ਮਹਾਰਾਜਾ ਦਲੀਪ ਸਿੰਘ ਭਾਰਤੀ ਆਜ਼ਾਦੀ ਸੰਗਰਾਮ ਦਾ ਅਣਗੌਲਿਆ ਨਾਇਕ : ਸਤਿੰਦਰ ਸਰਤਾਜ

ਮਹਾਰਾਜਾ ਦਲੀਪ ਸਿੰਘ ਭਾਰਤੀ ਆਜ਼ਾਦੀ ਸੰਗਰਾਮ ਦਾ ਅਣਗੌਲਿਆ ਨਾਇਕ : ਸਤਿੰਦਰ ਸਰਤਾਜ

‘ਦੀ ਬਲੈਕ ਪ੍ਰਿੰਸ’ ਦਾ ਗਾਣਾ ‘ਵਾਰ’ ਰਿਲੀਜ਼
ਅੰਮ੍ਰਿਤਸਰ/ਬਿਊਰੋ ਨਿਊਜ਼ :
ਸੂਫ਼ੀ ਅਤੇ ਲੋਕ ਗਾਇਕ ਤੋਂ ਅਦਾਕਾਰ ਬਣੇ ਸਤਿੰਦਰ ਸਰਤਾਜ ਨੇ ਇੱਥੇ ਹਰੀ ਸਿੰਘ ਨਲਵਾ ਦੀ ‘ਵਾਰ’ ਰਿਲੀਜ਼ ਕਰਨ ਮੌਕੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ, ਜਿਨ੍ਹਾਂ ਨੂੰ ਪਰਥਸ਼ਾਇਰ ਦਾ ਬਲੈਕ ਪ੍ਰਿੰਸ ਵੀ ਕਿਹਾ ਜਾਂਦਾ ਹੈ, ਭਾਰਤ ਦੇ ਆਜ਼ਾਦੀ ਅੰਦੋਲਨ ਦਾ ਅਣਗੌਲਿਆ ਨਾਇਕ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਬਦਕਿਸਮਤੀ ਹੈ ਕਿ ਮਹਾਰਾਜਾ ਦਲੀਪ ਸਿੰਘ ਨੇ ਆਜ਼ਾਦੀ ਸੰਗਰਾਮ ਦੀ ਨੀਂਹ ਰੱਖੀ ਸੀ, ਪਰ ਇਸ ਯੋਧੇ ਨੂੰ ਨਾਇਕ ਵਜੋਂ ਕਦੇ ਮਾਨਤਾ ਨਹੀਂ ਦਿੱਤੀ ਗਈ।
ਸਰਤਾਜ ਦੇ ਅਭਿਨੈ ਵਾਲੀ ‘ਦੀ ਬਲੈਕ ਪ੍ਰਿੰਸ’ ਭਾਰਤ ਵਿਚ 21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਾਲੀਵੁੱਡ ਪ੍ਰੋਡਕਸ਼ਨ ‘ਦੀ ਬਲੈਕ ਪ੍ਰਿੰਸ’ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਰਿਲੀਜ਼ ਹੋਵੇਗੀ। ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ‘ਤੇ ਆਧਾਰਤ ‘ਵਾਰ’ ਇਥੋਂ ਦੇ ਗੋਬਿੰਦਗੜ੍ਹ ਕਿਲੇ ਵਿਚ ਰਿਲੀਜ਼ ਕੀਤੀ ਗਈ। ਜੀ.ਆਈ. ਰੈਂਡਜ਼ਵੋਸ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਸਰਤਾਜ ਨੇ ਆਪਣੇ ਪ੍ਰਸ਼ੰਸਕਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਫ਼ਿਲਮ ਦੌਰਾਨ ਆਪਣੇ ਤਜਰਬੇ ਵੀ ਸਾਂਝੇ ਕੀਤੇ।
ਸਰਤਾਜ ਨੇ ਦੱਸਿਆ, ”ਜਦੋਂ ਅਸੀਂ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ‘ਤੇ ਖੋਜ ਕਰ ਰਹੇ ਸੀ ਤਾਂ ਸਾਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਉਹ ਭਾਰਤੀ ਆਜ਼ਾਦੀ ਅੰਦੋਲਨ ਦਾ ਅਣਗੌਲਿਆ ਨਾਇਕ ਹੈ ਅਤੇ ਕਿਵੇਂ ਉਹ ਭਾਰਤ ਦੀ ਆਜ਼ਾਦੀ ਲਈ ਆਇਰਿਸ਼ ਬਾਗੀਆਂ ਨੂੰ ਮਦਦ ਲਈ ਮਿਲੇ ਅਤੇ ਰੂਸ ਤੱਕ ਦਾ ਸਫ਼ਰ ਕੀਤਾ।”
ਸਰਤਾਜ ਨੇ ਦੱਸਿਆ ਕਿ ਫ਼ਿਲਮ ਵੇਖ ਕੇ ਹੀ ਤੁਸੀਂ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਬਾਰੇ ਜਾਣ ਸਕਦੇ ਹੋ ਕਿ ਕਿਵੇਂ ਬਚਪਨ ਤੋਂ ਹੀ ਉਹ ਮਾਂ ਕੋਲੋਂ ਦੂਰ ਹੋਏ। ਉਨ੍ਹਾਂ ਨੂੰ ਇਸਾਈ ਧਰਮ ਕਬੂਲ ਕਰਵਾਇਆ ਗਿਆ। ਸਾਰੀ ਸੰਪਤੀ ਤੋਂ ਮਹਿਰੂਮ ਰੱਖਿਆ। ਕਿਵੇਂ ਵਰ੍ਹਿਆਂ ਬਾਅਦ ਮਾਂ ਨੂੰ ਮਿਲੇ ਅਤੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਆਰੰਭਿਆ। ਮਹਾਰਾਜਾ ਦਲੀਪ ਸਿੰਘ ਲੰਡਨ ਵਿੱਚ ਸ਼ਾਹੀ ਜ਼ਿੰਦਗੀ ਜੀਅ ਰਹੇ ਸਨ। ਰਿਸ਼ਤੇ ਦੀ ਸਮਝ ਆਈ ਤਾਂ ਮੁੜ ਸਿੱਖੀ ਧਾਰਨ ਕੀਤੀ। ਇਸ ਫ਼ਿਲਮ ‘ਚ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦ ਕੌਰ ਦਾ ਕਿਰਦਾਰ ਬਾਲੀਵੁੱਡ ਦੀ ਉੱਘੀ ਅਦਾਕਰਾ ਸ਼ਬਾਨਾ ਆਜ਼ਮੀ ਨੇ ਨਿਭਾਇਆ ਹੈ।
ਸਰਤਾਜ ਨੇ ਇਸ ਕਿਰਦਾਰ ਵਿੱਚ ਢਲਣ ਅਤੇ ਵਿਕਟੋਰੀਅਨ ਅੰਗਰੇਜ਼ੀ ਬੋਲਣ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਲਈ। ਸ਼ਬਾਨਾ ਨਾਲ ਭਾਸ਼ਾ ਬਾਰੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਸਰਤਾਜ ਨੇ ਕਿਹਾ ਕਿ ਉਹ ਸਵੇਰ ਦੇ ਖਾਣੇ ਸਮੇਂ ਜਦੋਂ ਮਿਲਦੇ ਤਾਂ ਸ਼ਬਾਨਾ ਜੀ ਅਕਸਰ ਕਹਿੰਦੇ, ”ਲਿਖਿਆ ਹਿੰਦੀ ਵਿੱਚ ਹੈ ਤੇ ਬੋਲਣਾ ਪੰਜਾਬੀ ਵਿੱਚ ਹੈ।” ਸਰਤਾਜ ਨੇ ਕਿਹਾ ਕਿ ਪੰਜਾਬ ਦੇ ਇਸ ਅਣਗੌਲੇ ਇਤਿਹਾਸਕ ਪਹਿਲੂ ਨੂੰ ਜਾਣਨ ਲਈ ਇਹ ਫ਼ਿਲਮ ਜ਼ਰੂਰ ਵੇਖਣੀ ਚਾਹੀਦੀ ਹੈ।