ਬਰਤਾਨੀਆ : ਸਿੱਖ ਫੁੱਟਬਾਲ ਖਿਡਾਰੀ ਨੂੰ ਪਟਕਾ ਬੰਨ੍ਹ ਕੇ ਖੇਡਣ ਤੋਂ ਰੋਕਿਆ
ਖੇਡਣ ਦੀ ਇਜਾਜ਼ਤ ਮਗਰੋਂ ਗੁਰਦੀਪ ਨੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ
ਲੰਡਨ/ਬਿਊਰੋ ਨਿਊਜ਼ :
ਲੈਸਟਰ ਦੇ ਸਿੱਖ ਫੁੱਟਬਾਲ ਖਿਡਾਰੀ 21 ਸਾਲਾ ਗੁਰਦੀਪ ਮੁਦਾਰ ਨੂੰ ਰੈਫ਼ਰੀ ਨੇ ਪਟਕਾ ਬੰਨ੍ਹ ਕੇ ਮੈਚ ਖੇਡਣ ਤੋਂ ਰੋਕਿਆ। ਲੈਸਟਰ ਨਿਰਵਾਨਾ ਟੀਮ ਦਾ ਇਹ ਖਿਡਾਰੀ ਹਮੇਸ਼ਾ ਸਿਰ ‘ਤੇ ਪਟਕਾ ਬੰਨ੍ਹ ਕੇ ਖੇਡਦਾ ਹੈ। ਉਸ ਨੂੰ ਪਹਿਲਾਂ ਕਦੇ ਵੀ ਰੋਕਿਆ ਨਹੀਂ ਗਿਆ। ਉਹ ਧਾਰਮਿਕ ਸ਼ਰਧਾ ਕਰਕੇ ਦਸਤਾਰ ਦੀ ਥਾਂ ਪਟਕਾ ਬੰਨ੍ਹ ਲੈਂਦਾ ਹੈ। ਨਿਰਵਾਨਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਸਿਰ ਢੱਕ ਸਕਦਾ ਹੈ ਪਰ ਮੈਚ ਅਧਿਕਾਰੀ ਨੇ ਉਸ ਨੂੰ ਕਿਹਾ ਹੈ ਕਿ ਉਹ ਯੂਨਾਈਟਡ ਕਾਊਂਟੀ ਫੁੱਟਬਾਲ ਲੀਗ ਨਹੀਂ ਖੇਡ ਸਕਦਾ। ਕਲੱਬ ਦੇ ਟੀਮ ਸਕੱਤਰ ਜੈਕ ਹੋਜਾਤ ਨੇ ਕਿਹਾ ਕਿ ਗੁਰਦੀਪ ਹਮੇਸ਼ਾ ਪਟਕਾ ਬੰਨ੍ਹ ਕੇ ਖੇਡਦਾ ਹੈ। ਉਸ ਨੂੰ ਪਹਿਲਾਂ ਕਦੇ ਨਹੀਂ ਰੋਕਿਆ ਗਿਆ। ਪਰ ਇਸ ਵਾਰ ਰੈਫ਼ਰੀ ਨੇ ਕਿਹਾ ਕਿ ਉਹ ਮੈਚ ਨਹੀਂ ਖੇਡ ਰਿਹਾ। ਇਸ ਤੋਂ ਬਾਅਦ ਬਾਕੀ ਖਿਡਾਰੀਆਂ ਨੇ ਵੀ ਮੈਚ ਖੇਡਣ ਤੋਂ ਨਾਂਹ ਕਰ ਦਿੱਤੀ। ਕੁਝ ਦੇਰ ਬਾਅਦ ਗੁਰਦੀਪ ਨੂੰ ਖੇਡਣ ਦਿੱਤਾ ਗਿਆ ਅਤੇ ਉਸ ਨੇ ਇਸ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਟੀਮ ਵੱਲੋਂ 2 ਗੋਲ ਦਾਗੇ, ਜਿਸ ਵਿਚ ਇਕ 92 ਮਿੰਟ ਵਿਚ ਪੈਨਲਟੀ ਵੀ ਸ਼ਾਮਲ ਹੈ, ਜਿਸ ਨਾਲ ਨਿਰਵਾਲਾ ਕਲੱਬ ਦੀ ਟੀਮ ਨੂੰ 2-1 ਨਾਲ ਜਿੱਤ ਹਾਸਲ ਹੋਈ। ਜ਼ਿਕਰਯੋਗ ਹੈ ਕਿ ਭਾਵੇਂ ਵਿਦੇਸ਼ਾਂ ਵਿਚ ਸਿੱਖਾਂ ਨੂੰ ਦਸਤਾਰ ਪਹਿਨਣ ਅਤੇ ਕਕਾਰ ਪਹਿਨਣ ਦੀ ਖੁੱਲ੍ਹ ਹੈ ਪਰ ਫਿਰ ਵੀ ਕਈ ਵਾਰ ਅਜਿਹੇ ਮੌਕੇ ਪੈਦਾ ਹੋ ਜਾਂਦੇ ਹਨ, ਜਦੋਂ ਸਿੱਖਾਂ ਨੂੰ ਆਪਣੇ ਪਹਿਰਾਵੇ, ਦਿੱਖ ਕਾਰਨ ਪੱਖਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਨੀਆ ਭਰ ਵਿਚ ਸਿੱਖਾਂ ਨੇ ਵੱਡਾ ਨਾਮਣਾ ਖੱਟਿਆ ਹੈ, ਪਰ ਫਿਰ ਵੀ ਸਿੱਖ ਧਰਮ ਦੇ ਪ੍ਰਚਾਰ ਲਈ ਅਜੇ ਬਹੁਤ ਲੋੜ ਹੈ। ਦੂਜੇ ਧਰਮਾਂ ਦੇ ਲੋਕਾਂ ਨੂੰ ਵੀ ਸਿੱਖ ਧਰਮ ਤੋਂ ਜਾਣੂ ਕਰਵਾਉਣ ਦੀ ਲੋੜ ਹੈ।
Comments (0)