ਸ਼ਹੀਦ ਹੋਣ ਤੱਕ ਸੰਤ ਭਿੰਡਰਾਂਵਾਲਿਆਂ ਖ਼ਿਲਾਫ਼ ਕੋਈ ਪੁਲੀਸ ਕੇਸ ਦਰਜ ਨਹੀਂ ਸੀ

ਸ਼ਹੀਦ ਹੋਣ ਤੱਕ ਸੰਤ ਭਿੰਡਰਾਂਵਾਲਿਆਂ ਖ਼ਿਲਾਫ਼ ਕੋਈ ਪੁਲੀਸ ਕੇਸ ਦਰਜ ਨਹੀਂ ਸੀ

ਆਰ.ਟੀ.ਆਈ. ‘ਚ ਸਚਾਈ ਆਈ ਸਾਹਮਣੇ
ਚੰਡੀਗੜ੍ਹ/ਵਿਕਰਮਜੀਤ ਸਿੰਘ ਮਾਨ:
ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਜਸਟਿਸ ਫਾਊਂਡੇਸਨ ਦੇ ਮੈਂਬਰ ਨਵਦੀਪ ਗੁਪਤਾ ਵੱਲੋਂ ਸ਼ਨਿਚਰਵਾਰ ਨੂੰ ਚੰਡੀਗੜ੍ਹ ਪ੍ਰੈੱਸ ਕੱਲਬ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਖ਼ਿਲਾਫ਼ 6 ਜੂਨ 1984 ਤੱਕ ਨਾ ਤਾਂ ਕਿਤੇ ਵੀ ਕੋਈ ਐਫ.ਆਈ.ਆਰ. ਦਰਜ ਹੋਈ ਤੇ ਨਾ ਹੀ ਉਨ੍ਹਾਂ ਨੂੰ ਅੱਤਵਾਦੀ ਐਲਾਨਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਖੁਲਾਸਾ ਆਰ.ਟੀ.ਆਈ. ‘ਚ ਮੰਗੀ ਜਾਣਕਾਰੀ ਪ੍ਰਾਪਤ ਹੋਣ ਮਗਰੋਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਬਾਰੇ ਜਾਣਕਾਰੀ ਆਰ.ਟੀ.ਆਈ. ਤਹਿਤ ਅੰਮ੍ਰਿਤਸਰ ਪੁਲੀਸ ਨੇ ਉਨ੍ਹਾਂ ਨੂੰ ਭੇਜੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਵਿਭਾਗ ਤੋਂ ਮੰਗੀ ਜਾਣਕਾਰੀ ‘ਚ ਦੱਸਿਆ ਗਿਆ ਹੈ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ ਸੰਤ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਤੇ 34 ਹੋਰਨਾਂ ਦੀਆਂ ਲਾਸ਼ਾਂ ਹਥਿਆਰਾਂ ਸਮੇਤ ਅਕਾਲ ਤਖ਼ਤ ਸਾਹਿਬ ਦੀ ਹੇਠਲੀ ਮੰਜ਼ਿਲ ਤੋਂ ਮਿਲੀਆਂ ਸਨ ਤੇ ਇਸ ਸਬੰਧੀ ਫੌਜ ਨੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਨਵਦੀਪ ਕੁਮਾਰ, ਅਮਰੀਕ ਸਿੰਘ ਖਾਲਸਾ ਫਗਵਾੜਾ, ਯਾਦਵਿੰਦਰ ਸਿੰਘ ਸੰਗਰੂਰ ਤੇ ਗੁਰਦੀਪ ਸਿੰਘ ਮਡਾਹੜ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕੁਝ ਕੱਟੜ ਹਿੰਦੂ ਸੰਗਠਨਾਂ ਵੱਲੋਂ ਬੇਲੋੜਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦੇ ਸੂਬੇ ਦਾ ਮਾਹੌਲ ਪ੍ਰਭਾਵਤ ਹੋ ਰਿਹਾ ਹੈ।