ਮੁਤਵਾਜ਼ੀ ਜਥੇਦਾਰਾਂ ਨੇ ਢੱਡਰੀਆਂ ਵਾਲੇ ਖ਼ਿਲਾਫ਼ ਪਰਮੇਸ਼ਰ ਦੁਆਰ ਦੇ ਬਾਹਰ ਕੀਤਾ ਇਕੱਠ

ਮੁਤਵਾਜ਼ੀ ਜਥੇਦਾਰਾਂ ਨੇ ਢੱਡਰੀਆਂ ਵਾਲੇ ਖ਼ਿਲਾਫ਼ ਪਰਮੇਸ਼ਰ ਦੁਆਰ ਦੇ ਬਾਹਰ ਕੀਤਾ ਇਕੱਠ

ਲਾਇਆ ਦੋਸ਼-ਸਿੱਖ ਇਤਿਹਾਸ ਨਾਲ ਭਾਈ ਢੱਡਰੀਆਂ ਵਾਲੇ ਨੇ ਕੀਤੀ ਛੇੜ-ਛਾੜ



ਪਟਿਆਲਾ/ਬਿਊਰੋ ਨਿਊਜ਼ :
ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਅਤੇ ਹੋਰ ਸਤਿਕਾਰ ਕਮੇਟੀਆਂ ਦੇ ਸਿੰਘਾਂ ਦੇ ਜਥੇ ਸਮੇਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖ਼ਿਲਾਫ਼ ਉਨ੍ਹਾਂ ਦੇ ਹੈੱਡਕੁਆਰਟਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਮਣੇ ਇਕੱਤਰਤਾ ਕੀਤੀ ਤੇ ਦੋਸ਼ ਲਾਇਆ ਕਿ ਭਾਈ ਢੱਡਰੀਆਂ ਵਾਲੇ ਆਪਣੇ ਦੀਵਾਨਾਂ ਦੌਰਾਨ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਪੁਲੀਸ ਨੂੰ ਜਿਉਂ ਹੀ ਇਸ ਇਕੱਤਰਤਾ ਦੀ ਭਿਣਕ ਪਈ, ਵੱਡੀ ਗਿਣਤੀ ਪੁਲੀਸ ਮੁਲਾਜ਼ਮ ਸੁਰੱਖਿਆ ਲਈ ਤਾਇਨਾਤ ਕਰ ਦਿੱਤੇ ਗਏ। ਇਸ ਦੌਰਾਨ ਜਥੇ ਨੇ ਕਈ ਘੰਟੇ ਇਕੱਤਰਤਾ ਕਰਕੇ ਭਾਈ ਢੱਡਰੀਆਂ ਵਾਲਿਆਂ ਨਾਲ ਦੁਵੱਲੀ ਮੀਟਿੰਗ ਦੀ ਉਡੀਕ ਕੀਤੀ।
ਭਾਈ ਅਮਰੀਕ ਸਿੰਘ ਅਜਨਾਲਾ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਭਾਈ ਢੱਡਰੀਆਂ ਵਾਲੇ ਦੀਵਾਨਾਂ ਦੌਰਾਨ ਹਰਿਮੰਦਰ ਸਾਹਿਬ ਨੂੰ ਆਮ ਇਮਾਰਤ, ਜਦੋਂਕਿ ਪਵਿਤਰ ਸਰੋਵਰ ਨੂੰ ਆਮ ਪਾਣੀ ਦੱਸਦੇ ਹਨ ਤੇ ਸੰਤ ਸ਼ਬਦ ਨੂੰ ਵੀ ਨਿੰਦ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਈ ਢੱਡਰੀਆਂ ਵਾਲੇ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੇ ਬਾਬਾ ਬਕਾਲਾ ਵਿੱਚ ਭੋਰੇ ਵਿਚ ਕੀਤੇ ਤਪ ਸਬੰਧੀ ਕਈ ਤਰ੍ਹਾਂ ਦੇ ਮਨਮਾਨੇ ਖਿਆਲ ਸੰਗਤ ਅੱਗੇ ਰੱਖ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਭਾਈ ਢੱਡਰੀਆਂ ਵਾਲਿਆਂ ਕੋਲੋਂ ਇਸ ਸਬੰਧੀ ਜਵਾਬ ਮੰਗਣ ਆਏ ਸਨ। ਭਾਈ ਅਜਨਾਲਾ ਨੇ ਗਿਲਾ ਕੀਤਾ ਕਿ ਉਨ੍ਹਾਂ ਨੂੰ ਪਹਿਲਾਂ ਆਖਿਆ ਗਿਆ ਕਿ ਭਾਈ ਢੱਡਰੀਆਂ ਵਾਲੇ ਦੋ ਵਜੇ ਗੱਲਬਾਤ ਕਰਨਗੇ, ਫਿਰ ਆਖਿਆ ਕਿ ਉਹ ਬਾਹਰ ਗਏ ਹੋਏ ਹਨ।
ਇਸ ਦੌਰਾਨ ਐਸਪੀ.ਐਚ. ਸੁਖਦੇਵ ਸਿੰਘ ਵਿਰਕ ਨੇ ਕਿਹਾ ਕਿ ਦੋਹਾਂ ਧਿਰਾਂ ਦਰਮਿਆਨ ਫੋਨ ਰਾਹੀਂ ਗੱਲਬਾਤ ਹੋਣ ਮਗਰੋਂ ਤੈਅ ਹੋਇਆ ਹੈ ਕਿ ਅਗਲੇ ਦਿਨਾਂ ਵਿੱਚ ਦੋਵੇਂ ਧਿਰਾਂ ਦੇ ਪੰਜ ਪੰਜ ਸਿੰਘ ਇੱਕਤਰ ਹੋ ਕੇ ਸਾਂਝੀ ਬੈਠਕ ਕਰਕੇ ਮਸਲੇ ਨੂੰ ਸੁਲਝਾਉਣ ਦਾ ਯਤਨ ਕਰਨਗੇ। ਭਾਈ ਅਜਨਾਲਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲਬਾਤ 27 ਮਾਰਚ ਨੂੰ ਕਰਵਾਉਣੀ ਤੈਅ ਕੀਤੀ ਹੈ। ਉਧਰ, ਭਾਈ ਢੱਡਰੀਆਂ ਵਾਲਿਆਂ ਦੇ ਪੀਏ ਭਾਈ ਕੁਲਦੀਪ ਸਿੰਘ ਨੇ ਦੱਸਿਆ ਕਿ ਭਾਈ ਅਜਨਾਲਾ ਦਰਜਨਾਂ ਸਾਥੀਆਂ ਸਮੇਤ 10 ਵਜੇ ਹੀ ਗੁਰਦੁਆਰੇ ਦੇ ਗੇਟ ਤੋਂ ਕੁਝ ਦੂਰ ਬੈਠ ਗਏ ਤੇ ਪ੍ਰਸ਼ਾਸਨ ਦੇ ਦਖ਼ਲ ਨਾਲ ਗੱਲਬਾਤ ਹੋਣ ਮਗਰੋਂ ਬਾਅਦ ਦੁਪਹਿਰ ਵਾਪਸ ਗਏ। ਉਨ੍ਹਾਂ ਆਖਿਆ ਕਿ ਭਾਈ ਢੱਡਰੀਆਂ ਵਾਲੇ ਪੰਥਕ ਮਰਿਆਦਾ ਅਨੁਸਾਰ ਹੀ ਪ੍ਰਚਾਰ ਕਰ ਰਹੇ ਹਨ। ਇਸ ਲਈ ਉਨ੍ਹਾਂ ‘ਤੇ ਲਾਏ ਦੋਸ਼ ਬੇਬੁਨਿਆ ਹਨ।