ਮੁੰਬਈ ਧਮਾਕਿਆਂ ‘ਚ ਗੈਂਗਸਟਰ ਅਬੂ ਸਲੇਮ ਨੂੰ ਉਮਰ ਕੈਦ

ਮੁੰਬਈ ਧਮਾਕਿਆਂ ‘ਚ ਗੈਂਗਸਟਰ ਅਬੂ ਸਲੇਮ ਨੂੰ ਉਮਰ ਕੈਦ

‘ਟਾਡਾ’ ਕੋਰਟ ਨੇਂ ਤਾਹਿਰ ਤੇ ਫ਼ਿਰੋਜ਼ ਨੂੰ ਦਿੱਤੀ ਫਾਂਸੀ ਦੀ ਸਜ਼ਾ
ਮੁੰਬਈ/ਬਿਊਰੋ ਨਿਊਜ਼:
ਟਾਡਾ ਅਦਾਲਤ ਨੇ 1993 ਦੇ ਲੜੀਵਾਰ ਧਮਾਕਿਆਂ ਦੇ ਕੇਸ ਵਿੱਚ ਤਾਹਿਰ ਮਰਚੈਂਟ ਤੇ ਫ਼ਿਰੋਜ਼ ਅਬਦੁਲ ਰਾਸ਼ਿਦ ਖ਼ਾਨ ਨੂੰ ਫਾਂਸੀ ਅਤੇ ਗੈਂਗਸਟਰ ਅਬੂ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ  ਹੈ। ਅਦਾਲਤ ਨੇ ਇਸ ਕੇਸ ਵਿੱਚ ਸਲੇਮ ਤੋਂ ਇਲਾਵਾ ਕਰੀਮ-ਉੱਲਾ ਖ਼ਾਨ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ, ਜਦੋਂ ਕਿ ਪੰਜਵੇਂ ਦੋਸ਼ੀ ਰਿਆਜ਼ ਸਿੱਦੀਕੀ ਨੂੰ 10 ਸਾਲਾਂ ਦੀ ਸਜ਼ਾ ਸੁਣਾਈ ਗਈ। ਵਿਸ਼ੇਸ਼ ਟਾਡਾ ਅਦਾਲਤ ਨੇ ਮੁੱਖ ਸਾਜ਼ਿਸ਼ਘਾੜੇ ਮੁਸਤਫ਼ਾ ਦੌਸਾ ਅਤੇ ਸਲੇਮ ਸਣੇ ਛੇ ਜਣਿਆਂ ਨੂੰ ਜੂਨ ਵਿੱਚ ਦੋਸ਼ੀ ਠਹਿਰਾਇਆ ਸੀ। ਹਾਲਾਂਕਿ ਮੁਲਜ਼ਮ ਅਬਦੁਲ ਕਿਊਮ ਨੂੰ ਸਬੂਤਾਂ ਦੀ ਘਾਟ ਕਾਰਨ ਛੱਡ ਦਿੱਤਾ ਗਿਆ।
ਇਨ੍ਹਾਂ ਸਾਰੇ ਸੱਤ ਮੁਲਜ਼ਮਾਂ ਉਤੇ ਫੌਜਦਾਰੀ ਸਾਜ਼ਿਸ਼, ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਤੇ ਕਤਲ ਸਣੇ ਕਈ ਦੋਸ਼ ਸਨ। ਅਦਾਲਤ ਨੇ 16 ਜੂਨ ਨੂੰ ਛੇ ਜਣਿਆਂ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਸੀ ਕਿ ਮੁੱਦਈ ਧਿਰ ਸਲੇਮ ਨੂੰ ਮੁੱਖ ਸਾਜ਼ਿਸ਼ਘਾੜਾ ਸਾਬਤ ਕਰਨ ਵਿੱਚ ਕਾਮਯਾਬ ਰਹੀ ਅਤੇ ਉਸ ਨੇ ਤਿੰਨ ਏਕੇ-56 ਰਾਈਫਲਾਂ, ਅਸਲਾ ਤੇ ਹਥਗੋਲੇ ਅਦਾਕਾਰ ਸੰਜੇ ਦੱਤ ਨੂੰ ਦਿੱਤੇ ਸਨ। ਅਦਾਲਤ ਨੇ ਕਿਹਾ ਕਿ ਦਾਊਦ ਇਬਰਾਹਿਮ ਦੇ ਫਰਾਰ ਭਰਾ ਅਨੀਸ ਇਬਰਾਹਿਮ ਅਤੇ ਦੌਸਾ ਦੇ ਨੇੜੇ ਰਿਹਾ ਸਲੇਮ ਡਿੱਘੀ ਤੋਂ ਮੁੰਬਈ ਤੱਕ ਹਥਿਆਰ ਤੇ ਅਸਲਾ ਲੈ ਕੇ ਆਇਆ।
ਅਬੂ ਸਲੇਮ, ਮੁਸਤਫ਼ਾ ਦੌਸਾ, ਕਰੀਮ-ਉੱਲਾ ਖ਼ਾਨ, ਫ਼ਿਰੋਜ਼ ਅਬਦੁਲ ਰਾਸ਼ਿਦ ਖ਼ਾਨ, ਰਿਆਜ਼ ਸਿੱਦੀਕੀ, ਤਾਹਿਰ ਮਰਚੈਂਟ ਅਤੇ ਅਬਦੁਲ ਕਿਊਮ ਖ਼ਿਲਾਫ਼ ਸੁਣਵਾਈ ਮੁੱਖ ਕੇਸ ਤੋਂ ਵੱਖ ਚੱਲੀ ਕਿਉਂਕਿ ਉਨ੍ਹਾਂ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੌਸਾ ਦੀ 28 ਜੂਨ ਨੂੰ ਦਿਲ ਦੇ ਦੌਰੇ ਕਾਰਨ ਮੁੰਬਈ ਦੇ ਜੇ.ਜੇ. ਹਸਪਤਾਲ ਵਿੱਚ ਮੌਤ ਹੋ ਗਈ ਸੀ। ਅਦਾਲਤ ਨੇ ਮੰਨਿਆ ਕਿ ਤਾਹਿਰ ਮਰਚੈਂਟ ਮੁੱਖ ਸਾਜ਼ਿਸ਼ਘਾੜਿਆਂ ਵਿੱਚੋਂ ਸੀ। ਉਸ ਨੇ ਦੁਬਈ ਵਿੱਚ ਇਸ ਸਾਜ਼ਿਸ਼ ਸਬੰਧੀ ਕਈ ਮੀਟਿੰਗਾਂ ਵਿੱਚ ਟਾਈਗਰ ਮੈਮਨ ਨਾਲ ਭਾਗ ਲਿਆ। ਅਦਾਲਤ ਨੇ 16 ਜੂਨ ਨੂੰ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਸਾਜ਼ਿਸ਼ ਵਿੱਚ ਤਾਹਿਰ ਦੀ ਭੂਮਿਕਾ ਅਹਿਮ ਹੈ। ਉਹ ਸਾਜ਼ਿਸ਼ ਦੇ ਮੋਢੀਆਂ ਵਿੱਚੋਂ ਹੈ। ਅਦਾਲਤ ਨੇ ਫ਼ਿਰੋਜ਼ ਦੇ ਵਕੀਲ ਦੀ ਉਹ ਦਲੀਲ ਖ਼ਾਰਜ ਕੀਤੀ ਕਿ ਉਹ ਫ਼ਿਰੋਜ਼ ਖ਼ਾਨ ਨਹੀਂ, ਸਗੋਂ ਹਮਜ਼ਾ ਹੈ।
ਇਸ ਫੈਸਲੇ ‘ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਭਾਜਪਾ ਨੇ ਕਿਹਾ ਕਿ ਇਸ ਨਾਲ ਅਤਿਵਾਦੀ ਕਾਰਿਆਂ ਦੇ ਦੋਸ਼ੀਆਂ ਨੂੰ ਸਜ਼ਾ ਯਕੀਨੀ ਬਣਾਉਣ ਦੀ ਭਾਰਤ ਦੀ ਵਚਨਬੱਧਤਾ ਪੱਕੀ ਹੋਈ ਹੈ। ਕਾਂਗਰਸ ਨੇ ਕਿਹਾ ਕਿ ਆਖ਼ਰਕਾਰ ਇਨਸਾਫ਼ ਹੋਇਆ। ਪਾਰਟੀ ਨੇ ਉਮੀਦ ਜਤਾਈ ਕਿ ਦਾਊਦ ਇਬਰਾਹਿਮ ਤੇ ਟਾਈਗਰ ਮੈਮਨ ਵਰਗੇ ਅਤਿਵਾਦੀਆਂ ਨੂੰ ਵੀ ਸਜ਼ਾ ਹੋਵੇਗੀ।