਪਾਰਟੀਆਂ ਪ੍ਰਤੀ ਪਹੁੰਚ ਵਿੱਚ ਕਈ ਪੱਖਾਂ ਤੋਂ ਵਖਰੇਵਾਂ ਹੋਣ ਦੇ ਬਾਵਜੂਦ ਇਸ ਬਾਰੇ ਕੋਈ ਭੁਲੇਖਾ ਨਹੀਂ ਕਿ ਲੋਕ ਬਾਦਲਾਂ ਨੂੰ ਰਾਜਸੀ ਮੈਦਾਨ ਵਿੱਚ ਕਰਾਰੀ ਹਾਰ ਦੇਣ ਦਾ ਫੈਸਲਾ ਲਗਭਗ ਕਰੀ ਬੈਠੇ ਨਜ਼ਰ ਆ ਰਹੇ ਹਨ।
ਮਾਲਵੇ ਦੇ ਲੋਕਾਂ ਦਾ ਲੋਕ ਲਹਿਰਾਂ ‘ਚ ਸਦਾ ਹੀ ਬੜਾ ਅਹਿਮ ਅਤੇ ਸਰਗਰਮ ਰੋਲ ਰਿਹਾ ਹੈ। ਮੁਜਾਰਾ ਲਹਿਰ ਤੋਂ ਲੈ ਕੇ ਸਾਰੀਆਂ ਲੋਕ ਲਹਿਰਾਂ ਨਕਸਲਬਾੜੀ, ਕਿਸਾਨ ਅਤੇ ਮਜ਼ਦੂਰ ਅੰਦੋਲਨਾਂ ਵਿੱਚ ਮਲਵੱਈ ਮੂਹਰੇ ਹੋ ਕੇ ਲੜਦੇ ਆਏ ਨੇ। ਇਸ ਵਾਰ ਬਾਦਲਾਂ ਨੂੰ ਚਲਦਾ ਕਰਨ ਲਈ ‘ਝਾੜੂ’ ਮਲਵੱਈਆਂ ਦੇ ਵੱਡੇ ਰਾਜਸੀ ਹਥਿਆਰ ਵਜੋਂ ਸਾਹਮਣੇ ਆ ਰਿਹਾ ਹੈ।
ਮਾਝੇ ਦੇ ਲੋਕ ਜਿਹੜੇ ਆਪਣੀ ਧੜੱਲੇਦਾਰ ਜੀਵਨ ਸ਼ੈਲੀ, ਹੋਰਨਾਂ ਇਲਾਕਿਆਂ ਦੇ ਲੋਕਾਂ ਦੇ ਮੁਕਾਬਲੇ ਚੁਸਤ/ਚਲਾਕ ਹੋਣ ਕਾਰਨ ਰਾਜਸੀ ਤੌਰ ਉੱਤੇ ਪਾਸਾ ਬਦਲਣ/ਪਲਟਣ ਵਿੱਚ ਮਾਹਰ ਹਨ, ਬਾਦਲਾਂ ਦੀ ”ਸਿਆਸੀ ਸੇਵਾ” ਕਰਨ ਦੀ ਪੱਕੀ ਧਾਰੀ ਬੈਠੇ ਦਿਸਦੇ ਹਨ। ਬਾਦਲ ਦਲ ਦੇ ਸਭ ਤੋਂ ਵੱਧ ਚਰਚਿਤ, ਪੰਗੇ ਹੱਥੇ ਅਤੇ ਬਦਨਾਮ ਬਿਕਰਮ ਮਜੀਠਾ ਅਤੇ ਵਿਰਸਾ ਵਲਟੋਹਾ ਮਝੈਲਾਂ ਦੇ ਨਿਸ਼ਾਨੇ ਉੱਤੇ ਹਨ। ਭਾਵੇਂ ਬਿਕਰਮ ਮਜੀਠੀਏ ਨੂੰ ਹਰਾਉਣਾ ਇੰਨਾ ਸੁਖਾਲਾ ਨਹੀਂ ਪਰ ਮਾਝੇ ਦੇ ਵੋਟਰ ਹੋਰਨਾਂ ਆਗੂਆਂ ਨੂੰ ਰਾਜਸੀ ਮੈਦਾਨ ਵਿਚੋਂ ਚਲਦਾ ਕਰਨ ਦੇ ਰੌਂਅ ਵਿੱਚ ਹਨ।
ਆਪਣੇ ਠਰ੍ਹੰਮੇ ਅਤੇ ਬਾਣੀਆ ਸੁਭਾਅ ਕਰਕੇ ਜਾਣੇ ਜਾਂਦੇ ਦੁਆਬੀਏ ਸਦਾ ਵਾਂਗ ਇਸ ਵਾਰ ਵੀ ਚੋਣਾਂ ਵਿੱਚ ਲੋੜੋਂ ਵੱਧ ਭੱਜੇ ਨਹੀਂ ਫਿਰ ਰਹੇ। ਦੁਆਬੇ ਦਾ ਵੋਟਰ ਸਹਿਜ ਵਿੱਚ ਰਹਿੰਦਿਆਂ ਅਕਸਰ ਸਮਝ ਨਾਲ ਵੋਟ ਪਾਉਂਦਾ ਹੈ। ਇਸ ਵਾਰ ਦੁਆਬੀਆਂ ਦੀ ਸਮਝ ਬਾਦਲਾਂ ਦੇ ਖਿਲਾਫ਼ ਸਾਹਮਣੇ ਆਉਂਦੀ ਲਗਦੀ ਹੈ। ਇਸ ਵਾਰ ਦਲਿਤ ਭਾਈਚਾਰਾ, ਜਿਸ ਦਾ ਦੁਆਬੇ ਵਿੱਚ ਵੱਡਾ ਆਧਾਰ ਅਤੇ ਵੋਟ ਬੈਂਕ ਹੈ, ਕਾਂਗਰਸ ਵਲ ਹੋਇਆ ਲਗਦਾ ਹੈ।

ਲੋਕ ਕਚਹਿਰੀ ‘ਚ ਬਾਦਲਾਂ ਦੀ ਪੇਸ਼ੀ
ਜਿੱਥੇ ਜਾਓ ਦੋ ਤਿੰਨ ਹੀ ਗੱਲਾਂ- ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਅਕਾਲੀ-ਭਾਜਪਾ ਆਗੂਆਂ ਦੀਆਂ ਵਧੀਕੀਆਂ, ਬਾਦਲਾਂ ਖ਼ਾਸ ਕਰ ਸੁਖਬੀਰ ਵਲੋਂ ਲਾਏ ਹਲਕਾ ਇੰਚਾਰਜਾਂ ਦੀ ਬਦਮਾਸ਼ੀ ਵਿਰੁਧ ਲੋਕ ਖੁਲ੍ਹ ਕੇ ਆਪਣੀ ਆਵਾਜ਼ ਉਠਾ ਰਹੇ। ਆਮ ਅਕਾਲੀ ਵਰਕਰ ਵੀ ਬਾਦਲਾਂ ਦੇ ਮੂੰਹ ਉੱਤੇ ਇਹ ਗੱਲਾਂ ਕਹਿੰਦੇ ਹਨ। ਇਸ ਤੋਂ ਇਲਾਵਾ ਵਿਕਾਸ ਕਾਰਜ, ਹੋਣ ਦੇ ਬਾਵਜੂਦ ਇਸ ਮੰਤਵ ਲਈ ਆਏ ਪੈਸੇ ਵਿਚੋਂ ਵੱਡਾ ਹਿੱਸਾ ਖਾ ਜਾਣਾ, ਬੁਢਾਪਾ ਪੈਨਸ਼ਨਾਂ, ਮਕਾਨਾਂ ਲਈ ਗ੍ਰਾਟਾਂ ਵਿੱਚ ਹੇਰਾਫੇਰੀ ਅਤੇ ਪੱਖਪਾਤ, ਸਭ ਕੁਝ ਵਿਰੋਧੀ ਆਵਾਜ਼ ਉਠਾਉਣ ਵਾਲਿਆਂ ਵਿਰੁਧ ਪੁਲੀਸ ਕੇਸਾਂ ਦਾ ਸ਼ਿਕੰਜਾ ਅਜਿਹੇ ਮਾਮਲੇ ਹਨ, ਜਿਨ੍ਹਾਂ ਦਾ ਅਕਾਲੀਆਂ ਕੋਲ ਕੋਈ ਜਵਾਬ ਨਹੀਂ। ਹਾਲਤ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਰੁੱਸਿਆਂ ਨੂੰ ਮਨਾਉਣ ਖ਼ਾਤਰ ਵਰਕਰਾਂ, ਵੋਟਰਾਂ ਅਤੇ ਆਮ ਲੋਕਾਂ ਦੇ ਹਾੜੇ ਕੱਢਣ ਉੱਤੇ ਉਤਰ ਆਏ ਹਨ।  ਹਰਸਿਮਰਤ ਦਾ ਹੱਥ ਜੋੜ ਕੇ ਇਹ ਕਹਿਣਾ, ”ਪਿਛਲੀਆਂ ਗੱਲਾਂ/ਗਲਤੀਆਂ ਮਾਫ਼ ਕਰੋ, ਸਾਰੇ ਕੇਸ (ਜੋ ਗਲਤ ਪਾਏ ਗਏ ਸਨ) ਵਾਪਸ ਕਰ ਦਿਆਂਗੇ” । ਮਾਝੇ ਦਾ ਨੌਜਵਾਨ ਜਰਨੈਲ ਕਹਾਉਣ ਵਾਲੇ ਬਿਕਰਮ ਮਜੀਠੀਏ ਨੂੰ ਆਪਣੀ ਹੈਂਕੜ ਆਪਣੇ ਘਰ ਛੱਡ ਕੇ ਰੁੱਸੇ ਵੋਟਰਾਂ ਨੂੰ ਮਨਾਉਣ ਲਈ ਨੁੱਕੜ ਮੀਟਿੰਗਾਂ ਵੇਲੇ ‘ਮਿੱਠ-ਬੋਲੜਾ’ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਅਕਾਲੀ-ਭਾਜਪਾ ਸਰਕਾਰ ਦੇ ਅਸਲ ਮੋਹਰੀ ਸੁਖਬੀਰ ਸਿੰਘ ਬਾਦਲ ਦੀ ਹਾਲਤ ਇਨ੍ਹਾਂ ਚੋਣਾਂ ਨੇ ਇੰਨੀ ਹਾਸੋਹੀਣੀ ਤੇ ਹੌਲੀ ਕਰਕੇ ਰੱਖ ਦਿੱਤੀ ਹੈ ਕਿ ਉਹ ਚੋਣ ਰੈਲੀਆਂ ਦੌਰਾਨ ਉਘ ਦੀਆਂ ਪਤਾਲ ਮਾਰ ਜਾਂਦਾ ਹੈ। ਹਫਲੇ ਅਤੇ ਲੜਾਈ ਹਾਰੇ ਹੋਏ ਜਰਨੈਲ ਵਰਗੇ ਉਸ ਦੇ ਵਿਹਾਰ ਦੀਆਂ ਸੋਸ਼ਲ ਮੀਡੀਏ ਵਿੱਚ ਦਿਨ-ਰਾਤ ਹੁੰਦੀਆਂ ਗੱਲਾਂ ਨੇ ਆਮ ਅਕਾਲੀ ਵਰਕਰ ਦੇ ਹੌਸਲੇ ਹੋਰ ਢਾਹ ਦਿੱਤੇ ਨੇ।

ਵੱਡੇ ਆਗੂ, ਵੱਡੀਆਂ ਮੁਹਿੰਮਾਂ
ਜਿੱਥੋਂ ਤੱਕ ਰਾਜਸੀ ਸਖ਼ਸ਼ੀਅਤਾਂ ਦੀ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਅਹਿਮੀਅਤ ਹੈ, ਉਨ੍ਹਾਂ ਵਿਚੋਂ ਤਿੰਨ ਸਖ਼ਸਾਂ ਕੈਪਟਨ ਅਮਰਿੰਦਰ ਸਿੰਘ , ਅਰਵਿੰਦ ਕੇਜਰੀਵਾਲ ਤੇ ਸੁਖਬੀਰ ਸਿੰਘ ਦੇ ਮੋਢਿਆਂ ਉੱਤੇ ਆਪੋ ਅਪਣੀਆਂ ਪਾਰਟੀਆਂ ਦੀ ਸਿਆਸੀ ਲੜਾਈ ਦਾ ਭਾਰ ਹੈ।
ਉਂਜ ਭਾਜਪਾ, ਬਸਪਾ, ਅਕਾਲੀ ਦਲ (ਮਾਨ) ਅਤੇ ਖੱਬੇ-ਪੱਖੀ ਪਾਰਟੀਆਂ ਦੇ ਆਗੂ ਆਪਣੇ ਉਮੀਦਵਾਰਾਂ ਲਈ ਸਰਗਰਮ ਹਨ। ਪਰ ਭਾਜਪਾ, ਜੋ ਅਕਾਲੀ ਦਲ ਬਾਦਲ ਦੀ ਭਾਈਵਾਲ ਅਤੇ ਸ਼ਹਿਰੀ ਹਿੰਦੂ ਵੋਟ ਉੱਤੇ ਟੇਕ ਰੱਖ ਰਹੀ ਹੈ, ਵਲੋਂ ਦੋ-ਚਾਰ ਸੀਟਾਂ ‘ਤੇ ਜਿੱਤ ਹਾਸਲ ਕਰਨੀ ਯਕੀਨੀ ਕਹੀ ਜਾ ਸਕਦੀ ਹੈ। ਬਾਕੀ ਪਾਰਟੀਆਂ, ਆਜ਼ਾਦ ਅਤੇ ਬਾਗੀ ਉਮੀਦਵਾਰਾਂ ਵਿਚੋਂ ਬਹੁਤਿਆਂ ਲਈ ਜ਼ਮਾਨਤਾਂ ਬਚਾਉਣੀਆਂ ਮੁਸ਼ਕਲ ਹੀ ਹੋਵੇਗਾ।

ਮਸਲੇ ਤੇ ਮਜਮੇ
ਚੋਣਾਂ ਵਿੱਚ ਪ੍ਰਚਾਰ, ਆਮ ਵੋਟਰਾਂ ਖ਼ਾਸ ਕਰ ਪਿੰਡਾਂ ਦੇ ਲੋਕਾਂ ਨੂੰ ਭਰਮਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਆਮ ਆਦਮੀ ਪਾਰਟੀ ਵਾਲੇ ਸਭ ਤੋਂ ਅੱਗੇ ਹਨ। ਲੋਕਾਂ ਵਿੱਚ ਹਰਮਨ-ਪਿਆਰਤਾ ਅਤੇ ਧੂੰਆਂ-ਧਾਰ ਪ੍ਰਚਾਰ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਝੰਡੀ ਹੈ। ਉਸ ਨੂੰ ਮਹਿਜ਼ ਕਾਮੇਡੀ ਨਹੀਂ ਆਉਂਦੀ ਬਲਕਿ ਲੋਕ ਮਸਲਿਆਂ ਅਤੇ ਲੋਕ ਭਾਵਨਾਵਾਂ ਦੀ ਜਿੰਨੀ ਸਮਝ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਭਗਵੰਤ ਮਾਨ ਨੂੰ ਲੋਕ ਮੁਹਾਵਰੇ ਵਿੱਚ ਗੱਲ ਕਰਨੀ ਅਤੇ ਸਮਝਾਉਣੀ ਆਉਣ ਕਾਰਨ ਉਸ ਦੀਆਂ ਰੈਲੀਆਂ ਵਿੱਚ ਜਿੰਨੀ ਭੀੜ, ਸਰਗਰਮੀ ਅਤੇ ਰੌਚਿਕਤਾ ਹੁੰਦੀ ਹੈ ਕੈਪਟਨ, ਸੁਖਬੀਰ ਤਾਂ ਦੂਰ ਦੀ ਗੱਲ ਖੁਦ ਉਸ ਦਾ ਪਾਰਟੀ ਮੋਹਰੀ ਅਰਵਿੰਦ ਕੇਜਰੀਵਾਲ ਵੀ ਪਿਛੇ ਰਹਿ ਜਾਂਦਾ ਹੈ।
ਬੜੀ ਚਰਚਾ ਅਤੇ ਵਾਦ-ਵਿਵਾਦ ਵਿੱਚ ਆਖ਼ਰ ਕਾਂਗਰਸ ਪਾਰਟੀ ਦਾ ਹੱਥ ਫੜਣ ਵਾਲਾ ਨਵਜੋਤ ਸਿੱਧੂ ਭਾਵੇਂ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਵੱਖ ਵੱਖ ਹਲਕਿਆਂ ਵਿੱਚ ਆਪਣੀ ਕਲਾ ਦੀ ਧਾਕ ਜਮਾਉਣ ਦੇ ਯਤਨ ਕਰਦਾ ਹੈ ਪਰ ਪੰਜਾਬ ਦੇ ਪਿੰਡਾਂ ਅਤੇ ਲੋਕਾਂ ਤੋਂ ਦੂਰ ਫਿਲਮ ਨਗਰੀ ਮੁੰਬਈ ਵਿੱਚ ਹਾਸੇ ਠੱਠੇ ਦੇ ਪ੍ਰੋਗਰਾਮਾਂ ਰਾਹੀਂ ਮਸ਼ਹੂਰੀ ਪ੍ਰਾਪਤ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਐਮ ਪੀ ਰਹੇ ਸਿੱਧੂ ਦੇ ਵਿਅੰਗ ਅਤੇ ਫੋਕੇ ਲਲਕਾਰੇ ਆਮ ਆਦਮੀ ਪਾਰਟੀ ਦੇ ਐਮ ਪੀ ਭਗਵੰਤ ਮਾਨ ਦੇ ਮੁਕਾਬਲੇ ਬੇਹੱਦ ਫਿਕੇ ਪੈ ਜਾਂਦੇ ਹਨ।

ਬਾਹਰੀ ਟੀਮਾਂ ਤੇ ਸਥਾਨਕ ਵਰਕਰ
ਬੇਸ਼ੱਕ ਸਾਰੀਆਂ ਰਾਜਸੀ ਪਾਰਟੀਆਂ ਨੇ ਚੋਣ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਾਹਰੋਂ ਖ਼ਾਸ ਕਰ ਕੌਮੀ ਰਾਜਧਾਨੀ ਦਿੱਲੀ ਤੋਂ ਟੀਮਾਂ ਅਤੇ ਵਰਕਰ ਮੰਗਵਾਏ ਤੇ ਵੱਖ ਵੱਖ ਦਫ਼ਤਰਾਂ/ਹਲਕਿਆਂ ਵਿੱਚ ਤਾਇਨਾਤ ਕੀਤੇ ਹੋਏ ਹਨ ਪਰ ‘ਆਪ’ ਦਾ ਸਾਰਾ ਕੰਮ ਦਿਲੀ ਵਾਲੇ ਸਾਂਭੀ ਬੈਠੇ ਹਨ। ਇਸ ਦੇ ਫਾਇਦੇ ਨਾਲੋਂ ਨੁਕਸਾਨ ਵੱਧ ਹੋ ਸਕਦੇ ਹਨ।
‘ਆਪ’ ਦੇ ਸਾਰੇ ਉਮੀਦਵਾਰਾਂ ਦੀ ਚੋਣ ਦੀ ਡੋਰ ਦਿੱਲੀ ਤੋਂ ਆਏ ਨੀਤੀ ਘਾੜਿਆਂ, ਆਗੂਆਂ ਤੇ ਵਰਕਰਾਂ ਦੇ ਹੱਥ ਹੋਣ ਕਾਰਨ ਜਿੱਥੇ ਕਈ ਹਾਂ ਪੱਖੀ ਨੁਕਤੇ ਸਾਹਮਣੇ ਆ ਰਹੇ ਹਨ, ਉੱਥੇ ‘ਦਿੱਲੀ ਵਾਲਿਆਂ’ ਨੂੰ ਸਥਾਨਕ ਆਗੂਆਂ ਦੇ ਕੰਮ ਕਰਨ ਦੇ ਢੰਗ ਅਤੇ ਵੋਟਰ ਦੀ ਮਾਨਸਿਕਤਾ ਦੀ ਪੂਰੀ ਤਰ੍ਹਾਂ ਸਮਝ ਨਾ ਹੋਣ ਕਾਰਨ ਸਰਗਰਮੀਆਂ ਵਿੱਚ ਤਾਲਮੇਲ ਉਲਝਦਾ ਰਹਿੰਦਾ ਹੈ।
ਉਪਰਲੇ ਕੁਝ ਤੱਥ ਅਤੇ ਲੋਕਾਂ ਦੀਆਂ ਭਾਵਨਵਾਂ ‘ਕੌਮਾਂਤਰੀ ਅੰਮ੍ਰਿਸਤਰ ਟਾਈਮਜ਼’ ਦੀ ਦੋ ਮੈਂਬਰੀ ਟੀਮ ਵਲੋਂ ਕੀਤੇ ਦੌਰੇ ਦੌਰਾਨ ਲੋਕਾਂ ਨਾਲ ਹੋਈ ਗੱਲਬਾਤ ਅਤੇ ਕੁਝ ਲੀਡਰਾਂ ਦੇ ਦਫ਼ਤਰਾਂ ਵਿੱਚ ਵਰਕਰਾਂ ਦੀਆਂ ਸਰਗਰਮੀਆਂ ਵੇਖ, ਗੱਲਬਾਤ ਸੁਣਨ ਅਤੇ ਰਾਜਸੀ ਨੁਕੜ ਮੀਟਿੰਗਾਂ ਵਿੱਚ ਭਾਸ਼ਣ ਅਤੇ ਲੋਕਾਂ ਵਲੋਂ ਉਮੀਦਵਾਰਾਂ ਦੇ ਸਾਹਮਣੇ ਮੱਠੇ ਉਠਾਏ ਇਤਰਾਜ਼ਾਂ ਅਤੇ ਪ੍ਰਸ਼ਨਾਂ ਦੇ ਗਵਾਹ ਵਜੋਂ ਸਾਹਮਣੇ ਆਏ।
ਜਿੱਥੋਂ ਤਕ ਅਖ਼ਬਾਰਾਂ, ਟੀਵੀ ਚੈਨਲਾਂ, ਸੋਸ਼ਲ ਮੀਡੀਆ, ਛੋਟੇ-ਵੱਡੇ ਸਮਾਜਿਕ ਇਕੱਠਾਂ, ਸੰਸਥਾਵਾਂ, ਦਫ਼ਤਰਾਂ, ਕੰਮ ਕਾਜੀ ਥਾਵਾਂ ਇੱਥੋਂ ਤਕ ਕਿ ਘਰਾਂ ਵਿੱਚ ਚੁੰਝ ਚਰਚਾ ਦਾ ਸਵਾਲ ਹੈ, ਆਮ ਆਦਮੀ ਪਾਰਟੀ ਵਲੋਂ ਵੱਡੀ ਜਿੱਤ ਹਾਸਲ ਕਰਨ ਦੇ ਕਿਆਸੇ ਹਨ ਪਰ ਗੰਭੀਰ ਸੋਚ ਵਿਚਾਰ ਵਾਲੇ ਲੋਕ ਕਾਂਗਰਸ (ਕਾਂਗਰਸ, ਜੋ ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਪੰਜਾਬ ਵਿੱਚ ਬਹੁਤੇ ਮਾਅਨੇ ਨਹੀਂ ਰੱਖਦੀ),  ਦਾ ਪਲੜਾ ਭਾਰੀ/ਸਮਝ ਦੱਸ ਰਹੇ ਹਨ। 10 ਸਾਲ ਤੋਂ ਰਾਜ ਕਰਦੇ ਆ ਰਹੇ ਅਤੇ 25 ਸਾਲ ਤੱਕ ‘ਰਾਜ ਨਹੀਂ ਸੇਵਾ’ ਦਾ ਦਾਅਵਾ ਕਰਨ ਵਾਲੇ ਬਾਦਲ-ਪਿਓ ਪੁੱਤ ਨੂੰ ਜਿਵੇਂ ਇਸ ਮੌਕੇ ਖ਼ਾਸਕਰ ਚੋਣ ਜ਼ਾਬਤਾ ਲਾਗੂ ਹੋਣ ਬਾਅਦ ਆਮ ਵੋਟਰ ਤਾਂ ਛੱਡੋ ਪਾਰਟੀ ਵਰਕਰ ਪੱਲਾ ਨਹੀਂ ਫੜਾ ਰਹੇ, ਪਹਿਲਾਂ ਅਕਾਲੀ-ਭਾਜਪਾ ਸਰਕਾਰ ਅਤੇ ਫਿਰ ਗਠਜੋੜ ਦਾ ਭੋਗ ਪੈਣਾ ਲਗਭਗ ਤੈਅ ਹੈ।
ਪੰਜਾਬ ਅਤੇ ਆਪਣੇ ਰਾਜਸੀ, ਆਰਥਿਕ ਅਤੇ ਸਮਾਜਿਕ ਭਵਿੱਖ ਦਾ ਅਸਲ ਅਤੇ ਅੰਤਮ ਫੈਸਲਾ ਤਾਂ ਵੋਟਰਾਂ ਨੇ 4 ਫਰਵਰੀ ਨੂੰ ਵੋਟ ਬਕਸਿਆਂ ਵਿੱਚ ਬੰਦ ਕਰਕੇ ਕਰਨਾ ਹੈ, ਜਿਸ ਨੂੰ ਜਾਣਨ ਲਈ ਲੰਮੀ ਉਡੀਕ 11 ਮਾਰਚ ਦੇ ਦਿਨ ਤੱਕ ਕਰਨੀ ਪਵੇਗੀ।