ਭਗਤ ਸਿੰਘ ਨਾਲ ਸਬੰਧਤ ਵਸਤਾਂ ‘ਤੇ ਲਾਹੌਰ ਦੇ ਮਾਲਖਾਨੇ ਵਿੱਚ ਜੰਮ ਰਹੀ ਧੂੜ

ਭਗਤ ਸਿੰਘ ਨਾਲ ਸਬੰਧਤ ਵਸਤਾਂ ‘ਤੇ ਲਾਹੌਰ ਦੇ ਮਾਲਖਾਨੇ ਵਿੱਚ ਜੰਮ ਰਹੀ ਧੂੜ

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼ਹੀਦੇ ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਸਬੰਧਤ ਵਿਰਾਸਤੀ ਖ਼ਜ਼ਾਨੇ ‘ਤੇ ਲਾਹੌਰ ਦੇ ਮਾਲਖ਼ਾਨੇ ਵਿੱਚ ਧੂੜ ਜੰਮ ਰਹੀ ਹੈ। ਇਸ ਵਿਰਾਸਤੀ ਖ਼ਜ਼ਾਨੇ ਵਿੱਚ ਪੁਸਤਕਾਂ, ਤਸਵੀਰਾਂ, ਰਸਾਲੇ, ਬਰਤਨ, ਕੱਪੜੇ, ਨਿੱਜੀ ਨੋਟਬੁੱਕ ਤੇ ਹੋਰ ਸਾਮਾਨ ਸ਼ਾਮਲ ਹੈ।
ਆਜ਼ਾਦੀ ਦੇ ਸੰਘਰਸ਼ ਦੌਰਾਨ ਬਰਤਾਨਵੀ ਹਕੂਮਤ ਵੱਲੋਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇ ਮਾਰ ਕੇ ਇਹ ਵਸਤੂਆਂ ਜ਼ਬਤ ਕੀਤੀਆਂ ਗਈਆਂ ਸਨ। ਛਾਪੇ ਮਾਰਨ ਤੋਂ ਇਲਾਵਾ ਫਾਂਸੀ ਤੋਂ ਪਹਿਲਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨਾਲ ਸਬੰਧਤ ਨਿੱਜੀ ਸਾਮਾਨ ਵੀ ਵਾਪਸ ਨਹੀਂ ਮੋੜਿਆ ਗਿਆ। ਇਹ ਵਸਤੂਆਂ ਲਾਹੌਰ ਦੇ ਮਾਲਖ਼ਾਨੇ ਅਤੇ ਅਨਾਰਕਲੀ (ਪਾਕਿਸਤਾਨ) ਵਿੱਚ ਸਥਿਤ ਆਰਕਾਈਵ ਵਿਚ ਪਈਆਂ ਹਨ। ਇਸ ਵਿਰਾਸਤੀ ਖ਼ਜ਼ਾਨੇ ਨੂੰ ਦੇਸ਼ ਲਿਆਉਣ ਵਾਸਤੇ ਸਰਕਾਰਾਂ ਜਾਂ ਜਥੇਬੰਦੀਆਂ ਵੱਲੋਂ ਵਿੱਢੀ ਕੋਈ ਵੀ ਮੁਹਿੰਮ ਭਾਰਤ ਦੇ ਇਤਿਹਾਸ ਵਿਚ ਨਜ਼ਰ ਨਹੀਂ ਆਉਂਦੀ। ਤਤਕਾਲੀ ਸਮੇਂ ਅਦਾਲਤਾਂ ਅਤੇ ਟ੍ਰਿਬਿਊਨਲ ਸਾਹਮਣੇ ਪੇਸ਼ ਕੀਤੇ ਦਸਤਾਵੇਜ਼ਾਂ ਅਤੇ ਪੁਲੀਸ ਦੇ ਰਿਕਾਰਡ ਤੋਂ ਇਨ੍ਹਾਂ ਵਿਰਾਸਤੀ ਵਸਤਾਂ ਦੀ ਜਾਣਕਾਰੀ ਮਿਲਦੀ ਹੈ। ਵੇਰਵਿਆਂ ਮੁਤਾਬਕ 15 ਅਪ੍ਰੈਲ 1929 ਨੂੰ ਕਿਸ਼ੋਰੀ ਲਾਲ, ਸੁਖਦੇਵ ਸਿੰਘ ਤੇ ਜੈ ਗੋਪਾਲ ਦੇ ਨਿਵਾਸ ਸਥਾਨ ਕਸ਼ਮੀਰ ਹਾਊਸ (ਲਾਹੌਰ) ਵਿੱਚ ਪੁਲੀਸ ਨੇ ਛਾਪੇ ਮਾਰੇ। ਇਸ ਦੌਰਾਨ ਪੁਲੀਸ ਨੇ ਉਨ੍ਹਾਂ ਦੇ ਟਿਕਾਣੇ ਤੋਂ ਚਿੱਤਰ ਅਤੇ ਕਈ ਪੁਸਤਕਾਂ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚ ਦੋ ਨੋਟਬੁੱਕਸ (ਜਿਨ੍ਹਾਂ ਵਿੱਚ ਬੰਬ ਬਣਾਉਣ ਦਾ ਫਾਰਮੂਲਾ ਦਰਜ ਹੈ), ‘ਕਿਰਤੀ’ ਰਸਾਲੇ ਦੇ ਦਸੰਬਰ ਅਤੇ ਨਵੰਬਰ 1928 ਦੇ ਅੰਕ, ਈਸਾ ਮਸੀਹ ਦਾ ਚਿੱਤਰ ਤੇ ਕਈ ਹੋਰ ਪੁਸਤਕਾਂ ਸ਼ਾਮਲ ਹਨ। 15 ਅਪ੍ਰੈਲ 1929 ਨੂੰ ਹੀ ਜੈ ਗੋਪਾਲ ਦੀ ਜਾਮਾ-ਤਲਾਸ਼ੀ ਦੌਰਾਨ ਪੁਲੀਸ ਨੇ ਨਕਦ ਰੁਪਏ ਅਤੇ ਸੱਤ ਹੋਰ ਪੁਸਤਕਾਂ ਅਤੇ ਦਸਤਾਵੇਜ਼ ਬਰਾਮਦ ਕੀਤੇ। 26 ਅਪ੍ਰੈਲ 1929 ਨੂੰ ਸ੍ਰੀ ਰਾਮ ਆਸ਼ਰਮ ਸਕੂਲ (ਅੰਮ੍ਰਿਤਸਰ) ਦੇ ਅਧਿਆਪਕ ਆਗਿਆ ਰਾਮ ਦੇ ਘਰ ਵਿੱਚ ਛਾਪੇ ਮਾਰ ਕੇ ਪੁਸਤਕਾਂ ਅਤੇ ਹੋਰ ਸਾਮਾਨ ਜ਼ਬਤ ਕੀਤਾ ਗਿਆ। 2 ਮਈ 1929 ਨੂੰ ਸਰਦਾਰ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਦੇ ਲਾਹੌਰ ਸਥਿਤ ਘਰ ਵਿਚ ਪੁਲੀਸ ਵੱਲੋਂ ਛਾਪਾ ਮਾਰਿਆ ਗਿਆ, ਜਿੱਥੋਂ ਕਈ ਚਿੱਠੀ-ਪੱਤਰ, ਲੇਖ, ਪੁਸਤਕਾਂ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ। 2 ਮਈ 1929 ਨੂੰ ਭਗਤ ਸਿੰਘ ਦੇ ਝੁੰਗੀਆਂ ਖਸੀਰਾ ਸਥਿਤ ਘਰ ਵਿੱਚ ਛਾਪਾ ਵੱਜਿਆ। ਇਸ ਦੌਰਾਨ ‘ਕੰਗਾਲ ਹਿੰਦੋਸਤਾਨ’ ਨਾਮ ਦੀ ਉਰਦੂ ਭਾਸ਼ਾ ਦੀ ਪੁਸਤਕ, ਨੀਲੀ ਸਿਆਹੀ ਵਿੱਚ ਲਿਖਿਆ ਪੱਤਰ, ਕਾਂਗਰਸ ਪਾਰਟੀ ਦੀ ਨਿਯਮਾਂਵਲੀ ਦੀਆਂ ਤਿੰਨ ਕਾਪੀਆਂ, ਹਿੰਦੀ ਵਿਚ ਲਿਖਿਆ ਇੱਕ ਪੱਤਰ, ਸੁਨਿਹਰੇ ਫਰੇਮ ਵਿੱਚ ਜੜ੍ਹੀ ਭਗਤ ਸਿੰਘ ਦੀ ਤਸਵੀਰ ਅਤੇ ਕਾਲੇ ਫਰੇਮ ਵਿੱਚ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਤਸਵੀਰ ਬਰਾਮਦ ਕੀਤੀ ਗਈ।
2 ਮਈ 1929 ਨੂੰ ਵਿਛੋਵਾਲੀ ਸਥਿਤ ਯਸ਼ਪਾਲ ਸਿੰਘ ਅਤੇ ਹੰਸ ਰਾਜ ਦੇ ਲਾਹੌਰ ਸਥਿਤ ਘਰ ਵਿਚ ਛਾਪਾ ਮਾਰਿਆ ਗਿਆ। 7 ਜਨਵਰੀ 1929 ਤੇ 6 ਫਰਵਰੀ 1929 ਨੂੰ ਸੁਖਦੇਵ ਦੀ ਮੌਜੂਦਗੀ ਵਿੱਚ ਮੁਹੱਲਾ ਹੀਂਗ ਮੰਡੀ ਆਗਰਾ ਤੋਂ ਦੋ ਦਸਤਾਵੇਜ਼ ਬਰਾਮਦ ਕੀਤੇ ਗਏ। ਇਸੇ ਤਰ੍ਹਾਂ 7 ਮਈ 1929 ਨੂੰ ਪ੍ਰੇਮ ਦੱਤ ਦੇ ਘਰ ਵਿਚੋਂ ਪੁਸਤਕਾਂ, ਦਸਤਾਵੇਜ਼ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਤਤਕਾਲੀ ਰਿਕਾਰਡ ਮੁਤਾਬਕ ਅਜਿਹੀਆਂ ਕਈ ਹੋਰ ਘਟਨਾਵਾਂ ਹਨ, ਜਿਨ੍ਹਾਂ ਵਿਚ ਬਰਤਾਨਵੀ ਹਕੂਮਤ ਵੱਲੋਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇ ਮਾਰ ਕੇ ਕਰੀਬ 500 ਪੁਸਤਕਾਂ, ਨਿੱਜੀ ਨੋਟਬੁੱਕ ਤੇ ਸਾਮਾਨ ਜ਼ਬਤ ਕੀਤਾ ਗਿਆ ਸੀ, ਜੋ ਮੌਜੂਦਾ ਸਮੇਂ ਲਾਹੌਰ ਦੇ ਮਾਲਖਾਨੇ ਵਿੱਚ ਪਿਆ ਹੈ। ਜਾਣਕਾਰੀ ਮੁਤਾਬਕ ਕੇਸ ਖ਼ਤਮ ਹੋਣ ਤੋਂ ਬਾਅਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਲਾਹੌਰ ਦੀ ਅਦਾਲਤ ਵਿੱਚ ਪਟੀਸ਼ਨ ਦਾਖ਼ਲ ਕਰਕੇ ਉਨ੍ਹਾਂ ਦੇ ਘਰੋਂ ਬਰਾਮਦ ਕੀਤਾ ਸਾਮਾਨ ਵਾਪਸ ਕਰਨ ਦੀ ਮੰਗ ਕੀਤੀ ਸੀ, ਪਰ ਸਾਮਾਨ ਨਹੀਂ ਦਿੱਤਾ ਗਿਆ ਸੀ।
ਪ੍ਰਕਾਸ਼ਕ ਅਤੇ ਲੇਖਕ ਹਰੀਸ਼ ਜੈਨ ਨੇ ਕਿਹਾ ਕਿ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਸਬੰਧਤ ਵਸਤੂਆਂ ਵਿਰਾਸਤੀ ਖ਼ਜ਼ਾਨਾ ਹਨ। ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਪਾਕਿਸਤਾਨ ਵਿਚਲੇ ਆਪਣੇ ਹਮਰੁਤਬਾ ਨਾਲ ਗੱਲ ਕਰਕੇ ਵਿਰਾਸਤੀ ਵਸਤੂਆਂ ਵਾਪਸ ਲਿਆਉਣ ਵਾਸਤੇ ਬੇਨਤੀ ਕਰਨੀ ਚਾਹੀਦੀ ਹੈ। ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਨੇ ਕਿਹਾ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਸਬੰਧਤ ਵਸਤੂਆਂ ਭਾਰਤ ਵਾਪਸ ਲਿਆਉਣ ਵਾਸਤੇ ਸਰਕਾਰੀ ਜਾਂ ਨਿੱਜੀ ਤੌਰ ‘ਤੇ ਪਹਿਲਕਦਮੀ ਕੀਤੀ ਜਾਣੀ ਚਾਹੀਦੀ ਹੈ।