ਕਪਿਲ ਦੇਵ ‘ਹਾੱਲ ਆਫ਼ ਫੇਮ’ ਕਲੱਬ ਵਿੱਚ ਸ਼ਾਮਲ

ਕਪਿਲ ਦੇਵ ‘ਹਾੱਲ ਆਫ਼ ਫੇਮ’ ਕਲੱਬ ਵਿੱਚ ਸ਼ਾਮਲ
ਕੈਪਸ਼ਨ-ਕਪਿਲ ਦੇਵ ਤੇ ਸੁਨੀਲ ਗਾਵਸਕਰ ਨੂੰ ਦਿੱਤੇ ਸਨਮਾਨ ਦੀ ਇਕ ਝਲਕ।

ਮੁੰਬਈ/ਬਿਊਰੋ ਨਿਊਜ਼ :
ਭਾਰਤ ਨੂੰ ਪਹਿਲੀ ਵਾਰ ਆਪਣੀ ਕਪਤਾਨੀ ਵਿੱਚ ਵਿਸ਼ਵ ਕੱਪ ਜੇਤੂ ਬਣਾਉਣ ਵਾਲੇ ਸਾਬਕਾ ਕ੍ਰਿਕਟਰ ਕਪਿਲ ਦੇਵ ਨੂੰ ਇਥੇ ਕ੍ਰਿਕਟ ਕਲੱਬ ਆਫ਼ ਇੰਡੀਆ ਵਿੱਚ ਕਰਵਾਏ ਇਕ ਸਮਾਗਮ ਦੌਰਾਨ ਲੀਜੈਂਡਜ਼ ਕਲੱਬ ਵੱਲੋਂ ‘ਹਾੱਲ ਆਫ਼ ਫ਼ੇਮ’ ਵਿੱਚ ਸ਼ਾਮਲ ਕੀਤਾ ਗਿਆ।
ਇਸ ਮੌਕੇ ਸਾਬਕਾ ਭਾਰਤੀ ਕਪਤਾਨ ਅਜੀਤ ਵਾਡੇਕਰ, ਸੁਨੀਲ ਗਾਵਸਕਰ ਤੇ ਨਾਰੀ ਕੰਟਰੈਕਟਰ ਵੀ ਮੌਜੂਦ ਸਨ। 1983 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਕਪਤਾਨੀ ਕਰਨ ਵਾਲੇ ਕਪਿਲ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਭਾਰਤ ਨੂੰ ਕ੍ਰਿਕਟ ਦਾ ਸਿਰਮੌਰ ਬਣਾਇਆ ਸੀ। ਉਨ੍ਹਾਂ ਨੂੰ ਮੁਲਕ ਦਾ ਸਰਵੋਤਮ ਹਰਫ਼ਨਮੌਲਾ ਖਿਡਾਰੀ ਮੰਨਿਆ ਜਾਂਦਾ ਹੈ।
ਸਾਬਕਾ ਭਾਰਤੀ ਖਿਡਾਰੀ ਤੇ ਲੀਜੈਂਡਜ਼ ਕਲੱਬ ਦੇ ਪ੍ਰਧਾਨ ਮਾਧਵ ਆਪਟੇ ਨੇ ਕਪਿਲ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ। ਟੈਸਟ ਕ੍ਰਿਕਟ ਵਿਚ ਸਭ ਤੋਂ ਪਹਿਲਾਂ ਦਸ ਹਜ਼ਾਰ ਦੌੜਾਂ ਦਾ ਅੰਕੜਾ ਛੂਹਣ ਵਾਲੇ ਦਿੱਗਜ ਸਲਾਮੀ ਬੱਲੇਬਾਜ਼ ਗਾਵਸਕਰ ਨੂੰ ਵੀ ਇਸ ਮੌਕੇ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਯਾਦ ਰਹੇ ਕਿ ਗਾਵਸਕਰ ਨੂੰ 11 ਜੁਲਾਈ 2013 ਨੂੰ ਕਲੱਬ ਦੇ ‘ਹਾਲ ਆਫ਼ ਫ਼ੇਮ’ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ।
ਸਨਮਾਨ ਹਾਸਲ ਕਰਨ ਮਗਰੋਂ ਕਪਿਲ ਨੇ ਕਿਹਾ, ‘ਇਸ ਮੁਲਕ ਵਿੱਚ ਅਜਿਹਾ ਕੋਈ ਨਹੀਂ ਹੈ, ਜੋ ਸੁਨੀਲ ਗਾਵਸਕਰ ਨਾ ਬਣਨਾ ਚਾਹੁੰਦਾ ਹੋਵੇ। ਕਾਫ਼ੀ ਲੋਕ ਕ੍ਰਿਕਟ ਖੇਡਣ ਲਈ ਆਉਣਗੇ, ਪਰ ਇਹ ਨਾਮ (ਸੁਨੀਲ) ਹਮੇਸ਼ਾ ਸਿਖਰ ‘ਤੇ ਰਹੇਗਾ। ਸਾਡੇ ਅੰਦਰ ਖੇਡ ਲਈ ਜਨੂੰਨ ਸੀ ਤੇ ਅਸੀਂ ਪੁਰਸਕਾਰਾਂ ਜਾਂ ਕਿਸੇ ਹੋਰ ਚੀਜ਼ ਵੱਲ ਧਿਆਨ ਨਹੀਂ ਦਿੱਤਾ। ਉਦੋਂ ਸਾਡੇ ਅੰਦਰ ਖਾਸਾ ਜਨੂੰਨ ਸੀ। ਜਦੋਂ ਸਾਡੀ ਸਫ਼ਲਤਾ ਤੋਂ ਲੋਕਾਂ ਨੂੰ ਖ਼ੁਸ਼ੀ ਮਿਲਦੀ ਹੈ ਤਾਂ ਅਸੀਂ ਮਾਣ ਮਹਿਸੂਸ ਕਰਦੇ ਹਾਂ।’ ਗਾਵਸਕਰ ਨੇ ਕਪਿਲ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਉਹ ਮੈਚ ਵਿਨਰ ਖਿਡਾਰੀ ਸੀ ਤੇ ਉਸ ਵਰਗਾ ਹਰਫ਼ਨਮੌਲਾ ਖਿਡਾਰੀ ਯਕੀਨੀ ਤੌਰ ‘ਤੇ ਨੌਜਵਾਨ ਕ੍ਰਿਕਟਰਾਂ ਲਈ ਅੱਜ ਵੀ ਵੱਡੀ ਚੁਣੌਤੀ ਹੈ।