ਕੰਗਾਰੂਆਂ ਨੇ ਭਾਰਤੀ ਸ਼ੇਰਾਂ ਨੂੰ ਕੀਤਾ ਚਿੱਤ

ਕੰਗਾਰੂਆਂ ਨੇ ਭਾਰਤੀ ਸ਼ੇਰਾਂ ਨੂੰ ਕੀਤਾ ਚਿੱਤ
ਕੈਪਸ਼ਨ-ਮੁੰਬਈ ਵਿੱਚ ਤਿੰਨ ਰੋਜ਼ਾ ਅਭਿਆਸ ਮੈਚ ਦੇ ਪਹਿਲੇ ਦਿਨ ਭਾਰਤ ‘ਏ’ ਖ਼ਿਲਾਫ਼ ਦੌੜ ਪੂਰੀ ਕਰਦੇ ਹੋਏ ਆਸਟਰੇਲਿਆਈ ਕਪਤਾਨ ਸਟੀਵ ਸਮਿੱਥ(ਸੱਜੇ) ਤੇ ਸ਼ੌਨ ਮਾਰਸ਼।

5 ਵਿਕਟਾਂ ਗੁਆ ਕੇ 327 ਦੌੜਾਂ ਬਣਾਈਆਂ

ਮੁੰਬਈ/ਬਿਊਰੋ ਨਿਊਜ਼ :
ਇੱਥੇ ਸ਼ੁਰੂ ਹੋਏ ਤਿੰਨ ਰੋਜ਼ਾ ਅਭਿਆਸ ਮੈਚ ਵਿੱਚ ਭਾਰਤ ‘ਏ’ ਦੇ ਗੇਂਦਬਾਜ਼ ਪੂਰੀ ਤਰ੍ਹਾਂ ਪ੍ਰਭਾਵਹੀਣ ਰਹੇ ਜਿਸ ਸਦਕਾ ਸਟੀਵ ਸਮਿੱਥ (107) ਤੇ ਸੀਨੀਅਰ ਬੱਲੇਬਾਜ਼ ਸ਼ੌਨ ਮਾਰਸ਼ (104) ਦੀਆਂ ਸਹਿਜ ਸੈਂਕੜਿਆਂ ਵਾਲੀਆਂ ਪਾਰੀਆਂ ਨਾਲ ਆਸਟਰੇਲੀਆ ਨੇ ਆਪਣੇ ਟੈਸਟ ਦੌਰੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਦੋਵੇਂ ਬੱਲੇਬਾਜ਼ਾਂ ਦੇ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ ਬ੍ਰੈਬੋਰਨ ਸਟੇਡੀਅਮ ਵਿੱਚ ਭਾਰਤ ‘ਏ’ ਦੇ ਪੂਰੀ ਤਰ੍ਹਾਂ ਪ੍ਰਭਾਵਹੀਣ ਹਮਲੇ ਸਾਹਮਣੇ ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਪੰਜ ਵਿਕਟਾਂ ਗੁਆ ਕੇ 327 ਦੌੜਾਂ ਬਣਾਈਆਂ। ਹਾਲਾਂਕਿ ਦੋਵੇਂ ਬਾਅਦ ਵਿੱਚ ਰਿਟਾਇਰਡ ਆਊਟ ਹੋ ਗਏ। ਸਟੰਪ ਤੱਕ ਮਿਸ਼ੇਲ ਮਾਰਸ਼ (16) ਤੇ ਮੈਥਿਊ ਵੇਡ (07) ਕਰੀਜ਼ ‘ਤੇ ਡਟੇ ਹੋਏ ਸਨ। ਸਮਿੱਥ ਤੇ ਮਾਰਸ਼ ਉਦੋਂ ਬੱਲੇਬਾਜ਼ੀ ਲਈ ਉਤਰੇ ਜਦੋਂ ਆਸਟਰੇਲੀਆ ਨੇ ਦੋਵੇਂ ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ (25) ਤੇ ਮੈਟ ਰੈਨਸ਼ਾਅ (11) ਦੀਆਂ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਸਕੋਰ ਦੋ ਵਿਕਟਾਂ ‘ਤੇ 55 ਦੌੜਾਂ ਸੀ। ਘਰੇਲੂ ਟੀਮ ਦੇ ਗੇਂਦਬਾਜ਼ੀ ਹਮਲੇ ਨੇ ਉਨ੍ਹਾਂ ਨੂੰ ਬਿਲਕੁਲ ਵੀ ਪ੍ਰੇਸ਼ਾਨ ਨਹੀਂ ਕੀਤਾ। ਦੋਵੇਂ ਖਿਡਾਰੀ ਸੈਂਕੜੇ ਬਣਾਉਣ ਦੇ ਨਾਲ ਤੀਜੇ ਵਿਕਟ ਲਈ 156 ਦੌੜਾਂ ਦੀ ਸਾਂਝੇਦਾਰੀ ਕਰਨ ਤੋਂ ਬਾਅਦ ਰਿਟਾਇਰਡ ਆਊਟ ਹੋ ਗਏ। ਮੱਧਮ ਗਤੀ ਦੇ ਗੇਂਦਬਾਜ਼ ਨਵਦੀਪ ਸੈਣੀ ਨੇ ਵਾਰਨਰ ਤੇ ਰੈਨਸ਼ਾਅ ਨੂੰ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਆਪਣੇ ਛੇ ਓਵਰਾਂ ਦੇ ਪਹਿਲੇ ਸਪੈੱਲ ਵਿੱਚ ਆਊਟ ਕੀਤਾ। ਇਸ ਤਰ੍ਹਾਂ ਉਸ ਨੇ 27 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਕਪਤਾਨ ਹਾਰਦਿਕ ਪਾਂਡਿਆ ਨੇ ਦੂਜੀ ਨਵੀਂ ਗੇਂਦ ਨਾਲ ਦਿਨ ਦੇ ਅਖ਼ੀਰ ਵਿੱਚ ਪੀਟਰ ਹੈਂਡਜ਼ਕੌਂਬ ਦਾ ਵਿਕਟ ਲਿਆ।
ਭਾਰਤ ਖ਼ਿਲਾਫ਼ 23 ਫਰਵਰੀ ਤੋਂ ਸ਼ੁਰੂ ਹੋ ਰਹੀ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ ਸਮਿੱਥ ਘਰੇਲੂ ਗੇਂਦਬਾਜ਼ਾਂ ਲਈ ਵੱਡਾ ਖ਼ਤਰਾ ਬਣਨ ਦੀ ਆਸ ਹੈ। ਉਸ ਨੇ ਤੇਜ਼ ਗੇਂਦਬਾਜ਼ਾਂ ਤੇ ਸਪਿੰਨਰਾਂ ਖ਼ਿਲਾਫ਼ ਸ਼ਾਲਦਾਰ ਬੱਲੇਬਾਜ਼ੀ ਕੀਤੀ। ਸੱਜੇ ਹੱਥ ਦੇ ਬੱਲੇਬਾਜ਼ ਨੇ 107 ਦੌੜਾਂ ਦੀ ਪਾਰੀ ਖੇਡੀ ਜੋ ਕਿ ਉਸ ਦੇ 100ਵੇਂ ਪਹਿਲੀ ਸ਼੍ਰੇਣੀ ਦੇ ਮੈਚ ਵਿੱਚ ਉਸ ਦਾ 30ਵਾਂ ਸੈਂਕੜਾ ਹੈ। ਇਸ ਵਾਸਤੇ ਉਸ ਨੇ 161 ਗੇਂਦਾਂ ਦਾ ਸਾਹਮਣਾ ਕੀਤਾ। ਉਸ ਨੇ ਚਾਹ ਤੋਂ ਬਾਅਦ ਆਪਣੀ ਪਾਰੀ ਜਾਰੀ ਨਾ ਰੱਖਣ ਦਾ ਫੈਸਲਾ ਲਿਆ, ਤਾਂ ਆਸਟਰੇਲੀਆ ਦਾ ਸਕੋਰ ਦੋ ਵਿਕਟਾਂ ‘ਤੇ 211 ਦੌੜਾਂ ਸੀ।
ਪੰਜਾਹ ਟੈਸਟ ਮੈਚਾਂ ਵਿੱਚ 17 ਸੈਂਕੜੇ ਬਣਾਉਣ ਵਾਲੇ ਸਮਿੱਥ ਨੇ ਆਪਣੇ ਸੈਂਕੜੇ ਵਿੱਚ 12 ਚੌਕੇ ਤੇ ਇਕ ਛੱਕਾ ਮਾਰਿਆ ਸੀ। ਸਮਿੱਥ ਨੇ ਕੋਈ ਖ਼ਤਰਾ ਮੁੱਲ ਲਏ ਬਿਨਾਂ ਸ਼ਾਨਦਾਰ ਪਾਰੀ ਖੇਡੀ। ਉਸ ਨੇ ਸਪਿੰਨਰ ਸ਼ਾਹਬਾਜ਼ ਨਦੀਮ ਦਾ ਚੰਗੀ ਤਰ੍ਹਾਂ ਸਾਹਮਣਾ ਕੀਤਾ। ਖੱਬੇ ਹੱਥ ਦੇ ਸ਼ਾਨ ਮਾਰਸ਼ ਨੂੰ ਉਸਮਾਨ ਖ਼ਵਾਜਾ ‘ਤੇ ਤਰਜੀਹ ਦਿੱਤੀ ਗਈ, ਜਿਸ ਨੇ 173 ਗੇਂਦਾਂ ਵਿੱਚ 104 ਦੌੜਾਂ ਦੀ ਪਾਰੀ ਖੇਡੀ। ਉਸ ਨੇ 10 ਚੌਕੇ ਤੇ ਇਕ ਛੱਕਾ ਲਾਇਆ, ਹਾਲਾਂਕਿ ਕੰਮ ਚਲਾਊ ਸਪਿੰਨਰ ਅਖ਼ਿਲ ਹੇਰਵਾਦਕਰ ਦੀ ਗੇਂਦ ਨੂੰ ਪੁੱਲ ਕਰਨ ਨਾਲ ਉਹ 88 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਸਕਦਾ ਸੀ ਪਰ ਸੈਨੀ ਨੇ ਸ਼ਾਰਟ ਮਿੱਡਵਿਕਟ ‘ਤੇ ਉਸ ਦਾ ਕੈਚ ਛੱਡ ਦਿੱਤਾ। ਉਹ ਵੀ ਚਾਹ ਤੋਂ ਬਾਅਦ ਆਪਣਾ ਸੈਂਕੜਾ ਪੂਰਾ ਕਰਨ ਮਗਰੋਂ ਰਿਟਾਇਰਡ ਹੋ ਗਿਆ। ਉਦੋਂ 75 ਓਵਰਾਂ ਵਿੱਚ ਟੀਮ ਨੇ ਦੋ ਵਿਕਟਾਂ ‘ਤੇ 288 ਦੌੜਾਂ ਬਣਾ ਲਈਆਂ ਸੀ। ਉਦੋਂ ਪੀਟਰ ਹੈਂਡਜ਼ਕੌਂਬ (45) ਤੇ ਉਸ ਦਾ ਭਰਾ ਮਿਸ਼ੇਲ ਮਾਰਸ਼ (16) ਕਰੀਜ਼ ‘ਤੇ ਸੀ। ਘਰੇਲੂ ਟੀਮ ਦੇ ਗੇਂਦਬਾਜ਼ੀ ਹਮਲੇ ਨੂੰ ਉਦੋਂ ਕਰਾਰਾ ਝਟਕਾ ਲੱਗਿਆ ਜਦੋਂ ਆਫ਼ ਸਪਿੰਨਰ ਕ੍ਰਿਸ਼ਣੱਪਾ ਗੌਥਮ ਫਿਲਡਿੰਗ ਕਰਦੇ ਹੋਏ ਸੱਟ ਲੱਗਣ ਕਾਰਨ ਜ਼ਖ਼ਮੀ ਹੋ ਕੇ ਮੈਦਾਨ ਛੱਡ ਗਿਆ। ਸੈਨੀ ਨੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ 13 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਤੇ ਉਹ ਵੀ ਦੁਪਹਿਰ ਦੇ ਖਾਣੇ ਤੋਂ ਬਾਅਦ ਲੰਗੜਾਉਂਦੇ ਹੋਏ ਬਾਹਰ ਚਲਾ ਗਿਆ। ਹਾਲਾਂਕਿ ਦਿਨ ਦੇ ਅੰਤ ਵਿੱਚ ਉਸ ਨੇ ਦੋ ਓਵਰ ਹੋਰ ਕੀਤੇ। ਇਸ ਤੋਂ ਪਹਿਲਾਂ ਭਾਰਤ ‘ਏ’ ਦਾ ਕਪਤਾਨ ਪਾਂਡਿਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਘਰੇਲੂ ਟੀਮ ਲਈ ਸੈਨੀ ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ ਰਿਹਾ।