ਬੁੱਸ਼ ਨੇ ਟਰੰਪ ਦੀ ਵੰਡ ਪਾਊ ਸਿਆਸਤ ਦੀ ਕੀਤੀ ਆਲੋਚਨਾ
ਨਿਊਯਾਰਕ/ਬਿਊਰੋ ਨਿਊਜ਼ :
ਜਾਰਜ ਡਬਲਯੂ ਬੁਸ਼ ਨੇ ਕੱਟੜਤਾ, ਗੋਰਿਆਂ ਦੀ ਸਰਬਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ ਕੀਤੀ। ਇਸ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੌਰ ਦੀ ਸਿਆਸਤ ਦੀ ਸਪਸ਼ਟ ਆਲੋਚਨਾ ਵਜੋਂ ਦੇਖਿਆ ਜਾ ਰਿਹਾ ਹੈ।
ਨਿਊਯਾਰਕ ਵਿੱਚ ਭਾਸ਼ਣ ਦੌਰਾਨ ਦੋ ਵਾਰ ਰਾਸ਼ਟਰਪਤੀ ਰਹੇ ਬੁਸ਼ ਨੇ ਕੌਮੀ ਸੁਰ ਨੂੰ ਭੱਦਾ ਕਰਨ ਅਤੇ ਵੰਡ ਪਾਊ ਵਿਸ਼ਿਆਂ ਨੂੰ ਅਮਰੀਕੀ ਜਮਹੂਰੀਅਤ ਲਈ ਖ਼ਤਰਾ ਦੱਸਿਆ। ਉਨ੍ਹਾਂ ਕਿਹਾ ਕਿ ”ਕੱਟੜਤਾ ਨੂੰ ਹੱਲਾਸ਼ੇਰੀ ਮਿਲਦੀ ਜਾਪਦੀ ਹੈ। ਸਾਜ਼ਿਸ਼ ਵਾਲੇ ਸਿਧਾਂਤਾਂ ਤੇ ਜਾਲਸਾਜ਼ੀ ਅੱਗੇ ਸਾਡੀ ਸਿਆਸਤ ਕਮਜ਼ੋਰ ਸਾਬਤ ਹੁੰਦੀ ਦਿਸ ਰਹੀ ਹੈ।”
ਹਾਲਾਂਕਿ ਉਨ੍ਹਾਂ ਟਰੰਪ ਦਾ ਨਾਮ ਨਹੀਂ ਲਿਆ ਪਰ ਬੁਸ਼ ਦੀ ਟਿੱਪਣੀ ਨੂੰ ਮੌਜੂਦਾ ਪ੍ਰਸ਼ਾਸਨ ਅਤੇ ਉਸ ਵਿਵਾਦਤ ਸਿਆਸਤ ਦੀ ਨਿਖੇਧੀ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਪਿਛਲੇ ਸਾਲ ਨਵੰਬਰ ਵਿੱਚ ਲੱਖਾਂ ਵੋਟਰਾਂ ਨੂੰ ਟਰੰਪ ਦੇ ਹੱਕ ਵਿੱਚ ਭੁਗਤਣ ਲਈ ਉਕਸਾਇਆ ਗਿਆ।
ਵਰਜੀਨੀਆ ਵਿੱਚ ਨਵ ਨਾਜ਼ੀ ਰੈਲੀ ਦੇ ਹਿੰਸਕ ਹੋਣ ਦਾ ਦੋਸ਼ ਟਰੰਪ ਵੱਲੋਂ ਦੋਵਾਂ ਧਿਰਾਂ ਸਿਰ ਮੜ੍ਹਨ ਤੋਂ ਦੋ ਮਹੀਨਿਆਂ ਮਗਰੋਂ ਸਾਬਕਾ ਰਾਸ਼ਟਰਪਤੀ ਬੁਸ਼ ਨੇ ਕਿਹਾ ”ਕੱਟੜਤਾ ਜਾਂ ਗੋਰਿਆਂ ਦੀ ਸਰਬਉੱਚਤਾ ਦਾ ਕੋਈ ਵੀ ਰੂਪ ਅਮਰੀਕੀ ਮੱਤ ਖ਼ਿਲਾਫ਼ ਕੁਫ਼ਰ ਹੈ।” ਉਨ੍ਹਾਂ ਕਿਹਾ ਕਿ ਬਹਿਸ ਆਸਾਨੀ ਨਾਲ ਵੈਰ ਵਿਰੋਧ ਵਿੱਚ ਤਬਦੀਲ ਹੋ ਰਹੀ ਹੈ। ਅਸਹਿਮਤੀ, ਮਨੁੱਖਤਾ ਦੇ ਘਾਣ ਵਿੱਚ ਬਦਲ ਰਹੀ ਹੈ। ਜ਼ਿਕਰਯੋਗ ਹੈ ਕਿ ਆਪਣੇ ਡੈਮੋਕਰੇਟ ਜਾਨਸ਼ੀਨ ਬਰਾਕ ਓਬਾਮਾ ਦੇ ਉਲਟ ਰਿਪਬਲਿਕਨ ਬੁਸ਼, ਟਰੰਪ ਜਾਂ ਅਮਰੀਕੀ ਸਿਆਸਤ ਦੀ ਹਾਲਤ ਬਾਰੇ ਇਸ ਸਾਲ ਜਨਤਕ ਤੌਰ ਉਤੇ ਬਹੁਤ ਘੱਟ ਬੋਲੇ ਹਨ।
ਟਰੰਪ ਵੱਲੋਂ ਅਮਰੀਕਾ ਵਿੱਚ ਸ਼ਰਨਾਰਥੀਆਂ ਦੀ ਗਿਣਤੀ ਘਟਾਉਣ ਅਤੇ ਪਰਵਾਸ ਉਤੇ ਲਗਾਮ ਕਸਣ ਦੀਆਂ ਕੋਸ਼ਿਸ਼ਾਂ ਮਗਰੋਂ 71 ਸਾਲਾ ਬੁਸ਼ ਨੇ ਕਿਹਾ ਕਿ ”ਅਸੀਂ ਰਾਸ਼ਟਰਵਾਦ ਨੂੰ ਮੂਲਵਾਦ ਦੇ ਰੂਪ ਵਿੱਚ ਵਟਦਿਆਂ ਦੇਖ ਰਹੇ ਹਾਂ ਅਤੇ ਉਸ ਗਤੀਸ਼ੀਲਤਾ ਨੂੰ ਭੁੱਲ ਗਏ ਹਾਂ, ਜੋ ਅਮਰੀਕਾ ਵਿੱਚ ਹਮੇਸ਼ਾ ਪਰਵਾਸ ਨਾਲ ਆਈ।”
ਓਬਾਮਾ ਵੱਲੋਂ ਵੀ ਆਲੋਚਨਾ :
ਰਿਚਮੰਡ: ਵ੍ਹਾਈਟ ਹਾਊਸ ਵਿਚਲੇ ਆਪਣੇ ਜਾਨਸ਼ੀਨ ਨਾਲ ਸਿੱਧੇ ਵਿਰੋਧ ਨੂੰ ਨਜ਼ਰਅੰਦਾਜ਼ ਕਰਨ ਅਤੇ ਸੁਰਖੀਆਂ ਵਿੱਚ ਨਾ ਰਹਿਣ ਤੋਂ ਕਈ ਮਹੀਨਿਆਂ ਮਗਰੋਂ ਬਰਾਕ ਓਬਾਮਾ ਪਹਿਲੀ ਦਫ਼ਾ ਪ੍ਰਚਾਰ ਮੁਹਿੰਮ ਵਿੱਚ ਕੁੱਦੇ ਅਤੇ ਉਨ੍ਹਾਂ ਵੰਡ ਪਾਊ ਸਿਆਸਤ ਦੀ ਨਿਖੇਧੀ ਕੀਤੀ। ਨਿਊਜਰਸੀ ਵਿੱਚ ਗਵਰਨਰ ਦੇ ਅਹੁਦੇ ਲਈ ਡੈਮੋਕਰੇਟਿਕ ਉਮੀਦਵਾਰ ਦੇ ਹੱਕ ਵਿੱਚ ਰੈਲੀ ਦੌਰਾਨ 56 ਸਾਲਾ ਸਾਬਕਾ ਰਾਸ਼ਟਰਪਤੀ ਨੇ 2016 ਦੀ ਪ੍ਰਚਾਰ ਮੁਹਿੰਮ ਦੀ ਤਲਖੀ ਅਤੇ ਡਰ ਨੂੰ ਨਿਸ਼ਾਨਾ ਬਣਾਇਆ। ਫਿੱਲ ਮਰਫ਼ੀ ਦੇ ਹੱਕ ਵਿੱਚ ਨੇਵਾਰਕ ਵਿੱਚ ਰੈਲੀ ਦੌਰਾਨ ਓਬਾਮਾ ਨੇ ਕਿਹਾ, ”ਅਸੀਂ 21ਵੀਂ ਸਦੀ ਵਿੱਚ 19ਵੀਂ ਸਦੀ ਵਾਲੀ ਵੰਡ ਪਾਊ ਸਿਆਸਤ ਲਿਆ ਰਹੇ, ਜਿਸ ਦੇ ਨੁਕਸਾਨ ਅਸੀਂ ਸਦੀਆਂ ਪਹਿਲਾਂ ਦੇਖ ਚੁੱਕੇ ਹਾਂ।”
Comments (0)