ਟਰੰਪ ਨੂੰ ਫੇਰ ਝਟਕਾ : ਮੁਸਲਿਮ ਦੇਸ਼ਾਂ ‘ਤੇ ਪਾਬੰਦੀ ਦਾ ਹੁਕਮ ਨਹੀਂ ਹੋਵੇਗਾ ਬਹਾਲ

ਟਰੰਪ ਨੂੰ ਫੇਰ ਝਟਕਾ : ਮੁਸਲਿਮ ਦੇਸ਼ਾਂ ‘ਤੇ ਪਾਬੰਦੀ ਦਾ ਹੁਕਮ ਨਹੀਂ ਹੋਵੇਗਾ ਬਹਾਲ

ਟਰੰਪ ਨੇ ਅਦਾਲਤੀ ਫ਼ੈਸਲੇ ਨੂੰ ਭੰਡਿਆ
ਸਾਨ ਫਰਾਂਸਿਸਕੋ/ਬਿਊਰੋ ਨਿਊਜ਼ :
ਅਮਰੀਕਾ ਦੀ ਅਪੀਲ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਦੇ 7 ਮੁਸਲਿਮ ਦੇਸ਼ਾਂ ਦੇ ਸ਼ਰਨਾਰਥੀਆਂ ਤੇ ਨਾਗਰਿਕਾਂ ‘ਤੇ ਅਮਰੀਕਾ ਵਿਚ ਦਾਖਲ ਹੋਣ ‘ਤੇ ਇਕ ਆਰਡਰ ਰਾਹੀਂ ਲਾਈ ਵਿਵਾਦਪੂਰਨ ਪਾਬੰਦੀ ਨੂੰ ਸਰਬਸੰਮਤੀ ਨਾਲ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ। ਦੂਸਰੇ ਪਾਸੇ ਟਰੰਪ ਨੇ ਵੀ ‘ਮੈਂ ਨਾ ਮਾਨੂੰ’ ਵਾਲੀ ਰਟ ਲਾਉਂਦੇ ਹੋਏ ਇਸ ਫ਼ੈਸਲੇ ਖਿਲਾਫ ਲੜਨ ਦਾ ਪ੍ਰਣ ਕਰਦਿਆਂ ਅਦਾਲਤ ਦੇ ਨਿਰਣੇ ਨੂੰ ਸਿਆਸੀ ਫ਼ੈਸਲਾ ਕਹਿ ਕੇ ਭੰਡਿਆ ਹੈ। ਸਾਨ ਫਰਾਂਸਿਸਕੋ ਦੀ ਫੈਡਰਲ ਅਪੀਲ ਅਦਾਲਤ ਦੇ ਤਿੰਨ ਜੱਜਾਂ ਦੇ ਫ਼ੈਸਲੇ ਨੂੰ ਟਰੰਪ ਪ੍ਰਸ਼ਾਸਨ ਲਈ ਮਹੱਤਵਪੂਰਨ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨੇ ਦਲੀਲ ਦਿੱਤੀ ਸੀ ਕਿ ਅਗਜ਼ੈਕਟਿਵ ਆਰਡਰ ਗਰਮਖਿਆਲ ਇਸਲਾਮਿਕ ਅੱਤਵਾਦੀਆਂ ਨੂੰ ਆਪਣੇ ਦੇਸ਼ ਵਿਚ ਦਾਖਲ ਹੋਣ ਤੋਂ ਰੋਕਣ ਲਈ ਵੱਡਾ ਕਦਮ ਹੈ। ਟਰੰਪ ਨੇ ਅਦਾਲਤ ਦੇ ਫ਼ੈਸਲੇ ‘ਤੇ ਤੁਰੰਤ ਟਵੀਟ ਕਰਕੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਤੁਸੀਂ ਅਦਾਲਤ ਦਾ ਫ਼ੈਸਲਾ ਸੁਣਿਆ ਹੈ, ਸਾਡੇ ਦੇਸ਼ ਦੀ ਸੁਰੱਖਿਆ ਦਾਅ ‘ਤੇ ਲਾ ਦਿੱਤੀ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਉਹ ਅਦਾਲਤ ਦੇ ਫ਼ੈਸਲੇ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋਏ ਹਨ। ਸਾਨ ਫਰਾਂਸਿਸਕੋ ਅਦਾਲਤ ਨੇ ਇਸ ਹਫਤੇ ਦੇ ਸ਼ੁਰੂ ਵਿਚ ਜ਼ੁਬਾਨੀ ਸੁਣਵਾਈ ਕੀਤੀ ਸੀ। ਬੈਂਚ ਵਿਚ ਜੱਜ ਵਿਲੀਅਮ ਸੀ. ਕੈਨਬੀ ਜੂਨੀਅਰ, ਰਿਚਰਡ ਆਰ ਕਲਿਫਟਨ ਅਤੇ ਮਿਸ਼ੇਲ ਟੀ ਫਰੀਡਲੈਂਡ ਸ਼ਾਮਲ ਹਨ। ਜੱਜਾਂ ਨੇ ਆਪਣੇ ਹੁਕਮ ਵਿਚ ਕਿਹਾ ਕਿ ਅਸੀਂ ਦੇਖਿਆ ਕਿ ਸਰਕਾਰ ਆਪਣੀ ਅਪੀਲ ਦੀਆਂ ਖੂਬੀਆਂ ਦੀ ਸੰਭਾਵਤ ਸਫਲਤਾ ਲਈ ਕੁਝ ਵੀ ਪੇਸ਼ ਨਹੀਂ ਕਰ ਸਕੀ ਅਤੇ ਨਾ ਹੀ ਸਰਕਾਰ ਇਹ ਦਿਖਾ ਸਕੀ ਕਿ ਜੇਕਰ ਰੋਕ ਨਾ ਲਾਈ ਤਾਂ ਉਸ ਨਾਲ ਨਾ ਪੂਰਿਆ ਜਾਣ ਵਾਲਾ ਨੁਕਸਾਨ ਹੋਵੇਗਾ, ਇਸ ਲਈ ਅਸੀਂ ਰੋਕ ‘ਤੇ ਆਪਣਾ ਹੰਗਾਮੀ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਲਿਖਿਆ ਕਿ ਅਗਜੈਕਟਿਵ ਆਰਡਰ ਦੇ ਸਬੰਧ ਵਿਚ ਸਪਸ਼ਟੀਕਰਨ ਦੇਣ ਲਈ ਸਬੂਤ ਪੇਸ਼ ਕਰਨ ਦੀ ਬਜਾਏ ਸਰਕਾਰ ਨੇ ਇਹ ਪੱਖ ਲਿਆ ਕਿ ਉਹ ਆਪਣੇ ਫ਼ੈਸਲੇ ‘ਤੇ ਪੁਨਰ ਵਿਚਾਰ ਨਹੀਂ ਕਰੇਗੀ, ਜਿਸ ਨਾਲ ਅਸੀਂ ਸਹਿਮਤ ਨਹੀਂ। ਫ਼ੈਸਲੇ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਨਿਰਣੇ ਨੂੰ ਸਿਆਸੀ ਫੈਸਲਾ ਕਰਾਰ ਦਿੱਤਾ ਹੈ। ਐਨ.ਬੀ.ਸੀ. ਨਿਊਜ਼ ਨੇ ਟਰੰਪ ਦੇ ਹਵਾਲੇ ਨਾਲ ਕਿਹਾ ਕਿ ਇਹ ਰਾਜਨੀਤਕ ਫ਼ੈਸਲਾ ਹੈ ਅਤੇ ਅਸੀਂ ਉਨ੍ਹਾਂ ਨਾਲ ਜੰਗ ਲਈ ਅਦਾਲਤ ਵਿਚ ਜਾ ਰਹੇ ਹਾਂ। ਇਹ ਸਿਰਫ ਇਕ ਫ਼ੈਸਲਾ ਆਇਆ ਹੈ ਪਰ ਅਸੀਂ ਕੇਸ ਜਿੱਤਣ ਜਾ ਰਹੇ ਹਾਂ। ਟਰੰਪ ਨੇ ਪਿਛਲੇ ਮਹੀਨੇ ਆਪਣੇ ਚੋਣ ਵਾਅਦਿਆਂ ਵਿਚੋਂ ਇਕ ਨੂੰ ਪੂਰਾ ਕਰਦੇ ਹੋਏ 120 ਦਿਨਾਂ ਲਈ ਸਾਰੇ ਸ਼ਰਨਾਰਥੀਆਂ, ਸੀਰੀਆਈ ਸ਼ਰਨਾਰਥੀਆਂ ‘ਤੇ ਅਮਮਿੱਥੇ ਸਮੇਂ ਲਈ ਅਤੇ ਈਰਾਨ, ਇਰਾਕ, ਲਿਬੀਆ, ਯਮਨ, ਸੋਮਾਲੀਆ, ਸੀਰੀਆ ਅਤੇ ਸੁਡਾਨ ਦੇ ਨਾਗਰਿਕਾਂ ‘ਤੇ ਅਮਰੀਕਾ ਵਿਚ ਦਾਖਲ ਹੋਣ ‘ਤੇ 90 ਦਿਨ ਲਈ ਪਾਬੰਦੀ ਲਾ ਦਿੱਤੀ ਸੀ। ਟਰੰਪ ਦੇ ਰਾਜਸੀ ਵਿਰੋਧੀਆਂ ਅਤੇ ਮਾਨਵੀ ਹੱਕਾਂ ਬਾਰੇ ਕਾਰਕੁਨਾਂ ਨੇ ਅਦਾਲਤ ਦੇ ਫ਼ੈਸਲੇ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਪ੍ਰਾਮਿਲਾ ਜੈਯਾਪਾਲ ਜਿਹੜੀ ਟਰੰਪ ਦੇ ਆਰਡਰ ਖਿਲਾਫ ਡੈਮੋਕਰੈਟਿਕ ਕਾਨੂੰਨਘਾੜਿਆਂ ਦੀ ਲੜਾਈ ਦੀ ਅਗਵਾਈ ਕਰਨਵਾਲਿਆਂ ਵਿਚ ਸ਼ਾਮਲ ਹੈ, ਨੇ ਕਿਹਾ ਕਿ ਸੰਵਿਧਾਨ ਦੀ ਜਿੱਤ ਹੋਈ ਹੈ।