ਚੰਡੀਗੜ੍ਹ ਹਵਾਈ ਅੱਡੇ ਦੇ ਨਾਂ ਦਾ ਮੁੱਦਾ ਰਾਜ ਸਭਾ ਵਿਚ ਮੁੜ ਗੂੰਜਿਆ

ਚੰਡੀਗੜ੍ਹ ਹਵਾਈ ਅੱਡੇ ਦੇ ਨਾਂ ਦਾ ਮੁੱਦਾ ਰਾਜ ਸਭਾ ਵਿਚ ਮੁੜ ਗੂੰਜਿਆ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਸਭਾ ਵਿੱਚ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਦੇ ਨਾਂ ਦਾ ਮੁੱਦਾ ਗੂੰਜਿਆ। ਵਿਰੋਧੀ ਧਿਰ ਨੇ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਹਵਾਈ ਅੱਡੇ ਦਾ ਨਾਂ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਨਾਂ ਉਪਰ ਨਹੀਂ ਰੱਖਣਾ ਚਾਹੁੰਦੀ। ਸਿਫ਼ਰ ਕਾਲ ਦੌਰਾਨ ਸੀਪੀਆਈ (ਐਮ) ਦੇ ਰੀਤਾਬਰਾਤਾ ਬੈਨਰਜੀ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਵਾਈ ਅੱਡੇ ਦਾ ਨਾਂ ਸ਼ਹੀਦੇ-ਆਜ਼ਮ ਦੇ ਨਾਂ ਉਪਰ ਰੱਖਣ ਲਈ ਰਾਜ਼ੀ ਸੀ ਜਦਕਿ ਹਰਿਆਣਾ ਸਰਕਾਰ ਇਸ ਅੱਡੇ ਦਾ ਨਾਂ ਸਾਬਕਾ ਉਪ ਮੁੱਖ ਮੰਤਰੀ ਮੰਗਲ ਸੈਨ ਦੇ ਨਾਂ ਉਪਰ ਰੱਖਣ ਲਈ ਬਜ਼ਿੱਦ ਸੀ। ਸ੍ਰੀ ਬੈਨਰਜੀ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਅੰਦੋਲਨ ਵੀ ਹੋਏ ਹਨ। ਕਾਂਗਰਸੀ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਮੁੱਦਾ ਉਠਾਇਆ। ਮਗਰੋਂ ਵਿਰੋਧੀ ਧਿਰ ਨਾਲ ਸਬੰਧਤ ਹੋਰਨਾਂ ਪਾਰਟੀਆਂ ਦੇ ਮੈਂਬਰ ਵੀ ਉੱਠ ਖੜ੍ਹੇ ਤੇ ਉਨ੍ਹਾਂ ਖਾਸਾ ਰੌਲਾ ਰੱਪਾ ਪਾਇਆ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਵਿਰੋਧੀ ਧਿਰਾਂ ਵੱਲੋਂ ਲਾਏ ਦੋਸ਼ਾਂ ਦਾ ਬਚਾਓ ਕਰਦਿਆਂ ਕਿਹਾ ਕਿ ਭਾਜਪਾ ਦੀ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬਦਲਣ ਦੀ ਕਦੇ ਕੋਈ ਮਨਸ਼ਾ ਨਹੀਂ ਰਹੀ ਤੇ ਅਜਿਹੇ ਬਿਆਨ ਸਹੀ ਨਹੀਂ ਹਨ। ਸ੍ਰੀ ਨਕਵੀ ਨੇ ਕਿਹਾ ਕਿ ਭਗਤ ਸਿੰਘ ਮਹਾਨ ਸ਼ਹੀਦ ਸਨ, ਜਿਨ੍ਹਾਂ ਦਾ ਹਰ ਕੋਈ ਸਨਮਾਨ ਕਰਦਾ ਹੈ। ਮਗਰੋਂ ਬਹਿਸ ਵਿੱਚ ਜਨਤਾ ਦਲ (ਯੂ) ਦੇ ਸ਼ਰਦ ਯਾਦਵ ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਵੀ ਸ਼ਾਮਲ ਹੋ ਗਏ। ਰੌਲਾ ਰੱਪਾ ਨਾ ਘਟਿਆ ਤਾਂ ਡਿਪਟੀ ਚੇਅਰਮੈਨ ਪੀ.ਜੇ. ਕੁਰੀਅਨ ਨੇ ਸ੍ਰੀ ਨਕਵੀ ਨੂੰ ਸੰਸਦ ਮੈਂਬਰਾਂ ਦੀ ਸਲਾਹ ਨੋਟ ਕਰਨ ਲਈ ਕਿਹਾ।
ਯਾਦ ਰਹੇ ਕਿ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ 11 ਸਤੰਬਰ, 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਪਹਿਲਾਂ ਵੀ ਰਾਜ ਸਭਾ ਮੈਂਬਰ ਰਹੇ ਡਾ. ਮਨੋਹਰ ਸਿੰਘ ਗਿੱਲ ਨੇ ਇਸ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਉਪਰ ਰੱਖਣ ਦਾ ਮੁੱਦਾ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਸੀ। ਭਾਜਪਾ ਦੇ ਆਗੂ ਕਮਲ ਸ਼ਰਮਾ ਨੇ ਵੀ ਸ਼ਹੀਦੇ-ਆਜ਼ਮ ਦੇ ਨਾਂ ਉਪਰ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਰੱਖਣ ਲਈ ਕੇਂਦਰ ਨੂੰ ਪੱਤਰ ਲਿਖਿਆ ਸੀ।