ਅਦਾਕਾਰ ਪ੍ਰਕਾਸ਼ ਰਾਜ ਨੇ ਗੌਰੀ ਲੰਕੇਸ਼ ਦੇ ਕਤਲ ਸਬੰਧੀ ਮੋਦੀ ਦੀ ਖ਼ਾਮੋਸ਼ੀ ‘ਤੇ ਉਠਾਏ ਸਵਾਲ

ਅਦਾਕਾਰ ਪ੍ਰਕਾਸ਼ ਰਾਜ ਨੇ ਗੌਰੀ ਲੰਕੇਸ਼ ਦੇ ਕਤਲ ਸਬੰਧੀ ਮੋਦੀ ਦੀ ਖ਼ਾਮੋਸ਼ੀ ‘ਤੇ ਉਠਾਏ ਸਵਾਲ

ਬੰਗਲੌਰ/ਬਿਊਰੋ ਨਿਊਜ਼ :
ਦੱਖਣੀ ਭਾਰਤ ਦੇ ਨਾਮੀ ਅਦਾਕਾਰ ਪ੍ਰਕਾਸ਼ ਰਾਜ ਨੇ ਕੰਨੜ ਭਾਸ਼ਾ ਦੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖ਼ਾਮੋਸ਼ੀ ਲਈ ਉਨ੍ਹਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ੳੁਨ੍ਹਾਂ ਕਿਹਾ ਕਿ ਬੀਬੀ ਲੰਕੇਸ਼ ਦੇ ਕਤਲ ਪਿੱਛੋਂ ਸੋਸ਼ਲ ਮੀਡੀਆ ਉਤੇ ਖ਼ੁਸ਼ੀਆਂ ਮਨਾਉਣ ਵਾਲਿਆਂ ਨੂੰ ਸ੍ਰੀ ਮੋਦੀ ਵੱਲੋਂ ਫਾਲੋ ਕੀਤਾ ਜਾਣਾ ‘ਅਫ਼ਸੋਸਨਾਕ’ ਹੈ।
ਸ੍ਰੀ ਰਾਜ ਬੀਤੇ ਦਿਨ ਇਥੇ ਭਾਰਤੀ ਜਨਵਾਦੀ ਨੌਜਵਾਨ ਸਭਾ (ਡੀਵਾਈਐਫ਼ਆਈ) ਦੇ ਸੂਬਾਈ ਇਜਲਾਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ”ਗੌਰੀ ਦੇ ਕਾਤਲਾਂ ਨੂੰ ਹਾਲੇ ਤੱਕ ਫੜਿਆ ਨਹੀਂ ਜਾ ਸਕਿਆ। ਇਸ ਤੋਂ ਵੀ ਵੱਧ ਅਫ਼ਸੋਸਨਾਕ ਹੈ ਕਿ ਲੋਕ ਸੋਸ਼ਲ ਮੀਡੀਆ ਉਤੇ ਉਸ ਦੇ ਕਤਲ ਦੇ ਜਸ਼ਨ ਮਨਾਉਂਦੇ ਹੋਏ ਨਫ਼ਰਤ ਫੈਲਾ ਰਹੇ ਹਨ।” ਉਨ੍ਹਾਂ ਕਿਹਾ, ”ਕਤਲ ਦੇ ਜਸ਼ਨ ਮਨਾਉਣ ਵਾਲੇ ਅਜਿਹੇ ਲੋਕਾਂ ਵਿੱਚੋਂ ਕੁਝ ਨੂੰ ਟਵਿੱਟਰ ਉਤੇ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਵੱਲੋਂ ਫਾਲੋ ਕੀਤਾ ਜਾਂਦਾ ਹੈ।” ਉਨ੍ਹਾਂ ਨਾਲ ਹੀ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਕਈ ਵਾਰ ਤਾਂ ਉਨ੍ਹਾਂ ਦੇ ਬਿਆਨਾਂ ਤੋਂ ਸਮਝ ਨਹੀਂ ਆਉਂਦਾ ਕਿ ਕੀ ਉਹ ਮੁੱਖ ਮੰਤਰੀ ਹੈ ਜਾਂ ਪੁਜਾਰੀ।