ਆਸਟਰੇਲੀਆ : ਭਾਰਤੀ ਵਿਅਕਤੀ ਨਸਲੀ ਹਮਲੇ ਦਾ ਸ਼ਿਕਾਰ

ਆਸਟਰੇਲੀਆ : ਭਾਰਤੀ ਵਿਅਕਤੀ ਨਸਲੀ ਹਮਲੇ ਦਾ ਸ਼ਿਕਾਰ

ਮੈਲਬਰਨ/ਬਿਊਰੋ ਨਿਊਜ਼ :
ਆਸਟਰੇਲੀਆ ਦੇ ਉੱਤਰੀ ਹੋਬਰਟ ਦੇ ਇੱਕ ਰੈਸਟੋਰੈਂਟ ਵਿੱਚ ਇੱਕ ਭਾਰਤੀ ਵਿਅਕਤੀ ਉੱਤੇ ਅੱਲ੍ਹੜਾਂ ਦੇ ਇੱਕ ਸਮੂਹ ਨੇ ਨਸਲੀ ਹਮਲਾ ਕੀਤਾ ਤੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ। ਹਮਲੇ ਦਾ ਸ਼ਿਕਾਰ ਹੋਇਆ ਨੌਜਵਾਨ ਮੂਲ ਰੂਪ ਵਿੱਚ ਕੇਰਲਾ ਦੇ ਕੋਟਿਅਮ ਜ਼ਿਲ੍ਹੇ ਦੇ ਪੁੱਥਾਪੱਲੀ ਦਾ ਵਸਨੀਕ ਹੈ।
ਲੀ ਮੈਕਸ ਜੋਇ (33), ਜੋ ਕਿ ਇੱਥੇ ਨਰਸਿੰਗ ਦਾ ਕੋਰਸ ਕਰਦਾ ਹੈ ਤੇ ਵਿਹਲੇ ਸਮੇਂ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਹੈ, ਨੇ ਦੋਸ਼ ਲਾਇਆ ਕਿ ਪੰਜ ਨੌਜਵਾਨਾਂ ਦੇ ਸਮੂਹ, ਜਿਨ੍ਹਾਂ ਵਿੱਚ ਇੱਕ ਲੜਕੀ ਵੀ ਸੀ, ਨੇ ਉਸ ਉੱਤੇ ਨਸਲੀ ਹਮਲਾ ਕੀਤਾ ਤੇ ਉਸ ਨੂੰ ਨਸਲੀ ਗਾਲ੍ਹਾਂ ਕੱਢੀਆਂ। ਉਸ ਨੇ ਦੱਸਿਆ ਕਿ ਉਸ ਉੱਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਇੱਕ ਟੂਰ ਤੋਂ ਵਾਪਸ ਆਇਆ ਸੀ ਤੇ ਉੱਤਰੀ ਹੋਬਰਟ ਖੇਤਰ ਵਿਚਲੇ ਮੈਕਡੋਨਲਡਜ਼ ਰੈਸਟੋਰੈਂਟ ਵਿੱਚ ਕੌਫ਼ੀ ਪੀਣ ਲਈ ਗਿਆ ਸੀ।
ਉਸ ਨੇ ਦੋਸ਼ ਲਾਇਆ ਕਿ ਇਹ ਨੌਜਵਾਨ ਰੈਸਟੋਰੈਂਟ ਵਿੱਚ ਇੱਕ ਕਾਮੇ ਨਾਲ ਬਹਿਸ ਕਰ ਰਹੇ ਸਨ ਤੇ ਜਦੋਂ ਉਨ੍ਹਾਂ ਦਾ ਧਿਆਨ ਉਸ ਉੱਤੇ ਗਿਆ ਤਾਂ ਉਨ੍ਹਾਂ ਉਸ ਨੂੰ ਨਿਸ਼ਾਨਾ ਬਣਾ ਲਿਆ। ਜਦੋਂ ਉੱਥੇ ਮੌਜੂਦ ਲੋਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ ਤਾਂ ਹਮਲਾਵਰ ਉੱਥੋਂ ਭੱਜ ਗਏ ਤੇ ਮਗਰੋਂ ਫਿਰ ਵਾਪਸ ਆ ਕੇ ਉਸ ‘ਤੇ ਹਮਲਾ ਕਰ ਦਿੱਤਾ। ਲੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ, ਜਿੱਥੋਂ ਉਸ ਨੂੰ ਛੁੱਟੀ ਮਿਲ ਗਈ। ਮਗਰੋਂ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ।
ਲੀ ਨੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਯਕੀਨੀ ਬਣਾਈ ਜਾਵੇ। ਉਸ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਵੱਲੋਂ ਅਜਿਹੇ ਹਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।