ਲੈਸਟਰ : ਭਾਰਤੀ ਔਰਤ ਕਿਰਨ ਡੌਡੀਆ ਦੀ ਸੂਟਕੇਸ ਵਿਚੋਂ ਲਾਸ਼ ਮਿਲੀ, ਪਤੀ ਗ੍ਰਿਫ਼ਤਾਰ

ਲੈਸਟਰ : ਭਾਰਤੀ ਔਰਤ ਕਿਰਨ ਡੌਡੀਆ ਦੀ ਸੂਟਕੇਸ ਵਿਚੋਂ ਲਾਸ਼ ਮਿਲੀ, ਪਤੀ ਗ੍ਰਿਫ਼ਤਾਰ

ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਦੇ ਸ਼ਹਿਰ ਲੈਸਟਰ ਵਿਚ ਗੁਜਰਾਤੀ ਮੂਲ ਦੀ ਭਾਰਤੀ ਮੂਲ ਦੀ 46 ਸਾਲਾ ਔਰਤ ਕਿਰਨ ਡੌਡੀਆ ਦੀ ਲਾਸ਼ ਮਿਲੀ ਹੈ। ਕਿਰਨ ਦੀ ਲਾਸ਼ ਨੂੰ ਸੂਟਕੇਸ ਵਿਚ ਪਾ ਕੇ ਇਕ ਗਲੀ ਵਿਚ ਰੱਖਿਆ ਗਿਆ ਸੀ। ਲਾਸ਼ ਮਿਲਣ ਤੋਂ ਬਾਅਦ ਪੁਲੀਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਕਿਰਨ ਦੇ ਪਤੀ ਅਸ਼ਵਿਨ ਡੌਡੀਆ ਨੂੰ ਉਸ ਦੇ ਕਤਲ ਦੇ ਸ਼ੱਕ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਇਕ ਵਿਅਕਤੀ ਨੇ ਲੈਸਟਰ ਦੀ ਕਾਰਮਰ ਸਟ੍ਰੀਟ ਵਿਚ ਇਕ ਸ਼ੱਕੀ ਸੂਟਕੇਸ ਦੇਖਿਆ ਤਾਂ ਇਸ ਸੰਬੰਧੀ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਵਲੋਂ ਜਦੋਂ ਸੂਟਕੇਸ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਵਿਚ ਇਕ ਔਰਤ ਦੀ ਲਾਸ਼ ਸੀ, ਜਿਸ ਦੀ ਪਛਾਣ ਭਾਰਤੀ ਮੂਲ ਦੀ ਕਿਰਨ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਕਿਰਨ ਤੇ ਉਸ ਦੇ ਪਤੀ ਅਸ਼ਵਿਨ ਦੇ ਰਿਸ਼ਤੇ ਠੀਕ ਨਹੀਂ ਸਨ, ਜਿਸ ਦੇ ਚਲਦਿਆਂ ਉਨ੍ਹਾਂ ਨੇ 20 ਸਾਲਾਂ ਦੇ ਵਿਆਹ ਤੋਂ ਬਾਅਦ 2015 ਵਿਚ ਤਲਾਕ ਲੈ ਲਿਆ। ਉਨ੍ਹਾਂ ਦੇ ਦੋ ਬੇਟੇ ਹਨ। ਕਿਰਨ 17 ਸਾਲਾਂ ਤੋਂ ਨੈਕਸਟ ਕਾਲ ਸੈਂਟਰ ਵਿਚ ਕੰਮ ਕਰ ਰਹੀ ਸੀ। ਉਹ ਆਪਣੀ ਜ਼ਿੰਦਗੀ ਵਿਚ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੀ ਸੀ, ਜੋ ਉਸ ਦੇ ਪਤੀ ਨੂੰ ਮਨਜ਼ੂਰ ਨਹੀਂ ਸੀ। ਕਿਰਨ ਦੇ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਕਿ ਉਹ ਇਕ ਬਹੁਤ ਸ਼ਾਨਦਾਰ ਅਤੇ ਖੂਬਸੂਰਤ ਇਨਸਾਨ ਸੀ ਅਤੇ ਆਪਣੇ ਬੱਚਿਆਂ ਪ੍ਰਤੀ ਸਮਰਪਿਤ ਸੀ। ਉਸ ਦੇ ਇਕ ਗੁਆਂਢੀ ਨੇ ਕਿਹਾ ਕਿ ਇਹ ਘਟਨਾ ਇਕ ਡਰਾਉਣੀ ਫਿਲਮ ਵਰਗੀ ਪ੍ਰਤੀਤ ਹੁੰਦੀ ਹੈ। ਪਰਿਵਾਰ ਨੇ ਕਿਹਾ ਕਿ ਉਹ ਇਕ ਬਿਹਤਰੀਨ ਮਾਂ, ਧੀ ਤੇ ਭੈਣ ਸੀ। ਕਿਰਨ ਦੇ ਪਤੀ ਅਸ਼ਵਿਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਕਿਰਨ ਦੀ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਅਸਲ ਵਿਚ ਉਸ ਦੀ ਮੌਤ ਕਿਵੇਂ ਹੋਈ। ਪੁਲੀਸ ਉਕਤ ਗਲੀ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ। ਕਿਰਨ ਦੀ ਮੌਤ ਨਾਲ ਬਰਤਾਨੀਆ ਵੱਸਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਕੇਸ ਦੀ ਮੁੱਢਲੀ ਸੁਣਵਾਈ ਵੀਡੀਓ ਲਿੰਕ ਰਾਹੀਂ 16 ਫ਼ਰਵਰੀ ਨੂੰ ਹੋਵੇਗੀ।