ਬੈਡਮਿੰਟਨ ਸਟਾਰ ਸਿੰਧੂ ਕਰੀਅਰ ਦੀ ਸਰਵੋਤਮ ਪੰਜਵੀਂ ਰੈਂਕਿੰਗ ‘ਤੇ

ਬੈਡਮਿੰਟਨ ਸਟਾਰ ਸਿੰਧੂ ਕਰੀਅਰ ਦੀ ਸਰਵੋਤਮ ਪੰਜਵੀਂ ਰੈਂਕਿੰਗ ‘ਤੇ

ਦਿੱਲੀ/ਬਿਊਰੋ ਨਿਊਜ਼ :
ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਬੈਡਮਿੰਟਨ ਸਟਾਰੀ ਪੀਵੀ ਸਿੰਧੂ ਤਾਜ਼ਾ ਰੈਂਕਿੰਗ ਵਿੱਚ ਆਪਣੀ ਕਰੀਅਰ ਦੀ ਸਰਵੋਤਮ ਪੰਜਵੀਂ ਰੈਂਕਿੰਗ ਵਿੱਚ ਪਹੁੰਚ ਗਈ ਹੈ। ਸਿੰਧੂ ਨੇ ਆਪਣੀ ਰੈਂਕਿੰਗ ਵਿੱਚ ਇਕ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਸ ਦੇ ਖਾਤੇ ਵਿੱਚ 69399 ਅੰਕ ਹਨ। ਭਾਰਤ ਦੀ ਸਾਇਨਾ ਨੇਹਵਾਲ ਆਪਣੇ ਨੌਂਵੇਂ ਸਥਾਨ ‘ਤੇ ਹੀ ਹੈ। ਸਿੰਧੂ ਨੇ 2017 ਦੀ ਸ਼ੁਰੂਆਤ ਛੇਵੇਂ ਸਥਾਨ ਤੋਂ ਕੀਤੀ ਸੀ ਪਰ 26 ਜਨਵਰੀ ਨੂੰ ਉਹ ਨੌਵੇਂ ਸਥਾਨ ‘ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਉਹ ਮੁੜ ਛੇਵੇਂ ਸਥਾਨ ‘ਤੇ ਆਈ ਅਤੇ ਹੁਣ ਪੰਜਵੇਂ ਨੰਬਰ ‘ਤੇ ਆ ਗਈ ਹੈ। ਸਿੰਧੂ ਅਤੇ ਸਾਇਨਾ ਦੋਨੋਂ ਖਿਡਾਰੀ ਵੀਅਤਨਾਮ ਦੇ ਸ਼ਹਿਰ ਹੋ ਚੀ ਮਿਨ੍ਹ ਵਿੱਚ ਚਲ ਰਹੀ ਏਸ਼ਿਆਈ ਮਿਕਸਡ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਤੋਂ ਵੱਖ ਹੋ ਗਈਆਂ ਸਨ।
ਪੁਰਸ਼ ਸਿੰਗਲਜ਼ ਵਿੱਚ ਅਜੈ ਜੈਰਾਮ ਦਾ 18 ਵਾਂ ਅਤੇ ਕਿਦਾਂਬੀ ਸ੍ਰੀਕਾਂਤ ਦਾ 21 ਵਾਂ ਸਥਾਨ ਕਾਇਮ ਹੈ। ਐਚਐਸ ਪ੍ਰਣਯ ਇਕ ਸਥਾਨ ਦੇ ਸੁਧਾਰ ਨਾਲ 23 ਵੇਂ ਨੰਬਰ ‘ਤੇ ਆ ਗਿਆ ਹੈ। ਸਮੀਰ ਵਰਮਾ ਨੌਂ ਸਥਾਨ ਖਿਸਕ ਕੇ 34 ਵੇਂ ਨੰਬਰ ‘ਤੇ ਪਹੁੰਚ ਗਿਆ ਹੈ ਜਦੋਂ ਕਿ ਸੌਰਵ ਵਰਮਾ 41 ਵੇਂ ਸਥਾਨ ‘ਤੇ ਕਾਇਮ ਹੈ। ਪੁਰਸ਼ ਡਬਲਜ਼ ਵਿੱਚ ਮਨੂੰ ਅਤਰੀ ਅਤੇ ਬੀ ਸੁਮਿਤ ਰੈੱਡੀ ਦੀ ਜੋੜੀ ਇਕ ਸਥਾਨ ਖਿਸਕ ਕੇ 24ਵੇਂ ਨੰਬਰ ‘ਤੇ ਪਹੁੰਚ ਗਈ ਹੈ। ਮਹਿਲਾ ਡਬਲਜ਼ ਵਿੱਚ ਟਾਪ 25 ਵਿੱਚ ਕੋਈ ਭਾਰਤੀ ਜੋੜੀ ਨਹੀਂ ਹੈ।